ਮਧੂ ਮੱਖੀ ਪਾਲਣ ਦਾ ਕਿੱਤਾ: ਐੱਮਏ, ਬੀਐੱਡ ਕਰਨ ਦੇ ਬਾਵਜੂਦ ਸੁਖਪਾਲ ਕੌਰ ਨੇ ਮਧੂ ਮੱਖੀ ਪਾਲਕ ਬਣਨਾ ਕਿਉਂ ਚੁਣਿਆ

ਤਸਵੀਰ ਸਰੋਤ, Kuldeep Brar/BBC
- ਲੇਖਕ, ਕੁਲਦੀਪ ਬਰਾੜ
- ਰੋਲ, ਬੀਬੀਸੀ ਸਹਿਯੋਗੀ
"ਮੁਸ਼ਕਲਾਂ ਤਾਂ ਇਸ ਕੰਮ ਵਿੱਚ ਹਨ ਅਤੇ ਕੰਮ ਵੀ ਮਰਦਾਂ ਵਾਲਾ ਤੇ ਔਖਾ ਹੈ ਥੋੜ੍ਹਾ ਜਿਹਾ... ਪਰ ਜੇਕਰ ਮਨ ਵਿੱਚ ਧਾਰ ਲਈਏ ਕਿ ਇਹ ਕੰਮ ਆਪਾਂ ਕਰਨਾ ਹੀ ਹੈ ਤਾਂ ਕੋਈ ਵੀ ਕੰਮ ਮੁਸ਼ਕਲ ਨਹੀਂ ਰਹਿ ਜਾਂਦਾ।"
ਇੰਝ ਕਹਿੰਦਿਆਂ ਮਧੂ ਮੱਖੀ ਪਾਲਕ ਸੁਖਪਾਲ ਕੌਰ ਥੋੜ੍ਹਾ ਜਿਹਾ ਮੁਸਕਰਾ ਦਿੰਦੇ ਹਨ।
ਸੁਖਪਾਲ ਕੌਰ ਪਿੰਡ ਪੰਜਾਵਾ ਮਾਂਡਲ ਅਤੇ ਤਹਿਸੀਲ ਅਬਹੋਰ ਦੇ ਰਹਿਣ ਵਾਲੇ ਹਨ ਅਤੇ ਉਹ ਐੱਮਏ ਬੀਐੱਡ ਪੀਟੈਟ ਕਲੀਅਰ ਹੈ।
ਉਹ ਆਖਦੇ ਹਨ, "ਕਦੇ-ਕਦੇ ਲੱਗਦਾ ਹੈ ਕਿ ਨੌਕਰੀ ਵੱਲ ਰੁਖ਼ ਕਰੀਏ ਪਰ ਹੁਣ ਉਮਰ ਦੇ ਇਸ ਪੜਾਅ ਵਿੱਚ ਲੱਗਦਾ ਹੈ ਨੌਕਰੀ ਵੀ ਬਹੁਤਾ ਸਮਾਂ ਨਹੀਂ ਹੋਣੀ ਤੇ ਇਸ ਕਰ ਕੇ ਆਪਣਾ ਹੀ ਕੰਮ ਕੀਤਾ ਜਾਵੇ ਤਾਂ ਵਧੀਆ ਹੈ।"
ਸੁਖਪਾਲ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਕਾਲੂ ਰਾਮ ਦੇ ਡਿੱਗਣ ਕਾਰਨ ਸੱਟ ਲੱਗੀ ਸੀ ਅਤੇ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਮਧੂ ਮੱਖੀ ਪਾਲਣ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ।
40 ਸਾਲਾਂ ਸੁਖਪਾਲ ਕੌਰ ਮੁਤਾਬਕ ਸਾਲ 2012 ਵਿੱਚ ਉਨ੍ਹਾਂ ਦੇ ਪਤੀ ਕਾਲੂ ਰਾਮ ਨੇ ਇਹ ਕੰਮ 50 ਡੱਬਿਆਂ ਨਾਲ ਸ਼ੁਰੂ ਕੀਤਾ ਸੀ ਜਿਸ ਵਿੱਚ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਗਈ ਸੀ ਅਤੇ ਹੁਣ ਇਹ ਪੰਜ-ਸਾਢੇ ਪੰਜ ਸੌ ਡੱਬਿਆਂ ਤੱਕ ਪਹੁੰਚ ਗਿਆ ਹੈ।
ਉਸ ਲਈ ਇਹ ਕੰਮ ਕਰਨਾ ਔਖਾ ਜ਼ਰੂਰ ਸੀ। ਪਰ ਅਸੰਭਵ ਨਹੀਂ ਸੀ।

ਉਹ ਦੱਸਦੇ ਹਨ ਕਿ ਇਸ ਕੰਮ ਲਈ ਸਿਖਲਾਈ ਬੇਹੱਦ ਜ਼ਰੂਰੀ ਹੈ। "ਜੇਕਰ ਤੁਸੀਂ ਮੱਖੀ ਬਾਰੇ ਜਾਣੋਗੇ ਨਹੀਂ ਤਾਂ ਤੁਸੀਂ ਕੰਮ ਨਹੀਂ ਕਰ ਸਕੋਗੇ।"
ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2014 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਤੋਂ ਮਧੂਮੱਖੀ ਪਾਲਣ ਦੀ ਟ੍ਰੇਨਿੰਗ ਲਈ ਅਤੇ ਇਸ ਕੰਮ ਨੂੰ ਸ਼ੁਰੂ ਕਰ ਦਿੱਤਾ।
ਸੁਖਪਾਲ ਕੌਰ ਦਾ ਕਹਿਣਾ ਹੈ ਕਿ, ਮਧੂ ਮੱਖੀ ਦੇ ਬਕਸਿਆਂ ਨੂੰ ਮੌਸਮ ਅਤੇ ਫੁੱਲਾਂ ਮੁਤਾਬਕ ਬਦਲਣਾ ਪੈਂਦਾ ਹੈ। ਇਹ ਇੱਕ ਥਾਂ ʼਤੇ ਡੱਬੇ ਰੱਖ ਕੇ ਕਰਨ ਵਾਲਾ ਕੰਮ ਨਹੀਂ ਹੈ।
ਇਸ ਦਾ ਸ਼ਹਿਦ ਕੱਢਣ ਦੀ ਪ੍ਰਕਿਰਿਆ ਵੀ ਫੁੱਲਾਂ ਦੇ ਸਮੇਂ ਮੁਤਾਬਕ ਹੀ ਹੁੰਦੀ ਹੈ।

ਤਸਵੀਰ ਸਰੋਤ, Kuldeep Brar/BBC
ਉਹ ਦੱਸਦੇ ਹਨ, "ਜਦੋਂ ਅਸੀਂ ਕਿਸੇ ਦਾ ਘਰ ਲੁੱਟਣ ਲਈ ਜਾਂਦੇ ਹਾਂ ਤਾਂ ਉਨ੍ਹਾਂ ਦੁਆਰਾ ਹਮਲਾ ਵੀ ਕੀਤਾ ਜਾਂਦਾ ਹੈ। ਇਸ ਲਈ ਅਸੀਂ ਖ਼ਾਸ ਤੌਰ ʼਤੇ ਮੌਸਮ ਦੇਖਦੇ ਹਾਂ।"
"ਜੇਕਰ ਮੌਸਮ ਵਧੀਆ ਹੋਵੇ ਤਾਂ ਘਰ ਦੇ ਸਾਰੇ ਮੈਂਬਰ ਬਾਹਰ ਜਾਂਦੇ ਹਨ ਅਤੇ ਅਸੀਂ ਉਸ ਵੇਲੇ ਬਕਸਿਆਂ ਵਿੱਚੋਂ ਸ਼ਹਿਦ ਇਕੱਠਾ ਕਰ ਲੈਂਦੇ ਹਾਂ।"
ਮੰਡੀਕਰਨ ਬਾਰੇ ਗੱਲ ਕਰਦੇ ਹੋਏ ਉਹ ਆਖਦੇ ਹਨ, "ਇਸ ਦੀ ਸਰਕਾਰੀ ਖਰੀਦ ਨਹੀਂ ਹੁੰਦੀ, ਪੰਜ ਤੋਂ ਛੇ ਡੀਲਰ ਹੀ ਆਪਣੇ ਰੇਟ ਮੁਤਾਬਕ ਖਰੀਦ ਕਰਦੇ ਹਨ। ਇਸ ਕੰਮ ਵਿੱਚ ਮੰਦੀ-ਚੰਗੀ ਛਾਈ ਰਹਿੰਦੀ ਹੈ।"
"ਕੁਝ ਲੋਕਾਂ ਦੇ ਮਨਾਂ ਵਿੱਚ ਇਹ ਵੀ ਧਾਰਨਾ ਹੈ ਕਿ, ਜੰਮਿਆ ਹੋਇਆ ਸ਼ਹਿਦ ਮਿਲਾਵਟੀ ਹੈ। ਪਰ ਸਰੋਂ ਦੇ ਫੁੱਲਾਂ ਤੋਂ ਬਣਿਆ ਸ਼ਹਿਦ ਅਕਸਰ ਜੰਮ ਜਾਂਦਾ ਹੈ।"
"ਜਦਕਿ ਉਸ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ, ਜੇਕਰ ਸ਼ਹਿਦ ਨੂੰ ਸਹੀ ਢੰਗ ਨਾਲ ਖਾਧਾ ਜਾਵੇ ਤਾਂ ਇਹ ਦੇਸੀ ਘਿਓ ਵਾਂਗ ਹੀ ਤਾਕਤ ਦਿੰਦਾ ਹੈ।"

ਤਸਵੀਰ ਸਰੋਤ, kuldeep brar/bbc
ਸ਼ਹਿਦ ਤੋਂ ਕਮਾਈ
ਸ਼ਹਿਦ ਤੋਂ ਹੋਣ ਵਾਲੀ ਕਮਾਈ ਬਾਰੇ ਉਹ ਦੱਸਦੇ ਹਨ ਕਿ ਸ਼ੁਰੂ ਵਿੱਚ ਉਨ੍ਹਾਂ ਦੀ ਕਮਾਈ ਇੱਕ ਤੋਂ ਡੇਢ ਲੱਖ ਸੀ ਜੋ ਹੁਣ 6 ਤੋਂ 7 ਲੱਖ ਤੱਕ ਪਹੁੰਚ ਚੁੱਕੀ ਹੈ।
ਉਹ ਦੱਸਦੇ ਹਨ, "ਇਸ ਕੰਮ ਵਿੱਚ ਵੀ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ। ਫ਼ਸਲਾਂ ਉੱਤੇ ਹੋ ਰਹੀਆਂ ਕੀੜੇ ਮਾਰ ਦਵਾਈਆਂ ਅਤੇ ਸਾਡੇ ਇਲਾਕੇ ਵਿੱਚ ਬੁੱਢੇ ਨਾਲੇ ਦਾ ਗੰਦਾ ਪਾਣੀ ਆਉਣ ਨਾਲ ਵੀ ਮੱਖੀਆਂ ਮਰ ਜਾਂਦੀਆਂ ਹਨ।"
ਉਹ ਹੋਰ ਵੀ ਘਰੇਲੂ ਔਰਤਾਂ ਨੂੰ ਅਜਿਹੇ ਸਹਾਇਕ ਧੰਦਿਆਂ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ।
ਉਧਰ ਉਨ੍ਹਾਂ ਦੇ ਪਤੀ ਕਾਲੂ ਰਾਮ ਦੱਸਦੇ ਹਨ ਕਿ ਉਹ ਕਾਫੀ ਲੰਬੇ ਸਮੇਂ ਤੋਂ ਮਧੂ ਮੱਖੀ ਪਾਲਣ ਦਾ ਕਾਰੋਬਾਰ ਕਰ ਰਹੇ ਸਨ ਅਤੇ ਡਿੱਗਣ ਕਾਰਨ ਰੀੜ੍ਹ ਦੀ ਹੱਡੀ ʻਤੇ ਲੱਗੀ ਸੱਟ ਲੱਗਣ ਕਾਰਨ ਉਹ ਕੰਮ ਕਰਨ ਵਿੱਚ ਅਸਮਰੱਥ ਹੋ ਗਏ।

ਤਸਵੀਰ ਸਰੋਤ, Kuldeep Brar/BBC
ਉਹ ਦੱਸਦੇ ਹਨ, "ਮੇਰੀ ਪਤਨੀ ਪੜ੍ਹੀ-ਲਿਖੀ ਹੋਣ ਦੇ ਬਾਵਜੂਦ ਮਧੂ ਮੱਖੀ ਦੇ ਇਸ ਕੰਮ ਤੋਂ ਪ੍ਰਭਾਵਿਤ ਸੀ ਅਤੇ ਉਨ੍ਹਾਂ ਨੇ ਇਸ ਕੰਮ ਨੂੰ ਸੰਭਾਲ ਲਿਆ।"
ਮਧੂ ਮੱਖੀ ਪਾਲਣ ਨੂੰ ਲੈ ਕੇ ਕਾਲੂ ਰਾਮ ਦੱਸਦੇ ਹਨ, "ਮਧੂ ਮੱਖੀਆਂ ਦੇ ਸਥਾਨ ਨੂੰ ਬਦਲਣ ਨੂੰ ਲੈ ਕੇ ਵੀ ਸਮੱਸਿਆ ਆਉਂਦੀ ਹੈ ਅਤੇ ਮਾਰਕੀਟਿੰਗ ਵੇਲੇ ਵੀ ਸਾਡੇ ਕੋਲੋਂ ਘੱਟ ਭਾਅ ʻਤੇ ਸ਼ਹਿਦ ਖਰੀਦਿਆ ਜਾਂਦਾ ਹੈ।"
"ਵੱਡੀਆਂ ਕੰਪਨੀਆਂ ਵੱਲੋਂ ਇਸ ਨੂੰ ਖਰੀਦ ਕੇ ਇਸ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਦੇ ਸੈਂਪਲ ਵੀ ਫੇਲ੍ਹ ਹੋ ਜਾਂਦੇ ਹਨ ਅਤੇ ਬੀਕੀਪਰਾਂ (ਮੱਖੀ ਪਾਲਣ ਵਾਲਿਆਂ) ਦੇ ਪੈਸੇ ਵੀ ਮਾਰ ਲੈਂਦੇ ਹਨ।"
ਉਹ ਆਖਦੇ ਹਨ ਕਿ ਅੱਜ ਦੇਸ਼ ਦੇ ਨੌਜਵਾਨ ਆਪਣੀ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਅਜਿਹੇ ਵਿੱਚ ਜੇਕਰ ਉਹ ਮਧੂ ਮੱਖੀ ਪਾਲਣ ਦਾ ਕੰਮ ਸਹੀ ਢੰਗ ਨਾਲ ਕਰਨ ਤਾਂ ਉਨ੍ਹਾਂ ਵਿਦੇਸ਼ਾਂ ਵਿੱਚ ਪੈਸੇ ਕਮਾਉਣ ਲਈ ਨਹੀਂ ਜਾਣਾ ਪਵੇਗਾ।

ਤਸਵੀਰ ਸਰੋਤ, Kuldeep Brar/BBC
ਮਧੂ ਮੱਖੀ ਪਾਲਣ ਵੇਲੇ ਕਿਹੜੀਆਂ ਖ਼ਾਸ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ
ਸਹਾਇਕ ਡਾਇਰੈਕਟਰ ਬਾਗਬਾਨੀ ਵਿਭਾਗ ਫਾਜ਼ਿਲਕਾ ਦੇ ਜਤਿੰਦਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਸੁਖਪਾਲ ਕੌਰ ਇੱਕ ਅਗਾਂਹਵਧੂ ਸੁਆਣੀ ਹੈ, ਜਿਨ੍ਹਾਂ ਨੇ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਇਹ ਸਹਾਇਕ ਧੰਦਾ ਅਪਨਾਇਆ "ਜਿਸ ਨਾਲ ਸਾਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਹੈ।"
ਉਨ੍ਹਾਂ ਮੁਤਾਬਕ, ਪੰਜਾਬ ਵਿੱਚ ਸ਼ਹਿਦ ਦੀ 20 ਹਜ਼ਾਰ ਲੀਟਰ ਟਨ ਦੀ ਪੈਦਾਵਾਰ ਹੁੰਦੀ ਹੈ। ਜਿਸ ਵਿੱਚ 5 ਹਜ਼ਾਰ ਬੀ ਕੀਪਰ ਹਨ ਜੋ ਸਾਰੇ ਆਪਣੇ ਕੰਮ ਤੋਂ ਖੁਸ਼ ਹਨ।
ਮਧੂ ਮੱਖੀਆਂ ਜਿਸ ਫਸਲ ਤੋਂ ਸ਼ਹਿਦ ਇਕੱਠਾ ਕਰਦੀਆਂ ਹਨ, ਉਸ ਫ਼ਸਲ ਦੀ ਪੈਦਾਵਾਰ ਵੀ ਵੱਧ ਹੁੰਦੀ ਹੈ।
ਉਹ ਅੱਗੇ ਦੱਸਦੇ ਹਨ, "ਸਰਕਾਰ ਦੁਆਰਾ ਫ਼ਸਲੀ ਭਿੰਨਤਾ ਲਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ। ਜਿਸ ਵਿੱਚ ਬਾਗਬਾਨੀ ਵਿਭਾਗ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਇਸ ਤੋਂ ਬਿਨਾਂ ਇਹ ਫ਼ਸਲੀ ਵਿਭਿੰਨਤਾ ਅਧੂਰੀ ਹੈ।"
"ਬਾਗਬਾਨੀ ਵਿਭਾਗ ਵੱਲੋਂ ਹੋਰ ਸਹਾਇਕ ਕਿੱਤਿਆਂ ਦੇ ਨਾਲ-ਨਾਲ ਮਧੂ ਮੱਖੀ ਪਾਲਣ ਲਈ ਸਿੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਘਰ ਬੈਠੇ-ਬੈਠੇ ਇਸ ਕੰਮ ਵਿੱਚੋਂ ਚੰਗੇ ਪੈਸੇ ਕਮਾਏ ਜਾ ਸਕਦੇ ਹਨ।"

ਉਨਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਭਰ ਦਾ ਸ਼ਹਿਦ ਬਾਹਰਲੇ ਸੂਬਿਆਂ ਵਿੱਚ ਵੀ ਜਾਂਦਾ ਹੈ।
ਸੰਧੂ ਦੱਸਦੇ ਹਨ ਕਿ ਜਿੱਥੇ ਮਧੂ ਮੱਖੀ ਪਾਲਣ ਦਾ ਸਹਾਇਕ ਧੰਦਾ ਬਹੁਤ ਵਧੀਆ ਹੈ ਉੱਥੇ ਹੀ ਇਹ ਇੱਕ ਨਾਜ਼ੁਕ ਧੰਦਾ ਵੀ ਹੈ। ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਲੈਣਾ ਬਹੁਤ ਜ਼ਰੂਰੀ ਹੈ।
ਉਹ ਜਾਣਕਾਰੀ ਦਿੰਦੇ ਹੋਏ ਕਹਿੰਦੇ ਹਨ, "ਇਸ ਧੰਦੇ ਨੂੰ 50 ਡੱਬਿਆਂ ਤੋਂ ਸ਼ੁਰੂ ਕੀਤਾ ਜਾਂਦਾ ਹੈ ਜਿਸ ਵਿੱਚ ਸਰਕਾਰ ਵੱਲੋਂ ਸਬਸਿਡੀ ਵੀ ਮੁਹੱਈਆ ਕਰਾਈ ਜਾਂਦੀ ਹੈ। ਡੱਬਿਆਂ ਵਿਚਲੀ ਦੂਰੀ ਉਚਿਤ ਹੋਣੀ ਚਾਹੀਦੀ ਹੈ।"
"ਮਧੂਮੱਖੀ ਪਾਲਕਾਂ ਨੂੰ ਡੱਬਿਆਂ ਨੂੰ ਬਦਲਣ ਸਮੇਂ ਫੁੱਲਾਂ ਅਤੇ ਮੌਸਮ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਵੀ ਸਮੇਂ ਰਾਤ ਵੇਲੇ ਹੀ ਲੈ ਕੇ ਜਾਣਾ ਚਾਹੀਦਾ ਹੈ। ਜਿੱਥੇ ਡੱਬੇ ਪਏ ਹੋਣ ਉੱਥੇ ਮੌਸਮ ਨੇ ਹਿਸਾਬ ਨਾਲ ਧੁੱਪ-ਛਾਂ ਦਾ ਵੀ ਵਿਸ਼ੇਸ਼ ਖ਼ਿਆਲ ਰੱਖਣਾ ਚਾਹੀਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













