ਉਸਮਾਨ ਹਾਦੀ ਦੇ ਕਾਤਲ ਕੀ ਦੇਸ਼ ਤੋਂ ਫ਼ਰਾਰ ਹੋ ਗਏ ਹਨ? ਬੰਗਲਾਦੇਸ਼ ਡਿਟੈਕਟਿਵ ਬ੍ਰਾਂਚ ਨੇ ਦਿੱਤਾ ਇਹ ਅਪਡੇਟ

ਤਸਵੀਰ ਸਰੋਤ, Osman Hadi / Facebook
ਬੰਗਲਾਦੇਸ਼ ਵਿੱਚ ਇੰਕਲਾਬ ਮੰਚ ਦੇ ਆਗੂ ਸ਼ਰੀਫ਼ ਉਸਮਾਨ ਹਾਦੀ ਦੇ ਕਤਲ ਦੇ ਮਾਮਲੇ ਦੀ ਜਾਂਚ ਕਰ ਰਹੀ ਏਜੰਸੀ ਡਿਟੈਕਟਿਵ ਬ੍ਰਾਂਚ ਨੇ ਕਿਹਾ ਹੈ ਕਿ ਉਸ ਨੂੰ ਅਜੇ ਇਹ ਪਤਾ ਨਹੀਂ ਹੈ ਕਿ ਕਤਲ ਦੇ ਮੁੱਖ ਮੁਲਜ਼ਮ ਦੇਸ਼ ਵਿੱਚ ਹਨ ਜਾਂ ਨਹੀਂ।
ਡਿਟੈਕਟਿਵ ਬ੍ਰਾਂਚ (ਡੀਬੀ) ਦੇ ਮੁਖੀ ਮੁਹੰਮਦ ਸ਼ਫ਼ੀਕੁਲ ਇਸਲਾਮ ਨੇ ਬੀਬੀਸੀ ਬੰਗਲਾ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਜੇ ਵੀ ਇਹ ਜਾਣਕਾਰੀ ਨਹੀਂ ਹੈ ਕਿ ਸ਼ਰੀਫ਼ ਉਸਮਾਨ ਹਾਦੀ ਦੇ ਕਤਲ ਦੇ ਮਾਮਲੇ 'ਚ ਮੁੱਖ ਮੁਲਜ਼ਮ ਫ਼ੈਸਲ ਕਰੀਮ ਮਸੂਦ ਅਤੇ ਉਨ੍ਹਾਂ ਦੇ ਸਾਥੀ ਆਲਮਗੀਰ ਸ਼ੇਖ ਬੰਗਲਾਦੇਸ਼ ਤੋਂ ਭੱਜ ਕੇ ਕਿਸੇ ਹੋਰ ਦੇਸ਼ ਵਿੱਚ ਸ਼ਰਨ ਲੈ ਚੁੱਕੇ ਹਨ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਮੁੱਖ ਸ਼ੱਕੀ ਵਿਅਕਤੀਆਂ ਦੇ ਸਹੀ ਠਿਕਾਣੇ ਦਾ ਪਤਾ ਲਗਾਉਣ ਲਈ ਜਾਂਚ ਅਜੇ ਵੀ ਜਾਰੀ ਹੈ।
ਇੰਕਲਾਬ ਮੰਚ ਨੇ ਹਾਦੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ।
ਬੰਗਲਾਦੇਸ਼ ਦੇ ਵਿਦਿਆਰਥੀ ਆਗੂ ਸ਼ਰੀਫ਼ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਰਾਜਧਾਨੀ ਢਾਕਾ ਦੇ ਕਈ ਇਲਾਕਿਆਂ ਵਿੱਚ ਵੀਰਵਾਰ ਨੂੰ ਹਿੰਸਾ ਭੜਕ ਗਈ ਸੀ।
ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ "ਜੇਕਰ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਮੁਹੰਮਦ ਜਹਾਂਗੀਰ ਆਲਮ ਚੌਧਰੀ ਅਤੇ ਮੁੱਖ ਸਲਾਹਕਾਰ ਦੇ ਵਿਸ਼ੇਸ਼ ਸਹਾਇਕ ਖ਼ੁਦਾ ਬਖ਼ਸ਼ ਚੌਧਰੀ 21 ਦਸੰਬਰ ਨੂੰ ਸ਼ਾਮ ਤੱਕ ਇਸ ਮਸਲੇ 'ਤੇ ਜਾਣਕਾਰੀ ਦੇਣ ਵਿੱਚ ਅਸਫ਼ਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਅਸਤੀਫ਼ਾ ਦੇਣਾ ਹੋਵੇਗਾ।"
ਡਿਟੈਕਟਿਵ ਬ੍ਰਾਂਚ ਦੇ ਮੁਖੀ ਇਸਲਾਮ ਨੇ ਬੀਬੀਸੀ ਬੰਗਲਾ ਨੂੰ ਦੱਸਿਆ, "ਅਸੀਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਅਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕਰ ਲਏ ਹਨ। ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੁਣ ਅਸੀਂ ਹੋਰ ਮੁਲਜ਼ਮਾਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"
ਪੁਲਿਸ ਨੇ ਕੀ ਕਿਹਾ?

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਫ਼ੈਸਲ ਕਰੀਮ ਮਸੂਦ ਅਤੇ ਉਨ੍ਹਾਂ ਦੇ ਸਾਥੀ ਆਲਮਗੀਰ ਸ਼ੇਖ ਪਾਬੰਦੀਸ਼ੁਦਾ ਛਾਤਰ ਲੀਗ ਦੀ ਸਿਆਸਤ 'ਚ ਸ਼ਾਮਲ ਸਨ।
ਪੁਲਿਸ ਨੇ ਕਿਹਾ ਕਿ ਹਾਦੀ ਦੇ ਕਤਲ ਦੇ ਮਾਮਲੇ ਵਿੱਚ ਹੁਣ ਤੱਕ ਇੱਕ ਦਰਜਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਵਿੱਚ ਮੁੱਖ ਮੁਲਜ਼ਮ ਦੇ ਪਰਿਵਾਰ ਦੇ ਕਈ ਮੈਂਬਰ ਵੀ ਸ਼ਾਮਲ ਹਨ।
ਪਰ ਜਾਂਚ ਕਰ ਰਹੀ ਏਜੰਸੀ ਨੇ ਮਸੂਦ ਅਤੇ ਉਨ੍ਹਾਂ ਦੇ ਸਾਥੀ ਆਲਮਗੀਰ ਸ਼ੇਖ ਦੇ ਟਿਕਾਣੇ ਬਾਰੇ ਹੁਣ ਤੱਕ ਕੋਈ ਖ਼ਾਸ ਜਾਣਕਾਰੀ ਨਹੀਂ ਦਿੱਤੀ ਹੈ।
ਹਾਲਾਂਕਿ, ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਦੋਵੇਂ ਭਾਰਤ ਭੱਜ ਗਏ ਹਨ।
ਇਸਲਾਮ ਨੇ ਬੀਬੀਸੀ ਬੰਗਲਾ ਨੂੰ ਕਿਹਾ, "ਅਸੀਂ ਇਹ ਪੋਸਟਾਂ ਵੇਖੀਆਂ ਹਨ, ਪਰ ਹਾਲੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।"
14 ਦਸੰਬਰ ਨੂੰ ਢਾਕਾ ਮੈਟਰੋਪੋਲਿਟਨ ਪੁਲਿਸ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਡੇਟਾਬੇਸ ਵਿੱਚ ਹਾਦੀ 'ਤੇ ਹਮਲਾ ਕਰਨ ਵਾਲਿਆਂ ਦੇ ਦੇਸ਼ ਤੋਂ ਭੱਜਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕਾਨੂੰਨੀ ਤੌਰ 'ਤੇ ਉਨ੍ਹਾਂ ਲਈ ਦੇਸ਼ ਤੋਂ ਭੱਜਣਾ ਸੰਭਵ ਨਹੀਂ ਸੀ, ਕਿਉਂਕਿ ਉਨ੍ਹਾਂ ਦੇ ਪਾਸਪੋਰਟ ਪਹਿਲਾਂ ਹੀ ਬਲਾਕ ਕਰ ਦਿੱਤੇ ਗਏ ਸਨ।
ਪਰ ਜਾਂਚ ਕਰ ਰਹੀ ਪੁਲਿਸ ਕੋਲ ਇਸ ਗੱਲ ਦੀ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ ਕਿ ਕਤਲ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਗੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰ ਕੇ ਕਿਸੇ ਦੂਜੇ ਦੇਸ਼ ਚਲੇ ਗਏ ਹਨ ਜਾਂ ਨਹੀਂ।
ਕਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ?

ਤਸਵੀਰ ਸਰੋਤ, Getty Images
ਸ਼ਰੀਫ਼ ਉਸਮਾਨ ਹਾਦੀ ਦੇ ਕਤਲ ਦੇ ਮਾਮਲੇ ਵਿੱਚ ਹੁਣ ਤੱਕ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਮੁੱਖ ਮੁਲਜ਼ਮ ਫ਼ੈਸਲ ਕਰੀਮ ਮਸੂਦ ਦੇ ਪਿਤਾ, ਮਾਤਾ, ਪਤਨੀ ਅਤੇ ਸਾਲਾ ਸ਼ਾਮਲ ਹਨ। ਇਸ ਤੋਂ ਇਲਾਵਾ, ਮਸੂਦ ਦੀ ਪ੍ਰੇਮਿਕਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਂਚ ਅਧਿਕਾਰੀਆਂ ਨੂੰ ਪਤਾ ਲੱਗਾ ਹੈ ਕਿ ਮਸੂਦ ਨੇ ਹਾਦੀ ਨੂੰ ਗੋਲ਼ੀ ਮਾਰਨ ਤੋਂ ਪਹਿਲਾਂ ਆਪਣੇ ਮੋਬਾਈਲ ਫ਼ੋਨ 'ਤੇ ਆਪਣੀ ਪਤਨੀ, ਪ੍ਰੇਮਿਕਾ ਅਤੇ ਸਾਲੇ ਨਾਲ ਕਈ ਵਾਰ ਗੱਲ ਕੀਤੀ ਸੀ।
ਉਨ੍ਹਾਂ ਤਿੰਨਾਂ ਨੂੰ ਪੁੱਛਗਿੱਛ ਲਈ ਦੋ ਚਰਣਾਂ ਵਿੱਚ ਨੌਂ ਦਿਨਾਂ ਲਈ ਰਿਮਾਂਡ 'ਤੇ ਭੇਜਿਆ ਗਿਆ ਹੈ।
ਇਸ ਤੋਂ ਇਲਾਵਾ, ਹਮਲੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੱਖ-ਵੱਖ ਤਰੀਕਿਆਂ ਨਾਲ ਸਹਿਯੋਗ ਕਰਨ ਦੇ ਇਲਜ਼ਾਮ ਤਹਿਤ ਅੱਠ ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਇੰਕਲਾਬ ਮੰਚ ਨੇ ਦਿੱਤਾ ਸੀ ਇਹ ਅਲਟੀਮੇਟਮ

ਤਸਵੀਰ ਸਰੋਤ, Getty Images
ਸ਼ਰੀਫ਼ ਉਸਮਾਨ ਹਾਦੀ 12 ਦਸੰਬਰ ਨੂੰ ਢਾਕਾ ਵਿੱਚ ਹੋਈ ਗੋਲ਼ੀਬਾਰੀ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਬਿਹਤਰ ਇਲਾਜ ਲਈ ਸਿੰਗਾਪੁਰ ਭੇਜਿਆ ਗਿਆ ਸੀ, ਪਰ 18 ਦਸੰਬਰ ਨੂੰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਸ਼ਨੀਵਾਰ ਨੂੰ ਹਾਦੀ ਨੂੰ ਢਾਕਾ ਯੂਨੀਵਰਸਿਟੀ ਵਿੱਚ ਰਾਸ਼ਟਰੀ ਕਵੀ ਕਾਜ਼ੀ ਨਜ਼ਰੁਲ ਇਸਲਾਮ ਦੀ ਸਮਾਧੀ ਦੇ ਬਰਾਬਰ ਦਫ਼ਨਾਇਆ ਗਿਆ।
ਇਸੇ ਦੌਰਾਨ ਇੰਕਲਾਬ ਮੰਚ ਨੇ ਉਸਮਾਨ ਹਾਦੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ।
ਬੀਬੀਸੀ ਬੰਗਲਾ ਦੇ ਅਨੁਸਾਰ, ਉਸਮਾਨ ਹਾਦੀ ਦੇ ਅੰਤਿਮ ਸੰਸਕਾਰ ਦੌਰਾਨ ਹੋਈ ਸਭਾ ਵਿੱਚ ਇੰਕਲਾਬ ਮੰਚ ਦੇ ਸਕੱਤਰ ਅਬਦੁੱਲਾ ਅਲ ਜਾਬੇਰ ਨੇ ਸਰਕਾਰ ਤੋਂ ਸਵਾਲ ਕੀਤਾ, "ਤੁਸੀਂ ਉਸਮਾਨ ਹਾਦੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੀ ਕੀਤਾ ਹੈ?"
ਉਨ੍ਹਾਂ ਕਿਹਾ ਕਿ "ਜੇ ਇਸ ਮਸਲੇ ਨੂੰ ਸਾਹਮਣੇ ਨਹੀਂ ਲਿਆਂਦਾ ਗਿਆ ਤਾਂ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਮੁਹੰਮਦ ਜਹਾਂਗੀਰ ਆਲਮ ਚੌਧਰੀ ਅਤੇ ਮੁੱਖ ਸਲਾਹਕਾਰ ਦੇ ਵਿਸ਼ੇਸ਼ ਸਹਾਇਕ ਖ਼ੁਦਾ ਬਖ਼ਸ਼ ਚੌਧਰੀ ਨੂੰ 24 ਘੰਟਿਆਂ ਦੇ ਅੰਦਰ ਅਸਤੀਫ਼ਾ ਦੇਣਾ ਪਵੇਗਾ।"

ਇਸ ਦੌਰਾਨ ਉਸਮਾਨ ਹਾਦੀ ਦੇ ਭਰਾ ਅਬੂ ਬਕਰ ਸਿੱਦਕੀ ਨੇ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਤੋਂ ਪਹਿਲਾਂ ਹੋਈ ਦੁਆ ਦੌਰਾਨ ਪੁੱਛਿਆ, "ਰਾਜਧਾਨੀ ਵਿੱਚ ਦਿਨ-ਦਿਹਾੜੇ ਉਸਮਾਨ ਹਾਦੀ ਨੂੰ ਗੋਲ਼ੀ ਮਾਰਣ ਤੋਂ ਬਾਅਦ ਉਸ ਦੇ ਕਾਤਲ ਫ਼ਰਾਰ ਕਿਵੇਂ ਹੋ ਗਏ?"
ਉਨ੍ਹਾਂ ਕਿਹਾ, "ਸੱਤ-ਅੱਠ ਦਿਨ ਬੀਤ ਜਾਣ ਤੋਂ ਬਾਅਦ ਵੀ ਕਾਤਲ ਕਿਉਂ ਨਹੀਂ ਫੜ੍ਹੇ ਜਾ ਸਕੇ?'' ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉਸਮਾਨ ਹਾਦੀ ਦੇ ਕਾਤਲਾਂ 'ਤੇ ਜਲਦ ਤੋਂ ਜਲਦ ਮੁਕੱਦਮਾ ਚਲਾਇਆ ਜਾਵੇ।
ਉਨ੍ਹਾਂ ਕਿਹਾ, "ਸ਼ਰੀਫ਼ ਉਸਮਾਨ ਹਾਦੀ ਮੇਰੇ ਭਰਾਵਾਂ ਵਿੱਚ ਸਭ ਤੋਂ ਛੋਟਾ ਸੀ ਅਤੇ ਅੱਜ ਸਾਨੂੰ ਉਸ ਦੀ ਲਾਸ਼ ਲੈ ਕੇ ਜਾਣੀ ਪੈ ਰਹੀ ਹੈ।"
ਕੌਣ ਸਨ ਹਾਦੀ ਉਸਮਾਨ

ਤਸਵੀਰ ਸਰੋਤ, AFP via Getty Images
ਪਿਛਲੇ ਸਾਲ ਅਗਸਤ ਮਹੀਨੇ ਵਿੱਚ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਖ਼ਿਲਾਫ਼ ਹੋਏ ਹਿੰਸਕ ਵਿਦਿਆਰਥੀ ਅੰਦੋਲਨ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਹਾਦੀ ਉਸਮਾਨ ਸਨ।
ਉਹ ਸ਼ੇਖ਼ ਹਸੀਨਾ ਵਿਰੋਧੀ ਇੰਕਲਾਬ ਮੰਚ ਦੇ ਮੈਂਬਰ ਸਨ। ਫ਼ਰਵਰੀ ਵਿੱਚ ਹੋਣ ਵਾਲੀਆਂ ਚੋਣਾਂ ਲਈ ਉਹ ਵੀ ਸੰਭਾਵਿਤ ਉਮੀਦਵਾਰ ਸਨ ਅਤੇ ਹਮਲੇ ਦੇ ਸਮੇਂ ਢਾਕਾ-8 ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਪ੍ਰਚਾਰ ਕਰ ਰਹੇ ਸਨ।
ਇੰਕਲਾਬ ਮੰਚ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਹੋਏ ਬੰਗਲਾਦੇਸ਼ ਵਿਦਿਆਰਥੀ ਅੰਦੋਲਨ ਦੌਰਾਨ ਚਰਚਾ ਵਿੱਚ ਆਇਆ ਸੀ।
ਇਸ ਸਮੂਹ ਨੂੰ ਕਟਟਰਪੰਥੀ ਸੰਗਠਨ ਕਿਹਾ ਗਿਆ ਹੈ ਅਤੇ ਇਹ ਅਵਾਮੀ ਲੀਗ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਅੱਗੇ ਰਿਹਾ ਹੈ।
ਵਿਦਿਆਰਥੀ ਅੰਦੋਲਨ ਵਿੱਚ ਭੂਮਿਕਾ ਦੇ ਬਾਵਜੂਦ ਯੂਨੁਸ ਸਰਕਾਰ ਨੇ ਇਸ ਮੰਚ ਨੂੰ ਭੰਗ ਕਰ ਦਿੱਤਾ ਸੀ ਅਤੇ ਰਾਸ਼ਟਰੀ ਚੋਣਾਂ ਲੜਨ 'ਤੇ ਰੋਕ ਲਗਾ ਦਿੱਤੀ ਸੀ।
ਹਾਲਾਂਕਿ, ਸ਼ਨੀਵਾਰ ਦੁਪਹਿਰ ਨੂੰ ਹੋਏ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਮੁੱਖ ਸਲਾਹਕਾਰ ਮੁਹੰਮਦ ਯੂਨਸ, ਸਲਾਹਕਾਰ ਪਰਿਸ਼ਦ ਦੇ ਮੈਂਬਰਾਂ ਸਣੇ ਵੱਖ-ਵੱਖ ਸਿਆਸੀ ਦਲਾਂ ਦੇ ਆਗੂ ਤੇ ਹੋਰ ਲੋਕ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ।
ਬੰਗਲਾਦੇਸ਼ ਦੇ ਦੈਨਿਕ ਟ੍ਰਿਬਿਊਨ ਅਖਬਾਰ ਦੇ ਅਨੁਸਾਰ, ਮੁਹੰਮਦ ਯੂਨਸ ਨੇ ਕਿਹਾ, "ਹਾਦੀ, ਤੁਹਾਨੂੰ ਕਦੇ ਭੁਲਾਇਆ ਨਹੀਂ ਜਾਵੇਗਾ। ਕੋਈ ਵੀ ਤੁਹਾਨੂੰ ਭੁੱਲ ਨਹੀਂ ਸਕੇਗਾ। ਤੁਸੀਂ ਪੀੜ੍ਹੀਆਂ ਤੱਕ ਸਾਡੇ ਨਾਲ ਰਹੋਗੇ। ਅੱਜ ਅਸੀਂ ਇੱਥੇ ਇਹ ਵਾਅਦਾ ਕਰਨ ਆਏ ਹਾਂ ਕਿ ਜਿਸ ਚੀਜ਼ ਲਈ ਤੁਸੀਂ ਖੜ੍ਹੇ ਰਹੇ, ਉਸ ਨੂੰ ਅਸੀਂ ਪੂਰਾ ਕਰਾਂਗੇ। ਸਿਰਫ਼ ਅਸੀਂ ਹੀ ਨਹੀਂ ਸਗੋਂ ਬੰਗਲਾਦੇਸ਼ ਦੇ ਲੋਕ ਵੀ ਇਹ ਜ਼ਿੰਮੇਵਾਰੀ ਲੈਣਗੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












