ਬਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਲਿਆ ਹਿਰਾਸਤ ਵਿੱਚ, ਅਕਾਲੀ ਦਲ ਵੱਲੋਂ ਭਾਰੀ ਵਿਰੋਧ

ਤਸਵੀਰ ਸਰੋਤ, X@BikramMajithia
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਾਲੇ ਘਰ ਵਿੱਚ ਬੁੱਧਵਾਰ ਨੂੰ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਪੰਜਾਬ ਪੁਲਿਸ ਦੇ ਵਿਜੀਲੈਂਸ ਵਿੰਗ ਦੀ ਟੀਮ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ ਵਿੱਚ ਲਿਆ ਹੈ।
ਇਸ ਛਾਪੇਮਾਰੀ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਜਿਸ ਵਿੱਚ ਉਹ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਬਹਿਸ ਕਰਦੇ ਦਿੱਖ ਰਹੇ ਹਨ।
ਮਜੀਠੀਆ ਦੀ ਪਤਨੀ ਗਨੀਵ ਕੌਰ ਨੇ ਵੀ ਇਲਜ਼ਾਮ ਲਾਇਆ ਕਿ ਵਿਜੀਲੈਂਸ ਦੇ ਅਧਿਕਾਰੀ ਜਬਰਦਸਤੀ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਧੱਕਾ-ਮੁੱਕੀ ਵੀ ਕੀਤੀ।
ਬੁੱਧਵਾਰ ਦੇ ਛਾਪਿਆਂ ਬਾਰੇ ਦਸਦਿਆਂ ਮਜੀਠੀਆ ਨੇ ਸੋਸ਼ਲ ਮੀਡਿਆ ਐਕਸ 'ਤੇ ਪੋਸਟ ਕੀਤਾ ਜਿਸ 'ਚ ਉਨ੍ਹਾਂ ਨੇ ਕਿਹਾ, "ਮੈਂ ਬਹੁਤ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜਦੋਂ ਨਸ਼ਿਆਂ ਦੇ ਝੂਠੇ ਕੇਸ ਵਿਚ ਮੇਰੇ ਖਿਲਾਫ਼ ਭਗਵੰਤ ਮਾਨ ਸਰਕਾਰ ਨੂੰ ਕੁਝ ਨਹੀਂ ਲੱਭਾ ਤਾਂ ਹੁਣ ਮੇਰੇ ਖਿਲਾਫ਼ ਇਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਹੈ।"

ਤਸਵੀਰ ਸਰੋਤ, X@BikramMajithia
ਉਨ੍ਹਾਂ ਨੇ ਅੱਗੇ ਕਿਹਾ, "ਅੱਜ ਵਿਜੀਲੈਂਸ ਦੇ ਐੱਸਐੱਸਪੀ ਦੀ ਅਗਵਾਈ ਹੇਠ ਟੀਮ ਨੇ ਮੇਰੇ ਘਰ ਛਾਪੇਮਾਰੀ ਕੀਤੀ ਹੈ।ਭਗਵੰਤ ਮਾਨ ਜੀ ਇਹ ਗੱਲ ਸਮਝ ਲਓ, ਜਿੰਨੇ ਮਰਜ਼ੀ ਪਰਚੇ ਦੇ ਦਿਓ, ਨਾ ਤਾਂ ਮੈਂ ਡਰਾਂ ਤੇ ਨਾ ਹੀ ਤੁਹਾਡੀ ਸਰਕਾਰ ਮੇਰੀ ਆਵਾਜ਼ ਦਬਾ ਸਕਦੀ ਹੈ।"
ਛਾਪੇਮਾਰੀ ਦਾ ਵਿਰੋਧ ਕਰਦੇ ਹੋਏ, ਮਜੀਠੀਆ ਦੀ ਪਤਨੀ ਗਨੀਵ ਕੌਰ, ਜੋ ਕਿ ਮਜੀਠਾ ਤੋਂ ਅਕਾਲੀ ਵਿਧਾਇਕ ਵੀ ਹੈ, ਨੇ ਕਿਹਾ, "ਅੱਜ ਸਵੇਰੇ ਤੀਹ ਲੋਕ ਜ਼ਬਰਦਸਤੀ ਸਾਡੇ ਘਰ ਵਿੱਚ ਦਰਵਾਜ਼ੇ ਧੱਕ ਕੇ ਦਾਖਲ ਹੋਏ। ਇਹ ਸਾਡੀ ਨਿੱਜੀ ਰਿਹਾਇਸ਼ ਹੈ। ਕੋਈ ਵੀ ਅਜਿਹਾ ਨਹੀਂ ਕਰ ਸਕਦਾ।"
ਉਨ੍ਹਾਂ ਕਿਹਾ, ''ਵਿਜੀਲੈਂਸ ਦੇ ਅਧਿਕਾਰੀਆਂ ਨੇ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਨਾ ਉਨ੍ਹਾਂ ਨਾਲ ਕੋਈ ਗੱਲ ਕੀਤੀ ਗਈ ਅਤੇ ਨਾ ਹੀ ਕੁਝ ਦੱਸਿਆ ਜਾ ਰਿਹਾ। ਘਰ ਵਿੱਚ ਜ਼ਰੂਰੀ ਵਸਤਾਂ ਦੀ ਫਰੋਲਾ-ਫਰੋਲੀ ਕੀਤੀ ਗਈ ਹੈ।''
ਗਨੀਵ ਨੇ ਕਿਹਾ ਕਿ ਚੰਡੀਗੜ੍ਹ ਵਿਚਲੇ ਘਰ ਵਿੱਚ ਵੀ ਵਿਜੀਲੈਂਸ ਧੱਕੇ ਨਾਲ ਅੰਦਰ ਗਈ ਹੈ, ਉੱਥੇ ਕੋਈ ਨਹੀਂ ਹੈ, ਸਿਰਫ਼ ਉਨ੍ਹਾਂ ਦੀ 80 ਸਾਲ ਦੇ ਮਾਤਾ ਮੌਜੂਦ ਹਨ। ਉੱਥੇ ਵੀ ਫਰੋਲਾ-ਫਰਾਲੀ ਕੀਤੀ ਜਾ ਰਹੀ ਹੈ।
ਗੁੱਸੇ ਵਿੱਚ ਆਏ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਅਤੇ ਬੱਚੇ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜਾਣ ਵਾਲੇ ਸਨ ਜਦੋਂ ਵਿਜੀਲੈਂਸ ਬਿਊਰੋ ਦੇ ਬੰਦੇ ਉਨ੍ਹਾਂ ਦੇ ਘਰ ਵਿੱਚ ਵੜ ਗਏ ਅਤੇ ਪਰਿਵਾਰ ਨੂੰ 'ਡਰਾਇਆ'।
ਇਸ ਦੌਰਾਨ, ਪੰਜਾਬ ਪੁਲਿਸ ਦੇ ਕਮਾਂਡੋ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਮਜੀਠੀਆ ਦੇ ਘਰ ਦੇ ਬਾਹਰ ਬੈਰੀਕੇਡ ਲਗਾਏ ਗਏ ਹਨ।
ਛਾਪੇਮਾਰੀ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਅਕਾਲੀ ਦਲ ਦੇ ਵਰਕਰ ਪਹੁੰਚਣਾ ਸ਼ੁਰੂ ਹੋ ਗਏ।
ਕਿਸ ਮਾਮਲੇ ਵਿੱਚ ਹੋ ਰਹੀ ਕਾਰਵਾਈ
ਇਸੇ ਦੌਰਾਨ ਚੰਡੀਗੜ੍ਹ ਵਿੱਚ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਦੱਸਿਆ ਕਿ ਮਜੀਠੀਆ ਖਿਲਾਫ਼ ਇੱਕ ਨਵੀਂ ਐੱਫ਼ਆਈਆਰ ਦਰਜ ਕੀਤੀ ਗਈ ਹੈ ਅਤੇ ਇਸ ਬਾਰੇ ਰਸਮੀ ਬਿਆਨ ਜਲਦੀ ਜਾਰੀ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਐੱਫ਼ਆਈਆਰ 2021 ਦੇ ਨਸ਼ਾ ਤਸਰਕੀ ਨਾਲ ਸਬੰਧਤ ਕੇਸ ਦੀ ਜਾਂਚ ਦੀ ਅਗਲੀ ਕੜੀ ਹੈ।
ਵਿਜੀਲੈਂਸ ਬਿਊਰੋ ਨਵੀਂ ਐੱਫ਼ਆਈਆਰ ਵਿੱਚ ਵਿੱਤੀ ਲੈਣ-ਦੇਣ ਬਾਬਤ ਦਸਤਾਵੇਜ਼ ਅਤੇ ਹੋਰ ਕੜੀਆਂ ਦੀ ਜਾਂਚ ਨੂੰ ਹੁਣ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਕਾਰਵਾਈ ਨਾਲ ਅੱਗੇ ਵਧਾ ਰਹੀ ਹੈ।
ਹਰਸਿਮਰਤ ਕੌਰ ਬਾਦਲ ਨੇ ਕੀ ਕਿਹਾ

ਤਸਵੀਰ ਸਰੋਤ, X@HarsimratKaurBadal
ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਆਪਣੇ ਭਰਾ ਬਿਕਰਮ ਮਜੀਠੀਆ ਦੇ ਸਮਰਥਨ ਵਿੱਚ ਸਾਹਮਣੇ ਆਏ।
ਸੋਸ਼ਲ ਮੀਡੀਆ 'ਤੇ ਪਾਈ ਇੱਕ ਪੋਸਟ 'ਚ ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਦੇ 85 ਸਾਲਾ ਪਿਤਾ ਨੂੰ ਵੀ ਪੰਜਾਬ ਵਿਜੀਲੈਂਸ ਨੇ ਨੋਟਿਸ ਭੇਜੇ ਹਨ।
ਇਸ ਦੇ ਨਾਲ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਚੋਣਾਂ ਤੋਂ ਡੇਢ ਸਾਲ ਬਾਅਦ ਉਨ੍ਹਾਂ ਸਾਰਿਆਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ, "ਅੱਜ ਜਿਸ ਤਰ੍ਹਾਂ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਕੱਠਪੁਤਲੀ ਭਗਵੰਤ ਮਾਨ ਨੇ ਮੇਰੇ ਛੋਟੇ ਵੀਰ ਬਿਕਰਮ ਸਿੰਘ ਮਜੀਠੀਆ ਦੇ ਘਰ ਆਪਣੀ ਪੁਲਿਸ ਭੇਜੀ ਹੈ ਉਸ ਨੇ ਇੰਦਰਾ ਗਾਂਧੀ ਵੱਲੋਂ ਅੱਜ ਦੇ ਦਿਨ 25 ਜੂਨ 1975 ਨੂੰ ਲਗਾਈ ਐਮਰਜੈਂਸੀ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।"
"ਜਿਸ ਤਰ੍ਹਾਂ ਇੰਦਰਾ ਨੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਓਸੇ ਤਰ੍ਹਾਂ ਅੱਜ ਭਗਵੰਤ ਮਾਨ ਕਰ ਰਿਹਾ ਹੈ। ਪਰ ਭਗਵੰਤ ਮਾਨ ਇਹ ਭੁੱਲ ਗਿਆ ਕਿ ਸਾਡਾ ਪਰਿਵਾਰ ਸਰਕਾਰਾਂ ਦੇ ਧੱਕੇ ਅੱਗੇ ਨਾ ਕਦੇ ਪਹਿਲਾਂ ਝੁਕਿਆ ਹੈ ਤੇ ਨਾ ਹੁਣ ਝੁਕੇਗਾ। ਉਹ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕਦਾ। "
'ਇਹ ਨਸ਼ਿਆਂ ਖ਼ਿਲਾਫ਼ ਮੁਹਿੰਮ ਦਾ ਹਿੱਸਾ ਹੀ ਹੈ'- ਕੁਲਦੀਪ ਸਿੰਘ ਧਾਲੀਵਾਲ

ਤਸਵੀਰ ਸਰੋਤ, Getty Images
ਮਜੀਠੀਆ ਮਾਮਲੇ ਉੱਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, "2022 ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸੂਬੇ ਨੂੰ ਨਸ਼ਾ ਮੁਕਤ ਕਰਨਗੇ।"
"ਇਸ ਵਾਅਦੇ ਨੂੰ ਪੂਰਾ ਕਰਨ ਲਈ ਅਸੀਂ ਡੂੰਘਾਈ ਨਾਲ ਜਾਂਚ-ਪੜਤਾਲ ਤੋਂ ਬਾਅਦ ਯੋਜਨਾ ਬਣਾਈ ਅਤੇ 1 ਮਾਰਚ, 2025 ਤੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦਾ ਆਗਾਜ਼ ਕੀਤਾ ਸੀ।"
"ਇਸ ਮੁਹਿੰਮ ਤੱਕ ਹੁਣ ਤੱਕ ਹਜ਼ਾਰਾਂ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਿਆ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਕਿਸੇ ਵੀ ਛੋਟੇ-ਵੱਡੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।"
ਉਨ੍ਹਾਂ ਕਿਹਾ, "ਸਾਡੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਕੀਤਾ ਵਾਅਦਾ ਹੀ ਪੂਰਾ ਕਰ ਰਹੀ ਹੈ। ਫ਼ਿਰ ਚਾਹੇ ਉਹ ਮਜੀਠੀਆ ਵਰਗੀ ਵੱਡੀ ਸ਼ਖ਼ਸੀਅਤ ਦੇ ਖ਼ਿਲਾਫ਼ ਕਾਰਵਾਈ ਕਰਨਾ ਹੀ ਕਿਉਂ ਨਾ ਹੋਵੇ।"
ਮਜੀਠੀਆ ਦੇ ਸਮਰਥਨ ਵਿੱਚ ਆਏ ਸੁਖਪਾਲ ਖਹਿਰਾ

ਅੰਮ੍ਰਿਤਸਰ ਵਿੱਚ ਮਜੀਠੀਆ ਦੇ ਘਰ 'ਤੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਛਾਪੇਮਾਰੀ ਤੋਂ ਬਾਅਦ ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਖਹਿਰਾ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਸਮਰਥਨ ਵਿੱਚ ਸਾਹਮਣੇ ਆਏ।
ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ 'ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਖਹਿਰਾ ਨੇ ਛਾਪੇਮਾਰੀ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਨੇ ਇਸ ਨੂੰ ਰਾਜਨੀਤਿਕ ਬਦਲਾਖੋਰੀ ਦੀ ਕਾਰਵਾਈ ਦੱਸਿਆ।
"ਇਸ ਬਦਲਾਖੋੜੀ ਦੇ ਹਮਲੇ ਦੀ ਮੈਂ ਸਖ਼ਤ ਨਿਖੇਦੀ ਕਰਦਾ ਹਾਂ। 30 ਆਦਮੀ ਬਿਨ੍ਹਾਂ ਕਿਸੇ ਗਿਰਫ਼ਤਾਰੀ ਜਾ ਸਰਚ ਵਾਰੰਟ ਦੇ ਉਨ੍ਹਾਂ ਦੇ ਅੰਮ੍ਰਿਤਸਰ ਵਾਲੇ ਘਰ ਧੱਕੇ ਨਾਲ ਵੜੇ ਹਨ ਜਿਸ ਘਰ ਵਿੱਚ ਉਨ੍ਹਾਂ ਦੇ ਛੋਟੇ ਬੱਚੇ ਹਨ ਅਤੇ ਉਨ੍ਹਾਂ ਦੀ ਪਤਨੀ ਰਹਿੰਦੀ ਹੈ। ਇਹ ਸਭ ਸਾਬਤ ਕਰਦਾ ਹੈ ਕਿ ਪੰਜਾਬ ਹੁਣ ਪੁਲਿਸ ਸਟੇਟ ਹੈ।
"ਬਿਕਰਮ ਮਜੀਠੀਆ ਜਨਤਕ ਤੌਰ 'ਤੇ ਸਰਕਾਰ ਖ਼ਿਲਾਫ਼ ਤਿੱਖਾ ਵਿਰੋਧ ਜ਼ਾਹਿਰ ਕਰਨ ਲਈ ਜਾਣੇ ਜਾਂਦੇ ਹਨ। ਇਸ ਲਈ ਸਰਕਾਰ ਉਨ੍ਹਾਂ ਨੂੰ ਦਬਾਉਣ ਦੇ ਤਰੀਕੇ ਲੱਭਦੀ ਰਹਿੰਦੀ ਹੈ। ਇਹ ਹਮਲਾ ਕਰਕੇ ਉਨ੍ਹਾਂ ਨੇ ਆਪਣੀ ਨਫ਼ਰਤ ਦੀ ਅੱਗ ਨੂੰ ਬੁਝਾਇਆ ਹੈ। "
ਕੀ ਹੈ 2021 ਦਾ ਕੇਸ ?
ਦਸੰਬਰ 2021 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਸ਼ੇ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ।
ਮੁਹਾਲੀ ਵਿੱਚ ਦਰਜ ਕੀਤੀ ਗਈ ਇਹ ਐੱਫ਼ਆਈਆਰ ਐੱਨਡੀਪੀਐੱਸ ਦੀ ਧਾਰਾ 25, 27 A ਤੇ 29 ਦੇ ਤਹਿਤ ਦਰਜ ਕੀਤੀ ਗਈ ਸੀ।
ਦਰਅਸਲ 2013 ਵਿੱਚ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਉਸ ਦੌਰਾਨ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕਟ ਦਾ ਪਰਦਾਫਾਸ਼ ਹੋਇਆ ਸੀ। ਕਈ ਸਾਲਾਂ ਤੋਂ ਇਹ ਕੇਸ 'ਭੋਲਾ ਡਰੱਗ ਕੇਸ' ਵਜੋਂ ਜਾਣਿਆ ਜਾਂਦਾ ਰਿਹਾ ਹੈ।
ਪੰਜਾਬ ਪੁਲਿਸ ਦਾ ਬਰਖ਼ਾਸਤ ਡੀਐੱਸਪੀ ਤੇ ਕੌਮਾਂਤਰੀ ਭਲਵਾਨ ਜਗਦੀਸ਼ ਸਿੰਘ ਭੋਲਾ ਇਸ ਮਾਮਲੇ ਦਾ ਮੁੱਖ ਮੁਲਜ਼ਮ ਸੀ ਜੋ ਕੁਝ ਹਫ਼ਤੇ ਪਹਿਲਾਂ ਹੀ ਜੇਲ੍ਹ ਤੋਂ ਜਮਾਨਤ ਉੱਤੇ ਬਾਹਰ ਆਇਆ ਹੈ।
2021 ਦੌਰਾਨ ਇਸ ਮਾਮਲੇ ਵਿੱਚ ਬਿਕਰਮ ਮਜੀਠੀਆ ਉੱਤੇ ਇਲਜ਼ਾਮ ਲਾਏ ਗਏ ਕਿ ਉਨ੍ਹਾਂ ਨੇ ਡਰੱਗ ਮਾਫੀਆ ਦੇ ਮੁੱਖ ਸਰਗਨੇ ਜਗਦੀਸ਼ ਭੋਲਾ, ਮਨਿੰਦਰ ਸਿੰਘ ਔਲਖ਼ ਅਤੇ ਜਗਜੀਤ ਸਿੰਘ ਚਾਹਲ ਨੂੰ ਵਿੱਤੀ ਅਤੇ ਲੌਜਿਸਟਿਕ ਮਦਦ ਮੁਹੱਈਆ ਕਰਵਾਈ ਸੀ।
ਇਹ ਮਾਮਲਾ ਕਈ ਸਾਲ ਅਦਾਲਤਾਂ ਦੇ ਚੱਕਰ ਕੱਟਦਾ ਰਿਹਾ ਅਤੇ ਬਿਕਰਮ ਮਜੀਠੀਆ ਇਸ ਮਾਮਲੇ ਨੂੰ ਆਪਣੇ ਖਿਲਾਫ਼ ਸਿਆਸੀ ਸਾਜਿਸ਼ ਕਰਾਰ ਦਿੰਦੇ ਰਹੇ ਹਨ।
ਫਰਵਰੀ 2022 ਵਿੱਚ ਮਜੀਠੀਆ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹ ਕਈ ਮਹੀਨੇ ਜੇਲ੍ਹ ਵਿੱਚ ਰਹੇ ਅਤੇ ਅਗਸਤ 2022 ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਨੂੰ ਜਮਾਨਤ ਦੇ ਦਿੱਤੀ। ਉਨ੍ਹਾਂ ਉੱਤੇ ਸ਼ਰਤ ਲਾਈ ਗਈ ਕਿ ਉਹ ਇਸ ਮਾਮਲੇ ਬਾਰੇ ਨਾ ਸਿਆਸੀ ਅਤੇ ਨਾ ਜਨਤਕ ਤੌਰ ਉੱਤੇ ਕੋਈ ਬਿਆਨਬਾਜ਼ੀ ਕਰਨਗੇ।
ਮਜੀਠੀਆ ਦੀ ਜਮਾਨਤ ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ, ਪਰ ਸੁਪਰੀਮ ਕੋਰਟ ਨੇ ਜਮਾਨਤ ਨੂੰ ਬਰਕਰਾਰ ਰੱਖਦਿਆਂ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ। ਇਸ ਕੜੀ ਵਿੱਚ ਮਾਰਚ 2025 ਵਿੱਚ ਮਜੀਠੀਆ ਪੁੱਛਗਿੱਛ ਲਈ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੁੰਦੇ ਰਹੇ।
ਵਿਜੀਲੈਂਸ ਦਾ ਕਹਿਣਾ ਹੈ ਕਿ ਉਹ ਬਿਕਰਮ ਮਜੀਠੀਆ ਅਤੇ ਡਰੱਗ ਸਿੰਡੀਕੇਟ ਵਿਚਾਲੇ ਹੋਏ ਲੈਣ-ਦੇਣ ਅਤੇ ਹਵਾਲਾ ਮਾਮਲੇ ਦੀ ਜਾਂਚ ਕਰ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












