ਬੀਈ ਅਤੇ ਬੀਟੈਕ ਕੀ ਇਨ੍ਹਾਂ ਦੋ ਇੰਜੀਨੀਅਰਿੰਗ ਕੋਰਸਾਂ ਵਿੱਚ ਕੋਈ ਫ਼ਰਕ ਹੈ, ਦੋਵਾਂ ਵਿੱਚੋਂ ਤੁਹਾਡੇ ਲਈ ਕਿਹੜਾ ਚੰਗਾ ਹੈ?

ਤਸਵੀਰ ਸਰੋਤ, Getty Images
- ਲੇਖਕ, ਪ੍ਰਿਅੰਕਾ ਝਾਅ
- ਰੋਲ, ਬੀਬੀਸੀ ਪੱਤਰਕਾਰ
ਦੀਪਤਿਮਾਨ ਪੂਰਬੇ ਹੈਦਰਾਬਾਦ ਦੀ ਇੱਕ ਵੱਡੀ ਕੰਪਨੀ ਵਿੱਚ ਇੰਜੀਨੀਅਰਿੰਗ ਮੈਨੇਜਰ ਹਨI ਉੱਥੇ ਹੀ, ਪੰਕਜ ਬਿਸ਼ਟ ਪੁਣੇ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਤੋਂ ਬਾਅਦ ਨਾਸਿਕ ਦੀ ਇੱਕ ਵੱਡੀ ਟੈਕ ਕੰਪਨੀ ਵਿੱਚ ਅਸਿਸਟੈਂਟ ਮੈਨੇਜਰ ਹਨI
ਦੋਨਾਂ ਦਾ ਕੰਮ ਲਗਭਗ ਇੱਕੋ ਜਿਹਾ ਹੈI ਦੋਨਾਂ ਨੂੰ ਇੰਜੀਨੀਅਰ ਹੀ ਕਿਹਾ ਜਾਂਦਾ ਹੈI ਦੋਨਾਂ ਦੀ ਸ਼ਾਖਾ ਵੀ ਇਲੈਕਟ੍ਰਿਕਲ ਹੀ ਸੀ। ਪਰ ਦੋਨੋਂ ਇੱਥੇ ਤੱਕ ਵੱਖ-ਵੱਖ ਕੋਰਸਾਂ ਰਾਹੀਂ ਪਹੁੰਚੇ ਹਨ, ਇੱਕ ਨੇ ਬੀਟੈਕ (B. Tech) ਚੁਣਿਆ ਦੂਜੇ ਨੇ ਬੀਈ (B.E)I
ਅਕਸਰ ਅਜਿਹਾ ਵੀ ਹੁੰਦਾ ਹੈ ਕਿ ਕਿਸੇ ਨੇ ਸਾਇੰਸ ਖੇਤਰ ਤੋਂ ਪੜ੍ਹਾਈ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ, ਪਰ ਇਸ ਨਾਲ ਜੁੜੇ ਦੋ ਕੋਰਸਾਂ ਦੇ ਨਾਮ ਜ਼ਰੂਰ ਸੁਣੇ ਹੁੰਦੇ ਹਨ- ਬੀ ਈ (B.E) ਅਤੇ ਬੀ ਟੈਕ (B. Tech).
ਪਰ ਇਨ੍ਹਾਂ ਦੋ ਵੱਖ-ਵੱਖ ਕੋਰਸਾਂ ਪਿੱਛੇ ਲੌਜਿਕ ਕੀ ਹੈ? ਕੀ ਸੱਚਮੁੱਚ ਹੀ ਇਹ ਡਿਗਰੀਆਂ ਇੱਕੋ ਜਿਹੀਆਂ ਹਨ ਜਾਂ ਪੜ੍ਹਾਈ ਦੇ ਤਰੀਕੇ, ਇਨ੍ਹਾਂ ਕੋਰਸਾਂ ਦੇ ਮਕਸਦ ਵਿੱਚ ਕੀ ਕੋਈ ਫ਼ਰਕ ਹੁੰਦਾ ਹੈ?
ਕੀ ਹੁੰਦਾ ਹੈ ਫ਼ਰਕ?

ਤਸਵੀਰ ਸਰੋਤ, Getty Images
ਜਾਣਕਾਰ ਕਹਿੰਦੇ ਹਨ ਕਿ ਆਮ ਤੌਰ ਤੇ ਬੀਈ ਅਤੇ ਬੀਟੈਕ ਕੋਰਸ ਇਸ ਗੱਲ ਤੇ ਨਿਰਭਰ ਕਰਦੇ ਹਨ ਕਿ ਇਹ ਡਿਗਰੀ ਕਿਹੜੀ ਯੂਨੀਵਰਸਿਟੀ ਵੱਲੋਂ ਦਿੱਤੀ ਜਾ ਰਹੀ ਹੈI
ਬੀਈ ਦਾ ਅਰਥ ਹੈ ਬੈਚਲਰਜ਼ ਆਫ਼ ਇੰਜੀਨੀਅਰਿੰਗ ਅਤੇ ਬੀਟੈਕ ਦਾ ਮਤਲਬ ਹੈ ਬੈਚਲਰਜ਼ ਆਫ਼ ਤਕਨਾਲੋਜੀ- ਇਹ ਤਾਂ ਸਭ ਨੂੰ ਪਤਾ ਹੈI
ਪਰ ਬੀਈ ਨੂੰ ਬੀਟੈਕ ਤੋਂ ਇਸ ਮਾਇਨੇ ਵਿੱਚ ਵੱਖਰਾ ਮੰਨਿਆ ਜਾਂਦਾ ਹੈ ਕਿ ਇਸ ਵਿੱਚ ਪ੍ਰੈਕਟੀਕਲ ਦੇ ਮੁਕਾਬਲੇ ਥਿਊਰੈਟਿਕੈਲ ਗਿਆਨ 'ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈI
ਆਈ ਆਈ ਟੀ ਕਾਨਪੁਰ ਦੇ ਪ੍ਰੋਫੈਸਰ ਸ਼ਲਭ ਸਟੈਟਿਸਟਿਕਸ ਅਤੇ ਡਾਟਾ ਸਾਇੰਸ ਵਿੱਚ ਇੱਕ ਮੰਨਿਆ-ਪ੍ਰਮੰਨਿਆ ਨਾਮ ਹਨI
ਉਹ ਕਹਿੰਦੇ ਹਨ ਕਿ ਬੀਈ ਅਤੇ ਬੀਟੈਕ ਨੂੰ ਇੰਝ ਸਮਝ ਲਓ ਕਿ ਬੀਈ ਪਹਿਲਾਂ ਵਰਤੀ ਜਾਣ ਵਾਲੀ ਟਰਮੀਨਾਲੋਜੀ ਸੀ, ਜਿਸਨੂੰ ਅਜੇ ਵੀ ਕੁਝ ਸੰਸਥਾਵਾਂ ਵਰਤ ਰਹੀਆਂ ਹਨI ਪਰ ਹੁਣ ਪੜ੍ਹਾਈ ਵਿੱਚ ਕੋਈ ਫ਼ਰਕ ਨਹੀਂ ਰਹਿ ਗਿਆ ਅਤੇ ਨਾ ਹੀ ਇਨ੍ਹਾਂ ਵਿੱਚ ਦਾਖ਼ਲਾ ਲੈਣ ਵਾਲਿਆਂ ਲਈ ਯੋਗਤਾ ਦੀਆਂ ਸ਼ਰਤਾਂ ਵਿੱਚ ਕੋਈ ਅੰਤਰ ਹੈI
ਦੀਪਤਿਮਾਨ ਪੂਰਬੇ ਅੱਜਕੱਲ੍ਹ ਊਬਰ ਕੰਪਨੀ ਵਿੱਚ ਇੰਜੀਨਿਅਰਿੰਗ ਮੈਨੇਜਰ ਹਨI ਇਸਦੇ ਨਾਲ-ਨਾਲ ਉਹ ਇੰਡੀਅਨ ਇੰਸਟੀਟਿਊਟ ਆਫ਼ ਇਨਫਾਰਮੇਸ਼ਨ ਤਕਨਾਲੋਜੀ, ਯਾਨੀ ਆਈਆਈਟੀ ਗਵਾਲੀਅਰ ਵਿੱਚ ਗੈਸਟ ਫੈਕਲਟੀ ਦੇ ਤੌਰ 'ਤੇ ਵੀ ਪੜ੍ਹਾਉਂਦੇ ਹਨI
ਉਹ ਦੱਸਦੇ ਹਨ, "ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਬੀਈ ਇੱਕ ਨਾਲੇਜ-ਓਰੀਐਂਟਡ ਕੋਰਸ ਹੈ, ਜਿਸ ਵਿੱਚ ਧਿਆਨ ਥਿਓਰੈਟਿਕੈਲ ਪ੍ਰਿੰਸੀਪਲਜ਼ 'ਤੇ ਹੁੰਦਾ ਸੀ ਯਾਨੀ ਚੀਜ਼ਾਂ ਕਿਉਂ ਕੰਮ ਕਰਦੀਆਂ ਹਨI ਜਦਕਿ ਬੀਟੈਕ ਨੂੰ ਜ਼ਿਆਦਾ ਪ੍ਰੈਕਟੀਕਲ ਅਤੇ ਸਕਿੱਲ ਓਰੀਐਂਟਡ ਮੰਨਿਆ ਜਾਂਦਾ ਸੀ, ਜਿਸ ਵਿੱਚ ਇਹ ਸਿਖਾਇਆ ਜਾਂਦਾ ਸੀ ਕਿ ਚੀਜ਼ਾਂ ਕਿਵੇਂ ਕੰਮ ਕਰਦੀਆਂ ਹਨI"
ਪੰਕਜ ਬਿਸ਼ਟ ਜੀਓ ਵਿੱਚ ਅਸਿਸਟੈਂਟ ਮੈਨੇਜਰ ਹਨI ਉਨ੍ਹਾਂ ਨੇ ਸਾਲ 2014 ਵਿੱਚ ਬੀਈ ਕੀਤੀ ਸੀI
ਉਹ ਵੀ ਇਹੀ ਕਹਿੰਦੇ ਹਨ ਕਿ ਭਾਰਤ ਵਿੱਚ ਬੈਚਲਰ ਆਫ਼ ਇੰਜੀਨੀਅਰਿੰਗ ਅਤੇ ਬੈਚਲਰ ਆਫ਼ ਤਕਨਾਲੋਜੀ, ਦੋਵਾਂ ਨੂੰ ਹੀ ਬਰਾਬਰ ਮੰਨਿਆ ਜਾਂਦਾ ਹੈI
ਉਨ੍ਹਾਂ ਦਾ ਕਹਿਣਾ ਹੈ ਕਿ, "ਬੀਈ ਦਾ ਕਰਿਕੁਲਮ ਕੁੱਝ ਟ੍ਰੈਡੀਸ਼ਨਲ ਹੁੰਦਾ ਹੈ ਅਤੇ ਇਹ ਕੋਰਸ ਅਕਸਰ ਪੁਰਾਣੀਆਂ ਯੂਨੀਵਰਸਿਟੀਆਂ ਵਿੱਚ ਚਲਦਾ ਹੈI ਇਸ ਵਿੱਚ ਫੰਡਾਮੈਂਟਲਜ਼, ਯਾਨੀ ਬੁਨਿਆਦੀ ਗੱਲਾਂ 'ਤੇ ਥੋੜ੍ਹਾ ਵੱਧ ਧਿਆਨ ਦਿੱਤਾ ਜਾਂਦਾ ਹੈI ਜਦਕਿ ਬੀਟੈਕ ਦਾ ਸਿਲੇਬਸ ਜ਼ਿਆਦਾ ਅਪਡੇਟਡ ਹੁੰਦਾ ਹੈ। ਇਸ ਵਿੱਚ ਲੈਬ, ਪ੍ਰੋਜੈਕਟਸ ਅਤੇ ਇੰਟਰਨਸ਼ਿਪ 'ਤੇ ਵੱਧ ਫੋਕਸ ਹੁੰਦਾ ਹੈ। ਆਈਆਈਟੀ, ਐਨਆਈਟੀ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਆਮ ਤੌਰ 'ਤੇ ਬੀਟੈਕ ਹੀ ਕਰਵਾਈ ਜਾਂਦੀ ਹੈ।"

ਕਿਉਂ ਹਨ ਵੱਖੋ-ਵੱਖਰੇ ਨਾਮ?
ਭਾਰਤ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਵਾਉਣ ਵਾਲੇ ਸਾਰੇ ਟੈਕਨੀਕਲ ਸੰਸਥਾਨਾਂ ਦੀ ਨਿਗਰਾਨੀ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਕਰਦੀ ਹੈ।
ਏਆਈਸੀਟੀਈ ਦੇ ਮੁਤਾਬਕ, ਭਾਰਤ ਵਿੱਚ ਸਾਲ 2023-24 ਦੌਰਾਨ ਲਗਭਗ 8,264 ਸੰਸਥਾਨ ਅਜਿਹੇ ਸਨ ਜੋ ਡਿਪਲੋਮਾ, ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰ 'ਤੇ ਇੰਜੀਨੀਅਰਿੰਗ ਕੋਰਸ ਚਲਾ ਰਹੇ ਸਨ। ਜਦਕਿ 2024-25 ਵਿੱਚ ਇਸ ਸੂਚੀ ਵਿੱਚ 211 ਹੋਰ ਸੰਸਥਾਨ ਸ਼ਾਮਲ ਹੋ ਗਏ।
ਸਾਲ 2023-24 ਦੇ ਅਕੈਡਮਿਕ ਸੈਸ਼ਨ ਦੌਰਾਨ 30 ਲੱਖ 79 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖ਼ਲਾ ਲਿਆ। ਸਾਲ 2025 ਦੀ IIRF ਰੈਂਕਿੰਗ (ਇੰਡੀਆਨ ਇੰਸਟੀਟਿਊਸ਼ਨਲ ਰੈਂਕਿੰਗ ਫ੍ਰੇਮਵਰਕ) ਮੁਤਾਬਕ, ਭਾਰਤ ਦਾ ਸਭ ਤੋਂ ਉੱਚਾ ਇੰਜੀਨੀਅਰਿੰਗ ਸੰਸਥਾਨ ਆਈਆਈਟੀ ਮੁੰਬਈ ਹੈ।

ਤਸਵੀਰ ਸਰੋਤ, Getty Images
ਹਾਲਾਂਕਿ, ਪ੍ਰਾਈਵੇਟ ਯੂਨੀਵਰਸਿਟੀਆਂ ਹੇਠ ਆਉਂਦੇ ਟਾਪ ਇੰਜੀਨੀਅਰਿੰਗ ਸੰਸਥਾਨਾਂ ਵਿੱਚ ਬਿਰਲਾ ਇੰਸਟੀਟਿਊਟ ਆਫ਼ ਟੈਕਨੋਲੋਜੀ ਐਂਡ ਸਾਇੰਸ (BITS ਪਿਲਾਨੀ) ਸਭ ਤੋਂ ਉੱਪਰ ਰਿਹਾ। ਇਹ ਉਨ੍ਹਾਂ ਸੰਸਥਾਨਾਂ ਵਿੱਚ ਵੀ ਸ਼ਾਮਲ ਹੈ ਜਿੱਥੇ ਬੀਈ ਦੀ ਡਿਗਰੀ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਕਲਕੱਤਾ ਦੀ ਜਾਧਵਪੁਰ ਯੂਨੀਵਰਸਿਟੀ, ਚੇਨਈ ਦੀ ਅੰਨਾ ਯੂਨੀਵਰਸਿਟੀ, ਹੈਦਰਾਬਾਦ ਦੀ ਉਸਮਾਨੀਆ ਯੂਨੀਵਰਸਿਟੀ, ਬੈਂਗਲੁਰੂ ਦਾ ਆਰਵੀ ਕਾਲਜ, ਪੁਣੇ ਯੂਨੀਵਰਸਿਟੀ ਅਤੇ ਮੁੰਬਈ ਯੂਨੀਵਰਸਿਟੀ ਵੀ ਉਹਨਾਂ ਸੰਸਥਾਨਾਂ ਵਿੱਚ ਸ਼ਾਮਲ ਹਨ ਜੋ ਇੰਜੀਨੀਅਰਿੰਗ ਕਰਨ ਵਾਲਿਆਂ ਨੂੰ ਬੀਈ ਦੀ ਡਿਗਰੀ ਦਿੰਦੇ ਹਨ।
ਜਾਣਕਾਰਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਬੀਈ ਜਾਂ ਬੀਟੈਕ ਕੋਰਸ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਡਿਗਰੀ ਕਿਹੜੀ ਯੂਨੀਵਰਸਿਟੀ ਦੇ ਰਹੀ ਹੈ। ਕਿਉਂਕਿ ਕਈ ਪੁਰਾਣੀਆਂ ਯੂਨੀਵਰਸਿਟੀਆਂ ਇਸ ਕੋਰਸ ਨੂੰ ਬੀਈ ਕਹਿੰਦੀਆਂ ਹਨ, ਜਦਕਿ ਟੈਕਨੀਕਲ ਸੰਸਥਾਨ ਇਸ ਨੂੰ ਬੀਟੈਕ ਕਹਿੰਦੇ ਹਨ।
ਪਰ ਸਿਰਫ਼ ਨਾਮ ਦੇ ਆਧਾਰ 'ਤੇ ਪੜ੍ਹਾਈ ਦੀ ਗੁਣਵੱਤਾ ਵਿੱਚ ਕੋਈ ਵੱਡਾ ਫ਼ਰਕ ਨਹੀਂ ਹੁੰਦਾ।
ਦੋਵੇਂ ਹੀ ਚਾਰ ਸਾਲਾਂ ਦੇ ਕੋਰਸ ਹਨ ਅਤੇ ਦੋਵਾਂ ਵਿੱਚ ਦਾਖ਼ਲੇ ਲਈ ਯੋਗਤਾ ਵੀ ਲਗਭਗ ਇੱਕੋ ਜਿਹੀ ਹੁੰਦੀ ਹੈ।
ਅਰਥਾਤ ਬਾਰ੍ਹਵੀਂ ਵਿੱਚ ਫ਼ਿਜ਼ਿਕਸ, ਕੈਮਿਸਟ੍ਰੀ ਅਤੇ ਮੈਥਸ ਹੋਣੀਆਂ ਲਾਜ਼ਮੀ ਹਨ ਅਤੇ ਇਸ ਤੋਂ ਬਾਅਦ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖ਼ਲੇ ਲਈ ਹੋਣ ਵਾਲੀ ਐਂਟ੍ਰੈਂਸ ਪ੍ਰੀਖਿਆ ਯਾਨੀ ਜੇਈਈ ਮੇਨ ਅਤੇ ਜੇਈਈ ਐਡਵਾਂਸਡ ਪਾਸ ਕਰਨੀ ਪੈਂਦੀ ਹੈ।
ਦੀਪਤਿਮਾਨ ਪੂਰਬੇ ਕਹਿੰਦੇ ਹਨ ਕਿ ਦੋਵੇਂ ਕੋਰਸਾਂ ਦੇ ਕੋਰ ਸਬਜੈਕਟ ਵੀ ਇੱਕੋ ਜਿਹੇ ਹੁੰਦੇ ਹਨ—ਅਰਥਾਤ ਉਹ ਵਿਸ਼ੇ ਜੋ ਇੰਜੀਨੀਅਰਿੰਗ ਦੀ ਇੱਕ ਬ੍ਰਾਂਚ ਨੂੰ ਦੂਜੀ ਬ੍ਰਾਂਚ ਤੋਂ ਵੱਖਰਾ ਬਣਾਉਂਦੇ ਹਨ।
ਜਿਵੇਂ:
- ਪਹਿਲੇ ਸਾਲ ਵਿੱਚ ਜੋ ਵਿਸ਼ੇ ਪੜ੍ਹਾਏ ਜਾਂਦੇ ਹਨ, ਉਹ ਹਨ: ਮੈਥਮੈਟਿਕਸ, ਇੰਜੀਨੀਅਰਿੰਗ ਫ਼ਿਜ਼ਿਕਸ, ਇੰਜੀਨੀਅਰਿੰਗ ਕੈਮਿਸਟ੍ਰੀ, ਇੰਜੀਨੀਅਰਿੰਗ ਮਕੈਨਿਕਸ ਅਤੇ ਬੇਸਿਕ ਇਲੈਕਟ੍ਰਾਨਿਕਸ। ਇਹ ਉਹ ਵਿਸ਼ੇ ਹਨ ਜੋ ਸਾਰੀਆਂ ਬ੍ਰਾਂਚਾਂ ਦੇ ਵਿਦਿਆਰਥੀਆਂ ਲਈ ਲਾਜ਼ਮੀ ਹੁੰਦੇ ਹਨ।
- ਇਸ ਤੋਂ ਬਾਅਦ ਦੂਜੇ ਤੋਂ ਚੌਥੇ ਸਾਲ ਤੱਕ ਕੁਝ ਮੁੱਖ ਬ੍ਰਾਂਚਾਂ ਦੇ ਖ਼ਾਸ ਵਿਸ਼ੇ ਪੜ੍ਹਾਏ ਜਾਂਦੇ ਹਨ:
- ਕੰਪਿਊਟਰ ਸਾਇੰਸ: ਡਾਟਾ ਸਟਰਕਚਰਜ਼, ਐਲਗੋਰਿਦਮ, ਓਪਰੇਟਿੰਗ ਸਿਸਟਮ, ਡਾਟਾਬੇਸ ਮੈਨੇਜਮੈਂਟ ਸਿਸਟਮ (DBMS)।
- ਮਕੈਨਿਕਲ: ਥਰਮੋਡਾਇਨਾਮਿਕਸ, ਫ਼ਲੂਇਡ ਮਕੈਨਿਕਸ, ਕਿਨੀਮੈਟਿਕਸ ਆਫ਼ ਮਸ਼ੀਨ।
- ਇਲੈਕਟ੍ਰਿਕਲ: ਸਰਕਿਟ ਥਿਊਰੀ, ਕੰਟਰੋਲ ਸਿਸਟਮ, ਪਾਵਰ ਸਿਸਟਮ
ਕਿਹੜਾ ਕੋਰਸ ਕਿਸ ਲਈ ਠੀਕ ਹੈ?

ਤਸਵੀਰ ਸਰੋਤ, Getty Images
ਦੀਪਤਿਮਾਨ ਪੂਰਬੇ ਮੁਤਾਬਕ, ਅਸਲ ਦੁਨੀਆ ਵਿੱਚ ਬੀਈ ਅਤੇ ਬੀਟੈਕ ਵਿਚਕਾਰ ਜੋ ਫ਼ਰਕ ਸੀ, ਉਹ ਹੁਣ ਲਗਭਗ ਖ਼ਤਮ ਹੋ ਚੁੱਕਾ ਹੈ। ਹੁਣ ਦੋਵੇਂ ਕੋਰਸਾਂ ਤੋਂ ਬਾਅਦ ਮਿਲਣ ਵਾਲੇ ਕਰੀਅਰ ਮੌਕਿਆਂ ਵਿੱਚ ਕੋਈ ਵੱਡਾ ਅੰਤਰ ਨਹੀਂ ਹੈ।
ਇਹ ਗੱਲ ਨਹੀਂ ਹੈ ਕਿ ਕੋਈ ਇੱਕ ਕੋਰਸ ਦੂਜੇ ਨਾਲੋਂ ਉੱਨੀ-ਇੱਕੀ ਹੈ। ਸਗੋਂ ਮਾਸਟਰਜ਼ ਜਾਂ ਐਮਬੀਏ ਲਈ ਅਪਲਾਈ ਕਰਦੇ ਸਮੇਂ ਵੀ ਦੋਵੇਂ ਕੋਰਸਾਂ ਦੇ ਨਾਮ ਇਕੱਠੇ ਹੀ ਲਿਖੇ ਹੁੰਦੇ ਹਨ। ਇਸ ਲਈ ਦੋਵੇਂ ਕੋਰਸ ਇੱਕੋ ਜਿਹੀ ਮਹੱਤਤਾ ਰੱਖਦੇ ਹਨ।
ਹਾਲਾਂਕਿ ਉਹ ਕੁਝ ਅਹਿਮ ਗੱਲਾਂ ਗਿਣਾਉਂਦੇ ਹਨ, ਜਿਨ੍ਹਾਂ 'ਤੇ ਦਾਖ਼ਲਾ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ।
ਉਹ ਕਹਿੰਦੇ ਹਨ:
ਕਿਸੇ ਵੀ ਵਿਦਿਆਰਥੀ ਨੂੰ ਸਿਰਫ਼ ਡਿਗਰੀ ਦੇ ਨਾਮ ਦੇ ਆਧਾਰ 'ਤੇ ਕੋਰਸ ਨਹੀਂ ਚੁਣਨਾ ਚਾਹੀਦਾ। ਚੋਣ ਦਾ ਅਸਲ ਆਧਾਰ ਇਹ ਹੋਣਾ ਚਾਹੀਦਾ ਹੈ ਕਿ ਕੋਰਸ ਕਿਹੜੀ ਯੂਨੀਵਰਸਿਟੀ ਵਿੱਚ ਮਿਲ ਰਿਹਾ ਹੈ ਅਤੇ ਕਿਹੜੀ ਬ੍ਰਾਂਚ ਉਪਲਬਧ ਹੈ।
ਹਮੇਸ਼ਾ ਇਹ ਵੇਖੋ ਕਿ ਸੰਸਥਾਨ ਦਾ ਬੁਨਿਆਦੀ ਢਾਂਚਾ ਕਿਵੇਂ ਦਾ ਹੈ, ਉੱਥੇ ਦੀ ਫੈਕਲਟੀ ਕਿਹੋ ਜਿਹੀ ਹੈ, ਪਲੇਸਮੈਂਟ ਦਾ ਰਿਕਾਰਡ ਕਿਵੇਂ ਦਾ ਹੈ, ਰਿਸਰਚ ਦਾ ਤਜਰਬਾ ਕਿਹੋ ਜਿਹਾ ਹੈ ਅਤੇ ਜਿਸ ਕੋਰਸ ਨੂੰ ਤੁਸੀਂ ਚੁਣ ਰਹੇ ਹੋ, ਉਸਦਾ ਮਾਹੌਲ ਕਿਵੇਂ ਦਾ ਹੈ।
ਜੇਕਰ ਕਿਸੇ ਵਿਦਿਆਰਥੀ ਕੋਲ ਇਹ ਵਿਕਲਪ ਹੋਵੇ ਕਿ ਬੀਈ ਅਤੇ ਬੀਟੈਕ ਦੋਵਾਂ ਵਿੱਚ ਇੱਕੋ ਜਿਹੀ ਬ੍ਰਾਂਚ ਮਿਲ ਰਹੀ ਹੈ, ਤਾਂ ਫਿਰ ਦੋਵਾਂ ਨੂੰ ਇੱਕੋ ਜਿਹਾ ਕੋਰਸ ਸਮਝਦੇ ਹੋਏ, ਬਾਕੀ ਸਾਰੇ ਫੈਕਟਰਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਕਰਨਾ ਚਾਹੀਦਾ ਹੈ।
ਕੀ ਭਵਿੱਖ ਦੇ ਵਿਕਾਸ ਵਿੱਚ ਕੋਈ ਅੰਤਰ ਹੈ?

ਤਸਵੀਰ ਸਰੋਤ, Getty Images
ਮਾਹਰਾਂ ਅਨੁਸਾਰ, ਭਾਵੇਂ ਵੈਕੈਂਸੀ ਸੌਫਟਵੇਅਰ ਇੰਜੀਨੀਅਰ ਲਈ ਹੋਵੇ, ਸਿਵਲ ਇੰਜੀਨੀਅਰ ਲਈ ਹੋਵੇ ਜਾਂ ਫਿਰ ਡਾਟਾ ਐਨਾਲਿਸਟ ਜਾਂ ਕਿਸੇ ਹੋਰ ਬ੍ਰਾਂਚ ਦੇ ਇੰਜੀਨੀਅਰ ਲਈ ਹੀ ਕਿਉਂ ਨਾ ਹੋਵੇ ਨੌਕਰੀ ਦੇ ਵੇਰਵੇ ਵਿੱਚ ਅਕਸਰ ਯੋਗਤਾ ਵਜੋਂ B.E / B.Tech ਹੀ ਲਿਖਿਆ ਹੁੰਦਾ ਹੈ।
ਦੋਵੇਂ ਡਿਗਰੀਆਂ ਦੇ ਸੈਲਰੀ ਪੈਕੇਜ ਵਿੱਚ ਵੀ ਕੋਈ ਫ਼ਰਕ ਨਹੀਂ ਹੁੰਦਾ। ਸੈਲਰੀ ਪੂਰੀ ਤਰ੍ਹਾਂ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਕਿਸੇ ਦੀ ਇੰਟਰਵਿਊ ਕਿਵੇਂ ਗਈ, ਉਸ ਦੀ ਪ੍ਰਾਬਲਮ-ਸਾਲਵਿੰਗ ਸਕਿਲਜ਼ ਕਿਹੋ ਜਿਹੀਆਂ ਹਨ ਜਾਂ ਨੌਕਰੀ ਕਿਹੜੇ ਪਦ ਲਈ ਹੈ। ਇਨ੍ਹਾਂ ਸਾਰੀਆਂ ਗੱਲਾਂ 'ਤੇ ਡਿਗਰੀ ਦਾ ਅਸਰ ਲਗਭਗ "ਜ਼ੀਰੋ" ਹੁੰਦਾ ਹੈ।
ਪੰਕਜ ਬਿਸ਼ਟ ਕਹਿੰਦੇ ਹਨ, "ਅੱਜ ਦੇ ਸਮੇਂ ਵਿੱਚ ਟ੍ਰੈਂਡ ਬੀਈ ਜਾਂ ਬੀਟੈਕ ਨਾਲ ਤੈਅ ਨਹੀਂ ਹੁੰਦਾ, ਸਗੋਂ ਇਸ ਨਾਲ ਹੁੰਦਾ ਹੈ ਕਿ ਤੁਹਾਡੀ ਬ੍ਰਾਂਚ ਕਿਹੜੀ ਹੈ। ਅੱਜ ਜੇ ਮਾਰਕੀਟ ਵਿੱਚ ਆਈਟੀ ਸੈਕਟਰ, ਯਾਨੀ ਇਨਫ਼ਾਰਮੇਸ਼ਨ ਟੈਕਨੋਲੋਜੀ, ਬੂਮ 'ਤੇ ਹੈ ਤਾਂ ਦਾਖ਼ਲਾ ਲੈਂਦੇ ਸਮੇਂ ਇਹ ਸੋਚਣਾ ਚਾਹੀਦਾ ਹੈ ਕਿ ਇਹ ਬ੍ਰਾਂਚ ਮਿਲ ਜਾਵੇ। ਜੇ ਮਕੈਨਿਕਲ ਦਾ ਬੂਮ ਹੈ ਤਾਂ ਉਸ ਬਾਰੇ ਸੋਚਣਾ ਚਾਹੀਦਾ ਹੈ। ਮਾਰਕੀਟ ਦੇ ਹਿਸਾਬ ਨਾਲ ਬ੍ਰਾਂਚ ਚੁਣਨੀ ਜ਼ਰੂਰੀ ਹੈ।"
ਉਹ ਦੱਸਦੇ ਹਨ ਕਿ ਆਮ ਤੌਰ 'ਤੇ ਕਿਸੇ ਵੀ ਕੰਪਨੀ ਕੋਲ ਅਜਿਹਾ ਕੋਈ ਮਾਪਦੰਡ ਨਹੀਂ ਹੁੰਦਾ ਕਿ ਕਿਸੇ ਪਦ ਲਈ ਸਿਰਫ਼ ਬੀਈ ਜਾਂ ਸਿਰਫ਼ ਬੀਟੈਕ ਵਾਲਾ ਹੀ ਚਾਹੀਦਾ ਹੈ।
ਉਹ ਕਹਿੰਦੇ ਹਨ, "ਹੁਣ ਤੱਕ ਮੈਂ ਚਾਰ ਕੰਪਨੀਆਂ ਬਦਲ ਚੁੱਕਾ ਹਾਂ। ਤੁਸੀਂ ਬੀਈ ਹੋਵੋ ਜਾਂ ਬੀਟੈਕ, ਜੇ ਤੁਹਾਡੇ ਕੋਲ ਉਹ ਹੁਨਰ ਹੈ ਜਿਸ ਦੀ ਜ਼ਰੂਰਤ ਹੋਏ, ਤਾਂ ਕੰਪਨੀ ਤੁਹਾਨੂੰ ਲੈ ਲਏਗੀ। ਅਜਿਹਾ ਨਹੀਂ ਹੁੰਦਾ ਕਿ ਜਿਸ ਨੌਕਰੀ ਲਈ ਬੀਟੈਕ ਵਾਲੇ ਅਪਲਾਈ ਕਰ ਸਕਦੇ ਹਨ, ਉਸ ਲਈ ਬੀਈ ਵਾਲੇ ਨਾ ਕਰ ਸਕਣ।"
ਉਥੇ ਹੀ ਦੀਪਤਿਮਾਨ ਭਵਿੱਖ ਵਿੱਚ ਵੱਧਣ ਬਾਰੇ ਕੁਝ ਹੋਰ ਗੱਲਾਂ ਦੱਸਦੇ ਹਨ, ਜਿਵੇਂ:
- ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੇ ਦੌਰ ਵਿੱਚ ਇੰਡਸਟਰੀ ਡਿਗਰੀ ਦੀ ਥਾਂ ਸਕਿਲਜ਼ 'ਤੇ ਵੱਧ ਧਿਆਨ ਦੇ ਰਹੀ ਹੈ।
- ਹੁਣ ਤੱਕ ਦੇ ਰੁਝਾਨ ਇਹ ਦਰਸਾਉਂਦੇ ਹਨ ਕਿ ਕੰਪਨੀਆਂ ਮਸ਼ੀਨ ਲਰਨਿੰਗ, ਡਾਟਾ ਸਾਇੰਸ, ਨਿਊਰਲ ਨੈਟਵਰਕਸ ਵਰਗੀਆਂ ਸਪੈਸ਼ਲਾਈਜ਼ਡ ਸਕਿਲਜ਼ ਵੱਲ ਵਧ ਰਹੀਆਂ ਹਨ।
- ਇਸ ਲਈ ਕਿਸੇ ਕੋਲ ਬੀਈ ਦੀ ਡਿਗਰੀ ਹੋਵੇ ਜਾਂ ਬੀਟੈਕ ਦੀ—ਕਰੀਅਰ ਗ੍ਰੋਥ ਪੂਰੀ ਤਰ੍ਹਾਂ ਉਮੀਦਵਾਰ ਦੇ ਪੋਰਟਫ਼ੋਲਿਓ, ਕੋਡਿੰਗ ਸਕਿਲਜ਼ ਅਤੇ ਮੈਥਮੈਟਿਕਲ ਸਮਝ 'ਤੇ ਨਿਰਭਰ ਕਰਦੀ ਹੈ।
ਆਖ਼ਿਰ ਵਿੱਚ ਉਹ ਕਹਿੰਦੇ ਹਨ ਕਿ ਬੀਈ ਅਤੇ ਬੀਟੈਕ ਵਿਚਕਾਰ ਫ਼ਰਕ ਬਾਰੇ ਚਰਚਾ ਪੂਰੀ ਤਰ੍ਹਾਂ ਅਕਾਦਮਿਕ ਹੈ। ਹਕੀਕਤ ਇਹ ਹੈ ਕਿ ਇਹ ਦੋਵੇਂ ਇੱਕੋ ਮੰਜ਼ਿਲ ਤੱਕ ਪਹੁੰਚਣ ਦੇ ਦੋ ਵੱਖ-ਵੱਖ ਰਾਹ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












