ਉੱਤਰ ਪ੍ਰਦੇਸ਼ ਦੇ 30 ਪਿੰਡ ਬਘਿਆੜਾਂ ਦੇ ਡਰ ਹੇਠ ਕਿਵੇਂ ਜੀਅ ਰਹੇ ਹਨ, ਇਨਸਾਨਾਂ 'ਤੇ ਹਮਲੇ ਕਿਉਂ ਵੱਧ ਰਹੇ ਹਨ- ਗਰਾਊਂਡ ਰਿਪੋਰਟ

ਬਘਿਆੜ ਦੇ ਖ਼ੌਫ਼ ਨਾਲ ਡਰੇ ਲੋਕ
ਤਸਵੀਰ ਕੈਪਸ਼ਨ, ਬਘਿਆੜਾਂ ਨੂੰ ਫੜ੍ਹਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਨਾਲ ਹੀ ਜੰਗਲਾਤ ਵਿਭਾਗ ਲੋਕਾਂ ਨੂੰ ਸਾਵਧਾਨ ਰਹਿਣ ਦੀ ਵੀ ਸਲਾਹ ਦੇ ਰਿਹਾ ਹੈ।
    • ਲੇਖਕ, ਸੱਯਦ ਮੋਜ਼ੀਜ਼ ਇਮਾਮ
    • ਰੋਲ, ਬੀਬੀਸੀ ਪੱਤਰਕਾਰ

ਉੱਤਰ ਪ੍ਰਦੇਸ਼ ਦੇ ਬਹਰਾਇਚ ਜ਼ਿਲ੍ਹੇ ਵਿੱਚ ਇੱਕ ਇਲਾਕੇ ਦੇ ਲੋਕ ਬਘਿਆੜਾਂ ਦੇ ਖ਼ੌਫ਼ ਕਰਕੇ ਡਰ 'ਚ ਜੀਅ ਰਹੇ ਹਨ।

ਇਹ ਇਲਾਕਾ ਭਾਰਤ-ਨੇਪਾਲ ਸਰਹੱਦ ਦੇ ਨਾਲ ਲੱਗਦੇ ਤ੍ਰੈ ਖੇਤਰ 'ਚ ਹੈ, ਜਿੱਥੇ ਬਘਿਆੜਾਂ ਦਾ ਇੱਕ ਸਮੂਹ ਖ਼ਾਸ ਕਰਕੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ।

ਬਘਿਆੜਾਂ ਦੇ ਹਮਲੇ ਤੋਂ ਬਜ਼ੁਰਗ ਵੀ ਸੁਰੱਖਿਅਤ ਨਹੀਂ ਹਨ। ਇਸ ਇਲਾਕੇ ਵਿੱਚ ਬਘਿਆੜਾਂ ਨੇ ਜੁਲਾਈ ਮਹੀਨੇ ਤੋਂ ਹੁਣ ਤੱਕ 6 ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਅਤੇ 26 ਲੋਕ ਉਨ੍ਹਾਂ ਦੇ ਹਮਲੇ ਕਰਕੇ ਜ਼ਖ਼ਮੀ ਹੋਏ ਹਨ।

ਜੰਗਲਾਤ ਵਿਭਾਗ ਬਘਿਆੜਾਂ ਦੇ ਝੁੰਡ ਨੂੰ ਫੜ੍ਹਨ ਲਈ ਦਿਨ-ਰਾਤ ਮਿਹਨਤ ਕਰ ਰਿਹਾ ਹੈ, ਪਰ ਹੁਣ ਤੱਕ ਸਿਰਫ਼ 3 ਬਘਿਆੜ ਹੀ ਫੜ੍ਹੇ ਗਏ ਹਨ।

ਜੰਗਲਾਤ ਵਿਭਾਗ ਦੀਆਂ 9 ਟੀਮਾਂ ਇਸ ਇਸ ਮੁਹਿੰਮ ਵਿੱਚ ਜੁੱਟੀਆਂ ਹੋਈਆਂ ਹਨ ਅਤੇ ਬਘਿਆੜਾਂ ਦੀ ਮੌਜੂਦਗੀ ਵਾਲੇ ਇਲਾਕੇ ਵਿੱਚ ਚਾਰ ਪਿੰਜਰੇ ਅਤੇ ਛੇ ਕੈਮਰੇ ਲਗਾਏ ਗਏ ਹਨ।

ਜੰਗਲਾਤ ਵਿਭਾਗ ਬਘਿਆੜਾਂ ਦੀ ਤਲਾਸ਼ ਲਈ ਥਰਮਲ ਡਰੋਨ ਦੀ ਵੀ ਵਰਤੋਂ ਕਰ ਰਿਹਾ ਹੈ।

ਬੀਬੀਸੀ ਪੰਜਾਬੀ

ਬਘਿਆੜਾਂ ਨੂੰ ਫੜ੍ਹਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਨਾਲ ਹੀ ਜੰਗਲਾਤ ਵਿਭਾਗ ਲੋਕਾਂ ਨੂੰ ਸਾਵਧਾਨ ਰਹਿਣ ਦੀ ਵੀ ਸਲਾਹ ਦੇ ਰਿਹਾ ਹੈ।

ਬਹਰਾਇਚ ਦੇ ਡਿਵੀਜ਼ਨਲ ਫੋਰੈਸਟ ਅਫਸਰ ਜਾਂ ਡੀਐੱਫਓ ਅਜੀਤ ਪ੍ਰਤਾਪ ਸਿੰਘ ਦਾ ਕਹਿਣਾ ਹੈ, "ਅਸੀਂ ਪਿੰਡ ਵਾਸੀਆਂ ਨੂੰ ਕਹਿ ਰਹੇ ਹਾਂ ਕਿ ਬੱਚਿਆਂ ਨੂੰ ਬਾਹਰ ਨਾ ਸੁਆਓ। ਇਸ ਇਲਾਕੇ ਵਿੱਚ ਜ਼ਿਆਦਾਤਰ ਘਰਾਂ 'ਚ ਦਰਵਾਜ਼ੇ ਨਾ ਹੋਣ ਕਰਕੇ ਬਘਿਆੜ ਘਰ ਦੇ ਅੰਦਰ ਵੜ੍ਹ ਜਾਂਦੇ ਹਨ।"

ਉਨ੍ਹਾਂ ਨੇ ਕਿਹਾ, "ਜਿੱਥੋਂ ਤੱਕ ਬਘਿਆੜਾਂ ਦੀ ਗੱਲ ਹੈ, ਇਹ ਇਨਸਾਨਾਂ 'ਤੇ ਹਮਲੇ ਨਹੀਂ ਕਰਦੇ। ਪਰ ਅਜਿਹਾ ਲੱਗ ਰਿਹਾ ਹੈ ਕਿ ਕੁਝ ਹਾਲਾਤ ਵਿੱਚ ਉਨ੍ਹਾਂ ਨੇ ਗ਼ਲਤੀ ਨਾਲ ਇਨਸਾਨਾਂ 'ਤੇ ਹਮਲਾ ਕੀਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਇਸ ਦੀ ਆਦਤ ਪੈ ਗਈ।"

ਇਸ ਮਾਮਲੇ 'ਤੇ ਬੀਬੀਸੀ ਨੇ ਉੱਤਰ ਪ੍ਰਦੇਸ਼ ਦੇ ਜੰਗਲਾਤ ਮੰਤਰੀ ਅਰੁਣ ਕੁਮਾਰ ਸਕਸੇਨਾ ਨਾਲ ਗੱਲ ਕੀਤੀ।

ਉਨ੍ਹਾਂ ਨੇ ਕਿਹਾ, "ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਜੰਗਲੀ ਜੀਵ ਜਾਂ ਇਨਸਾਨ ਦੀ ਜਾਨ ਜਾਏ, ਅਸੀਂ ਹੁਣ ਤੱਕ 3 ਬਘਿਆੜਾਂ ਨੂੰ ਫੜ੍ਹਿਆ ਹੈ।"

ਇਸ ਸਾਲ ਪ੍ਰਦੇਸ਼ ਭਰ ਵਿੱਚ ਰੈਸਕਿਊ ਕੀਤੇ ਗਏ ਜੰਗਲੀ ਜੀਵਾਂ ਬਾਰੇ ਮੰਤਰੀ ਨੇ ਕਿਹਾ, "ਜਨਵਰੀ 2024 ਤੋਂ 23 ਅਗਸਤ 2024 ਤੱਕ 27 ਚੀਤੇ ਅਤੇ 3 ਬਾਘ ਵੀ ਰੈਸਕਿਊ ਕੀਤੇ ਗਏ ਹਨ।"

ਬਹਿਰਾਇਚ
ਤਸਵੀਰ ਕੈਪਸ਼ਨ, ਬਹਿਰਾਇਚ ਦੇ ਪਿੰਡ 'ਚ ਬਘਿਆੜਾਂ ਨੇ ਅੱਠ ਸਾਲ ਦੇ ਸੁੱਤੇ ਹੋਏ ਉਤਕਰਸ਼ ਨੂੰ ਚੁੱਕ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ

30 ਪਿੰਡ ਪ੍ਰਭਾਵਿਤ, ਸਥਾਨਕ ਲੋਕ ਨਾਰਾਜ਼

ਬਹਰਾਇਚ ਜ਼ਿਲ੍ਹੇ ਦੀ ਮਹਸੀ ਤਹਿਸੀਲ ਦੇ ਕਰੀਬ 100 ਵਰਗ ਕਿੱਲੋਮੀਟਰ ਦੇ 25 ਤੋਂ 30 ਪਿੰਡ ਬਘਿਆੜਾਂ ਦੇ ਡਰ ਤੋਂ ਪ੍ਰਭਾਵਿਤ ਹਨ। ਇਹ ਖੇਤਰ ਭਾਰਤ-ਨੇਪਾਲ ਸਰਹੱਦ ਦੇ ਨਾਲ ਲੱਗਦਾ ਹੈ।

ਡੀਐੱਫਓ ਅਜੀਤ ਪ੍ਰਤਾਪ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਪਹਿਲੀ ਵਾਰ ਬਘਿਆੜ ਇਨਸਾਨ ਦੇ ਬੱਚਿਆਂ ਨੂੰ ਗ਼ਲਤੀ ਨਾਲ ਨਿਸ਼ਾਨਾ ਬਣਾਉਂਦੇ ਹਨ।"

ਉਨ੍ਹਾਂ ਨੇ ਕਿਹਾ, "ਮੌਸਮ ਦੇ ਕਾਰਨ ਬਘਿਆੜਾਂ ਦੇ ਡੇਰੇ 'ਤੇ ਪਾਣੀ ਭਰ ਜਾਂਦਾ ਹੈ ਤਾਂ ਉਹ ਆਬਾਦੀ ਦੇ ਵੱਲ ਵੱਧਦੇ ਹਨ ਅਤੇ ਗ਼ਲਤੀ ਨਾਲ ਇਨਸਾਨ ਨੂੰ ਨਿਸ਼ਾਨਾ ਬਣਾਉਂਦੇ ਹਨ, ਫਿਰ ਉਨ੍ਹਾਂ ਨੂੰ ਇਸ ਦੀ ਆਦਤ ਪੈ ਜਾਂਦੀ ਹੈ।"

ਇਸ ਤੋਂ ਪਹਿਲਾਂ ਇਸ ਇਲਾਕੇ ਵਿੱਚ ਚੀਤੇ ਦਾ ਡਾਰ ਵੀ ਰਿਹਾ ਹੈ, ਜੋ ਕਈ ਵਾਰ ਇਨਸਾਨਾਂ 'ਤੇ ਹਮਲਾ ਕਰ ਦਿੰਦੇ ਹਨ।

ਬੀਬੀਸੀ ਦੀ ਟੀਮ ਨੇ ਬਹਰਾਇਚ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ, ਜਿਸ ਵਿੱਚ ਮੈਕੂਪੁਰਵਾ ਦੇ ਇਲਾਕੇ ਵੀ ਸ਼ਾਮਲ ਹਨ।

ਇੱਥੋਂ ਦੇ ਇੱਕ ਪਿੰਡ ਵਿੱਚ ਬਘਿਆੜਾਂ ਨੇ ਰਾਤ ਦੇ ਸਮੇਂ ਸੁੱਤੇ ਹੋਏ ਅੱਠ ਸਾਲ ਦੇ ਉਤਕਰਸ਼ ਨੂੰ ਚੁੱਕ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਸ ਦੀ ਮਾਂ ਸਮੇਂ ਸਿਰ ਜਾਗ ਗਈ ਅਤੇ ਉਨ੍ਹਾਂ ਨੇ ਬਘਿਆੜ ਦੇ ਚੁੰਗਲ 'ਚ ਫਸੇ ਉਤਕਰਸ਼ ਨੂੰ ਬਚਾ ਲਿਆ।

ਉਦੋਂ ਤੱਕ ਰੌਲਾ ਸੁਣ ਕੇ ਪਿੰਡ ਵਾਲੇ ਵੀ ਇਕੱਠੇ ਹੋ ਗਏ ਅਤੇ ਉਤਕਰਸ਼ ਦੀ ਜਾਨ ਬਚ ਗਈ।

ਮੈਕੂਪੁਰਵਾ ਦੇ ਪ੍ਰਧਾਨ ਅਨੂਪ ਸਿੰਘ ਨੇ ਬੀਬੀਸੀ ਨੂੰ ਦੱਸਿਆ, "17 ਅਪ੍ਰੈਲ ਨੂੰ ਇਸ ਤਰ੍ਹਾਂ ਦੀ ਪਹਿਲੀ ਘਟਨਾ ਵਾਪਰੀ ਸੀ। ਉਸ ਤੋਂ ਪਹਿਲਾਂ ਮਾਰਚ ਵਿੱਚ ਵੀ ਹਮਲਾ ਹੋਇਆ ਸੀ, ਉਦੋਂ ਤੋਂ ਲਗਾਤਾਰ ਪਿੰਡ ਵਿੱਚ ਗਸ਼ਤ ਕੀਤੀ ਜਾ ਰਹੀ ਹੈ।"

ਉਨ੍ਹਾਂ ਨੇ ਦੱਸਿਆ, "ਜੰਗਲਾਤ ਵਿਭਾਗ ਦੀ ਟੀਮ ਰਾਤ ਨੂੰ ਪਹਿਰੇ 'ਤੇ ਰਹਿੰਦੀ ਹੈ। ਅਸੀਂ ਰਾਤ ਜਾਗ ਕੇ ਕੱਟਦੇ ਹਾਂ, ਪਰ ਫਿਰ ਸੁਣਨ ਵਿੱਚ ਆਉਂਦਾ ਹੈ ਕਿ ਕਿਸੇ ਹੋਰ ਪਿੰਡ ਵਿੱਚ ਬਘਿਆੜਾਂ ਦੇ ਹਮਲੇ ਦੀ ਘਟਨਾ ਵਾਪਰ ਗਈ ਹੈ।"

ਹਾਲਾਂਕਿ, ਇਸ ਇਲਾਕੇ ਵਿੱਚ ਹਰ ਸਾਲ ਘਾਘਰਾ ਨਦੀ ਦੇ ਕਾਰਨ ਹੜ੍ਹ ਆ ਜਾਂਦੇ ਹਨ। ਜਿਸ ਦੇ ਕਾਰਨ ਬਘਿਆੜਾਂ ਦੇ ਡੇਰੇ 'ਤੇ ਪਾਣੀ ਭਰ ਜਾਂਦਾ ਹੈ, ਪਰ ਇਹ ਕਾਫ਼ੀ ਲੰਬੇ ਸਮੇਂ ਬਾਅਦ ਹੋਇਆ ਹੈ ਕਿ ਬਘਿਆੜਾਂ ਨੇ ਇਨਸਾਨਾਂ 'ਤੇ ਹਮਲਾ ਕਰਨਾ ਸ਼ੁਰੂ ਕੀਤਾ ਹੈ।

ਕੁਝ ਸਾਲ ਪਹਿਲਾਂ ਵੀ ਬਘਿਆੜਾਂ ਨੇ ਇਨਸਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ।

ਡੀਐੱਫਓ ਨੇ ਦੱਸਿਆ, "ਕਰੀਬ 20 ਸਾਲ ਪਹਿਲਾਂ ਬਘਿਆੜਾਂ ਨੇ ਇਨਸਾਨਾਂ 'ਤੇ ਹਮਲਾ ਕੀਤਾ ਸੀ। ਗੋਂਡਾ, ਬਹਰਾਇਚ ਅਤੇ ਬਲਰਾਮਪੁਰ, ਇਨ੍ਹਾਂ ਜ਼ਿਲ੍ਹਿਆਂ ਵਿੱਚ ਬਘਿਆੜਾਂ ਦੇ ਹਮਲਿਆਂ ਕਰਕੇ ਕਰੀਬ 32 ਬੱਚਿਆਂ ਦੀ ਜਾਨ ਚਲੇ ਗਈ ਸੀ। ਬਾਅਦ ਵਿੱਚ ਉਸ ਤਰ੍ਹਾਂ ਦੇ ਹਮਲੇ ਨਹੀਂ ਹੋਏ ਹਨ।"

ਉਨ੍ਹਾਂ ਨੇ ਦੱਸਿਆ, "ਮਹਸੀ ਵਿੱਚ ਪੰਜ ਜਾਂ ਛੇ ਬਘਿਆੜਾਂ ਦਾ ਇੱਕ ਸਮੂਹ ਹੈ, ਜੋ ਇਨਸਾਨਾਂ 'ਤੇ ਹਮਲਾ ਕਰ ਰਿਹਾ ਹੈ।"

ਪਿਛਲੀ ਵਾਰ ਵਾਂਗ ਤਰ੍ਹਾਂ ਇਸ ਵਾਰ ਵੀ ਉਹੀ ਹਾਲਾਤ ਹਨ, ਜਿਸ ਨੂੰ ਲੈ ਕੇ ਸਥਾਨਕ ਲੋਕਾਂ ਅੰਦਰ ਗੁੱਸਾ ਵੱਧ ਗਿਆ ਹੈ।"

ਡੀਐੱਫਓ ਦਾ ਕਹਿਣਾ ਹੈ, "ਇਨ੍ਹਾਂ ਹਾਲਾਤ ਵਿੱਚ ਕਦੇ-ਕਦੇ ਜਦ ਬਘਿਆੜ ਉਨ੍ਹਾਂ ਦੇ ਕਬਜ਼ੇ ਵਿੱਚ ਆ ਜਾਂਦੇ ਹਨ, ਤਾਂ ਕਈ ਵਾਰ ਹੁੰਦਾ ਹੈ ਕਿ ਸਥਾਨਕ ਵਾਸੀ ਜਾਨਵਰ ਨੂੰ ਵਿਭਾਗ ਤੋਂ ਖੋਹ ਕੇ ਮਾਰਨ ਦੀ ਕੋਸ਼ਿਸ਼ ਕਰਦੇ ਹਨ।"

ਅਜਿਹੇ ਲੋਕਾਂ ਦੇ ਖ਼ਿਲਾਫ਼ ਪੁਲਿਸ ਵਿੱਚ ਵਾਈਲਡ ਲਾਈਫ਼ ਐਕਟ ਤਹਿਤ ਮਾਮਲਾ ਵੀ ਦਰਜ ਹੈ। ਬਹਰਾਇਚ 'ਚ ਜੰਗਲਾਤ ਵਿਭਾਗ ਦੀ ਟੀਮ 'ਤੇ ਹਮਲਾ ਕਰਨ ਦੇ ਇਲਜ਼ਾਮ 'ਚ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ-

ਖ਼ੁਦ ਨੂੰ ਬਚਾਉਣ ਲਈ ਸੰਘਰਸ਼

ਬਘਿਆੜਾਂ ਦੇ ਹਮਲਿਆਂ ਤੋਂ ਬਚਣ ਲਈ ਪਿੰਡ ਵਾਸੀ ਚੌਕਸੀ ਰੱਖ ਰਹੇ ਹਨ। ਹਾਲਾਂਕਿ, ਇਹ ਉਨ੍ਹਾਂ ਲਈ ਆਸਾਨ ਨਹੀਂ ਹੈ।ਰਾਤ ਨੂੰ ਬਿਜਲੀ ਨਾ ਹੋਣ ਕਰਕੇ ਅਤੇ ਹਨੇਰਾ ਹੋਣ ਕਾਰਨ ਚੁਣੌਤੀ ਹੋਰ ਵੀ ਵੱਧ ਜਾਂਦੀ ਹੈ।

ਮੈਕੂਪੁਰਵਾ ਪਿੰਡ ਦੇ ਰਾਮਲਾਲ ਦਾ ਕਹਿਣਾ ਹੈ, "ਬਿਜਲੀ ਦੀ ਸਮੱਸਿਆ ਕਾਰਨ ਬਘਿਆੜ ਹਨੇਰੇ ਦਾ ਫਾਇਦਾ ਚੁੱਕਦੇ ਹਨ। ਅਸੀਂ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਹੈ ਪਰ ਰਾਤ ਨੂੰ ਬਿਜਲੀ ਨਹੀਂ ਆਉਂਦੀ। ਜੇਕਰ ਰਾਤ ਨੂੰ ਬਿਜਲੀ ਹੋਵੇ, ਤਾਂ ਆਸਾਨੀ ਹੋ ਜਾਵੇ।"

ਬਘਿਆੜ ਦੇ ਹਮਲੇ ਦੀ ਪਿਛਲੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, "ਰਾਤ ਨੂੰ ਵੀ ਇਹ ਜਾਨਵਰ ਪਿੰਡ ਵਿੱਚ ਆ ਗਿਆ ਸੀ। ਚੌਕਸੀ ਕਾਰਨ ਕੋਈ ਘਟਨਾ ਨਹੀਂ ਵਾਪਰੀ। ਪਰ 17 ਅਗਸਤ ਦੀ ਰਾਤ ਨੂੰ ਹਿੰਦੂਪੁਰਵਾ ਪਿੰਡ ਤੋਂ ਚਾਰ ਸਾਲ ਦੀ ਸੰਧਿਆ ਨੂੰ ਬਘਿਆੜ ਚੁੱਕ ਕੇ ਲੈ ਗਿਆ।"

ਸੰਧਿਆ ਦੀ ਮਾਂ ਸੁਨੀਤਾ ਨੇ ਘਟਨਾ ਬਾਰੇ ਦੱਸਿਆ, "ਜਿਵੇਂ ਹੀ ਲਾਈਟਾਂ ਜਾਣ ਦੇ ਦੋ ਮਿੰਟਾਂ ਵਿੱਚ ਹੀ ਬਘਿਆੜ ਨੇ ਹਮਲਾ ਕਰ ਦਿੱਤਾ ਅਤੇ ਇਸ ਤੋਂ ਪਹਿਲਾਂ ਕਿ ਅਸੀਂ ਕੁਝ ਸਮਝ ਪਾਉਂਦੇ, ਉਹ ਉਸ ਨੂੰ ਲੈ ਕੇ ਭੱਜ ਗਿਆ।"

ਮੈਕੂਪੁਰਵਾ ਪਿੰਡ ਵਾਂਗ ਨੇੜਲੇ ਪਿੰਡਾਂ ਵਿੱਚ ਵੀ ਬਘਿਆੜਾਂ ਨੇ ਮਨੁੱਖੀ ਬੱਚਿਆਂ ’ਤੇ ਹਮਲਾ ਕੀਤਾ। 21 ਅਗਸਤ ਨੂੰ ਪਿੰਡ ਭਟੋਲੀ ਨੇੜੇ ਬਘਿਆੜ ਨੇ ਇੱਕ ਬੱਚੀ ਦਾ ਸ਼ਿਕਾਰ ਕੀਤਾ।

ਹਿੰਦੂਪੁਰਵਾ ਪਿੰਡ ਨੇੜੇ ਨਸੀਰਪੁਰ ਪਿੰਡ ਵਿੱਚ ਚਾਰ ਸਾਲਾ ਸਬਾ ’ਤੇ ਵੀ ਹਮਲਾ ਕੀਤਾ ਗਿਆ ਸੀ, ਪਰ ਉਸ ਦੇ ਪਿਤਾ ਨੇ ਬੱਚੀ ਨੂੰ ਫੜ੍ਹੀ ਰੱਖਿਆ ਜਿਸ ਕਰਕੇ ਉਹ ਬਚ ਗਈ। ਪਰ ਉਸ ਦੇ ਸਿਰ 'ਤੇ ਬੁਰੀ ਤਰ੍ਹਾਂ ਸੱਟ ਲੱਗੀ ਅਤੇ ਪੱਟੀ ਬੰਨ੍ਹੀ ਹੋਈ ਹੈ।

ਬਘਿਆੜ ਦੇ ਹਮਲੇ ਬਾਰੇ ਸਬਾ ਦੇ ਪਿਤਾ ਸ਼ਕੀਲ ਨੇ ਕਿਹਾ, "ਮੈਂ ਜਾਨਵਰ ਦੇ ਪਿੱਛੇ ਭੱਜਿਆ, ਪਰ ਸਿਰਫ਼ ਪਿੱਛੇ ਤੋਂ ਹੀ ਦੇਖ ਸਕਿਆ। ਜਦੋਂ ਘਰ ਪਰਤੇ ਤਾਂ ਉਨ੍ਹਾਂ ਦੀ ਧੀ ਦੇ ਸਿਰ ਤੋਂ ਬਹੁਤ ਖੂਨ ਵਹਿ ਰਿਹਾ ਸੀ ਕਿਉਂਕਿ ਜਾਨਵਰ ਨੇ ਉਸ ਨੂੰ ਸਿਰ ਤੋਂ ਫੜਿਆ ਸੀ।"

ਜੰਗਲਾਤ ਵਿਭਾਗ ਦੇ ਅਧਿਕਾਰੀ ਵੀ ਪਿੰਡ ਵਾਸੀਆਂ ਨੂੰ ਸੁਚੇਤ ਰਹਿਣ ਲਈ ਜਾਗਰੂਕ ਕਰ ਰਹੇ ਹਨ। ਇਸ ਲਈ ਜਨਤਕ ਐਲਾਨ ਵੀ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਪਟਾਕੇ ਵੀ ਦਿੱਤੇ ਗਏ ਹਨ ਤਾਂ ਜੋ ਖ਼ਤਰਾ ਦੇਖਦੇ ਹੀ ਉਹ ਇਸ ਦੀ ਵਰਤੋਂ ਕਰਨ, ਇਨ੍ਹਾਂ ਦੀ ਆਵਾਜ਼ ਸੁਣ ਕੇ ਬਘਿਆੜ ਭੱਜ ਜਾਂਦੇ ਹਨ।

ਰਾਤ ਸਮੇਂ ਜਾਨਵਰਾਂ ਤੋਂ ਪੈਦਾ ਹੋਣ ਵਾਲੇ ਖਤਰੇ ਬਾਰੇ ਜੰਗਲਾਤ ਵਿਭਾਗ ਦੇ ਅਧਿਕਾਰੀ ਅਜੀਤ ਪ੍ਰਤਾਪ ਸਿੰਘ ਦਾ ਕਹਿਣਾ ਹੈ, "ਇਲਾਕੇ ਵਿੱਚ ਬਹੁਤ ਗਰੀਬੀ ਹੈ। ਲੋਕਾਂ ਕੋਲ ਪੱਕੇ ਮਕਾਨ ਨਹੀਂ ਹਨ ਅਤੇ ਉਹ ਬਾਹਰ ਸੌਂਦੇ ਹਨ। ਇਸ ਕਰਕੇ ਖ਼ਤਰਾ ਬਣਿਆ ਹੋਇਆ ਹੈ।"

ਡੀਐੱਫਓ
ਤਸਵੀਰ ਕੈਪਸ਼ਨ, ਡੀਐੱਫਓ ਦੇ ਅਨੁਸਾਰ, ਇਸ ਝੁੰਡ ਵਿੱਚ ਇੱਕ ਬਾਲਗ ਬਘਿਆੜ ਲੰਗੜਾ ਹੈ, ਇਸ ਲਈ ਹੋ ਸਕਦਾ ਹੈ ਕਿ ਉਹ ਜ਼ਿਆਦਾ ਖਤਰਨਾਕ ਹੋਵੇ

ਡੀਐੱਫਓ ਦਾ ਕੀ ਕਹਿਣਾ ਹੈ

ਡੀਐੱਫਓ ਅਜੀਤ ਪ੍ਰਤਾਪ ਸਿੰਘ ਨੇ ਦੱਸਿਆ, "ਅਸੀਂ ਬਾਕੀ ਰਹਿੰਦੇ ਜਾਨਵਰਾਂ ਨੂੰ ਜਲਦੀ ਹੀ ਫੜ ਲਵਾਂਗੇ। ਫੜੇ ਗਏ ਤਿੰਨ ਜਾਨਵਰਾਂ ਵਿੱਚੋਂ ਇੱਕ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਬਾਕੀ ਦੋ ਨੂੰ ਲਖਨਊ ਚਿੜੀਆਘਰ ਵਿੱਚ ਭੇਜ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਨਰ ਹੈ ਅਤੇ ਇੱਕ ਮਾਦਾ ਹੈ।"

ਉਨ੍ਹਾਂ ਨੇ ਦੱਸਿਆ, "ਇਸ ਝੁੰਡ ਵਿੱਚ ਇੱਕ ਬਘਿਆੜ ਲੰਗੜਾ ਹੈ, ਸੰਭਵ ਹੈ ਕਿ ਉਹ ਜ਼ਿਆਦਾ ਭਿਆਨਕ ਹੋਵੇ। ਇਸ ਲਈ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

ਬੀਬੀਸੀ ਨੇ ਘਾਹ ਕੱਟਣ ਮਗਰੋਂ ਵਾਪਸ ਆ ਰਹੇ ਪਿੰਡ ਵਾਸੀਆਂ ਨਾਲ ਬਘਿਆੜਾਂ ਦੀ ਮੌਜੂਦਗੀ ਬਾਰੇ ਗੱਲ ਕੀਤੀ।

ਇਸ ਦੌਰਾਨ ਇੱਕ ਪਿੰਡ ਵਾਸੀ ਨੇ ਦੱਸਿਆ, "ਉਨ੍ਹਾਂ ਨੇ ਤਿੰਨ ਬਘਿਆੜਾਂ ਨੂੰ ਦੇਖਿਆ, ਜਿਨ੍ਹਾਂ ਵਿੱਚੋਂ ਇੱਕ ਲੰਗੜਾ ਹੈ ਅਤੇ ਦੋ ਨਾਬਾਲਗ ਜਾਪਦੇ ਹਨ।"

ਸਰਕਾਰ ਨੇ ਇਸ ਖੇਤਰ ਦੀ ਸਾਂਭ-ਸੰਭਾਲ ਲਈ ਜੰਗਲਾਤ ਵਿਭਾਗ ਨੂੰ 20 ਲੱਖ ਰੁਪਏ ਦਿੱਤੇ ਹਨ।

ਡੀਐੱਫਓ ਅਨੁਸਾਰ ਬਘਿਆੜਾਂ ਦੇ ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰ ਵਾਸੀਆਂ ਨੂੰ ਸਰਕਾਰ ਵੱਲੋਂ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਜਿਸ ਵਿੱਚੋਂ 4 ਲੱਖ ਰੁਪਏ ਪ੍ਰਸ਼ਾਸਨ ਵੱਲੋਂ ਅਤੇ 1 ਲੱਖ ਰੁਪਏ ਜੰਗਲਾਤ ਵਿਭਾਗ ਵੱਲੋਂ ਦਿੱਤੇ ਜਾ ਰਹੇ ਹਨ।

ਇਸ ਤੋਂ ਪਹਿਲਾਂ 2020 'ਚ ਵੀ ਬਹਰਾਇਚ ਦੇ ਨਾਲ ਲੱਗਦੇ ਇਲਾਕਿਆਂ 'ਚ ਬਘਿਆੜਾਂ ਨੇ ਇਨਸਾਨਾਂ 'ਤੇ ਹਮਲਾ ਕੀਤਾ ਸੀ।

ਉਸ ਸਮੇਂ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਲਖੀਮਪੁਰ ਖੇੜੀ ਜ਼ਿਲੇ ਦੇ ਧੌਰਹਰਾ 'ਚ ਬਘਿਆੜ ਦੇ ਹਮਲੇ ਕਾਰਨ 21 ਲੋਕ ਜ਼ਖਮੀ ਹੋ ਗਏ ਸਨ।

ਇਹ ਸਾਰੇ ਹਮਲੇ ਦੁਧਵਾ ਟਾਈਗਰ ਰਿਜ਼ਰਵ ਦੇ ਬਫਰ ਜ਼ੋਨ 'ਚ ਹੋਏ ਸੀ, ਜਿਸ 'ਚ ਕਰੀਬ 8 ਪਿੰਡਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਇਲਾਕੇ ਵਿੱਚ ਪਾਣੀ ਭਰਨ ਅਤੇ ਗੰਨੇ ਦੀ ਫ਼ਸਲ ਵਿੱਚ ਵਾਧੇ ਕਾਰਨ ਬਘਿਆੜਾਂ ਦੀ ਭਾਲ ਵਿੱਚ ਡਰੋਨ ਕਾਫ਼ੀ ਮਦਦ ਕਰ ਰਹੇ ਹਨ
ਤਸਵੀਰ ਕੈਪਸ਼ਨ, ਇਲਾਕੇ ਵਿੱਚ ਪਾਣੀ ਭਰਨ ਅਤੇ ਗੰਨੇ ਦੀ ਫ਼ਸਲ ਵਿੱਚ ਵਾਧੇ ਕਾਰਨ ਬਘਿਆੜਾਂ ਦੀ ਭਾਲ ਵਿੱਚ ਡਰੋਨ ਕਾਫ਼ੀ ਮਦਦ ਕਰ ਰਹੇ ਹਨ

ਡਰੋਨ 'ਤੇ ਨਿਰਭਰਤਾ

ਜੰਗਲਾਤ ਵਿਭਾਗ ਦੇ ਡੀਐੱਫਓ ਦੀ ਨਿਗਰਾਨੀ ਹੇਠ ਬਹਿਰਾਇਚ ਦੇ ਰੇਂਜ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਡਰੋਨ ਰਾਹੀਂ ਇਲਾਕੇ ਦੇ ਦਲਦਲ ਅਤੇ ਗੰਨੇ ਦੇ ਖੇਤਾਂ ਵਿੱਚ ਸਵੇਰ ਤੋਂ ਰਾਤ ਤੱਕ ਬਘਿਆੜਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ।

ਟੀਮ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਅਤੇ ਘਾਹ ਕੱਟਣ ਵਾਲਿਆਂ ਨਾਲ ਵੀ ਗੱਲਬਾਤ ਕਰਦੀ ਹੈ।

ਉਨ੍ਹਾਂ ਤੋਂ ਸੁਰਾਗ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਕੋਈ ਜਾਨਵਰ ਦੇਖਿਆ ਹੈ ਜਾਂ ਨਹੀਂ।

ਕਿਸਾਨਾਂ ਤੋਂ ਮਿਲੀ ਜਾਣਕਾਰੀ ਦੇ ਹਿਸਾਬ ਨਾਲ ਬਘਿਆੜਾਂ ਦੇ ਹੋਣ ਦਾ ਸ਼ੱਕ ਵਾਲੇ ਇਲਾਕਿਆਂ ਵਿੱਚ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਜਾਨਵਰ ਨੂੰ ਕੋਈ ਸੱਟ ਨਾ ਲੱਗੇ।

ਬਹਿਰਾਇਚ ਦੇ ਰੇਂਜ ਅਧਿਕਾਰੀ ਮੁਹੰਮਦ ਸਾਕਿਬ ਨੇ ਬੀਬੀਸੀ ਨੂੰ ਦੱਸਿਆ, "ਇਲਾਕਾ ਪਾਣੀ ਨਾਲ ਭਰਿਆ ਹੈ। ਗੰਨੇ ਦੀ ਫ਼ਸਲ ਵੀ ਵਧ ਗਈ ਹੈ, ਜਿਸ ਕਾਰਨ ਬਘਿਆੜਾਂ ਦੀ ਭਾਲ ਕਰਨ ਵਿੱਚ ਮੁਸ਼ਕਲ ਆ ਰਹੀ ਹੈ।"

"ਇਸ ਤੋਂ ਇਲਾਵਾ ਡਰੋਨ ਵੀ ਓਵਰਹੀਟ ਹੋ ਜਾਂਦਾ ਹੈ ਤਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ। ਫਿਰ ਅਸੀਂ ਸਥਾਨਕ ਲੋਕਾਂ ਦੀ ਮਦਦ ਲੈ ਕੇ ਬਘਿਆੜਾਂ ਨੂੰ ਘੇਰ ਲੈਂਦੇ ਹਾਂ। ਫਿਰ ਅਸੀਂ ਜਾਲ ਵਿਛਾਉਂਦੇ ਹਾਂ ਅਤੇ ਪਿੰਜਰੇ ਨੂੰ ਵੀ ਤਿਆਰ ਰੱਖਦੇ ਹਾਂ ਤਾਂ ਜੋ ਬਘਿਆੜ ਪਿੰਜਰੇ ਵਿੱਚ ਆ ਜਾਣ।"

"ਇਹ ਸਾਵਧਾਨੀਆਂ ਵੀ ਧਿਆਨ ਵਿੱਚ ਰੱਖਦੇ ਹਾਂ ਕਿ ਕਿਤੇ ਜਾਨਵਰ ਨੂੰ ਸੱਟ ਨਾ ਲੱਗੇ।"

ਉੱਤਰ ਪ੍ਰਦੇਸ਼ ਦੇ ਜੰਗਲਾਤ ਮੰਤਰੀ ਅਰੁਣ ਕੁਮਾਰ ਸਕਸੈਨਾ ਨੇ ਮਨੁੱਖੀ-ਜੰਗਲੀ ਜੀਵ ਸੰਘਰਸ਼ ਨੂੰ ਰੋਕਣ ਲਈ ਭਵਿੱਖ ਦੀਆਂ ਮੁਹਿੰਮਾਂ ਅਤੇ ਪ੍ਰੋਗਰਾਮਾਂ ਬਾਰੇ ਬੀਬੀਸੀ ਨਾਲ ਗੱਲ ਕੀਤੀ।

ਉਨ੍ਹਾਂ ਕਿਹਾ, "ਉੱਚ ਪੱਧਰ 'ਤੇ ਮਨੁੱਖੀ-ਜੰਗਲੀ ਜੀਵ ਸੰਘਰਸ਼ ਨੂੰ ਰੋਕਣ ਲਈ, ਜੰਗਲਾਤ ਵਿਭਾਗ ਵਾੜ ਲਗਾਉਣ ਦਾ ਕੰਮ ਵੀ ਸ਼ੁਰੂ ਕਰਨ ਜਾ ਰਿਹਾ ਹੈ।"

"ਮਨੁੱਖੀ ਜਾਨਾਂ ਦੇ ਨੁਕਸਾਨ ਨੂੰ ਰੋਕਣ ਲਈ, ਸੰਵੇਦਨਸ਼ੀਲ ਪਿੰਡਾਂ ਦੀ ਸੂਚੀ ਤਿਆਰ ਕਰ ਕੇ ਅਸੁਰੱਖਿਅਤ ਖੇਤਰਾਂ ਵਿੱਚ ਗੂਗਲ ਮੈਪਿੰਗ ਦੇ ਰਾਹੀਂ ਜੰਗਲੀ ਜੀਵ ਪ੍ਰਭਾਵਿਤ ਇਲਾਕਿਆਂ ਦਾ ਵਿਸ਼ਲੇਸ਼ਣ ਕਰ ਤੈਅ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ।"

ਉਨ੍ਹਾਂ ਕਿਹਾ, "ਸਮੇਂ-ਸਮੇਂ 'ਤੇ ਸਮਰੱਥ ਪੱਧਰ ਤੋਂ ਮਨਜ਼ੂਰੀ ਲੈ ਕੇ, ਪਿੰਜਰੇ ਲਗਾ ਕੇ ਅਤੇ ਇਸ ਵਿੱਚ ਬੈਲਟਾਂ ਬੰਨ੍ਹ ਕੇ ਸੰਘਰਸ਼ਸ਼ੀਲ ਜੰਗਲੀ ਜੀਵਾਂ ਨੂੰ ਫੜ੍ਹਨ ਦੇ ਯਤਨ ਕੀਤੇ ਜਾ ਰਹੇ ਹਨ।"

ਪ੍ਰੋਫੈਸਰ ਅਮਿਤਾ ਕਨੌਜੀਆ
ਤਸਵੀਰ ਕੈਪਸ਼ਨ, ਪ੍ਰੋਫੈਸਰ ਅਮਿਤਾ ਕਨੌਜੀਆ ਦਾ ਕਹਿਣਾ ਹੈ ਕਿ ਹੜ੍ਹਾਂ ਕਾਰਨ ਬਘਿਆੜ ਆਸਾਨ ਭੋਜਨ ਦੀ ਭਾਲ ਵਿੱਚ ਬੱਚਿਆਂ ਨੂੰ ਚੁੱਕ ਰਹੇ ਹੋ ਸਕਦੇ ਹਨ

ਇਨਸਾਨਾਂ 'ਤੇ ਹਮਲਿਆਂ ਦਾ ਅਸਲ ਕਾਰਨ ਕੀ ਹੈ?

ਦੁਨੀਆ ਦੇ ਵੱਖ-ਵੱਖ ਖੇਤਰਾਂ ਵਿੱਚ ਮਨੁੱਖਾਂ ਅਤੇ ਬਘਿਆੜਾਂ ਵਿਚਕਾਰ ਟਕਰਾਅ ਦੇਖਿਆ ਗਿਆ ਹੈ। ਇਸ ਬਾਰੇ ਮਾਹਿਰਾਂ ਦੇ ਵੱਖੋ-ਵੱਖਰੇ ਵਿਚਾਰ ਹਨ।

ਅਮਰੀਕਾ ਦੇ ਉਪਰਲੇ ਪ੍ਰਾਇਦੀਪ ਵਿੱਚ ਵੀ ਇਨਸਾਨਾਂ ਅਤੇ ਬਘਿਆੜਾਂ ਵਿਚਕਾਰ ਟਕਰਾਅ ਦੇਖਿਆ ਗਿਆ ਹੈ।

ਮਿਸ਼ੀਗਨ ਸਥਿਤ ਡਿਪਾਰਟਮੈਂਟ ਆਫ ਨੈਚੁਰਲ ਰਿਸੋਰਸਜ਼ ਦੇ ਵਾਈਲਡ ਲਾਈਫ ਬਾਇਓਲੋਜਿਸਟ ਬ੍ਰਾਇਨ ਰੋਇਲ ਦਾ ਮੰਨਣਾ ਹੈ ਕਿ ਅਜਿਹੇ ਟਕਰਾਅ ਬਹੁਤ ਘੱਟ ਹੁੰਦੇ ਹਨ।

ਹਫ਼ਤਾਵਾਰੀ ਮੈਗਜ਼ੀਨ ਨਾਰਦਰਨ ਐਕਸਪ੍ਰੈੱਸ ਦੀ ਇੱਕ ਰਿਪੋਰਟ ਵਿੱਚ, ਬ੍ਰਾਇਨ ਰੋਇਲ ਕਹਿੰਦਾ ਹੈ, "ਬਘਿਆੜਾਂ ਅਤੇ ਆਵਾਰਾ ਕੁੱਤਿਆਂ, ਯਾਨਿ ਫੇਰਲ ਡੌਗਜ਼ ਵਿਚਾਲੇ ਟਕਰਾਅ ਦੇਖਿਆ ਗਿਆ ਹੈ, ਪਰ ਮਨੁੱਖਾਂ 'ਤੇ ਹਮਲੇ ਦੇ ਮਾਮਲੇ ਬਹੁਤ ਘੱਟ ਹਨ।"

ਰੋਇਲ ਨੂੰ ਬਘਿਆੜਾਂ ਦਾ ਮਾਹਰ ਮੰਨਿਆ ਜਾਂਦਾ ਹੈ।

ਬਘਿਆੜਾਂ ਅਤੇ ਪਾਲਤੂ ਜਾਨਵਰਾਂ ਵਿਚਕਾਰ ਟਕਰਾਅ ਬਾਰੇ, ਉਹ ਕਹਿੰਦੇ ਹਨ, "ਅਜਿਹੇ ਹਮਲੇ ਬਹੁਤ ਘੱਟ ਹੁੰਦੇ ਹਨ, ਖ਼ਾਸ ਕਰਕੇ ਉੱਚੀ ਪ੍ਰਾਇਦੀਪ ਦਾ ਲੈਂਡਸਕੇਪ ਬਹੁਤ ਵੱਡਾ ਹੈ ਅਤੇ ਇੱਥੇ ਬਹੁਤ ਸਾਰੇ ਘਰੇਲੂ ਜਾਨਵਰ ਹਨ। ਬਘਿਆੜਾਂ ਦੇ ਖੇਤਰੀ ਦਬਦਬੇ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।"

ਵਾਈਲਡ ਲਾਈਫ ਐੱਸਓਐੱਸ ਅਨੁਸਾਰ ਕੁਦਰਤੀ ਤਬਦੀਲੀਆਂ ਕਾਰਨ ਮੌਸਮ ਅਤੇ ਬਹਾਰਾਂ ʻਤੇ ਅਸਰ ਹੋ ਰਿਹਾ ਹੈ, ਜਿਸ ਕਾਰਨ ਜੰਗਲੀ ਜੀਵਾਂ 'ਤੇ ਇਸ ਦਾ ਪ੍ਰਭਾਵ ਪ੍ਰਜਨਨ ਸੀਜ਼ਨ ਅਤੇ ਪ੍ਰਵਾਸ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।

ਇਸ ਲਈ ਜੰਗਲੀ ਜਾਨਵਰਾਂ ਨਾਲ ਮੁਠਭੇੜਾਂ ਵਧ ਰਹੀਆਂ ਹਨ।

ਬੀਬੀਸੀ ਨੇ ਮਨੁੱਖਾਂ ਅਤੇ ਜਾਨਵਰਾਂ ਵਿਚਕਾਰ ਸੰਘਰਸ਼ 'ਤੇ ਲਖਨਊ ਯੂਨੀਵਰਸਿਟੀ ਦੇ ਜੰਗਲੀ ਜੀਵ ਵਿਗਿਆਨ ਦੀ ਕੋਆਰਡੀਨੇਟਰ ਪ੍ਰੋਫੈਸਰ ਅਮਿਤਾ ਕਨੌਜੀਆ ਨਾਲ ਗੱਲ ਕੀਤੀ।

ਉਨ੍ਹਾਂ ਨੇ ਕਿਹਾ, "ਇਹ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ, ਬਘਿਆੜ ਝੁੰਡ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦਾ ਸਮਾਜਿਕ ਢਾਂਚਾ ਬਹੁਤ ਮਜ਼ਬੂਤ ਹੁੰਦਾ ਹੈ, ਜਿਸ ਵਿਚ ਦੋ ਤੋਂ ਦਸ ਜਾਨਵਰ ਰਹਿ ਸਕਦੇ ਹਨ।"

"ਉਹ ਪ੍ਰਜਨਨ ਸੀਜ਼ਨ ਯਾਨਿ ਅਕਤੂਬਰ ਤੋਂ ਪਹਿਲਾਂ ਇਕ ਸੁਰੱਖਿਅਤ ਜਗ੍ਹਾ ਲੱਭਦੇ ਹਨ, ਫਿਰ ਆਪਣੇ ਬੱਚੇ ਬਾਲਗ਼ ਹੋਣ ਤੱਕ ਪਾਲਦੇ ਹਨ ਅਤੇ ਉਨ੍ਹਾਂ ਨੂੰ ਸ਼ਿਕਾਰ ਕਰਨਾ ਵੀ ਸਿਖਾਉਂਦੇ ਹਨ।"

ਮਨੁੱਖਾਂ 'ਤੇ ਹਮਲਾ ਕਰਨ ਬਾਰੇ, ਪ੍ਰੋਫੈਸਰ ਕਨੌਜੀਆ ਕਹਿੰਦੇ ਹਨ, "ਉਹ ਮਨੁੱਖੀ ਆਬਾਦੀ ਵੱਲ ਅਵਾਰਾ ਕੁੱਤਿਆਂ ਨੂੰ ਲੱਭਦੇ ਰਹਿੰਦੇ ਹਨ ਅਤੇ ਗ਼ਲਤੀ ਨਾਲ ਮਨੁੱਖਾਂ 'ਤੇ ਹਮਲਾ ਕਰਦੇ ਹਨ। ਫਿਰ ਇਹੀ ਆਦਤ ਬਣ ਜਾਂਦੀ ਹੈ।"

ਇਹ ਪੁੱਛੇ ਜਾਣ 'ਤੇ ਕਿ ਕੀ ਇਹ ਜਲਵਾਯੂ ਪਰਿਵਰਤਨ ਦੇ ਕਾਰਨ ਹੈ, ਪ੍ਰੋਫੈਸਰ ਅਮਿਤਾ ਕਨੌਜੀਆ ਨੇ ਕਿਹਾ, "ਜਲਵਾਯੂ ਤਬਦੀਲੀ ਇੱਕ ਹੌਲੀ ਪ੍ਰਕਿਰਿਆ ਹੈ। ਇਸਦਾ ਸਿੱਧਾ ਅਸਰ ਤਾਂ ਨਹੀਂ ਹੋ ਸਕਦਾ, ਪਰ ਹੜ੍ਹਾਂ ਆਉਣ ਕਾਰਨ ਇਹ ਹੋ ਸਕਦਾ ਹੈ ਕਿ ਬਘਿਆੜ ਆਸਾਨ ਭੋਜਨ ਦੀ ਤਲਾਸ਼ ਵਿੱਚ ਬੱਚਿਆਂ ਨੂੰ ਚੁੱਕ ਰਹੇ ਹਨ।"

ਬਘਿਆੜ
ਤਸਵੀਰ ਕੈਪਸ਼ਨ, ਇੱਕ ਬਘਿਆੜ ਦਿਨ ਵਿੱਚ 10-12 ਘੰਟੇ ਇਸ ਖੇਤਰ ਵਿੱਚ ਘੁੰਮਦਾ ਹੈ, ਅਤੇ ਹਰੇਕ ਝੁੰਡ ਦਾ ਖੇਤਰ ਬਹੁਤ ਵੱਡਾ ਹੁੰਦਾ ਹੈ

ਬਘਿਆੜਾਂ ਬਾਰੇ ਵਿਵਾਦ ਕਿਉਂ ਹੈ?

ਬਘਿਆੜਾਂ ਦੇ ਆਲੇ ਦੁਆਲੇ ਵਿਵਾਦ ਦਾ ਇੱਕ ਸਰੋਤ ਉਨ੍ਹਾਂ ਦੀ ਆਬਾਦੀ ਦਾ ਆਕਾਰ ਹੈ।

ਮਿਸ਼ੀਗਨ ਡਿਪਾਰਟਮੈਂਟ ਆਫ ਨੈਚੁਰਲ ਰਿਸੋਰਸਜ਼ (ਡੀਐੱਨਆਰ) ਨੇ ਇਕ ਰਿਪੋਰਟ 'ਚ ਕਿਹਾ ਕਿ ਅਮਰੀਕਾ ਦੇ ਉਪਰਲੇ ਪ੍ਰਾਇਦੀਪ 'ਚ 631 ਬਘਿਆੜ ਹਨ।

ਇਨ੍ਹਾਂ ਅੰਕੜਿਆਂ ਨੂੰ ਲੈ ਕੇ ਡੀਐੱਨਆਰ ਵਿੱਚ 22 ਸਾਲਾ ਤੋਂ ਕੰਮ ਕਰ ਰਹੀ ਤਜ਼ਰਬੇਕਾਰ ਜੀਵ ਵਿਗਿਆਨੀ ਕ੍ਰਿਸਟੀ ਸਿਤਾਰ, ਕਹਿੰਦੇ ਹਨ, "ਬਘਿਆੜ ਦੀਆਂ ਤਸਵੀਰਾਂ ਦੀ ਗਿਣਤੀ ਜੋ ਜੰਗਲੀ ਜੀਵ ਸ਼ਿਕਾਰੀ ਇਕੱਠੀ ਕਰਦੇ ਹਨ, ਦਾ ਮਤਲਬ ਹੈ ਕਿ ਉੱਪਰੀ ਪ੍ਰਾਇਦੀਪ ਵਿੱਚ ਡੀਐੱਨਆਰ ਦੇ ਅਨੁਮਾਨਾਂ ਨਾਲੋਂ ਜ਼ਿਆਦਾ ਬਘਿਆੜ ਹਨ।"

ਹਾਲਾਂਕਿ, ਇਹ ਧਾਰਨਾ ਜ਼ਰੂਰੀ ਤੌਰ 'ਤੇ ਸੱਚ ਨਹੀਂ ਹੈ।

ਜੰਗਲੀ ਜੀਵ-ਵਿਗਿਆਨੀ ਬ੍ਰਾਇਨ ਰੋਇਲ ਕਹਿੰਦੇ ਹਨ, "ਬਘਿਆੜ ਝੁੰਡ ਵਿੱਚ ਵਾਪਸ ਆਉਣ ਤੋਂ ਪਹਿਲਾਂ ਕਈ ਦਿਨਾਂ ਤੱਕ ਵੱਖ-ਵੱਖ ਥਾਵਾਂ ʼਤੇ ਘੁੰਮਦੇ ਰਹਿੰਦੇ ਹਨ। ਬਘਿਆੜ ਕੁਦਰਤ ਦੇ ਸਭ ਤੋਂ ਵਧੀਆ ਲੰਬੀ ਦੂਰੀ ਦੇ ਜੌਗਰ ਹਨ।"

ਉਹ ਕਹਿੰਦੇ ਹਨ, "ਇੱਕ ਬਘਿਆੜ ਇੱਕ ਦਿਨ ਵਿੱਚ 10-12 ਘੰਟਿਆਂ ਲਈ ਖੇਤਰ ਦੇ ਆਲੇ ਦੁਆਲੇ ਦੌੜਦਾ ਹੈ ਅਤੇ ਹਰੇਕ ਝੁੰਡ ਦਾ ਖੇਤਰ ਬਹੁਤ ਵੱਡਾ ਹੈ।"

ਇਸ ਦੇ ਨਾਲ ਹੀ ਬਘਿਆੜਾਂ ਦੀ ਫੋਟੋਆਂ ਕਿੱਥੇ ਖਿੱਚੀਆਂ ਜਾ ਰਹੀਆਂ, ਇਸ ਦਾ ਮਾਮਲਾ ਵੀ ਹੈ।

ਰਾਇਲ ਕਹਿੰਦੇ ਹਨ, "ਬਘਿਆੜ ਵੱਟਾਂ, ਸੜਕਾਂ ਅਤੇ ਦੋ-ਟਰੈਕਾਂ 'ਤੇ ਚੱਲਦੇ ਹਨ ਕਿਉਂਕਿ ਉਨ੍ਹਾਂ ਨੂੰ ਲੰਘਣਾ ਆਸਾਨ ਹੁੰਦਾ ਹੈ। ਪਰ ਇਹ ਉਹੀ ਸਥਾਨ ਹਨ ਜਿੱਥੇ ਸ਼ਿਕਾਰੀ ਟ੍ਰੇਲ ਕੈਮਰੇ ਲਗਾਉਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਬਘਿਆੜਾਂ ਦੀ ਫੋਟੋ ਖਿੱਚਣ ਦੀ ਸੰਭਾਵਨਾ ਵੱਧ ਜਾਂਦੀ ਹੈ।"

"ਸੰਘਣੇ ਜੰਗਲਾਂ ਅਤੇ ਸੰਘਣੀ ਝਾੜੀਆਂ ਦੇ ਵਿਚਕਾਰ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ।"

ਇਸ ਸਭ ਦੇ ਵਿਚਕਾਰ ਇੱਕ ਹੀ ਬਘਿਆੜ ਦੇ ਝੁੰਡ ਦੀਆਂ ਫੋਟੋਆਂ ਖਿੱਚਣ ਨਾਲ ਨੰਬਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਜਾਂਦਾ ਹੈ।

ਰੋਇਲ ਕਹਿੰਦਾ ਹੈ, "ਇੱਕੋ ਖੇਤਰ ਵਿੱਚ ਕੁਝ ਜ਼ਮੀਨ ਮਾਲਕ ਬਘਿਆੜਾਂ ਦੀਆਂ 40 ਤਸਵੀਰਾਂ ਲੈਂਦੇ ਹਨ। ਉਹ ਸ਼ਾਇਦ ਚਾਰ ਤੋਂ ਪੰਜ ਬਘਿਆੜਾਂ ਦਾ ਇੱਕ ਝੁੰਡ ਦੇਖ ਰਹੇ ਹਨ, ਨਾ ਕਿ 40 ਵੱਖ-ਵੱਖ ਬਘਿਆੜਾਂ ਦਾ।"

ਬਘਿਆੜ 'ਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਰਾਇ

ਦੁਨੀਆ ਭਰ ਵਿੱਚ ਬਘਿਆੜਾਂ ਦੇ ਹਮਲਿਆਂ ਤੋਂ ਇੱਕ ਅਹਿਮ ਗੱਲ ਸਾਹਮਣੇ ਆਈ ਹੈ। ਇਨ੍ਹਾਂ ਹਮਲਿਆਂ ਪਿੱਛੇ ਰੇਬੀਜ਼ ਇਕ ਵੱਡਾ ਕਾਰਨ ਹੈ।

ਨਾਰਵੇਈਜੀਅਨ ਨੇਚਰ ਰਿਸਰਚ ਇੰਸਟੀਚਿਊਟ ਦੀ ਐੱਨਆਈਐੱਨਏ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਇੰਟਰਨੈਸ਼ਨਲ ਵੁਲਫ ਸੈਂਟਰ ਨੇ ਲਿਖਿਆ, "2002 ਤੋਂ 2020 ਤੱਕ ਦੁਨੀਆ ਭਰ ਵਿੱਚ ਬਘਿਆੜ ਦੇ 489 ਹਮਲੇ ਹੋਏ ਹਨ, ਜਿਨ੍ਹਾਂ ਵਿੱਚੋਂ 78 ਫੀਸਦ ਜਾਂ 380 ਰੇਬੀਜ਼ ਕਾਰਨ ਹੋਏ ਹਨ।"

ਇਸ ਤੋਂ ਇਲਾਵਾ ਸ਼ਿਕਾਰ ਲਈ 67 ਹਮਲੇ ਕੀਤੇ ਗਏ। ਜਦਕਿ ਸੁਰੱਖਿਆ ਜਾਂ ਭੜਕਾਹਟ ਕਾਰਨ ਬਘਿਆੜਾਂ ਵੱਲੋਂ 42 ਹਮਲੇ ਕੀਤੇ ਗਏ।

ਇੰਟਰਨੈਸ਼ਨਲ ਵੁਲਫ ਸੈਂਟਰ ਦੇ ਅਨੁਸਾਰ, ਲਗਭਗ 400 ਤੋਂ 1100 ਬਘਿਆੜ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਰਹਿੰਦੇ ਹਨ। ਉਪ ਮਹਾਂਦੀਪ ਵਿੱਚ 4000 ਤੋਂ 6000 ਬਘਿਆੜ ਰਹਿੰਦੇ ਹਨ।

ਉੱਤਰ ਪ੍ਰਦੇਸ਼ ਵਿੱਚ 1996-97 ਦੌਰਾਨ ਬਘਿਆੜਾਂ ਦੇ ਹਮਲਿਆਂ ਬਾਰੇ ਸੈਨ ਫਰਾਂਸਿਸਕੋ ਸਥਿਤ ਲਾਈਵ ਜਰਨਲ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।

ਇਸ ਰਿਪੋਰਟ ਵਿੱਚ ਕਿਹਾ ਗਿਆ ਹੈ, "ਇੱਕ ਸਤੰਬਰ 1996 ਤੱਕ ਉੱਤਰ ਪ੍ਰਦੇਸ਼ ਵਿੱਚ ਬਘਿਆੜਾਂ ਦੇ ਹਮਲਿਆਂ ਵਿੱਚ 33 ਬੱਚੇ ਮਾਰੇ ਗਏ ਸਨ। 20 ਬੱਚੇ ਗੰਭੀਰ ਜ਼ਖ਼ਮੀ ਹੋ ਗਏ ਸਨ।"

ਇਸ ਦੌਰਾਨ 10 ਬਘਿਆੜ ਵੀ ਮਾਰੇ ਗਏ।

ਰਿਪੋਰਟ ਮੁਤਾਬਕ 1996-97 ਦੌਰਾਨ ਬਘਿਆੜਾਂ ਨੇ 74 ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ, ਜਿਨ੍ਹਾਂ 'ਚੋਂ ਜ਼ਿਆਦਾਤਰ 10 ਸਾਲ ਤੋਂ ਘੱਟ ਉਮਰ ਦੇ ਬੱਚੇ ਸਨ।

ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 1878 ਵਿੱਚ ਬਘਿਆੜਾਂ ਦੇ ਹਮਲਿਆਂ ਕਾਰਨ ਸਭ ਤੋਂ ਵੱਧ ਨੁਕਸਾਨ ਹੋਇਆ ਸੀ, ਜਦੋਂ ਇੱਕ ਸਾਲ ਵਿੱਚ 624 ਲੋਕ ਬਘਿਆੜਾਂ ਦਾ ਸ਼ਿਕਾਰ ਹੋਏ ਸਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)