ਨਿਰਮਲਾ ਸੀਤਾਰਮਨ ਨੇ ਬਲਰਾਜ ਸਾਹਨੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਾਂਗਰਸ ਘੇਰੀ, 'ਕੀ ਇਹ ਡਰ ਸਾਹਨੀ ਨੂੰ ਨਹੀਂ ਸੀ?'

ਤਸਵੀਰ ਸਰੋਤ, Sansadtv/IPTA MUMBAI
ਸੋਮਵਾਰ ਨੂੰ ਸੰਵਿਧਾਨ 'ਤੇ ਬਹਿਸ ਮੌਕੇ ਸੰਸਦ 'ਚ ਪੰਜਾਬ ਦੇ ਮਸ਼ਹੂਰ ਅਦਾਕਾਰ ਅਤੇ ਲੇਖ਼ਕ ਬਲਰਾਜ ਸਾਹਨੀ ਦਾ ਨਾਮ ਗੂੰਜਿਆ।
ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜ ਸਭਾ ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 'ਤੇ ਨਿਸ਼ਾਨਾ ਸਾਧਦਿਆਂ 1949 ਵਿੱਚ ਕਵੀ ਤੇ ਗੀਤਕਾਰ ਮਜਰੂਹ ਸੁਲਤਾਨਪੁਰੀ ਅਤੇ ਅਭਿਨੇਤਾ ਬਲਰਾਜ ਸਾਹਨੀ ਦੀ ਗ੍ਰਿਫਤਾਰੀ ਦਾ ਹਵਾਲਾ ਦਿੱਤਾ।
ਉਨ੍ਹਾਂ ਕਿਹਾ "ਮਿੱਲ ਮਜ਼ਦੂਰਾਂ ਲਈ ਆਯੋਜਿਤ ਇੱਕ ਮੀਟਿੰਗ ਦੌਰਾਨ ਮਜਰੂਹ ਸੁਲਤਾਨਪੁਰੀ ਨੇ ਜਵਾਹਰ ਲਾਲ ਨਹਿਰੂ ਵਿਰੁੱਧ ਲਿਖੀ ਗਈ ਇੱਕ ਕਵਿਤਾ ਸੁਣਾਈ ਸੀ, ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। ਕਿਉਂਕਿ ਸੁਲਤਾਨਪੁਰੀ ਨੇ ਇਸ ਲਈ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ, ਉਨ੍ਹਾਂ ਨੂੰ ਉਸ ਸਮੇਂ ਦੇ ਉੱਘੇ ਅਦਾਕਾਰ ਬਲਰਾਜ ਸਾਹਨੀ ਨਾਲ 1949 'ਚ ਜੇਲ੍ਹ ਭੇਜ ਦਿੱਤਾ ਗਿਆ।"
ਨਿਰਮਲਾ ਸੀਤਾਰਮਨ ਨੇ ਕਿਹਾ, "ਇਹ ਕਾਂਗਰਸ ਪਾਰਟੀ ਦੀ ਸਹਿਣਸ਼ੀਲਤਾ ਦਾ ਪੱਧਰ, ਜੋ ਅੱਜ ਸੰਵਿਧਾਨ ਦੀ ਕਾਪੀ ਨੂੰ ਆਪਣੇ ਹੱਥ ਵਿੱਚ ਫੜ ਕਿ ਬੋਲਣ ਦੀ ਆਜ਼ਾਦੀ 'ਤੇ ਗੱਲ ਕਰਦੇ ਹਨ ਅਤੇ ਕਹਿੰਦੇ ਹਨ ਕਿ ਦੇਸ਼ ਵਿੱਚ ਡਰ ਦਾ ਮਾਹੌਲ ਹੈ। ਕੀ ਇਹ ਡਰ ਮਜਰੂਹ ਸੁਲਤਾਨਪੁਰੀ ਨੇ ਮਹਿਸੂਸ ਨਹੀਂ ਕੀਤਾ, ਕੀ ਇਹ ਡਰ ਬਲਰਾਜ ਸਾਹਨੀ ਨੂੰ ਨਹੀਂ ਸੀ ?"

ਆਪਣੇ ਭਾਸ਼ਨ ਵਿੱਚ ਸੀਤਾਰਮਨ ਸਾਲ 1951 'ਚ ਹੋਈ ਪਹਿਲੀ ਸੰਵਿਧਾਨਕ ਸੋਧ ਬਾਰੇ ਬੋਲਦੇ ਹੋਏ ਕਾਂਗਰਸ 'ਤੇ ਵਾਰ-ਵਾਰ ਸੋਧਾਂ ਰਾਹੀਂ ਸੰਵਿਧਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਇਆ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਜ ਸਭਾ ਵਿੱਚ ਬੋਲਦਿਆਂ ਨਿਰਮਲਾ ਸੀਤਾਰਮਨ ਦੇ ਚੁੱਕੇ ਸਵਾਲਾਂ ਦਾ ਜਵਾਬ ਦਿੱਤਾ।
ਉਹਨਾਂ ਕਿਹਾ, ''ਜੋ ਲੋਕ ਤਿਰੰਗੇ ਦੇ ਵਿਰੁੱਧ ਸਨ, ਅਸ਼ੋਕ ਚੱਕਰ ਦੇ ਖਿਲਾਫ਼ ਸਨ, ਜੋ ਸੰਵਿਧਾਨ ਦੇ ਖਿਲਾਫ਼ ਸਨ....ਉਹ ਸਾਨੂੰ ਸੰਵਿਧਾਨ ਦਾ ਪਾਠ ਪੜ੍ਹਾ ਰਹੇ ਹਨ।''
ਬਲਰਾਜ ਸਾਹਨੀ ਦੀ ਕਿਉਂ ਹੋਈ ਸੀ ਗ੍ਰਿਫ਼ਤਾਰੀ

ਤਸਵੀਰ ਸਰੋਤ, IPTA MUMBAI
ਬਲਰਾਜ ਸਾਹਨੀ ਨੇ ਆਪਣੀ ਸਵੈ-ਜੀਵਨੀ 'ਮੇਰੀ ਫਿਲਮੀ ਆਤਮ ਕਥਾ' ਵਿੱਚ 1949 ਵਿੱਚ ਵਾਪਰੀ ਘਟਨਾ ਦਾ ਜ਼ਿਕਰ ਕੀਤਾ ਹੈ।
ਇਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਰਿਹਰਸਲ ਦੌਰਾਨ ਇੱਕ ਫੋਨ ਆਇਆ ਕਿ ਕਮਿਊਨਿਸਟ ਪਾਰਟੀ ਨੂੰ ਮੁੰਬਈ ਦੇ ਪਰੇਲ ਦਫ਼ਤਰ ਵਿੱਚੋਂ ਕੱਢਿਆ ਜਾ ਰਿਹਾ ਹੈ। ਇਸ ਵਾਕੇ ਦੇ ਵਿਰੋਧ 'ਚ ਜਲੂਸ ਕੱਢਣਾ ਹੈ, ਜਿਸ ਲਈ ਉਨ੍ਹਾਂ (ਸਾਹਨੀ) ਦੀ ਲੋੜ ਹੈ।
ਇਸ ਦੇ ਚੱਲਦੇ ਉਹ ਆਪਣੀ ਪਤਨੀ ਨਾਲ ਪਰੇਲ ਪਹੁੰਚੇ ਅਤੇ ਪਾਰਟੀ ਵਰਕਰਾਂ ਨੂੰ ਮਿਲਣ ਤੋਂ ਬਾਅਦ ਜਲੂਸ 'ਚ ਸ਼ਾਮਲ ਹੋਏ।
ਕੁਝ ਦੂਰੀ ਤੋਂ ਬਾਅਦ ਪੁਲਿਸ ਵੱਲੋਂ ਲਾਠੀਚਾਰਜ ਕਰ ਦਿੱਤਾ ਗਿਆ, ਗੋਲੀਬਾਰੀ ਵੀ ਹੋਈ।
ਬਲਰਾਜ ਸਾਹਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਲਰਾਜ ਸਾਹਨੀ ਕਰੀਬ ਇੱਕ ਸਾਲ ਜੇਲ੍ਹ ਵਿੱਚ ਰਹੇ।
ਇਸ ਦੌਰਾਨ ਉਹ ਕਈ ਫਿਲਮਾਂ ਵੀ ਕਰ ਰਹੇ ਸਨ, ਇਸ ਲਈ ਨਿਰਮਾਤਾਵਾਂ ਦੇ ਕਹਿਣ 'ਤੇ ਉਨ੍ਹਾਂ ਨੂੰ ਜੇਲ ਤੋਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਆਪਣਾ ਕੰਮ ਕਰਨ ਦੀ ਇਜਾਜ਼ਤ ਮਿਲ ਗਈ।
ਪੈਰਲਲ ਸਿਨੇਮਾ ਦੀ ਨੀਂਹ ਰੱਖਣ ਵਾਲੇ ਮਸ਼ਹੂਰ ਬਲਰਾਜ ਸਾਹਨੀ ਨੇ ਹਿੰਦੀ ਫ਼ਿਲਮ ਇੰਡਸਟਰੀ ਨੂੰ 'ਕਾਬੁਲੀਵਾਲਾ', 'ਦੋ ਬੀਘਾ ਜ਼ਮੀਨ', 'ਵਕਤ', 'ਛੋਟੀ ਬਹਿਨ' ਅਤੇ 'ਗਰਮ ਹਵਾ' ਵਰਗੀਆਂ ਯਾਦਗਾਰ ਫ਼ਿਲਮਾਂ ਦਿੱਤੀਆਂ ਹਨ।
ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਬਲਰਾਜ ਸਾਹਨੀ ਉਸ ਸਮੇਂ ਦੀ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੇ ਮੈਂਬਰ ਸਨ।
ਬਲਰਾਜ ਸਾਹਨੀ ਨੇ 1943 ਦੇ ਬੰਗਾਲ ਦੇ ਅਕਾਲ 'ਤੇ ਆਧਾਰਿਤ ਫ਼ਿਲਮ 'ਧਰਤੀ ਦੇ ਲਾਲ' ਵਿੱਚ ਵੀ ਅਦਾਕਾਰੀ ਕੀਤੀ, ਜਿਸ ਲਈ ਉਨ੍ਹਾਂ ਦੀ ਜਿੰਨੀ ਜ਼ਿੰਮੇਵਾਰੀ ਫ਼ਿਲਮ ਨਿਰਮਾਤਾਵਾਂ ਵੱਲੋਂ ਲਗਾਈ ਗਈ, ਉਸ ਨੂੰ ਉਨ੍ਹਾਂ ਨੇ ਨਿਭਾਇਆ।
ਜਦੋਂ ਜੇਲ੍ਹ 'ਚੋਂ ਸ਼ੂਟਿੰਗ ਲਈ ਜਾਂਦੇ ਸਨ ਬਲਰਾਜ ਸਾਹਨੀ

ਤਸਵੀਰ ਸਰੋਤ, M S Sathyu
ਪੰਜਾਬੀ ਫ਼ਿਲਮ ਨਿਰਦੇਸ਼ਕ ਜਤਿੰਦਰ ਮੌਹਰ ਦੱਸਦੇ ਹਨ ਕਿ ਬਲਰਾਜ ਸਾਹਨੀ ਜੇਲ੍ਹ ਵਿੱਚ ਰਹਿੰਦੇ ਅਕਸਰ ਦਿਨ ਸਮੇਂ ਫ਼ਿਲਮ ਦੀ ਸ਼ੂਟਿੰਗ ਲਈ ਬਾਹਰ ਆਉਂਦੇ ਅਤੇ ਸ਼ਾਮ ਨੂੰ ਵਾਪਸ ਜੇਲ੍ਹ ਜਾਂਦੇ ਸਨ।
ਜਤਿੰਦਰ ਮੌਹਰ ਕਹਿੰਦੇ ਹਨ ਕਿ ਬਲਰਾਜ ਸਾਹਨੀ ਨੇ ਨਾਨਕ ਸਿੰਘ ਦੇ ਨਾਵਲ 'ਪਵਿੱਤਰ ਪਾਪੀ' 'ਤੇ ਫ਼ਿਲਮ ਵੀ ਬਣਾਈ ਅਤੇ ਇਸ ਵਿੱਚ ਆਪਣੇ ਪੁੱਤਰ ਨੂੰ ਵੀ ਅਦਾਕਾਰੀ ਲਈ ਲਗਾਇਆ।
ਉਹ ਕਹਿੰਦੇ ਹਨ, "ਉਨ੍ਹਾਂ ਨੇ ਪੰਜਾਬੀ ਸਾਹਿਤ ਦੇ ਇਸ ਸ਼ਾਨਦਾਰ ਨਾਵਲ ਉੱਪਰ ਚੰਗੀ ਫ਼ਿਲਮ ਬਣਾਈ ਸੀ।"
ਮੌਹਰ ਦੱਸਦੇ ਹਨ ਕਿ ਬਲਰਾਜ ਸਾਹਨੀ ਅਕਸਰ ਫ਼ਿਲਮ ਇੰਡਸਟਰੀ ਵਿੱਚ ਵੀ ਘੱਟ ਪੈਸਿਆਂ ਉੱਪਰ ਕੰਮ ਕਰਨ ਵਾਲੇ ਕਲਾਕਾਰਾਂ ਦੇ ਹੱਕਾਂ ਲਈ ਖੜਦੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












