ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ 'ਖ਼ਾਲਿਸਤਾਨ ਅਤੇ ਰੈਫਰੈਂਡਮ' ਚਰਚਾ ਵਿੱਚ ਕਿਉਂ ਆਏ

ਤਸਵੀਰ ਸਰੋਤ, Christopher Luxon/X
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਬੀਤੇ ਦਿਨੀਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿਊਜ਼ੀਲੈਂਡ ਦੇ ਪੀਐੱਮ ਦੇ ਅੱਗੇ ਨਿਊਜ਼ੀਲੈਂਡ 'ਚ ਹੋਈਆਂ 'ਭਾਰਤ ਵਿਰੋਧੀ ਕਾਰਵਾਈਆਂ' ਦਾ ਜ਼ਿਕਰ ਕੀਤਾ ਗਿਆ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਭਾਰਤ ਵਿੱਚ 5 ਦਿਨਾਂ ਦੌਰੇ 'ਤੇ ਆਏ ਹੋਏ ਹਨ।
ਪੀਐੱਮ ਮੋਦੀ ਨੇ ਕਿਹਾ, "ਨਿਊਜ਼ੀਲੈਂਡ ਵਿੱਚ ਕੁਝ ਗ਼ੈਰ-ਕਾਨੂੰਨੀ ਤੱਤਾਂ ਵੱਲੋਂ ਭਾਰਤ-ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਅਸੀਂ ਆਪਣੀ ਚਿੰਤਾ ਸਾਂਝੀ ਕੀਤੀ, ਸਾਨੂੰ ਵਿਸ਼ਵਾਸ ਹੈ ਕਿ ਗ਼ੈਰ-ਕਾਨੂੰਨੀ ਤੱਤਾਂ ਬਾਰੇ ਸਾਨੂੰ ਨਿਊਜ਼ੀਲੈਂਡ ਸਰਕਾਰ ਦਾ ਸਹਿਯੋਗ ਅੱਗੇ ਵੀ ਮਿਲਦਾ ਰਹੇਗਾ।"
ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਨਿਊਜ਼ੀਲੈਂਡ ਨਾਲ 'ਖ਼ਾਲਿਸਤਾਨੀ ਤੱਤਾਂ' ਬਾਰੇ ਗੱਲ ਕੀਤੇ ਜਾਣ ਸੰਬੰਧੀ ਬਿਆਨ ਦਿੱਤਾ।

ਤਸਵੀਰ ਸਰੋਤ, Getty Images
ਭਾਰਤੀ ਵਿਦੇਸ਼ ਮੰਤਰਾਲੇ ਦੇ ਸਕੱਤਰ ਈਸਟ ਜੈਦੀਪ ਮਜ਼ੂਮਦਾਰ ਨੇ ਨਿਊਜ਼ੀਲੈਂਡ ਵਿੱਚ ਹੋਏ 'ਰੈਫਰੈਂਡਮ' ਬਾਰੇ ਮੀਡੀਆ ਵੱਲੋਂ ਪੁੱਛੇ ਗਏੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, "ਹਾਂ, ਨਿਸ਼ਚਿਤ ਤੌਰ 'ਤੇ ਇਹ ਮੁੱਦਾ ਚੁੱਕਿਆ ਗਿਆ, ਇਸ ਬਾਰੇ ਤੁਸੀਂ ਪ੍ਰਧਾਨ ਮੰਤਰੀ ਦੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਵੀ ਸੁਣਿਆ ਹੋਵੇਗਾ।"
ਉਨ੍ਹਾਂ ਕਿਹਾ, "ਅਸੀਂ ਆਪਣੇ ਦੋਸਤਾਂ (ਮੁਲਕਾਂ) ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਭਾਰਤ-ਵਿਰੋਧੀ ਤੱਤਾਂ ਦੀਆਂ ਗਤੀਵਿਧੀਆਂ ’ਤੇ ਉਨ੍ਹਾਂ ਵੱਲੋਂ ਬੋਲਣ ਦੀ ਆਜ਼ਾਦੀ ਦੀ ਗ਼ਲਤ ਵਰਤੋਂ ਬਾਰੇ ਸਾਵਧਾਨ ਕਰਦੇ ਹਾਂ।"
ਨਵੰਬਰ 2024 ਨੂੰ 'ਸਿੱਖਸ ਫਾਰ ਜਸਟਿਸ' ਵੱਲੋਂ ਨਿਊਜ਼ੀਲੈਂਡ ਵਿੱਚ ਰਿਫਰੈਂਡਮ (ਰਾਏਸ਼ੁਮਾਰੀ) ਕਰਵਾਇਆ ਗਿਆ ਸੀ।
ਸਿੱਖਸ ਫਾਰ ਜਸਟਿਸ ਵੱਖਰੇ ਸਿੱਖ ਰਾਜ ਖ਼ਾਲਿਸਤਾਨ ਦੀ ਵਕਾਲਤ ਕਰਦੀ ਹੈ। ਇਸ ਸੰਸਥਾ 'ਤੇ ਭਾਰਤ ਵਿੱਚ ਪਾਬੰਦੀ ਹੈ।

18 ਮਾਰਚ ਨੂੰ ਨਿੱਜੀ ਚੈਨਲ ਨਾਲ ਗੱਲ ਕਰਦਿਆਂ 'ਰੈਫਰੈਂਡਮ' ਬਾਰੇ ਪੁੱਛੇ ਗਏ ਸਵਾਲ 'ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਇਹ ਜਵਾਬ ਦਿੱਤਾ।
ਉਨ੍ਹਾਂ ਕਿਹਾ, "ਸਾਡੇ ਲੋਕਤੰਤਰ ਵਿੱਚ ਬੋਲਣ ਦੀ ਆਜ਼ਾਦੀ ਦੇ ਦੁਆਲੇ ਸਪਸ਼ਟ ਕਾਨੂੰਨ ਹਨ, ਅਸੀਂ ਇਹ ਉਮੀਦ ਕਰਦੇ ਹਾਂ ਕਿ ਉਹ ਕਾਨੂੰਨ ਦੀ ਪਾਲਣਾ ਕਰਨਗੇ, ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਸਾਡੇ ਕੋਲ ਪੁਲਿਸ ਹੈ, ਜਿਸ ਦਾ ਅਸੀਂ ਸਨਮਾਨ ਕਰਦੇ ਹਾਂ।"

ਤਸਵੀਰ ਸਰੋਤ, Getty Images
ਖ਼ਾਲਿਸਤਾਨ ਦੇ ਜ਼ਿਕਰ ਦੇ ਕੀ ਮਾਅਨੇ?
ਸਤੰਬਰ 2023 ਵਿੱਚ ਕੈਨੇਡਾ ਦੇ ਉਸ ਵੇਲੇ ਪੀਐੱਮ ਜਸਟਿਨ ਟਰੂਡੋ ਵੱਲੋਂ ਖ਼ਾਲਿਸਤਾਨ ਸਮਰਥਕ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦੇ ਇਲਜ਼ਾਮ ਲਾਏ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਵਿਗਾੜ ਆਇਆ ਸੀ।
ਭਾਰਤ ਵੱਲੋਂ ਕੈਨੇਡਾ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਗਿਆ ਸੀ।
'ਦਿ ਇਮੈਜਿਨ ਇੰਸਟੀਟਿਊਟ' ਦੇ ਸੰਸਥਾਪਕ ਅਤੇ ਕੌਮਾਂਤਰੀ ਮਾਮਲਿਆਂ ਦੇ ਮਾਹਰ ਰੌਬਿੰਦਰ ਸਚਦੇਵਾ ਕਹਿੰਦੇ ਹਨ ਕਿ ਭਾਰਤ ਨੇ ਕੈਨੇਡਾ ਵਿੱਚ ਹੋਈਆਂ ਘਟਨਾਵਾਂ ਦਾ ਨੋਟਿਸ ਲਿਆ ਹੈ।
ਉਹ ਦੱਸਦੇ ਹਨ, "ਨਿਊਜ਼ੀਲੈਂਡ ਵਿੱਚ ਹਾਲਾਤ ਕੈਨੇਡਾ ਵਰਗੇ ਨਹੀਂ ਹਨ, ਭਾਰਤ ਇਹ ਦਾਅਵਾ ਨਹੀਂ ਕਰ ਰਿਹਾ ਕਿ ਕੋਈ ਵੱਖਵਾਦੀ ਜਿਨ੍ਹਾਂ ਦੇ ਖ਼ਿਲਾਫ਼ ਇਲਜ਼ਾਮ ਹਨ, ਉਹ ਨਿਊਜ਼ੀਲੈਂਡ ਚਲੇ ਗਏ ਹਨ ਜਾਂ ਉੱਥੇ ਅਪਰਾਧਕ ਗਿਰੋਹ ਮੌਜੂਦ ਹਨ।"
ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਭਾਰਤ ਚਾਹੁੰਦਾ ਹੈ ਕਿ ਨਿਊਜ਼ੀਲੈਂਡ ਹਾਲਾਤ ਕੈਨੇਡਾ ਵਰਗੇ ਬਣਨ ਤੋਂ ਪਹਿਲਾਂ ਤੇਜ਼ੀ ਨਾਲ ਕਾਰਵਾਈ ਕਰੇ ਤੇ ਇਹ ਯਕੀਨੀ ਬਣਾਵੇ ਕਿ ਉੱਥੇ ਭਾਰਤ ਵਿਰੋਧੀ ਗਤੀਵਿਧੀਆਂ ਨਾ ਹੋਣ।"
ਨਿਊਜ਼ੀਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂਕੇ 'ਫਾਈਵ ਆਈਜ਼ ਅਲਾਇੰਸ' ਦਾ ਹਿੱਸਾ ਹਨ। ਇਹ ਮੁਲਕ ਇੱਕ ਦੂਜੇ ਨਾਲ ਗੁਪਤ ਜਾਣਕਾਰੀ ਸਾਂਝੀ ਕਰਦੇ ਹਨ।
ਰੌਬਿੰਦਰ ਕਹਿੰਦੇ ਹਨ ਕਿ ਭਾਰਤ ਚਾਹੁੰਦਾ ਹੈ 'ਫਾਈਵ ਆਈਜ਼' ਖਾਲਿਸਤਾਨੀ ਤੱਤਾਂ ਨੂੰ ਟਰੈਕ ਕਰੇ।
16 ਮਾਰਚ ਨੂੰ 'ਫਾਈਵ ਆਈਜ਼' ਮੁਲਕਾਂ ਦੇ ਨੁਮਾਇੰਦਿਆਂ ਨੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਮੇਜ਼ਬਾਨੀ ਵਿੱਚ ਹੋਈ 'ਕਾਨਫਰੰਸ ਆਫ ਇੰਟੈਲਿਜੈਂਸ ਐਂਡ ਸਿਕਿਓਰਿਟੀ ਚੀਫਸ' ਵਿੱਚ ਸ਼ਮੂਲੀਅਤ ਕੀਤੀ ਸੀ।

ਤਸਵੀਰ ਸਰੋਤ, Getty Images
'ਖ਼ਾਲਿਸਤਾਨ' ਦੇ ਮੁੱਦੇ ਦਾ ਜ਼ਿਕਰ ਹੋਣ ਬਾਰੇ ਨਿਊਜ਼ੀਲੈਂਡ ਦੇ ਸਿੱਖ ਕੀ ਸੋਚਦੇ ਹਨ?
ਸਾਲ 2023 ਵਿੱਚ ਹੋਈ ਮਰਦਮਸ਼ੁਮਾਰੀ ਮੁਤਾਬਕ ਨਿਊਜ਼ੀਲੈਂਡ ਵਿੱਚ ਰਹਿੰਦੇ ਸਿੱਖਾਂ ਦੀ ਗਿਣਤੀ ਕਰੀਬ 53 ਹਜ਼ਾਰ ਹੈ, ਜੋ ਕਿ ਇੱਥੋਂ ਦੀ ਆਬਾਦੀ ਦਾ 1.1 ਫ਼ੀਸਦੀ ਬਣਦੀ ਹੈ।
ਨਿਊਜ਼ੀਲੈਂਡ ਦੀ ਕੁੱਲ ਆਬਾਦੀ 52 ਲੱਖ ਦੇ ਕਰੀਬ ਹੈ। ਅੰਕੜਿਆਂ ਮੁਤਾਬਕ ਨਿਊਜ਼ੀਲੈਂਡ ਵਿੱਚ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਤੇਜ਼ੀ ਨਾਲ ਹੋਇਆ ਹੈ।
ਨਿਊਜ਼ੀਲੈਂਡ ਵਿੱਚ 30 ਦੇ ਕਰੀਬ ਛੋਟੇ-ਵੱਡੇ ਗੁਰਦੁਆਰੇ ਹਨ।
ਨਿਊਜ਼ੀਲੈਂਡ ਵਿੱਚ 'ਭਾਰਤ ਵਿਰੋਧੀ ਗਤੀਵਿਧੀਆਂ' ਦਾ ਨਰਿੰਦਰ ਮੋਦੀ ਵੱਲੋਂ ਜ਼ਿਕਰ ਕੀਤੇ ਜਾਣ ਬਾਰੇ 'ਨੈਸ਼ਨਲ ਪਾਰਟੀ' ਵੱਲੋਂ ਨਿਊਜ਼ੀਲੈਂਡ 'ਚ ਚਾਰ ਵਾਰੀ ਐੱਮਪੀ ਰਹੇ ਕੰਵਲਜੀਤ ਸਿੰਘ ਬਖ਼ਸ਼ੀ ਨੇ ਬੀਬੀਸੀ ਨਾਲ ਗੱਲ ਕੀਤੀ।
ਕੰਵਲਜੀਤ ਦੱਸਦੇ ਹਨ, "ਅਸਲ ਵਿੱਚ ਨਿਊਜ਼ੀਲੈਂਡ ਵਿੱਚ ਅਜਿਹਾ ਇੱਕ ਹੀ ਮਾਮਲਾ ਹੋਇਆ ਉਹ ਹੈ- ਰੈਫਰੈਂਡਮ।"
ਉਹ ਕਹਿੰਦੇ ਹਨ ਕਿ ਰੈਫਰੈਂਡਮ ਕਰਵਾਉਣ ਵਾਲਿਆਂ ਨੂੰ ਕੋਈ ਆਗਿਆ ਦੀ ਲੋੜ ਨਹੀਂ ਪਈ। ਉਨ੍ਹਾਂ ਕਿਹਾ, "ਨਿਊਜ਼ੀਲੈਂਡ ਵਿੱਚ ਬੋਲਣ ਦੀ ਆਜ਼ਾਦੀ ਹੈ, ਪਰ ਇਹ (ਰੈਫਰੈਂਡਮ) ਇੱਕ ਚਿੰਤਾ ਦਾ ਵਿਸ਼ਾ ਹੈ, ਮੈਂ ਵੀ ਇਹ ਮੁੱਦਾ ਚੁੱਕਿਆ ਸੀ ਕਿ ਇਹ ਨਹੀਂ ਹੋਣਾ ਚਾਹੀਦਾ।"

ਤਸਵੀਰ ਸਰੋਤ, Christopher Luxon/X
ਨਿਊਜ਼ੀਲੈਂਡ ਦੇ ਪੀਐੱਮ ਨੇ ਗੁਰਦੁਆਰਾ ਰਕਾਬਗੰਜ ਨਤਮਸਤਕ ਹੋਣ ਤੋਂ ਬਾਅਦ ਕੀ ਕਿਹਾ?
17 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕ੍ਰਿਸਟੋਫਰ ਲਕਸਨ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ ਸਨ।
ਦੋਵਾਂ ਨੇ ਗੁਰਦੁਆਰਾ ਸਾਹਿਬ ਦੇ ਸਮੂਹ ਵਿੱਚ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਕਾਰ ਵਜੋਂ ਸਿਰੋਪਾਓ ਵੀ ਦਿੱਤੇ ਗਏ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਇਸ ਬਾਰੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, "ਸਿੱਖ ਭਾਈਚਾਰੇ ਦਾ ਸੇਵਾ ਅਤੇ ਮਨੁੱਖਤਾ ਪ੍ਰਤੀ ਸਮਰਪਣ ਪੂਰੇ ਸੰਸਾਰ ਵਿੱਚ ਸ਼ਲਾਘਾਯੋਗ ਹੈ।"
ਕ੍ਰਿਸਟੋਫਰ ਲਕਸਨ 18 ਮਾਰਚ ਨੂੰ ਦਿੱਲੀ ਦੇ ਅਕਸ਼ਰਧਾਮ ਮੰਦਿਰ ਵਿੱਚ ਵੀ ਗਏ।
ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ ਕਿ ਨਿਊਜ਼ੀਲੈਂਡ ਦੇ ਹਿੰਦੂ ਭਾਈਚਾਰੇ ਨੇ ਸਾਡੇ ਮੁਲਕ ਵਿੱਚ ਕਾਫੀ ਯੋਗਦਾਨ ਪਾਇਆ ਹੈ।
ਕ੍ਰਿਸਟੋਫਰ ਨੇ ਨਵੀਂ ਦਿੱਲੀ ਵਿੱਚ 'ਰਾਇਜ਼ੀਨਾ ਡਾਇਲਾਗ' ਦੇ ਉਦਘਾਟਨੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵੀ ਸ਼ਮੂਲੀਅਤ ਕੀਤੀ।

ਤਸਵੀਰ ਸਰੋਤ, Christopher Luxon/X
ਗੁਰਦੁਆਰਾ ਕਮੇਟੀਆਂ ਨੇ ਨਿਊਜ਼ੀਲੈਂਡ ਦੇ ਪੀਐੱਮ ਨੂੰ ਕੀ ਬੇਨਤੀ ਕੀਤੀ ਸੀ?
'ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ' ਦੇ ਪ੍ਰਧਾਨ ਦਲਜੀਤ ਸਿੰਘ ਕਹਿੰਦੇ ਹਨ ਕਿ ਨਿਊਜ਼ੀਲੈਂਡ ਵਿੱਚ ਸਾਰੇ ਧਰਮਾਂ ਦੇ ਭਾਰਤੀਆਂ ਵਿੱਚ ਭਾਈਚਾਰਕ ਸਾਂਝ ਹੈ।
ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵਿੱਚ 7 ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਦੀ ਹੈ। ਇਸ ਨੂੰ ਕੋਵਿਡ ਸਮੇਂ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੂੰ ਮਦਦ ਪਹੁੰਚਾਉਣ ਲਈ ਸਾਲ 2020 'ਨਿਊਜ਼ੀਲੈਂਡ ਫੂਡ ਹੀਰੋਜ਼ (ਪੀਪਲਸ ਚੋਇਸ)' ਐਵਾਰਡ ਵੀ ਮਿਲਿਆ ਸੀ।
ਉਨ੍ਹਾਂ ਨੇ ਦੱਸਿਆ, "ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਤੋਂ ਪਹਿਲਾਂ ਸਾਰੇ ਗੁਰਦੁਆਰਿਆਂ ਵੱਲੋਂ ਈਮੇਲ ਰਾਹੀਂ ਬੇਨਤੀ ਕੀਤੀ ਗਈ ਸੀ ਕਿ ਉਹ ਨਿਊਜ਼ੀਲੈਂਡ ਦੇ ਸਿੱਖਾਂ ਦੇ ਨੁਮਾਇੰਦੇ ਵਜੋਂ ਵੀ ਜਾ ਰਹੇ ਹਨ ਇਸ ਲਈ ਉਹ ਹੋਰ ਧਾਰਮਿਕ ਥਾਵਾਂ 'ਤੇ ਜਾਣ ਦੇ ਨਾਲ-ਨਾਲ ਗੁਰਦੁਆਰੇ ਵੀ ਜ਼ਰੂਰ ਜਾ ਕੇ ਆਉਣ।"

'ਰੈਫਰੈਂਡਮ 'ਚ ਸਥਾਨਕ ਗੁਰਦੁਆਰੇ ਨਹੀਂ ਸਨ ਸ਼ਾਮਲ'
ਨਿਊਜ਼ੀਲੈਂਡ ਵਿੱਚ 7 ਸਾਲ ਪੱਤਰਕਾਰੀ ਕਰਦੇ ਰਹੇ ਤਰਨਦੀਪ ਬਿਲਾਸਪੁਰ ਕਹਿੰਦੇ ਹਨ ਕਿ ਕੈਨੇਡਾ ਤੇ ਅਮਰੀਕਾ ਦੀ ਸਥਿਤੀ ਦੇ ਉਲਟ ਨਿਊਜ਼ੀਲੈਂਡ ਵਿੱਚ ਗੁਰਦੁਆਰਾ ਕਮੇਟੀਆਂ ਇਸ ਕਿਸਮ ਦੀਆਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਨਹੀਂ ਕਰਦੀਆਂ।
ਉਨ੍ਹਾਂ ਨੇ ਦੱਸਿਆ, "ਨਿਊਜ਼ੀਲੈਂਡ ਵਿੱਚ ਖਾਲਿਸਤਾਨ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਬਹੁਤ ਘੱਟ ਗਿਣਤੀ ਵਿੱਚ ਲੋਕ ਹਿੱਸਾ ਲੈਂਦੇ ਹਨ।"
ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਨੇ ਇਸੇ ਗੱਲ ਨੂੰ ਅੱਗੇ ਤੋਰਦਿਆਂ ਕਿਹਾ, "ਨਿਊਜ਼ੀਲੈਂਡ ਵਿੱਚ ਰੈਫਰੈਂਡਮ ਕਿਸੇ ਵਿੱਚ ਕਿਸੇ ਵੀ ਗੁਰਦੁਆਰੇ ਨੇ ਸ਼ਮੂਲੀਅਤ ਨਹੀਂ ਕੀਤੀ ਸੀ ਤਾਂ ਜੋ ਮਾਹੌਲ ਠੀਕ ਬਣਿਆ ਰਹੇ ।"
ਉਨ੍ਹਾਂ ਅੱਗੇ ਦੱਸਿਆ ਕਿ ਇਹ (ਰੈਫਰੈਂਡਮ) ਨਿਊਜ਼ੀਲੈਂਡ ਤੋਂ ਬਾਹਰੋਂ ਆਏ ਲੋਕਾਂ ਵਲੋਂ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਦੀਆਂ ਗੁਰਦੁਆਰਾ ਕਮੇਟੀਆਂ ਦੇ ਹਿੰਦੂ ਮੰਦਿਰਾਂ ਦੀਆਂ ਕਮੇਟੀਆਂ ਨਾਲ ਵੀ ਚੰਗੇ ਸਬੰਧ ਹਨ।
ਤਰਨਦੀਪ ਦੱਸਦੇ ਹਨ ਕਿ ਨਿਊਜ਼ੀਲੈਂਡ ਵਿੱਚ ਪੰਜਾਬੀ ਲੋਕ ਟਰਾਂਸਪੋਰਟ, ਸ਼ਰਾਬ, ਕੀਵੀ ਫਰੂਟ ਇੰਡਸਟਰੀ ਅਤੇ ਕੰਸਟਰਕਸ਼ਨ ਦੇ ਨਾਲ ਜੁੜੇ ਹੋਏ ਹਨ।
ਉਹ ਦੱਸਦੇ ਹਨ ਕਿ ਪੰਜਾਬੀ ਭਾਈਚਾਰੇ ਵੱਲੋਂ ਉੱਥੋਂ ਦੀਆਂ ਦੋਵੇਂ ਸਿਆਸੀ ਪਾਰਟੀਆਂ ਨੂੰ ਦਾਨ ਵੀ ਦਿੰਦੇ ਹਨ ਅਤੇ ਸਿਆਸੀ ਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਗਰਮਜੋਸ਼ੀ ਨਾਲ ਹਿੱਸਾ ਵੀ ਲੈਂਦੇ ਹਨ।

ਤਸਵੀਰ ਸਰੋਤ, Getty Images
ਨਿਊਜ਼ੀਲੈਂਡ ਅਤੇ ਭਾਰਤ ਵਿਚਕਾਰ ਰਿਸ਼ਤੇ
ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਵਪਾਰ ਨੂੰ ਰੋਕਾਂ ਤੋਂ ਮੁਕਤ ਕਰਨ (ਫ੍ਰੀ ਟਰੇਡ) ਲਈ ਦੁਵੱਲੀ ਗੱਲਬਾਤ 10 ਸਾਲਾਂ ਬਾਅਦ ਮੁੜ ਸ਼ੁਰੂ ਹੋਣ ਜਾ ਰਹੀ ਹੈ। ਦੋਵਾਂ ਵਿਚਾਲੇ ਗੱਲਬਾਤ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਪਾਰ ਫਿਲਹਾਲ 2 ਬਿਲੀਅਨ ਤੋਂ ਘੱਟ ਹੈ।
ਨਿਊਜ਼ੀਲੈਂਡ ਨੇ ਇਹ ਵੀ ਕਿਹਾ ਕਿ ਉਹ ਭਾਰਤ ਨਾਲ ਰੱਖਿਆ, ਸੁਰੱਖਿਆ, ਖੇਡ ਅਤੇ ਵਾਤਾਵਰਣ ਸਣੇ ਖੇਤਰਾਂ ਵਿੱਚ ਸਾਂਝ ਡੂੰਘੀ ਕਰ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












