‘ਔਰੰਗਜ਼ੇਬ ਵੇਲੇ ਮੰਦਰ ਤੋੜ ਕੇ ਗਿਆਨਵਾਪੀ ਮਸਜਿਦ ਬਣੀ ਸੀ’ ਏਐੱਸਆਈ ਨੇ ਰਿਪੋਰਟ ’ਚ ਕੀਤੇ ਵੱਡੇ ਦਾਅਵੇ

ਤਸਵੀਰ ਸਰੋਤ, GETTY IMAGES
- ਲੇਖਕ, ਅਨੰਤ ਝਨਾਣੇ ਅਤੇ ਉਤਪਲ ਪਾਠਕ
- ਰੋਲ, ਬੀਬੀਸੀ ਪੱਤਰਕਾਰ, ਵਾਰਾਣਸੀ
- ...ਤੋਂ, ਵਾਰਾਣਸੀ
ਵਾਰਾਣਸੀ ਦੀ ਗਿਆਨਵਾਪੀ ਮਸਜਿਦ ਕੰਪਲੈਕਸ ਵਿੱਚ ਸਰਵੇਖਣ ਕਰਨ ਵਾਲੇ ਭਾਰਤੀ ਪੁਰਾਤੱਤਵ ਸਰਵੇਖਣ ਭਾਵ ਏਐਸਆਈ ਦਾ ਕਹਿਣਾ ਹੈ ਕਿ ਮੌਜੂਦਾ ਢਾਂਚੇ ਦੇ ਨਿਰਮਾਣ ਤੋਂ ਪਹਿਲਾਂ ਉੱਥੇ ਇੱਕ ਹਿੰਦੂ ਮੰਦਰ ਸੀ।
ਵਾਰਾਣਸੀ ਜ਼ਿਲ੍ਹਾ ਅਦਾਲਤ ਨੇ ਪਿਛਲੇ ਸਾਲ ਜੁਲਾਈ ਮਹੀਨੇ ਏਐਸਆਈ ਨੂੰ ਮਸਜਿਦ ਕੰਪਲੈਕਸ ਦਾ ਸਰਵੇਖਣ ਕਰਨ ਨੂੰ ਕਿਹਾ ਸੀ।
ਹੁਣ ਜਨਤਕ ਕੀਤੀ ਗਈ ਏਐਸਆਈ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚਾਰ ਮਹੀਨਿਆਂ ਦੇ ਆਪਣੇ ਸਰਵੇਖਣ ਵਿੱਚ ਵਿਗਿਆਨਕ ਅਧਿਐਨ, ਸਰਵੇਖਣ, ਵਸਤੂਸ਼ਿਲਪ ਦੇ ਬਚੇ-ਖੁਚੇ ਨਮੂਨੇ, ਖਾਸੀਅਤਾਂ, ਕਲਾਕ੍ਰਿਤੀਆਂ, ਪੱਥਰ-ਲੇਖਾਂ, ਕਲਾ ਅਤੇ ਮੂਰਤੀਆਂ ਦੇ ਅਧਿਐਨ ਤੋਂ ਇਹ ਆਸਾਨੀ ਨਾਲ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਢਾਂਚਾ ਬਣਨ ਤੋਂ ਪਹਿਲਾਂ ਇਸ ਥਾਂ ’ਤੇ ਇੱਕ ਹਿੰਦੂ ਮੰਦਰ ਦੀ ਹੋਂਦ ਸੀ।
ਮੁਸਲਿਮ ਪੱਖ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਏਐਸਆਈ ਦੀ ਰਿਪੋਰਟ ਦੀ ਕਾਪੀ ਮਿਲ ਗਈ ਸੀ ਅਤੇ ਹਾਲੇ ਰਿਪੋਰਟ ਵਕੀਲਾਂ ਦੇ ਕੋਲ ਹੈ।
ਗਿਆਨਵਾਪੀ ਮਸਜਿਦ ਦੀ ਪ੍ਰਬੰਧਕ ਅੰਜੁਮਨ ਇੰਤੇਜ਼ਾਮੀਆ ਮਸਜਿਦ ਦੇ ਸੰਯੁਕਤ ਸਕੱਤਰ ਐਸਐਮ ਯਾਸੀਨ ਦਾ ਕਹਿਣਾ ਹੈ, “ਇਹ ਇੱਕ ਰਿਪੋਰਟ ਹੈ, ਕੋਈ ਫੈਸਲਾ ਨਹੀਂ ਹੈ। ਰਿਪੋਰਟ ਲਗਭਗ 839 ਪੰਨਿਆਂ ਦੀ ਹੈ। ਇਸ ਦੇ ਅਧਿਐਨ, ਵਿਸ਼ਲੇਸ਼ਣ ਵਿੱਚ ਸਮਾਂ ਲੱਗੇਗਾ। ਮਾਹਰਾਂ ਤੋਂ ਰਾਇ ਲਈ ਜਾਵੇਗੀ ਅਤੇ ਅਦਾਲਤ ਵਿੱਚ ਵੀ ਵਿਚਾਰ ਦੇ ਲਈ ਲਿਜਾਈ ਜਾਵੇਗੀ।”
ਮਸਜਿਦ ਪੱਖ ਦਾ ਕਹਿਣਾ ਹੈ ਕਿ ਗਿਆਨਵਾਪੀ ਮਸਜਿਦ ਵਿੱਚ ਬਾਦਸ਼ਾਹ ਅਕਬਰ ਤੋਂ ਲਗਭਗ 150 ਸਾਲ ਪਹਿਲਾਂ ਤੋਂ ਮੁਸਲਮਾਨ ਨਮਾਜ਼ ਪੜ੍ਹਦੇ ਆ ਰਹੇ ਹਨ।
ਐਸਐਮ ਯਾਸੀਨ ਕਹਿੰਦੇ ਹਨ, “ਅੱਗੇ ਅੱਲ੍ਹਾ ਦੀ ਮਰਜ਼ੀ। ਸਾਡੀ ਜ਼ਿੰਮੇਵਾਰੀ ਤਾਂ ਮਸਜਿਦ ਨੂੰ ਆਬਾਦ ਰੱਖਣ ਦੀ ਹੈ। ਨਿਰਾਸ਼ਾ ਹਰਾਮ ਹੈ, ਸਬਰ ਤੋਂ ਕੰਮ ਲੈਣਾ ਪਵੇਗਾ। ਸਾਡੀ ਅਪੀਲ ਹੈ ਕਿ ਬਹਿਸਬਾਜ਼ੀ ਤੋਂ ਬਚਿਆ ਜਾਵੇ।”
ਬੀਬੀਸੀ ਨੂੰ 800 ਤੋਂ ਵੱਧ ਪੰਨਿਆਂ ਵਾਲੀ ਇਸ ਰਿਪੋਰਟ ਦੀ ਕਾਪੀ ਮੁਕੱਦਮੇ ਦੀ ਮੁੱਖ ਮੁਦਈ ਰਾਖੀ ਸਿੰਘ ਦੇ ਵਕੀਲ ਅਨੁਪਮ ਦਿਵੇਦੀ ਤੋਂ ਮਿਲੀ ਹੈ।
ਏਐਸਆਈ ਦੀ ਰਿਪੋਰਟ ਅਨੁਸਾਰ, “ਇੱਕ ਕਮਰੇ ਦੇ ਅੰਦਰੋਂ ਮਿਲੇ ਅਰਬੀ-ਫਾਰਸੀ ਵਿੱਚ ਲਿਖੇ ਪੱਥਰ-ਲੇਖ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਮਸਜਿਦ ਦਾ ਨਿਰਮਾਣ ਔਰੰਗਜ਼ੇਬ ਦੇ ਸ਼ਾਸਨਕਾਲ ਦੇ 20ਵੇਂ ਸਾਲ (1676-77) ਵਿੱਚ ਹੋਇਆ ਸੀ। ਇਸ ਲਈ ਮਹਿਸੂਸ ਹੁੰਦਾ ਹੈ ਕਿ ਪਹਿਲਾਂ ਤੋਂ ਮੌਜੂਦ ਢਾਂਚੇ ਨੂੰ 17ਵੀਂ ਸਦੀ ਵਿੱਚ ਔਰੰਗਜ਼ੇਬ ਦੇ ਸ਼ਾਸਨਕਾਲ ਦੌਰਾਨ ਢਾਹ ਦਿੱਤਾ ਗਿਆ ਸੀ ਅਤੇ ਇਸ ਦੇ ਕੁਝ ਹਿੱਸਿਆਂ ਨੂੰ ਬਦਲ ਕੇ ਮੌਜੂਦਾ ਢਾਂਚੇ ਵਿੱਚ ਵਰਤਿਆ ਗਿਆ ਸੀ।”
ਫਿਲਹਾਲ ਇਸ ਏਐਸਆਈ ਸਰਵੇਖਣ ਵਿੱਚ ਗਿਆਨਵਾਪੀ ਮਸਜਿਦ ਵਿੱਚ ਸੀਲ ਕੀਤੇ ਗਏ ਵਜ਼ੂਖਾਨੇ ਦਾ ਵਿਗਆਨਕ ਸਰਵੇਖਣ ਨਹੀਂ ਕੀਤਾ ਗਿਆ ਹੈ।
ਹਿੰਦੂ ਪੱਖ ਦਾ ਦਾਅਵਾ ਹੈ ਕਿ ਵਜ਼ੂਖਾਨੇ ਵਿੱਚ ਸ਼ਿਵਲਿੰਗ ਮੌਜੂਦ ਹੈ, ਜਿਸ ਨੂੰ ਮਸਜਿਦ ਧਿਰ ਫੁਹਾਰਾ ਦੱਸਦੀ ਹੈ।
ਮੁਦਈ ਰਾਖੀ ਸਿੰਘ ਦੇ ਵਕੀਲ ਅਨੁਪਮ ਦਿਵੇਦੀ ਨੇ ਇਸ ਰਿਪੋਰਟ ਨੂੰ ਮਹੱਤਵਪੂਰਨ ਦੱਸਦੇ ਹੋਏ ਕਿਹਾ ਹੈ, “ਏਐਸਆਈ ਦਾ ਇਹ ਕਹਿਣਾ ਕਿ ਕੰਪਲੈਕਸ ਵਿੱਚ ਔਰੰਗਜ਼ੇਬ ਵੱਲੋਂ ਮਸਜਿਦ ਬਣਾਉਣ ਤੋਂ ਪਹਿਲਾਂ ਇਸ ਥਾਂ ’ਤੇ ਹਿੰਦੂ ਢਾਂਚਾ ਹੋਇਆ ਕਰਦਾ ਸੀ ਅਤੇ ਇੱਕ ਮੰਦਰ ਸੀ, ਤਾਂ ਇਸ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਇਹ ਸਾਡੇ ਮੁਕੱਦਮੇ ਨੂੰ ਮਜ਼ਬੂਤੀ ਦੇਵੇਗਾ। ਸਬੂਤ ਦੇ ਨਜ਼ਰੀਏ ਤੋਂ ਇਹ ਸਾਡੇ ਮੁਕੱਦਮੇ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ।”

ਸਰਵੇਖਣ ਵਿੱਚ ਕੀ ਕੁਝ ਸ਼ਾਮਲ ਸੀ?
• ਮੌਜੂਦਾ ਢਾਂਚੇ ਵਿੱਚ ਕੇਂਦਰੀ ਕਮਰਾ ਅਤੇ ਪਹਿਲਾਂ ਤੋਂ ਮੌਜੂਦ ਢਾਂਚੇ ਦਾ ਮੁੱਖ ਦਾਖਲਾ ਦਰਵਾਜ਼ਾ
• ਪੱਛਮੀ ਕਮਰਾ ਅਤੇ ਪੱਛਮੀ ਕੰਧ
• ਮੌਜੂਦਾ ਢਾਂਚੇ ਵਿੱਚ ਪਹਿਲਾਂ ਤੋਂ ਮੌਜੂਦ ਢਾਂਚੇ ਦੇ ਥੰਮ੍ਹਾਂ ਅਤੇ ਕੰਧ ਦੇ ਥਮਲਿਆਂਂ ਦੀ ਮੁੜ ਵਰਤੋਂ ਦਾ
• ਬਰਾਮਦ ਕੀਤੇ ਪੱਥਰ ’ਤੇ ਅਰਬੀ ਅਤੇ ਫਾਰਸੀ ਪੱਥਰ-ਲੇਖ
• ਤਹਿਖਾਨੇ ’ਚ ਮੂਰਤੀਕਲਾ ਦੇ ਬਚੇ-ਖੁਚੇ ਨਮੂਨੇ
ਢਾਂਚੇ ਦੀ ਬਣਤਰ ‘ਹਿੰਦੂ ਮੰਦਰ ਵਰਗੀ’

ਤਸਵੀਰ ਸਰੋਤ, Getty Images
ਗਿਆਨਵਾਪੀ ਮਸਜਿਦ ਦੀ ਮੌਜੂਦਾ ਢਾਂਚੇ ਦੀ ਬਣਤਰ ਅਤੇ ਉਸ ਦੇ ਸਮੇਂ ਬਾਰੇ ਏਐਸਆਈ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ “ਮੌਜੂਦਾ ਵਸਤੂਸ਼ਿਲਪ ਬਚੇ-ਖੁਚੇ ਨਮੂਨੇ, ਕੰਧਾਂ ਉੱਤੇ ਸਜਾਏ ਗਏ ਸਾਂਚੇ, ਕੇਂਦਰੀ ਚੈਂਬਰ ਦੇ ਕਰਨ ਰੱਥ ਅਤੇ ਪ੍ਰਤੀ ਰੱਥ, ਪੱਛਮੀ ਕਮਰੇ ਦੀ ਪੱਛਮੀ ਕੰਧ ਉੱਤੇ ਤੋਰਣ ਦੇ ਨਾਲ ਸਜਾਇਆ ਹੋਇਆ ਇੱਕ ਵੱਡਾ ਦਾਖਲਾ ਦਰਵਾਜ਼ਾ, ਸਾਹਮਣੇ ਵਾਲੇ ਚਿੱਤਰ ਦੇ ਨਾਲ ਇੱਕ ਛੋਟਾ ਦਾਖਲ ਹੋਣ ਵਾਲਾ ਗੇਟ, ਪੰਛੀਆਂ ਅਤੇ ਜਾਨਵਰਾਂ ਦੀ ਨੱਕਾਸ਼ੀ, ਅੰਦਰ ਅਤੇ ਬਾਹਰ ਦੀ ਸਜਾਵਟ ਤੋਂ ਇਹ ਪਤਾ ਚਲਦਾ ਹੈ ਕਿ ਪੱਛਮੀ ਕੰਧ ਕਿਸੇ ਹਿੰਦੂ ਮੰਦਰ ਦਾ ਬਚਿਆ ਹੋਇਆ ਹਿੱਸਾ ਹੈ।
“ਕਲਾ ਅਤੇ ਵਸਤੂਕਲਾ ਦੇ ਅਧਾਰ ਉੱਤੇ ਇਸ ਪਹਿਲਾਂ ਤੋਂ ਮੌਜੂਦ ਢਾਂਚੇ ਨੂੰ ਇੱਕ ਹਿੰਦੂ ਮੰਦਰ ਵਜੋਂ ਪਛਾਣਿਆ ਜਾ ਸਕਦਾ ਹੈ।”
ਵਿਗਿਆਨਕ ਅਧਿਐਨ ਅਤੇ ਨਿਰੀਖਣ ਤੋਂ ਬਾਅਦ ਇਹ ਕਿਹਾ ਗਿਆ ਹੈ ਕਿ ਮੌਜੂਦਾ ਢਾਂਚੇ ਦੇ ਬਣਨ ਤੋਂ ਪਹਿਲਾਂ ਉੱਥੇ ਇੱਕ ਵੱਡਾ ਹਿੰਦੂ ਮੰਦਰ ਮੌਜੂਦ ਸੀ।
‘ਪੱਥਰ ਉੱਤੇ ਦਰਜ ਸੀ ਮਸਜਿਦ ਉਸਾਰੀ ਦੀ ਤਰੀਕ’

ਤਸਵੀਰ ਸਰੋਤ, Getty Images
ਏਐਸਆਈ ਦਾ ਕਹਿਣਾ ਹੈ ਕਿ ਉਸ ਦੇ ਰਿਕਾਰਡ ਵਿੱਚ ਇਹ ਗੱਲ ਦਰਜ ਹੈ ਕਿ ਇੱਕ ਪੱਥਰ ਉੱਤੇ ਇੱਕ ਪੱਥਰ-ਲੇਖ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਮਸਜਿਦ ਦਾ ਨਿਰਮਾਣ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਸ਼ਾਸਨਕਾਲ ਦੌਰਾਨ (1676-77) ਹੋਇਆ ਸੀ।
ਰਿਪੋਰਟ ਅਨੁਸਾਰ ਪੱਥਰ ਉੱਤੇ ਇਹ ਵੀ ਲਿਖਿਆ ਸੀ ਕਿ ਮਸਜਿਦ ਦੇ ਵਿਹੜੇ ਦੀ ਮੁਰੰਮਤ ਵੀ ਕੀਤੀ ਗਈ ਸੀ। ਇਸ ਪੱਥਰ ਦੀ ਫੋਟੋ ਏਐਸਆਈ ਦੇ 1965-66 ਦੇ ਰਿਕਾਰਡ ਵਿੱਚ ਮੌਜੂਦ ਹੈ।
ਹਾਲਾਂਕਿ ਏਐਸਆਈ ਦਾ ਕਹਿਣਾ ਹੈ ਕਿ ਇਹ ਪੱਥਰ ਸਰਵੇਖਣ ਦੌਰਾਨ ਮਸਜਿਦ ਦੇ ਇੱਕ ਕਮਰੇ ਤੋਂ ਬਰਾਮਦ ਹੋਇਆ, ਪਰ ਮਸਜਿਦ ਦੇ ਨਿਰਮਾਣ ਅਤੇ ਉਸ ਦੇ ਵਿਸਥਾਰ ਨਾਲ ਸਬੰਧਤ ਜਾਣਕਾਰੀ ਨੂੰ ਖੁਰਚ ਕੇ ਮਿਟਾ ਦਿੱਤਾ ਗਿਆ ਸੀ।
ਏਐਸਆਈ ਦਾ ਕਹਿਣਾ ਹੈ ਕਿ ਔਰੰਗਜ਼ੇਬ ਦੀ ਜੀਵਨੀ ਮਾਸੀਰ-ਏ-ਆਲਮਗੀਰੀ ਵਿੱਚ ਲਿਖਿਆ ਹੈ ਕਿ ਔਰੰਗਜ਼ੇਬ ਨੇ ਆਪਣੇ ਸਾਰੇ ਸੂਬੇਦਾਰਾਂ ਨੂੰ ਕਾਫ਼ਰਾਂ ਦੇ ਸਕੂਲਾਂ ਅਤੇ ਮੰਦਰਾਂ ਨੂੰ ਤੋੜਨ ਦਾ ਹੁਕਮ ਦਿੱਤਾ ਸੀ।
ਏਐਸਆਈ ਦੇ ਅਨੁਸਾਰ ਇਸ ਦਾ ਜ਼ਿਕਰ ਜਦੂ ਨਾਥ ਸਰਕਾਰ ਦੇ 1947 ਵਿੱਚ ਮਾਸੀਰ-ਏ-ਆਲਮਗੀਰੀ ਦੇ ਅੰਗਰੇਜ਼ੀ ਅਨੁਵਾਦ ਵਿੱਚ ਵੀ ਹੈ।
ਜਦੂ ਨਾਥ ਸਰਕਾਰ ਵੱਲੋਂ ਉਲੱਥੇ ਗਏ ਮਾਸੀਰ-ਏ-ਆਲਮਗੀਰੀ ਦੇ ਹਵਾਲੇ ਤੋਂ ਏਐਸਆਈ ਆਪਣੀ ਰਿਪੋਰਟ ਵਿੱਚ ਲਿਖਦਾ ਹੈ, “2 ਸਤੰਬਰ, 1669 ਨੂੰ ਇਹ ਗੱਲ ਦਰਜ ਕੀਤੀ ਗਈ ਸੀ ਕਿ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਤੋਂ ਬਾਅਦ ਉਨ੍ਹਾਂ ਦੇ ਅਧਿਕਾਰੀਆਂ ਨੇ ਕਾਸ਼ੀ ਵਿੱਚ ਵਿਸ਼ਵਨਾਥ ਦਾ ਮੰਦਰ ਤੋੜ ਦਿੱਤਾ।”
ਢਾਂਚੇ ਵਿੱਚ ਮੌਜੂਦ ਪੱਥਰ-ਲੇਖ

ਤਸਵੀਰ ਸਰੋਤ, Getty Images
ਇਸ ਸਬੰਧ ਵਿੱਚ ਏਐਸਆਈ ਦੀ ਰਿਪੋਰਟ ਕਹਿੰਦੀ ਹੈ ਕਿ ਮਸਜਿਦ ਦੇ ਢਾਂਚੇ ਵਿੱਚ ਕੁਲ 34 ਪੱਥਰ-ਲੇਖ ਅਤੇ 32 ਸਟੰਪਿੰਗ ਪਾਏ ਗਏ ਅਤੇ ਦਰਜ ਕੀਤੇ ਗਏ ਸਨ।
ਏਐਸਆਈ ਦਾ ਕਹਿਣਾ ਹੈ ਕਿ ਇਹ ਪੱਥਰ-ਲੇਖ ਹਿੰਦੂ ਮੰਦਰ ਦੇ ਪੱਥਰਾਂ ਉੱਤੇ ਪਹਿਲਾਂ ਤੋਂ ਹੀ ਮੌਜੂਦ ਸਨ, ਜਿਨ੍ਹਾਂ ਦੀ ਵਰਤੋਂ ਮਸਜਿਦ ਦੇ ਨਿਰਮਾਣ ਅਤੇ ਮੁਰੰਮਤ ਦੇ ਕਾਰਜਾਂ ਵਿੱਚ ਹੋਈ ਹੈ।
ਇਹ ਪੱਥਰ-ਲੇਖ ਦੇਵਨਾਗਰੀ, ਤੇਲਗੂ ਅਤੇ ਕੰਨੜ ਭਾਸ਼ਾਵਾਂ ਵਿੱਚ ਹਨ।
ਇਸ ਨਾਲ ਏਐਸਆਈ ਇਸ ਨਤੀਜੇ ਉੱਤੇ ਪਹੁੰਚਿਆ ਹੈ ਕਿ ਪਹਿਲਾਂ ਤੋਂ ਮੌਜੂਦ ਢਾਂਚਿਆਂ ਨੂੰ ਤੋੜ ਕੇ ਉਨ੍ਹਾਂ ਦੇ ਹਿੱਸਿਆਂ ਦੀ ਵਰਤੋਂ ਮੌਜੂਦਾ ਢਾਂਚੇ ਦੀ ਉਸਾਰੀ ਅਤੇ ਮੁਰੰਮਤ ਵਿੱਚ ਹੋਈ ਹੈ।
ਏਐਸਆਈ ਨੇ ਕਿਹਾ ਹੈ ਕਿ ਇਨ੍ਹਾਂ ਪੱਥਰ-ਲੇਖਾਂ ਵਿੱਚ ਉਨ੍ਹਾਂ ਨੂੰ ਤਿੰਨ ਭਗਵਾਨ- ਜਨਾਰਦਨ, ਰੁਦਰ ਅਤੇ ਉਮੇਸ਼ਵਰ ਦੇ ਨਾਮ ਵੀ ਮਿਲੇ ਹਨ।
ਇਸ ਦੇ ਨਾਲ ਹੀ ਏਐਸਆਈ ਨੇ ‘ਮਹਾਮੁਕਤੀਮੰਡਪ’ ਦੇ ਤਿੰਨ ਪੱਥਰ-ਲੇਖਾਂ ਦਾ ਮਿਲਣਾ ਬਹੁਤ ਹੀ ਮਹੱਤਵਪੂਰਣ ਦੱਸਿਆ ਹੈ।
ਤਹਿਖਾਨਿਆਂ ਵਿੱਚ ਕੀ ਮਿਲਿਆ ?

ਤਸਵੀਰ ਸਰੋਤ, UTPAL PATHAK
ਏਐਸਆਈ ਦੇ ਅਨੁਸਾਰ ਮਸਜਿਦ ਵਿੱਚ ਇਬਾਦਤ ਲਈ ਇਸ ਦੇ ਪੂਰਬੀ ਹਿੱਸੇ ਵਿੱਚ ਤਹਿਖਾਨੇ ਬਣਾਏ ਗਏ ਸਨ ਅਤੇ ਮਸਜਿਦ ਵਿੱਚ ਚਬੂਤਰੇ ਅਤੇ ਥਾਂ ਵਿੱਚ ਵੀ ਵਾਧਾ ਕੀਤਾ ਗਿਆ ਤਾਂ ਜੋ ਇਸ ਵਿੱਚ ਵੱਧ ਤੋਂ ਵੱਧ ਲੋਕ ਨਮਾਜ਼ ਪੜ੍ਹ ਸਕਣ।
ਏਐਸਆਈ ਦਾ ਕਹਿਣਾ ਹੈ ਕਿ ਪੂਰਬੀ ਹਿੱਸੇ ਵਿੱਚ ਤਹਿਖਾਨੇ ਬਣਾਉਣ ਦੇ ਲਈ ਮੰਦਰ ਦੇ ਥੰਮ੍ਹਾਂ ਵਰਤੇ ਗਏ ਸਨ।
ਐਨ2 ਨਾਮ ਦੀ ਇੱਕ ਬੇਸਮੈਂਟ ਵਿੱਚ ਇੱਕ ਥੰਮ੍ਹ ਦੀ ਵਰਤੋਂ ਕੀਤੀ ਗਈ ਸੀ ਜਿਸ ਉੱਤੇ ਘੰਟੀਆਂ, ਦੀਵੇ ਰੱਖਣ ਦੀ ਜਗ੍ਹਾ ਅਤੇ ਸੰਵਤ ਦੇ ਪੱਥਰ-ਲੇਖ ਮੌਜੂਦ ਹਨ।
ਐਸ2 ਨਾਮਕ ਤਹਿਖਾਨੇ ਵਿੱਚੋਂ ਮਿੱਟੀ ਦੇ ਹੇਠਾਂ ਦੱਬੀਆਂ ਹਿੰਦੂ ਦੇਵੀ-ਦੇਵਤਿਆਂ ਦੀ ਮੂਰਤੀਆਂ ਵੀ ਬਰਾਮਦ ਹੋਈਆਂ ਹਨ।
ਥੰਮ੍ਹ ਅਤੇ ਕੰਧ ਦੇ ਥੰਮ੍ਹ
ਏਐਸਆਈ ਦੀ ਰਿਪੋਰਟ ਦੇ ਅਨੁਸਾਰ ਮਸਜਿਦ ਨੂੰ ਖੁੱਲਾ ਅਤੇ ਉਸ ਦੇ ਵਿਹੜਾ ਬਣਾਉਣ ਲਈ ਪਹਿਲਾਂ ਤੋਂ ਮੌਜੂਦ ਮੰਦਰ ਦੇ ਥੰਮ੍ਹਾਂ ਨੂੰ ਕੁਝ ਬਦਲਾਅ ਕਰਕੇ ਵਰਤਿਆ ਗਿਆ ਸੀ।
ਏਐਸਆਈ ਦੇ ਅਨੁਸਾਰ ਮਸਜਿਦ ਦੇ ਵਰਾਂਢਿਆਂ ਦੇ ਖੰਭਿਆਂ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਇਹ ਸਾਹਮਣੇ ਆਉਂਦਾ ਹੈ ਕਿ ਉਹ ਮੂਲ ਰੂਪ ਵਿੱਚ ਪਹਿਲਾਂ ਤੋਂ ਮੌਜੂਦ ਹਿੰਦੂ ਮੰਦਰ ਦਾ ਹੀ ਹਿੱਸਾ ਸਨ।
ਇਨ੍ਹਾਂ ਥੰਮ੍ਹਾਂ ਨੂੰ ਮਸਜਿਦ ਵਿੱਚ ਵਰਤਣ ਦੇ ਲਈ ਇਨ੍ਹਾਂ ਉੱਤੇ ਉੱਕਰੇ ਕਮਲ ਦੇ ਫੁੱਲ ਦੇ ਨਾਲ ਬਣੀਆਂ ਵਿਆਲਾ ਆਕ੍ਰੀਤੀਆਂ ਨੂੰ ਹਟਾ ਕੇ ਫੁੱਲਾਂ ਦਾ ਡਿਜ਼ਾਇਨ ਤਿਆਰ ਕੀਤਾ ਗਿਆ ਸੀ।

ਤਸਵੀਰ ਸਰੋਤ, Getty Images
ਪੱਛਮੀ ਕਮਰਾ ਅਤੇ ਪੱਛਮੀ ਕੰਧ
ਏਐਸਆਈ ਦਾ ਕਹਿਣਾ ਹੈ ਕਿ ਮੌਜੂਦਾ ਢਾਂਚੇ (ਮਸਜਿਦ) ਦੀ ਪੱਛਮੀ ਕੰਧ ਦਾ ਬਚਿਆ ਹਿੱਸਾ ਪਹਿਲਾਂ ਤੋਂ ਮੌਜੂਦ ਹਿੰਦੂ ਮੰਦਰ ਦਾ ਹਿੱਸਾ ਹੈ।
ਏਐਸਆਈ ਦੇ ਅਨੁਸਾਰ ਇਹ ਪੱਛਮੀ ਕੰਧ, “ਪੱਥਰਾਂ ਤੋਂ ਬਣੀ ਹੈ ਅਤੇ ਇਸ ਨੂੰ ਲੇਟਵੀਂ ਮੋਲਡਿੰਗਾਂ ਨਾਲ ਸਜਾਇਆ ਗਿਆ ਹੈ। ਇਹ ਪੱਛਮੀ ਕੰਧ ਪੱਛਮੀ ਕਮਰਿਆਂ ਦੇ ਬਚੇ-ਖੁਚੇ ਹਿੱਸਿਆਂ, ਕੇਂਦਰੀ ਕਮਰੇ ਦੇ ਪੱਛਮੀ ਪ੍ਰੋਜੇਕਸ਼ਨਜ਼ ਅਤੇ ਉੱਤਰ ਤੇ ਦੱਖਣ ਦੇ ਦੋ ਕਮਰਿਆਂ ਦੀਆਂ ਪੱਛਮੀ ਕੰਧਾਂ ਤੋਂ ਬਣੀ ਹੈ। ਕੰਧ ਨਾਲ ਲੱਗਦਾ ਕੇਂਦਰੀ ਕਮਰਾ ਅੱਜ ਵੀ ਪਹਿਲਾਂ ਵਾਂਗ ਹੀ ਮੌਜੂਦ ਹੈ ਅਤੇ ਨੇੜਲੇ ਦੋਵਾਂ ਕਮਰਿਆਂ ਵਿੱਚ ਬਦਲਾਅ ਕੀਤੇ ਗਏ ਹਨ।”
ਮੰਦਰ ਦੇ ਉੱਤਰੀ ਅਤੇ ਦੱਖਣੀ ਦਾਖਲਾ ਦਰਵਾਜ਼ਿਆਂ ਨੂੰ ਪੌੜੀਆਂ ਵਿੱਚ ਬਦਲ ਦਿੱਤਾ ਗਿਆ ਸੀ ਅਤੇ ਉੱਤਰੀ ਹਾਲ ਦੇ ਦਾਖਲਾ ਦਰਵਾਜ਼ੇ ਵਿੱਚ ਬਣੀਆਂ ਪੌੜੀਆਂ ਅੱਜ ਵੀ ਵਰਤੀਆਂ ਜਾ ਰਹੀਆਂ ਹਨ।
ਏਐਸਆਈ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੰਦਰ ਵਿੱਚ ਇੱਕ ਵੱਡਾ ਕੇਂਦਰੀ ਕਮਰਾ ਹੋਇਆ ਕਰਦਾ ਸੀ ਅਤੇ ਇਸ ਦੇ ਨਾਲ ਹੀ ਉੱਤਰ, ਦੱਖਣ , ਪੱਛਮ ਅਤੇ ਪੂਰਬ ਵਿੱਚ ਇੱਕ-ਇੱਕ ਕਮਰਾ ਸੀ।
ਏਐਸਆਈ ਦੇ ਅਨੁਸਾਰ ਪਹਿਲਾਂ ਤੋਂ ਮੌਜੂਦ ਢਾਂਚੇ (ਮੰਦਰ) ਦਾ ਜੋ ਕੇਂਦਰੀ ਕਮਰਾ ਸੀ, ਉਹ ਹੁਣ ਮੌਜੂਦ ਢਾਂਚੇ ਭਾਵ ਮਸਜਿਦ ਦਾ ਵੀ ਕੇਂਦਰੀ ਕਮਰਾ ਹੀ ਹੈ।
ਏਐਸਆਈ ਦਾ ਮੰਨਣਾ ਹੈ ਕਿ ਮੰਦਰ ਦੇ ਕੇਂਦਰੀ ਕਮਰੇ ਦਾ ਮੁੱਖ ਦਾਖਲਾ ਦਰਵਾਜ਼ਾ ਪੱਛਮ ਵਿੱਚ ਸੀ , ਜਿਸ ਨੂੰ ਪੱਥਰ ਦੀ ਚਿਣਾਈ ਕਰਕੇ ਬੰਦ ਕਰ ਦਿੱਤਾ ਗਿਆ ਸੀ। ਪੱਥਰਾਂ ਦੀ ਮਦਦ ਨਾਲ ਬੰਦ ਕੀਤੇ ਗਏ ਮੁੱਖ ਦਾਖਲਾ ਦਰਵਾਜ਼ੇ ਦੇ ਦੂਜੇ ਪਾਸੇ ਕਿਬਲਾ ਬਣਾਇਆ ਗਿਆ।
ਚੁਣੌਤੀਪੂਰਨ ਸੀ ਗਿਆਨਵਾਪੀ ਦਾ ਸਰਵੇਖਣ: ਏਐਸਆਈ

ਤਸਵੀਰ ਸਰੋਤ, Getty Images
ਪਿਛਲੇ ਸਾਲ 4 ਅਗਸਤ ਨੂੰ ਏਐਸਆਈ ਨੇ ਸਖ਼ਤ ਸੁਰੱਖਿਆ ਦਰਮਿਆਨ ਆਪਣਾ ਸਰਵੇਖਣ ਸ਼ੁਰੂ ਕੀਤਾ ਸੀ।
ਏਐਸਆਈ ਦੀ ਟੀਮ ਵਿੱਚ ਏਐਸਆਈ ਦੇ ਪ੍ਰੋਫੈਸਰ ਆਲੋਕ ਤ੍ਰਿਪਾਠੀ, ਡਾ. ਗੌਤਮੀ ਭੱਟਾਚਾਰੀਆ, ਡਾ. ਸ਼ੁਭਾ ਮਜੂਮਦਾਰ, ਡਾ. ਰਾਜ ਕੁਮਾਰ ਪਟੇਲ, ਡਾ.ਅਵੀਨਾਸ਼ ਮੋਹੰਤੀ, ਡਾ. ਇਜ਼ਹਰ ਆਲਮ ਹਾਸ਼ਮੀ, ਡਾ. ਆਫ਼ਤਾਬ ਹੁਸੈਨ, ਡਾ. ਨੀਰਜ ਕੁਮਾਰ ਮਿਸ਼ਰਾ ਅਤੇ ਡਾ. ਵਿਨੈ ਕੁਮਾਰ ਰਾਏ ਵਰਗੇ ਮਾਹਰ ਸ਼ਾਮਲ ਸਨ।
ਸਰਵੇਖਣ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਅਦਾਲਤ ਨੇ ਸਰਵੇਖਣ ਦੌਰਾਨ ਮੀਡੀਆ ਦੀ ਰਿਪੋਰਟਿੰਗ ਉੱਤੇ ਪਾਬੰਦੀ ਲਗਾ ਦਿੱਤੀ ਸੀ।
ਅਦਾਲਤ ਨੇ ਢਾਂਚੇ ਨੂੰ ਬਿਨ੍ਹਾਂ ਨੁਕਸਾਨ ਪਹੁੰਚਾਏ ਸਰਵੇਖਣ ਕਰਨ ਦੀ ਇਜਾਜ਼ਤ ਦਿੱਤੀ ਸੀ ਪਰ ਮਿੱਟੀ ਅਤੇ ਮਲਬੇ ਨੂੰ ਵੇਖਦੇ ਹੋਏ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਬਹੁਤ ਹੀ ਸਾਵਧਾਨੀ ਨਾਲ ਮਲਬਾ ਹਟਾਇਆ ਗਿਆ ਸੀ।
ਗਿਆਨਵਾਪੀ ਦੇ ਚਾਰੇ ਪਾਸੇ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਘੇਰਾਬੰਦੀ ਹੈ, ਜਿਸ ਕਰਕੇ ਵਾਰ-ਵਾਰ ਮਸਜਿਦ ਦੇ ਅੰਦਰ-ਬਾਹਰ ਜਾਣ ਵਿੱਚ ਮੁਸ਼ਕਲ ਹੋ ਰਹੀ ਹੈ।
4 ਮਹੀਨਿਆਂ ਤੱਕ ਚੱਲੇ ਇਸ ਸਰਵੇਖਣ ਵਿੱਚ ਏਐਸਆਈ ਦੀ ਟੀਮ ਅਤੇ ਮਜ਼ਦੂਰਾਂ ਨੇ ਗਰਮੀ ਅਤੇ ਹੁੰਮਸ ਭਰੇ ਮੀਂਹ ਦੇ ਦਿਨਾਂ ਵਿੱਚ ਵੀ ਲਗਾਤਾਰ ਕੰਮ ਕੀਤਾ ਹੈ।
ਕੁਝ ਤਹਿਖਾਨਿਆਂ ਵਿੱਚ ਬਿਜਲੀ ਤੱਕ ਨਹੀਂ ਸੀ ਅਤੇ ਸ਼ੁਰੂਆਤੀ ਦਿਨਾਂ ਵਿੱਚ ਟਾਰਚ ਅਤੇ ਰਿਫਲੈਕਟ ਦੀ ਰੌਸ਼ਨੀ ਨਾਲ ਸਰਵੇਖਣ ਕੀਤਾ ਗਿਆ।
ਤਹਿਖਾਨਿਆਂ ਵਿੱਚ ਕੰਮ ਕਰਦਿਆਂ ਏਐਸਆਈ ਦੀ ਟੀਮ ਨੂੰ ਹਵਾ ਦੀ ਕਮੀ ਵੀ ਮਹਿਸੂਸ ਹੋਈ ਅਤੇ ਬਾਅਦ ਵਿੱਚ ਲਾਈਟ ਅਤੇ ਪੱਖੇ ਲਾ ਕੇ ਕੰਮ ਜਾਰੀ ਰੱਖਿਆ ਗਿਆ।
ਮੀਂਹ ਦੇ ਮੌਸਮ ਦੌਰਾਨ ਖੁਦਾਈ ਕੀਤੀ ਜਗ੍ਹਾ ਨੂੰ ਤਰਪਾਲਾਂ ਨਾਲ ਢੱਕਿਆ ਗਿਆ ਅਤੇ ਸਰਵੇਖਣ ਦਾ ਇੱਕ ਕੈਂਪ ਦਫ਼ਤਰ ਬਣਾਇਆ ਗਿਆ।
ਏਐਸਆਈ ਦੀ ਟੀਮ ਨੂੰ ਬਾਂਦਰਾਂ ਨੇ ਵੀ ਬਹੁਤ ਪਰੇਸ਼ਾਨ ਕੀਤਾ ਅਤੇ ਉਹ ਅਕਸਰ ਹੀ ਤਰਪਾਲਾਂ ਪਾੜ ਦਿੰਦੇ ਸਨ ਅਤੇ ਸਰਵੇਖਣ ਖੇਤਰ ਵਿੱਚ ਖਲਲ ਪੈਦਾ ਕਰਦੇ ਸਨ।
ਸਰਵੇਖਣ ਦਾ ਅਦਾਲਤੀ ਹੁਕਮ

ਤਸਵੀਰ ਸਰੋਤ, ARRANGED
ਏਐਸਆਈ ਨੂੰ ਸਰਵੇਖਣ ਦਾ ਹੁਕਮ ਦਿੰਦੇ ਹੋਏ ਵਾਰਾਣਸੀ ਦੇ ਜ਼ਿਲ੍ਹਾ ਜੱਜ ਨੇ ਆਪਣੇ ਹੁਕਮ ਵਿੱਚ ਲਿਖਿਆ ਸੀ, “ ਜੇਕਰ ਪਲਾਟ ਅਤੇ ਢਾਂਚੇ ਦਾ ਸਰਵੇਖਣ ਅਤੇ ਵਿਗਿਆਨਕ ਜਾਂਚ ਹੁੰਦੀ ਹੈ ਤਾਂ ਉਸ ਨਾਲ ਅਦਾਲਤ ਦੇ ਸਾਹਮਣੇ ਸਹੀ ਤੱਥ ਆਉਣਗੇ, ਜਿਸ ਨਾਲ ਮਾਮਲੇ ਦਾ ਅਦਾਲਤ ਵਿੱਚ ਸਹੀ, ਨਿਆਂਪੂਰਨ ਤਰੀਕੇ ਨਾਲ ਨਿਪਟਾਰਾ ਸੰਭਵ ਹੋਵੇਗਾ।”
ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿੱਚ ਏਐਸਆਈ ਦੇ ਸਾਰਨਾਥ ਸਰਕਲ ਦੇ ਸੁਪਰਡੈਂਟ ਪੁਰਾਤੱਤਵ ਵਿਗਿਆਨੀ ਨੂੰ ਸੈਟਲਮੈਂਟ ਪਲਾਟ ਨੰਬਰ 9130 (ਮੌਜੂਦਾ ਗਿਆਨਵਾਪੀ ਮਸਜਿਦ ਕੰਪਲੈਕਸ) ਦੀ ਜ਼ਮੀਨ ਅਤੇ ਇਮਾਰਤ (ਮਸਜਿਦ ਦੀ ਇਮਾਰਤ) ਦਾ ਸਰਵੇਖਣ ਕਰਨ ਦਾ ਹੁਕਮ ਦਿੱਤਾ ਸੀ।
ਅਦਾਲਤ ਨੇ ਆਪਣੇ ਹੁਕਮ ਵਿੱਚ ਲਿਖਿਆ ਸੀ ਕਿ ਏਐਸਆਈ ਅਜਿਹੇ ਤਰੀਕੇ ਨਾਲ ਸਰਵੇਖਣ ਕਰੇਗੀ, ਜਿਸ ਨਾਲ ਕੋਈ ਭੰਨ-ਤੋੜ ਨਹੀਂ ਹੋਵੇਗੀ। ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਸਰਵੇਖਣ ਦੌਰਾਨ ਨਾ ਹੀ ਖੁਦਾਈ ਕੀਤੀ ਜਾਵੇਗੀ ਅਤੇ ਨਾ ਹੀ ਢਾਂਚੇ ਨੂੰ ਤੋੜਿਆ ਜਾਵੇਗਾ।
ਸਰਵੇਖਣ ਦੀ ਟੀਮ : ਪੁਰਾਤੱਤਵ ਵਿਗਿਆਨੀ , ਪੁਰਾਤੱਤਵ ਰਸਾਇਣ ਵਿਗਿਆਨੀ, ਐਪੀਗ੍ਰਫਿਸਟ, ਸਰਵੇਅਰ, ਫੋਟੋਗ੍ਰਾਫਰ ਅਤੇ ਹੋਰ ਤਕਨੀਕੀ ਮਾਹਰਾਂ ਨੂੰ ਜਾਂਚ ਅਤੇ ਦਸਤਾਵੇਜ਼ੀਕਰਨ ਲਈ ਲਾਇਆ ਗਿਆ। ਮਾਹਰਾਂ ਦੀ ਟੀਮ ਨੇ ਜੀਪੀਆਰ ਭਾਵ ਗਰਾਊਂਡ ਪੈਨੇਟਰੇਟਿੰਗ ਰਡਾਰ) ਸਰਵੇਖਣ ਕੀਤਾ।
ਏਐਸਆਈ ਦੀ ਵਿਗਿਆਨਕ ਜਾਂਚ ਦਾ ਘੇਰਾ

ਤਸਵੀਰ ਸਰੋਤ, Getty Images
ਏਐਸਆਈ ਨੇ ਸਰਵੇਖਣ ਕਰਕੇ ਇਹ ਦੱਸਣਾ ਸੀ ਕਿ ਮੌਜੂਦਾ ਢਾਂਚਾ ਕੀ ਪਹਿਲਾਂ ਤੋਂ ਮੌਜੂਦ ਕਿਸੇ ਹਿੰਦੂ ਮੰਦਰ ਦੇ ਉੱਪਰ ਉਸਾਰਿਆ ਗਿਆ ਹੈ।
ਗਿਆਨਵਾਪੀ ਦੀ ਪੱਛਮੀ ਕੰਧ ਦੀ ਉਮਰ ਅਤੇ ਨਿਰਮਾਣ ਦੀ ਬਣਤਰ ਦਾ ਪਤਾ ਕਰਨ ਲਈ ਵਿਗਿਆਨਕ ਜਾਂਚ ਕਰਨੀ ਸੀ।
ਲੋੜ ਪੈਣ ਉੱਤੇ ਏਐਸਆਈ ਨੇ ਪੱਛਮੀ ਕੰਧ ਦੇ ਹੇਠਾਂ ਜਾਂਚ ਕਰਨ ਦੇ ਲਈ ਜੀਪੀਆਰ ਦੀ ਵਰਤੋਂ ਕਰਨੀ ਸੀ।
ਏਐਸਆਈ ਨੇ ਗਿਆਨਵਾਪੀ ਦੇ ਤਿੰਨਾਂ ਗੁਬੰਦਾਂ ਦੇ ਹੇਠਾਂ ਅਤੇ ਗਿਆਨਵਾਪੀ ਦੇ ਸਾਰੇ ਤਹਿਖਾਨਿਆਂ ਦੀ ਜਾਂਚ ਕਰਨੀ ਸੀ।
ਏਐਸਆਈ ਨੇ ਆਪਣੀ ਜਾਂਚ ਵਿੱਚ ਬਰਾਮਦ ਸਾਰੀਆਂ ਕਲਾਕ੍ਰਿਤੀਆਂ ਦੀ ਸੂਚੀ ਬਣਾਉਣੀ ਸੀ ਅਤੇ ਇਹ ਵੀ ਦਰਜ ਕਰਨਾ ਸੀ ਕਿ ਕਿਹੜੀ ਕਲਾਕ੍ਰਿਤੀ ਕਿੱਥੋਂ ਬਰਾਮਦ ਹੋਈ ਹੈ ਅਤੇ ਡੇਟਿੰਗ ਦੇ ਜ਼ਰੀਏ ਉਨ੍ਹਾਂ ਕਲਾਕ੍ਰਿਤੀਆਂ ਦੀ ਉਮਰ ਅਤੇ ਬਣਤਰ ਜਾਣਨ ਦੀ ਕੋਸ਼ਿਸ਼ ਕਰਨੀ ਸੀ।
ਏਐਸਆਈ ਨੇ ਗਿਆਨਵਾਪੀ ਕੰਪਲੈਕਸ ਵਿੱਚ ਮਿਲਣ ਵਾਲੇ ਸਾਰੇ ਖੰਭਿਆਂ ਅਤੇ ਚਬੂਤਰਿਆਂ ਦੀ ਵਿਗਿਆਨਕ ਜਾਂਚ ਕਰਕੇ ਉਨ੍ਹਾਂ ਦੀ ਉਮਰ , ਬਣਤਰ ਅਤੇ ਨਿਰਮਾਣ ਦੀ ਸ਼ੈਲੀ ਦੀ ਪਛਾਣ ਕਰੀ ਸੀ।
ਡੇਟਿੰਗ, ਜੀਪੀਆਰ ਅਤੇ ਹੋਰ ਵਿਗਿਆਨਕ ਤਰੀਕਿਆਂ ਨਾਲ ਗਿਆਨਵਾਪੀ ਦੇ ਢਾਂਚੇ ਦੇ ਨਿਰਮਾਣ ਦੀ ਉਮਰ, ਨਿਰਮਾਣ ਦੀ ਬਣਤਰ ਦੀ ਪਛਾਣ ਕਰਨੀ ਸੀ।
ਇਸ ਦੇ ਨਾਲ ਹੀ ਏਐਸਆਈ ਨੂੰ ਜਾਂਚ ਦੌਰਾਨ ਬਰਾਮਦ ਕਲਾਕ੍ਰਿਤੀਆਂ ਅਤੇ ਢਾਂਚੇ ਵਿੱਚ ਅਤੇ ਉਸ ਦੇ ਥੱਲੋਂ ਮਿਲੀਆਂ ਇਤਿਹਾਸਕ ਅਤੇ ਧਾਰਮਿਕ ਵਸਤੂਆਂ ਦੀ ਵੀ ਜਾਂਚ ਕਰਨੀ ਸੀ।
ਇਹ ਵੀ ਯਕੀਨੀ ਬਣਾਉਣਾ ਸੀ ਕਿ ਇਸ ਜਾਂਚ ਦੌਰਾਨ ਢਾਂਚੇ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚੇ ਅਤੇ ਉਹ ਸੁਰੱਖਿਤ ਰਹੇ।
ਸਰਵੇਖਣ ਦੇ ਵਿਰੋਧ ਵਿੱਚ ਮਸਜਿਦ ਧਿਰ

ਤਸਵੀਰ ਸਰੋਤ, Getty Images
ਮਸਜਿਦ ਧਿਰ ਦਾ ਮੰਨਣਾ ਸੀ ਕਿ ਸਰਵੇਖਣ ਉਦੋਂ ਹੀ ਹੋ ਸਕਦਾ ਹੈ, ਜਦੋਂ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਗਏ ਲਿਖਤੀ ਅਤੇ ਮੌਖਿਕ ਸਬੂਤਾਂ ਨਾਲ ਅਦਾਲਤ ਤੋਂ ਕਿਸੇ ਨਤੀਜੇ ਉੱਤੇ ਨਾ ਪਹੁੰਚਿਆ ਜਾ ਰਿਹਾ ਹੋਵੇ।
ਅਦਾਲਤ ਵਿੱਚ ਹਿੰਦੂ ਧਿਰ ਨੇ ਕਿਹਾ ਸੀ ਕਿ ਨਿਰਮਾਣ ਦੀ ਸ਼ੈਲੀ ਨੂੰ ਵੇਖਦੇ ਹੋਏ ਉਨ੍ਹਾਂ ਕੋਲ ਢਾਂਚੇ ਦੀਆਂ ਨਕਲੀ ਕੰਧਾਂ ਦੇ ਪਿੱਛੇ ਕੁਝ ਚੀਜ਼ਾਂ ਦੇ ਲੁਕੇ ਹੋਣ ਦਾ ਕੋਈ ਸਬੂਤ ਨਹੀਂ ਹੈ।
ਮੁਸਲਿਮ ਪੱਖ ਦਾ ਕਹਿਣਾ ਸੀ ਕਿ ਕਾਨੂੰਨ ਏਐਸਆਈ ਨੂੰ ਹਿੰਦੂ ਧਿਰ ਦੇ ਦਾਅਵੇ ਨਾਲ ਜੁੜੇ ਸਬੂਤ ਇੱਕਠੇ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ।
ਮਸਜਿਦ ਧਿਰ ਦਾ ਕਹਿਣਾ ਸੀ ਕਿ ਏਐਸਆਈ ਦਾ ਸਰਵੇਖਣ 1991 ਦੇ ਪੂਜਾ ਸਥਾਨਾਂ ਦੇ ਕਾਨੂੰਨ ਦੀ ਉਲੰਘਣਾ ਹੈ, ਜੋ ਕਿ ਆਜ਼ਾਦੀ ਤੋਂ ਪਹਿਲਾਂ ਮੌਜੂਦ ਧਾਰਮਿਕ ਸਥਾਨਾਂ ਦੇ ਧਾਰਮਿਕ ਚਰਿੱਤਰ ਨੂੰ ਬਦਲਣ ਦੀ ਇਜਾਜ਼ਤ ਨਹੀਂ ਦਿੰਦਾ ਹੈ।
ਮਸਜਿਦ ਪੱਖ ਦਾ ਇਹ ਵੀ ਕਹਿਣਾ ਸੀ ਕਿ ਗਿਆਨਵਾਪੀ ਦੀ ਜ਼ਮੀਨ ਦੀ ਮਲਕੀਅਤ ਨਾਲ ਜੁੜੇ ਮਾਮਲੇ ਵਿੱਚ ਪਹਿਲਾਂ ਤੋਂ ਹੀ ਇਲਾਹਾਬਾਦ ਹਾਈ ਕੋਰਟ ਨੇ ਏਐਸਆਈ ਸਰਵੇਖਣ ਉੱਤੇ ਰੋਕ ਲਾਈ ਹੋਈ ਹੈ। ਫਿਰ ਕਿਸੇ ਹੋਰ ਮਾਮਲੇ ਵਿੱਚ ਸਰਵੇਖਣ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ।
ਜਦਕਿ ਮੰਦਿਰ ਧਿਰ ਦਾ ਮੰਨਣਾ ਸੀ ਕਿ ਏਐਸਆਈ ਸਰਵੇਖਣ ਅਦਾਲਤ ਵਿੱਚ ਇਸ ਵਿਵਾਦ ਨੂੰ ਸੁਲਝਾਉਣ ਵਿੱਚ ਮਦਦ ਕਰੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਭਾਵ ਹਿੰਦੂ ਅਤੇ ਮੁਸਲਿਮ ਪੱਖ ਨੂੰ ਏਐਸਆਈ ਦੇ ਸਰਵੇਖਣ ਦੇ ਨਤੀਜਿਆਂ ਨੂੰ ਅਦਾਲਤ ਵਿੱਚ ਵਿਰੋਧ ਕਰਨ ਅਤੇ ਬਹਿਸ ਕਰਕੇ ਚੁਣੌਤੀ ਦੇਣ ਦਾ ਮੌਕਾ ਮਿਲੇਗਾ।
ਮੰਦਰ ਪੱਖ ਸਰਵੇਖਣ ਨੂੰ 1991 ਦੇ ਪੂਜਾ ਸਥਾਨਾਂ ਦੇ ਐਕਟ ਨੂੰ ਰੁਕਾਵਟ ਨਹੀਂ ਮੰਨਦਾ ਹੈ ਅਤੇ ਨਾਲ ਹੀ ਦਾਅਵਾ ਕਰਦਾ ਹੈ ਕਿ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਉੱਥੇ ਹਿੰਦੂ ਪੂਜਾ ਕਰਦੇ ਆ ਰਹੇ ਹਨ।
ਮੰਦਰ ਧਿਰ ਦਾ ਮੰਨਣਾ ਹੈ ਕਿ ਏਐਸਆਈ ਦਾ ਕੰਮ ਇਤਿਹਾਸਕ ਢਾਂਚਿਆ ਦੀ ਸੰਭਾਲ ਅਤੇ ਹਿਫ਼ਾਜ਼ਤ ਕਰਨਾ ਹੈ। ਇਸ ਲਈ ਸਰਵੇਖਣ ਵਿੱਚ ਗਿਆਨਵਾਪੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦਾ ਮੁਸਲਿਮ ਧਿਰਦਾ ਖਦਸ਼ਾ ਬਿਲਕੁਲ ਹੀ ਬੇਬੁਨਿਆਦੀ ਹੈ।
ਅਯੁੱਧਿਆ ਦੀ ਤਰਜ਼ ਉੱਤੇ ਗਿਆਨਵਾਪੀ ਦਾ ਏਐਸਆਈ ਸਰਵੇਖਣ ਜਾਇਜ਼?

ਇਸ ਬਾਰੇ ਮਸਜਿਦ ਧਿਰ ਦੇ ਵਕੀਲ ਐਸਐਫਏ ਨਕਵੀ ਦਾ ਕਹਿਣਾ ਹੈ, “ਪੂਜਾ ਸਥਾਨ ਐਕਟ 1991 ਦੇ ਅਨੁਸਾਰ 15 ਅਗਸਤ 1947 ਨੂੰ ਬਾਬਰੀ ਮਸਜਿਦ ਦਾ ਮਾਲਕਾਨਾ ਹੱਕ ਦਾ ਮੁਕੱਦਮਾ ਸੁਣਵਾਈ ਅਧੀਨ ਸੀ। ਪੂਜਾ ਸਥਾਨ ਐਕਟ 1991 ਵਿੱਚ ਗਿਆਨਵਾਪੀ ਜਾਂ ਕਿਸੇ ਹੋਰ ਮਾਮਲੇ ਦਾ ਵਰਣਨ ਨਹੀਂ ਹੈ ਅਤੇ ਅਯੁੱਧਿਆ ਦੀ ਜ਼ਮੀਨ ਦੀ ਮਾਲਕੀ ਦੇ ਮਾਮਲੇ ਵਿੱਚ ਅਦਾਲਤ ਨੇ ਪੂਜਾ ਸਥਾਨ ਐਕਟ ਦੀ ਵੈਧਤਾ ਸਥਾਪਿਤ ਕੀਤੀ ਹੈ।
ਨਕਵੀ ਕਹਿੰਦੇ ਹਨ, “ਅਯੁੱਧਿਆ ਵਿੱਚ ਏਐਸਆਈ ਸਰਵੇਖਣ ਵੱਖਰੇ ਹਾਲਾਤਾਂ ਵਿੱਚ ਕੀਤਾ ਗਿਆ। ਅਯੁੱਧਿਆ ਵਿੱਚ ਏਅੇਸਆਈ ਸਰਵੇਖਣ ਢਾਹੇ ਜਾਣ ਤੋਂ ਬਾਅਦ ਹੋਇਆ ਸੀ ਨਾ ਕਿ ਉਸ ਤੋਂ ਪਹਿਲਾਂ।”
ਇਸ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਤੱਕ ਏਐਸਆਈ ਦੀ ਇਸ ਸਰਵੇਖਣ ਰਿਪੋਰਟ ਦੇ ਨਤੀਜਿਆਂ ‘ਤੇ ਮਸਜਿਦ ਪੱਖ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਸੀ।
ਗਿਆਨਵਾਪੀ ਸਮਲੇੇ ਨੂੰ ਵੇਰਵੇ ਸਹਿਤ ਸਮਝਣ ਲਈ ਇਹ ਪੜ੍ਹੋ: ਹਿੰਦੂਆਂ ਦਾ ਦਾਅਵਾ, ਮੁਸਲਮਾਨਾਂ ਦਾ ਪੱਖ ਤੇ ਪੂਰਾ ਇਤਿਹਾਸ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)












