ਬਰਤਾਨਵੀ ਰਾਜ ਦਾ ਉਹ ਸੈਕਸ ਸਕੈਂਡਲ ਜੋ ਭਾਰਤ ਤੋਂ ਲੈ ਕੇ ਲੰਡਨ ਤੱਕ ਚਰਚਾ ਵਿੱਚ ਰਿਹਾ

    • ਲੇਖਕ, ਬੈਂਜਾਮਿਨ ਕੋਹੇਨ
    • ਰੋਲ, ਬੀਬੀਸੀ ਪੱਤਰਕਾਰ

ਬ੍ਰਿਟਿਸ਼ ਰਾਜ ਦੌਰਾਨ ਹੈਦਰਾਬਾਦ ਰਿਆਸਤ 'ਚ ਅਪ੍ਰੈਲ 1892 ਵਿੱਚ ਅੰਗਰੇਜ਼ੀ ਵਿੱਚ ਇੱਕ ਛੋਟਾ ਜਿਹਾ, ਕਰੀਬ ਅੱਠ ਪੰਨਿਆਂ ਦਾ, ਕਿਤਾਬਚਾ ਛਾਪਿਆ।

ਹੈਦਰਾਬਾਦ ਰਿਆਸਤ ਬ੍ਰਿਟਿਸ਼ ਰਾਜ ਹੇਠ ਆਉਂਦੀ ਇੱਕ ਵੱਡੀ ਅਤੇ ਅਮੀਰ ਰਿਆਸਤ ਸੀ।

ਇਸ ਕਿਤਾਬਚੇ ਨੇ ਇੱਕ ਜੋੜੇ ਦੀ ਜ਼ਿੰਦਗੀ ਤਬਾਹ ਕਰ ਦਿੱਤੀ।

ਇਸ ਵਿੱਚ ਮੁਸਲਮਾਨ ਰਈਸ ਮੇਹਦੀ ਹਸਨ ਅਤੇ ਉਨ੍ਹਾਂ ਦੀ ਭਾਰਤ ਵਿੱਚ ਜਨਮੀ ਬਰਤਾਨਵੀ ਘਰਵਾਲੀ ਏਲਨ ਗਰਟਰੂਡ ਡੋਨੇਲੀ ਦਾ ਜ਼ਿਕਰ ਸੀ।

19ਵੀਂ ਸਦੀ ਦੇ ਭਾਰਤ ਵਿੱਚ ਅੰਤਰ ਨਸਲੀ ਪਿਆਰ ਪ੍ਰਵਾਨ ਨਹੀਂ ਸੀ।

ਕਿਸੇ ਭਾਰਤੀ ਮਰਦ ਦਾ ਕਿਸੇ ਗੋਰੀ ਔਰਤ ਨਾਲ ਰਿਸ਼ਤਾ ਰੱਖਣਾ ਤਾਂ ਹੋਰ ਵੀ ਅਨੋਖਾ ਸੀ।

ਪਰ ਇਹ ਜੋੜਾ ਹੈਦਰਾਬਾਦ ਦੇ ਕਹਿੰਦੇ ਕਹਾਉਂਦੇ ਲੋਕਾਂ ਵਿੱਚ ਸ਼ਾਮਲ ਸੀ। ਹੈਦਰਾਬਾਦ ਉੱਤੇ ਨਿਜ਼ਾਮਾਂ ਦਾ ਰਾਜ ਸੀ।

ਏਲਨ ਦੇ ਬਰਤਾਨਵੀ ਪਿਛੋਕੜ ਅਤੇ ਮੇਹਦੀ ਦੀ ਨਿਜ਼ਾਮ ਸਰਕਾਰ ਵਿਚ ਭੂਮਿਕਾ ਕਾਰਨ ਉਹ ਉੱਨੀਵੀਂ ਸਦੀ ਦੇ ਅਖੀਰ ਵਿੱਚ ਇੱਕ ਪ੍ਰਭਾਵਸ਼ਾਲੀ ਜੋੜੀ ਬਣ ਗਏ।

ਇੱਥੋਂ ਤੱਕ ਕਿ ਉਨ੍ਹਾਂ ਨੂੰ ਮਹਾਰਾਣੀ ਵਿਕਟੋਰੀਆ ਨੂੰ ਮਿਲਣ ਲਈ ਲੰਡਨ ਵੀ ਬੁਲਾਇਆ ਗਿਆ ਸੀ।

ਮੇਹਦੀ ਦੀ ਸਫ਼ਲਤਾ ਨਾਲ ਲੋਕਾਂ ਨੂੰ ਸਾੜਾ

ਜਿਵੇਂ-ਜਿਵੇਂ ਮੇਹਦੀ ਹੈਦਰਾਬਾਦ ਦੇ ਪ੍ਰਬੰਧਕੀ ਅਹੁਦਿਆਂ ਵਿੱਚ ੳੱਪਰ ਵਧੇ ਉਸ ਦੀ ਸਫਲਤਾ ਨੇ ਸਥਾਨਕ ਲੋਕਾਂ ਅਤੇ ਹੈਦਰਾਬਾਦ ਰਹਿੰਦੇ ਉੱਤਰ ਭਾਰਤੀ ਲੋਕਾਂ ਵਿੱਚ ਉਸ ਪ੍ਰਤੀ ਈਰਖਾ ਪੈਦਾ ਕਰ ਦਿੱਤੀ।

ਉਹ ਹੈਦਰਾਬਾਦ ਦੀ ਹਾਈ ਕੋਰਟ ਦੇ ਮੁੱਖ ਜੱਜ ਬਣ ਗਏ ਅਤੇ ਫਿਰ ਸੂਬੇ ਦੇ ਗ੍ਰਹਿ ਸਕੱਤਰ ਦੇ ਅਹੁਦੇ ਤੱਕ ਵੀ ਪਹੁੰਚੇ।

ਇਨ੍ਹਾਂ ਅਹੁਦਿਆਂ ਉੱਤੇ ਮੇਹਦੀ ਨੂੰ ਚੰਗੀ ਤਨਖਾਹ ਵੀ ਮਿਲੀ ਪਰ ਉਨ੍ਹਾਂ ਦੇ ਸਹਿਕਰਮੀ ਉਨ੍ਹਾਂ ਨਾਲ ਈਰਖਾ ਕਰਨ ਲੱਗ ਗਏ।

ਦੂਜੇ ਪਾਸੇ ਏਲਨ ਪਰਦੇ ਹੇਠਾਂ ਨਾ ਰਹਿ ਕੇ ਹੈਦਰਾਬਾਦ ਦੇ ਪ੍ਰਭਾਵਸ਼ਾਲੀ ਲੋਕਾਂ ਵਿੱਚ ਉੱਠਣ ਬੈਠਣ ਲੱਗੀ।

ਇਸ ਨੇ ਕਈਆਂ ਨੂੰ ਪਰੇਸ਼ਾਨ ਕੀਤਾ, ਪਰ ਮੇਹਦੀ ਅਤੇ ਏਲਨ ਆਪਣੇ ਵੱਧ ਰਹੇ ਰੁਤਬਿਆਂ ਨੂੰ ਮਾਣ ਰਹੇ ਸੀ।

ਇਸ ਛੋਟੇ ਜਿਹੇ ਕਿਤਾਬਚੇ ਵਿੱਚ ਇਸ ਜੋੜੇ ਦੇ ਕਥਿਤ ਅਤੀਤ ਨੂੰ ਕੁਝ ਵੱਖਰੀ ਤਰ੍ਹਾਂ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਦਾ ਰੁਤਬਾ ਅਰਸ਼ ਤੋਂ ਫ਼ਰਸ਼ ‘ਤੇ ਆ ਗਿਆ।

ਮੇਹਦੀ ਦੀ ਸਫਲਤਾ ਤੋਂ ਈਰਖਾ ਕਰਨ ਵਾਲੇ ਇਸ ਕਿਤਾਬਚੇ ਦੇ ਬੇਨਾਮ ਲੇਖਕ ਨੂੰ ਮੇਹਦੀ ਵਿੱਚ ਕੋਈ ਕਮੀ ਨਾ ਲੱਭੀ, ਇਸ ਲਈ ਉਸ ਨੇ ਲਈ ਏਲਨ ਨੂੰ ਨਿਸ਼ਾਨਾ ਬਣਾਇਆ।

ਕਿਤਾਬਚੇ ਵਿੱਚ ਕੀ ਇਲਜ਼ਾਮ ਸਨ

ਕਿਤਾਬਚੇ ਵਿੱਚ ਮੁੱਖ ਰੂਪ ਵਿੱਚ ਤਿੰਨ ਇਲਜ਼ਾਮ ਲਗਾਏ ਗਏ।

ਪਹਿਲਾ, ਇਸ ਵਿੱਚ ਦਾਅਵਾ ਕੀਤਾ ਗਿਆ ਕਿ ਮੇਹਦੀ ਨਾਲ ਵਿਆਹ ਤੋਂ ਪਹਿਲਾਂ ਏਲਨ ਇੱਕ ਵੇਸਵਾ ਰਹੀ ਸੀ ਅਤੇ ਕਿਤਾਬਚੇ ਦੇ ਲੇਖਕ ਅਤੇ ਕੁਝ ਹੋਰ ਆਦਮੀਆਂ ਨੇ ਉਸ ਨੂੰ ਆਪਣੇ ਕਾਮੁਕ ਸੁਖ ਲਈ ‘ਰੱਖਿਆ’ ਸੀ।

ਇਸ ਵਿੱਚ ਦੂਜਾ ਇਲਜ਼ਾਮ ਇਹ ਲਾਇਆ ਗਿਆ ਸੀ ਕਿ ਮੇਹਦੀ ਅਤੇ ਏਲਨ ਵਿਆਹੇ ਹੋਏ ਨਹੀਂ ਸਨ।

ਇਸ ਵਿੱਚ ਤੀਜਾ ਇਲਜ਼ਾਮ ਇਹ ਲਾਇਆ ਗਿਆ ਸੀ ਕਿ ਮੇਹਦੀ ਨੇ ਹੈਦਰਾਬਾਦ ਵਿੱਚ ਉੱਚੇ ਪ੍ਰਬੰਧਕੀ ਅਹੁਦਿਆਂ 'ਤੇ ਤੈਨਾਤ ਲੋਕਾਂ ਕੋਲੋਂ ਫਾਇਦਾ ਲੈਣ ਲਈ ਏਲਨ ਨਾਲ ਸਰੀਰਕ ਸਬੰਧ ਬਣਾਉਣ ਦਾ ਸੌਦਾ ਕੀਤਾ ਹੈ।

ਮੁਕੱਦਮੇ ਵਿੱਚ ਕੀ ਹੋਇਆ

ਮੇਹਦੀ ਨੇ ਪੈਂਫ਼ਲਿਟ ਛਾਪਣ ਵਾਲੇ ਐਸ.ਐਮ.ਮਿਤਰਾ ਖ਼ਿਲਾਫ਼ ਰੈਜ਼ੀਡੈਂਸੀ ਕੋਰਟ ਵਿੱਚ ਕੇਸ ਦਰਜ ਕਰਵਾ ਦਿੱਤਾ, ਜਿੱਥੇ ਜੱਜ ਇੱਕ ਬਰਤਾਨਵੀ ਸੀ। ਮੇਹਦੀ ਨੇ ਇਹ ਫ਼ੈਸਲਾ ਆਪਣੇ ਦੋਸਤਾਂ ਦੀ ਸਲਾਹ ਦੇ ਖ਼ਿਲਾਫ਼ ਜਾ ਕੇ ਲਿਆ।

ਮੁਲਜ਼ਮ ਪੱਖ ਅਤੇ ਬਚਾਅ ਪੱਖ, ਦੋਹਾਂ ਨੇ ਮੰਨੇ ਪ੍ਰਮੰਨੇ ਬ੍ਰਿਟਿਸ਼ ਵਕੀਲ ਕੀਤੇ। ਦੋਵਾਂ ਪਾਸਿਆਂ ਨੇ ਗਵਾਹਾਂ ਨੂੰ ਰਿਸ਼ਵਤ ਦਿੱਤੀ ਅਤੇ ਇੱਕ-ਦੂਜੇ ਤੇ ਗਵਾਹਾਂ ‘ਤੇ ਝੂਠ ਬੋਲਣ ਦੇ ਇਲਜ਼ਾਮ ਲਗਾਏ।

ਇਹ ਹੈਰਾਨੀ ਦੀ ਗੱਲ ਸੀ ਕਿ ਜੱਜ ਨੇ ਮਿਤਰਾ ਨੂੰ ਇਨ੍ਹਾਂ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਕਿ ਉਨ੍ਹਾਂ ਨੇ ਕਿਤਾਬਚਾ ਛਾਪਿਆ ਸੀ।

ਉਸ ਨੇ ਮੁਕੱਦਮੇ ਵਿੱਚ ਸਾਹਮਣੇ ਆਏ ਸਹਿਵਾਸ, ਵੇਸਵਾਗਮਨੀ, ਅਨੈਤਿਕਾ, ਧੋਖਾ, ਝੂਠ, ਰਿਸ਼ਵਤਖੋਰੀ ਅਤੇ ਹੋਰ ਕਈ ਹੋਰ ਇਲਜ਼ਾਮਾਂ ਨੂੰ ਵੀ ਅਣਛੋਹਿਆ ਛੱਡ ਦਿੱਤਾ।

ਇਸ ਕਿਤਾਬਚੇ ਨੇ ਅੰਤਰ ਰਾਸ਼ਟਰੀ ਪੱਧਰ ਉੱਤੇ ਸਨਸਨੀ ਪੈਦਾ ਕਰ ਦਿੱਤੀ।

ਨਿਜ਼ਾਮ ਦੀ ਸਰਕਾਰ ਨੇ ਭਾਰਤ ਵਿਚਲੀ ਬਰਤਾਨਵੀ ਸਰਕਾਰ, ਲੰਡਨ ਵਿੱਚ ਬ੍ਰਿਟਿਸ਼ ਸਰਕਾਰ ਅਤੇ ਦੁਨੀਆ ਭਰ ਦੇ ਅਖਬਾਰਾਂ ਨੇ ਨੌਂ ਮਹੀਨੇ ਚੱਲੇ ਇਸ ਕੇਸ ’ਤੇ ਆਪਣੀ ਨਜ਼ਰ ਰੱਖੀ।

ਲਖਨਊ ਵਿੱਚ ਹਾਲਾਤ

ਫ਼ੈਸਲੇ ਦੇ ਕੁਝ ਦਿਨਾਂ ਬਾਅਦ ਹੀ ਮੇਹਦੀ ਅਤੇ ਏਲਨ ਰੇਲ ਗੱਡੀ ਉੱਤੇ ਚੜ੍ਹ ਕੇ ਲਖਨਊ ਵਾਪਸ ਆ ਗਏ।

ਮੇਹਦੀ ਅਤੇ ਏਲਨ ਦੋਵੇਂ ਲਖਨਊ ਵਿੱਚ ਜੰਮੇ ਪਲੇ ਸਨ।

ਮੇਹਦੀ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਕਿ ਲਖਨਊ ਦੀ ਸਥਾਨਕ ਸਰਕਾਰ ਵਿੱਚ ਕਿਸੇ ਅਹੁਦੇ ਉੱਤੇ ਤੈਨਾਤ ਹੋ ਜਾਵੇ।

ਮੇਹਦੀ ਨੇ ਇੱਥੇ ਕੁਝ ਸਾਲ ਪਹਿਲਾਂ ਇੱਕ ਲੋਕਲ ਕਲੈਕਟਰ ਵਜੋਂ ਨੌਕਰੀ ਕੀਤੀ ਸੀ। ਉਸ ਨੇ ਕੋਸ਼ਿਸ਼ ਕੀਤੀ ਕਿ ਉਹ ਇੱਥੇ ਪੈਨਸ਼ਨ ਹਾਸਲ ਕਰ ਸਕੇ ਦਾ ਕੁਝ ਪੈਸੇ ਗਰਾਂਟ ਹੋ ਸਕਣ, ਪਰ ਕੁਝ ਹੱਥ ਨਹੀਂ ਲੱਗਿਆ।

ਕਿਸੇ ਵੇਲੇ ਮਹਾਰਾਣੀ ਵਿਕੋਟਰੀਆ ਲਈ ਨਮ ਅੱਖਾਂ ਨਾਲ ਪਿਆਰ ਜ਼ਾਹਿਰ ਕਰਨ ਵਾਲੇ ਮੇਹਦੀ ਨੂੰ ਬ੍ਰਿਟਿਸ਼ ਭਾਰਤੀ ਸਰਕਾਰ ਨੇ ਵੀ ਉਸੇ ਤਰ੍ਹਾਂ ਇਕੱਲਿਆਂ ਛੱਡ ਦਿੱਤਾ ਜਿਸ ਤਰ੍ਹਾਂ ਨਿਜ਼ਾਮ ਦੀ ਸਰਕਾਰ ਨੇ ਛੱਡਿਆ ਸੀ।

ਮੇਹਦੀ ਨੇ ਉਸ ਵੇਲੇ ਉੱਭਰ ਰਹੀ ਭਾਰਤੀ ਨੈਸ਼ਨਲ ਕਾਂਗਰਸ ਪਾਰਟੀ ਨੂੰ ਵੀ ਖ਼ਤਰਨਾਕ ਕਿਹਾ ਸੀ।

ਅਖੀਰ ਵਿੱਚ, ਉਸ ਨੂੰ ਨਿਜ਼ਾਮ ਦੀ ਸਰਕਾਰ ਵਿੱਚ ਗ੍ਰਹਿ ਸਕੱਤਰ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ ਅਤੇ ਉਸ ਨੂੰ ਕੋਈ ਵੀ ਪੈਨਸ਼ਨ ਜਾਂ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਜਦੋਂ 52 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋਈ ਤਾਂ ਉਹ ਏਲਨ ਕੋਲ ਆਪਣੇ ਗੁਜ਼ਰ ਬਸਰ ਲਈ ਕੋਈ ਵੀ ਆਰਥਿਕ ਸਰੋਤ ਨਹੀਂ ਸਨ।

ਜਿਵੇਂ ਜਿਵੇਂ ਏਲਨ ਦੀ ਉਮਰ ਵਧੀ, ਉਸ ਦੀ ਹਾਲਤ ਹੋਰ ਬਦਤਰ ਹੋ ਗਈ।

ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ, ਉਸ ਨੇ ਕਰੀਮ ਰੰਗ ਦੇ ਕਾਗਜ਼ ‘ਤੇ ਨੀਲੀ ਸਿਆਹੀ ਨਾਲ ਹੈਦਰਾਬਾਦ ਦੇ ਪ੍ਰਧਾਨ ਮੰਤਰੀ ਅਤੇ ਨਿਜ਼ਾਮ ਨੂੰ ਕਿਸੇ ਤਰ੍ਹਾਂ ਦੇ ਮੁਆਵਜ਼ੇ ਦੀ ਗੁਹਾਰ ਲਗਾਈ।

ਸਕੈਂਡਲਾਂ ਅਤੇ ਭ੍ਰਿਸ਼ਟਾਚਾਰ ਤੋਂ ਉੱਭਰੀ ਹੈਦਰਾਬਾਦ ਦੀ ਅਫਸਰਸ਼ਾਹੀ ਨੇ ਏਲਨ ਦੀ ਬੇਨਤੀ ਨੂੰ ਹਮਦਰਦੀ ਨਾਲ ਵਿਚਾਰਿਆ ਅਤੇ ਉਸ ਨੂੰ ਇੱਕ ਮਾਮੂਲੀ ਜਿਹੇ ਮੁਆਵਜ਼ੇ ਦੀ ਇਜਾਜ਼ਤ ਦਿੱਤੀ।

ਇਸ ਤੋਂ ਕੁਝ ਸਮਾਂ ਬਾਅਦ ਹੀ ਪਲੇਗ ਕਾਰਨ ਉਸ ਦੀ ਮੌਤ ਹੋ ਗਈ।

ਇੱਕ ਇਤਿਹਾਸਕ ਮੋੜ

ਮੇਹਦੀ ਅਤੇ ਏਲਨ ਦੀ ਕਹਾਣੀ ਬ੍ਰਿਟਿਸ਼ ਭਾਰਤੀ ਸਾਮਰਾਜ ਦੌਰਾਨ ਸੱਭਿਆਚਾਰਕ ਮਿਲਵਰਤਨ ਨੂੰ ਦਿਖਾਉਂਦੀ ਹੈ।

ਇਸ ਤੋਂ ਥੋੜੇ ਸਮੇਂ ਬਾਅਦ ਭਾਰਤੀ ਰਾਸ਼ਟਰਵਾਦੀ ਤਾਕਤਾਂ ਨੇ ਸਮਾਜਿਕ-ਰਾਜਨੀਤਿਕ ਢਾਂਚੇ ਨੂੰ ਚੁਣੌਤੀ ਦੇਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ।

ਮੇਹਦੀ ਅਤੇ ਏਲਨ ਦੀ ਕਹਾਣੀ ਉਸ ਵੇਲੇ ਦੇ ਭਾਰਤ ਬਾਰੇ ਰਵਾਇਤੀ ਜਾਂ ਸਿੱਧ ਪੱਧਰੀ ਸਮਝ ਨੂੰ ਚੁਣੌਤੀ ਦਿੰਦੀ ਹੈ।

ਜੋੜੇ ਨੇ ਮੁਸ਼ਕਿਲਾਂ ਦੇ ਬਾਵਜੂਦ ਇੱਕ ਦੂਜੇ ਦਾ ਸਾਥ ਨਹੀਂ ਛੱਡਿਆ, ਪਰ ਅੰਤ ਵਿੱਚ ਉਨ੍ਹਾਂ ਦੀ ਕਹਾਣੀ ਨੇ ਉਸ ਵੇਲੇ ਦੇ ਤੌਰ ਤਰੀਕਿਆਂ ਨੂੰ ਇਸ ਤਰ੍ਹਾਂ ਭੰਗ ਕੀਤਾ ਕਿ ਉਹ ਬਰਬਾਦ ਹੋ ਗਏ।

ਇਹ ਸਕੈਂਡਲ ਬਸਤੀਵਾਦੀ ਭਾਰਤੀ ਇਤਿਹਾਸ ਵਿੱਚ ਇੱਕ ਅੰਤਿਮ ਬਿੰਦੂ ਸੀ ਜਿਸ ਸਮੇਂ ਹੈਦਰਾਬਾਦ ਅਤੇ ਹੋਰ ਰਜਵਾੜੇ ਇੱਕ ਤਾਨਾਸ਼ਾਹ ਸਨ। ਥੋੜੇ ਸਮੇਂ ਬਾਅਦ ਇਨ੍ਹਾਂ ਵਿੱਚੋਂ ਕਈ ਰਾਸ਼ਟਰਵਾਦੀ ਬਣ ਗਏ।

ਸਾਲ 1885 ਵਿੱਚ ਸ਼ੁਰੂ ਹੋਈ 'ਦ ਇੰਡੀਅਨ ਨੈਸ਼ਨਲ ਕਾਂਗਰਸ' 1892 ਵਿੱਚ ਮੇਹਦੀ ਅਤੇ ਏਲਨ ਦੇ ਮੁਕੱਦਮੇ ਦੌਰਾਨ ਰਫ਼ਤਾਰ ਫੜ ਰਹੀ ਸੀ।

ਏਲਨ ਦੀ ਮੌਤ ਦੇ ਕੁਝ ਸਮਾਂ ਬਾਅਦ ਹੀ ਗਾਂਧੀ ਭਾਰਤ ਪਰਤੇ ਅਤੇ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਕਾਂਗਰਸ ਦੀ ਭੂਮਿਕਾ ਨੂੰ ਮਜ਼ਬੂਤੀ ਦਿੱਤੀ।

ਇਹ ਇੱਕ ਵੱਡੀ ਤਬਦੀਲੀ ਵਾਲਾ ਸਮਾਂ ਸੀ ਜਿਸ ਦੌਰਾਨ ਭਾਰਤ ਦੇ ਰਾਜਕੁਮਾਰ ਅਤੇ ਉਨ੍ਹਾਂ ਨਾਲ ਜੁੜੇ ਕਾਂਡ ਸੁਰਖ਼ੀਆਂ ਤੋਂ ਦੂਰ ਹੋਣ ਵਾਲੇ ਸੀ। ਇਸ ਮਗਰੋਂ ਰਾਸ਼ਟਰਵਾਦੀਆਂ ਦੇ ਸੰਘਰਸ਼ ਨੇ ਕੇਂਦਰੀ ਥਾਂ ਲੈ ਲਈ

ਇਸੇ ਤਬਦੀਲੀ ਵਿੱਚ, ਕਿਤਾਬਚੇ ਤੋਂ ਸ਼ੁਰੂ ਹਇਆ ਇਹ ਸਨਸਨੀਖ਼ੇਜ਼ ਮਾਮਲਾ ਗੁਆਚ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)