You’re viewing a text-only version of this website that uses less data. View the main version of the website including all images and videos.
ਮਹਾਰਾਜਾ ਦਲੀਪ ਸਿੰਘ ਦੀ ਧੀ ਬਾਰੇ ਬ੍ਰਿਟੇਨ ਵਿੱਚ ਬੱਚਿਆਂ ਨੂੰ ਇਸ ਮੰਤਵ ਨਾਲ ਦੱਸਿਆ ਜਾ ਰਿਹਾ ਹੈ
ਮਹਾਰਾਜਾ ਦਲੀਪ ਸਿੰਘ ਦੀ ਧੀ ਦੇ ਬ੍ਰਿਟੇਨ ਵਿੱਚ ਵੋਟ ਦੇ ਹੱਕ ਲਈ ਕੀਤੇ ਗਏ ਸੰਘਰਸ਼ ਉੱਪਰ ਬੱਚਿਆਂ ਲਈ ਇੱਕ ਕਿਤਾਬ ਲਿਖੀ ਗਈ ਹੈ।
ਪੰਜਾਬ ਦੇ ਆਖਰੀ ਸਿੱਖ ਮਹਾਰਾਜਾ ਦਲੀਪ ਸਿੰਘ ਦੀ ਧੀ ਸੋਫ਼ੀਆ ਦਲੀਪ ਸਿੰਘ ਦਾ ਪਾਲਣ-ਪੋਸ਼ਣ ਬ੍ਰਟੇਨ ਦੇ ਐਲਵੀਡਨ ਵਿੱਚ ਨੌਰਥਫੋਕ-ਸਾਊਥਫੋਕ ਬਾਰਡਰ 'ਤੇ ਹੋਇਆ।
ਜਵਾਨੀ ਵਿੱਚ ਹੀ ਰਾਜਕੁਮਾਰੀ ਨੇ ਬ੍ਰਿਟੇਨ ਵਿੱਚ ਰਹਿ ਰਹੀਆਂ ਔਰਤਾਂ ਦੇ ਵੋਟ ਦੇ ਹੱਕ ਦੀ ਮੰਗ ਲਈ ਅਵਾਜ਼ ਚੁੱਕੀ ਅਤੇ ਇਸ ਲਈ ਆਪਣੇ ਸ਼ਾਹੀ ਰੁਤਬੇ ਨੂੰ ਵੀ ਦਾਅ 'ਤੇ ਲਗਾ ਦਿੱਤਾ।
ਕਿਤਾਬ ਦੀ ਲੇਖਕ ਸੂਫ਼ੀਆ ਅਹਿਮਦ ਨੇ ਕਿਹਾ, ''ਇਸ ਸ਼ਰਮੀਲੀ ਪਰ ਦ੍ਰਿੜ ਇਰਾਦੇ ਵਾਲੀ ਮੁਟਿਆਰ ਨਾਲ ਅਸੀਂ ਸਾਰੇ ਆਪਣੇ-ਆਪ ਨੂੰ ਜੋੜ ਸਕਦੇ ਹਾਂ।''
ਇਹ ਵੀ ਪੜ੍ਹੋ:
ਕਿਤਾਬ ਮਾਈ ਸਟੋਰੀ: ਸੋਫ਼ੀਆ ਦਲੀਪ ਸਿੰਘ, ਨੌਂ ਤੋਂ 13 ਸਾਲ ਦੇ ਬੱਚਿਆਂ ਲਈ ਲਿਖੀ ਗਈ ਹੈ। ਇਹ ਕਿਤਾਬ ਐਨਸ਼ੀਐਂਟ ਹਾਊਸ ਮਿਊਜ਼ੀਅਮ, ਨੌਰਥਫੋਕ ਵਿੱਚ ਜਾਰੀ ਕੀਤੀ ਗਈ।
ਇਸ ਮਿਊਜ਼ੀਅਮ ਨੂੰ ਸੋਫ਼ੀਆ ਦਲੀਪ ਸਿੰਘ ਦੇ ਭਰਾ ਫੈਡਰਿਕ ਦਲੀਪ ਸਿੰਘ ਵੱਲੋਂ 1921 ਵਿੱਚ ਕਾਇਮ ਕੀਤਾ ਗਿਆ ਸੀ।
ਸੋਫ਼ੀਆ ਦੇ ਪਿਤਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ 1840 ਵਿੱਚ ਪੰਜਾਬ ਉੱਪਰ ਅੰਗੇਰਜ਼ਾਂ ਦਾ ਅਧਿਕਾਰ ਹੋਣ ਤੋਂ ਬਾਅਦ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ।
ਦਲੀਪ ਸਿੰਘ ਨੇ ਭਾਰਤ ਆਉਣ ਦੀਆਂ ਕਈ ਨਾਕਾਮ ਕੋਸ਼ਿਸ਼ਾਂ ਕੀਤੀਆਂ। ਉਨ੍ਹਾਂ ਨੇ ਆਪਣੇ ਵਿੱਤੀ ਸਾਧਨਾਂ ਦੀ ਵਰਤੋਂ ਕਰਕੇ ਇਲੈਵਡਿਨ ਹਾਲ ਖ਼ਰੀਦਿਆ ਜਿੱਥੇ ਉਨ੍ਹਾਂ ਦੀ ਪਤਨੀ ਅਤੇ ਬੱਚੇ ਰਹਿੰਦੇ ਰਹੇ।
ਤਤਕਾਲੀ ਮਹਾਰਾਣੀ ਵਿਕਟੋਰੀਆ ਨੇ ਪਰਿਵਾਰ ਨੂੰ ਬਾਅਦ ਵਿੱਚ ਹੈਮਪਟਨ ਕੋਰਟ ਪੈਲੇਸ ਵਿਖੇ ਇੱਕ ਅਪਾਰਟਮੈਂਟ ਵੀ ਦਵਾਇਆ।
ਲੇਖਕਾ ਸੂਫ਼ੀਆ ਅਹਿਮਦ ਦਾ ਕਹਿਣਾ ਹੈ ਕਿ ਵੱਡੀ ਉਮਰ ਵਿੱਚ ਸੋਫ਼ੀਆ ਦਲੀਪ ਸਿੰਘ ਨੇ ਆਪਣੇ ਜੀਵਨ ਉਦੇਸ਼ ਦੀ ਭਾਲ ਕਰਨੀ ਸ਼ੁਰੂ ਕੀਤੀ। ਉਸ ਤੋਂ ਪਹਿਲਾਂ ਉਨ੍ਹਾਂ ਦੀ ਜ਼ਿੰਦਗੀ ਇੱਕ ਆਮ ਬ੍ਰਿਟਿਸ਼ ਮਹਿਲਾ ਵਰਗੀ ਸੀ।
ਸਮੇਂ ਦੇ ਨਾਲ ਉਹ ਮਹਿਲਾ ਹੱਕਾਂ ਲਈ ਬੋਲਣ ਲੱਗੇ। ਉਹ ਵੂਮਿਨਜ਼ ਸੋਸ਼ਲ ਐਂਡ ਪੁਲੀਟੀਕਲ ਯੂਨੀਅਨ ਤੋਂ ਇਲਾਵਾ ਵੂਮਿਨਜ਼ ਟੈਕਸ ਰਿਜ਼ਿਸਟੈਂਸ ਲੀਗ ਦੇ ਵੀ ਮੈਂਬਰ ਸਨ।
ਇਸ ਲੀਗ ਦਾ ਨਾਅਰਾ ਸੀ,''ਵੋਟ ਨਹੀਂ ਤਾਂ ਟੈਕਸ ਨਹੀਂ''।
ਸਾਲ 1910 ਵਿੱਚ ਰਾਜਕੁਮਾਰੀ ਸੋਫ਼ੀਆ ਨੇ ਬ੍ਰਿਟੇਨ ਦੇ ਪਾਰਲੀਮੈਂਟ ਤੱਕ ਇੱਕ 400 ਮੀਟਰ ਲੰਬੇ ਮੁਜ਼ਾਹਰੇ ਦੀ ਅਗਵਾਈ ਕੀਤੀ। ਬਾਅਦ ਵਿੱਚ ਉਸ ਦਿਨ ਨੂੰ ਕਾਲੇ ਸ਼ੁੱਕਰਵਾਰ ਵਜੋਂ ਜਾਣਿਆ ਗਿਆ।
ਸੋਫ਼ੀਆ ਦਲੀਪ ਸਿੰਘ ਅਕਸਰ ਆਪਣੇ ਹੈਂਪਟਨ ਕੋਰਟ ਪੈਲੇਸ ਵਾਲੇ ਘਰ ਦੇ ਬਾਹਰ ਸਫ਼ਰਗੇਟ ਅਖ਼ਬਾਰ ਵੇਚਦੇ ਦੇਖੇ ਜਾਂਦੇ ਸਨ।
ਲੇਖਿਕਾ ਨੂੰ ਕਿਵੇਂ ਪਤਾ ਚੱਲਿਆ
ਸੂਫ਼ੀਆ ਅਹਿਮਦ ਕਹਿੰਦੇ ਹਨ, ''ਮੈਨੂੰ ਉਨ੍ਹਾਂ ਬਾਰੇ ਨਹੀਂ ਪਤਾ ਸੀ ਅਤੇ ਮੈਂ ਇਹ ਜਾਣ ਕੇ ਹੈਰਾਨ ਸੀ ਕਿ ਔਰਤਾਂ ਦੇ ਵੋਟ ਦੇ ਹੱਕ ਲਈ ਲੜਨ ਵਾਲੀ ਕੋਈ ਮੇਰੇ ਵਰਗੀ ਲਗਦੀ ਸੀ।''
''ਜਿਨ੍ਹਾਂ ਲੋਕਾਂ ਬਾਰੇ ਅਸੀਂ ਸਕੂਲ ਵਿੱਚ ਪੜ੍ਹਦੇ ਹਾਂ ਉਨ੍ਹਾਂ ਨੂੰ ਅਸੀਂ ਸਾਰੀ ਉਮਰ ਯਾਦ ਰੱਖਦੇ ਹਾਂ।''
''ਮੈਨੂੰ ਉਮੀਦ ਹੈ, ਉਨ੍ਹਾਂ ਦੀ ਕਹਾਣੀ ਬੱਚਿਆਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਰੰਗ ਵਾਲੀਆਂ ਔਰਤ ਵਜੋਂ ਸੰਘਰਸ਼ ਕੀਤਾ ਪਰ ਬ੍ਰਿਟੇਨ ਨੂੰ ਆਪਣੇ ਘਰ ਵਜੋਂ ਚੁਣਿਆ।''
''ਉਹ ਸ਼ਰਮੀਲੇ ਸਨ ਪਰ ਫੈਸ਼ਨ ਕਰਦੇ ਸਨ। ਉਹ ਦ੍ਰਿੜ ਇਰਾਦੇ ਵਾਲੇ ਸਨ ਅਤੇ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਸਨ।''
ਰਾਜਕੁਮਾਰੀ ਸੋਫ਼ੀਆ ਦੀ 71 ਸਾਲ ਦੀ ਉਮਰ ਵਿੱਚ 22 ਅਗਸਤ 1948 ਨੂੰ ਮੌਤ ਹੋ ਗਈ ਸੀ।
ਨੌਰਫੋਕ ਮਿਊਜ਼ੀਅਮ ਸਰਵਿਸ ਦੀ ਮਿਲੈਸਾ ਹਾਕਰ ਨੇ ਕਿਹਾ ਕਿ ਸ਼ਾਹੀ ਰੁਤਬੇ ਨੇ ਸੋਫ਼ੀਆ ਦੀ ਰੱਖਿਆ ਵੀ ਕੀਤੀ ਅਤੇ ਰੁਕਾਵਟ ਵੀ ਬਣਿਆ।
''ਬੱਚਿਆਂ ਨੂੰ ਪਸੰਦ ਹੈ ਕਿ ਜੋ ਉਨ੍ਹਾਂ ਨੂੰ ਸਹੀ ਲੱਗਿਆ ਉਸ ਲਈ ਕਿੰਨੀ ਦ੍ਰਿੜਤਾ ਨਾਲ ਲੜੇ।''
''ਹਾਲਾਂਕਿ ਉਨ੍ਹਾਂ ਦਾ ਸਟੈਂਡ ਇੱਕ ਦੋਧਾਰੀ ਤਲਵਾਰ ਵਾਂਗ ਸੀ।''
''ਉਹ ਪੰਜਾਬ ਦੀ ਇੱਕ ਰਾਜਕੁਮਾਰੀ ਸਨ। ਮਹਾਰਾਣੀ ਵਿਕਟੋਰੀਆ ਦੀ ਧਰਮ-ਬੇਟੀ ਸਨ ਤੇ ਬਰਾਬਰੀ ਅਤੇ ਨਿਆਂ ਲਈ ਲੜ ਰਹੇ ਸਨ।''
''ਉਹ ਬਹੁਤ ਅਦਭੁਤ ਸਨ।''
ਇਹ ਵੀ ਪੜ੍ਹੋ:
ਇਹ ਵੀ ਦੇਖੋ: