ਗਿਆਨਵਾਪੀ ਵਿਵਾਦ: ਹਿੰਦੂਆਂ ਦਾ ਦਾਅਵਾ, ਮੁਸਲਮਾਨਾਂ ਦਾ ਪੱਖ ਤੇ ਪੂਰਾ ਇਤਿਹਾਸ

- ਲੇਖਕ, ਅਨੰਤ ਝਣਾਣੇ
- ਰੋਲ, ਬੀਬੀਸੀ ਪੱਤਰਕਾਰ
ਗਿਆਨਵਾਪੀ ਮਸਜਿਦ ਤੇ ਆਦਿ ਵਿਸ਼ਵੇਸ਼ਵਰ ਮੰਦਰ, ਇਨ੍ਹਾਂ ’ਤੇ ਹਿੰਦੂ ਅਤੇ ਮੁਸਲਿਮ ਪੱਖ ਦੇ ਦਾਅਵਿਆਂ ਵਿਚਾਲੇ, ਇਸ ਨਾਲ ਜੁੜੇ ਇਤਿਹਾਸਿਕ ਸਬੂਤ ਇਕੱਠੇ ਕਰਨ ਲਈ ਹੁਣ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ (ਏਐੱਸਆਈ) ਗਿਆਨਵਾਪੀ ਕੰਪਲੈਕਸ ਦਾ ਵਿਗਿਆਨਿਕ ਸਰਵੇਖਣ ਕਰ ਰਿਹਾ ਹੈ।
ਅਦਾਲਤੀ ਕਾਰਵਾਈ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਜ਼ਿਲ੍ਹਾ ਅਦਾਲਤ, ਹਾਈ ਕੋਰਟ ਅਤੇ ਸੁਪਰੀਮ ਕੋਰਟ ’ਚ ਇਸ ਮਾਮਲੇ ਨਾਲ ਜੁੜੀਆਂ ਵੱਖ-ਵੱਖ ਮੰਗਾਂ ਨਾਲ ਸਬੰਧਤ ਕਈ ਮੁਕੱਦਮੇ ਦਾਇਰ ਹੋ ਚੁੱਕੇ ਹਨ।
ਇਸ ਮਾਮਲੇ ਦੇ ਅਦਾਲਤ ’ਚ ਵਿਚਾਰ ਅਧੀਨ ਹੋਣ ਕਰਕੇ ਤੇ ਇਸ ਦੀ ਸੰਵੇਦਨਸ਼ੀਲਤਾ ਨੂੰ ਧਿਆਨ ’ਚ ਰੱਖਦਿਆਂ ਅਸੀਂ ਇਸ ਵਿਵਾਦ ਨਾਲ ਸਬੰਧਤ ਦਾਅਵਿਆਂ ਅਤੇ ਦਲੀਲਾਂ ਨੂੰ ਇਕੱਤਰ ਕਰਨ ਦਾ ਯਤਨ ਕੀਤਾ ਹੈ ਤਾਂ ਜੋ ਸਾਡੇ ਪਾਠਕ ਇਸ ਵਿਵਾਦ ਨੂੰ ਬਿਹਤਰ ਢੰਗ ਨਾਲ ਸਮਝ ਸਕਣ ਅਤੇ ਨਾਲ ਇਸ ਨਾਲ ਜੁੜੀਆਂ ਘਟਨਾਵਾਂ ਦੇ ਤੱਥਾਂ ਤੋਂ ਜਾਣੂ ਹੋ ਸਕਣ।
ਪਹਿਲਾਂ ਕੀ ਆਇਆ: ਮੰਦਰ ਜਾਂ ਮਸਜਿਦ?

ਜੇ ਤੁਸੀਂ ਮਸਜਿਦ ਅਤੇ ਮੰਦਰ ਦੋਵਾਂ ਪੱਖਾਂ ਦੇ ਕਾਨੂੰਨੀ ਦਸਤਾਵੇਜ਼ਾਂ ਦੀ ਡੂੰਘਾਈ ’ਚ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਇਸ ਵਿਵਾਦ ਨਾਲ ਜੁੜਿਆ ਇੱਕ ਸਵਾਲ ਤੁਹਾਡੇ ਮਨ ’ਚ ਜ਼ਰੂਰ ਆਵੇਗਾ ਕਿ ਪਹਿਲਾਂ ਕੀ ਸੀ- ਮੰਦਰ ਜਾਂ ਮਸਜਿਦ?
ਅਤੇ ਇਹੀ ਸਵਾਲ ਕਾਨੂੰਨੀ ਲੜਾਈ ਦਾ ਆਧਾਰ ਹੈ।
ਆਓ ਜਾਣਦੇ ਹਾਂ ਕਿ ਹਿੰਦੂ ਪੱਖ ਇਸ ਮੰਦਰ ਦੀ ਸਥਾਪਨਾ ਅਤੇ ਹੋਂਦ ਬਾਰੇ ਕੀ ਕਹਿੰਦਾ ਹੈ ਅਤੇ ਮੁਸਲਿਮ ਪੱਖ ਮਸਜਿਦ ਦੀ ਹੋਂਦ ਬਾਰੇ ਕੀ ਦਲੀਲ ਪੇਸ਼ ਕਰਦਾ ਹੈ।
ਮੰਦਰ ਪੱਖ ਦਾ ਕਹਿਣਾ ਹੈ ਕਿ ਭਗਵਾਨ ਵਿਸ਼ਵੇਸ਼ਵਰ ਦਾ ਮੰਦਰ ਹੁਣ ਤੋਂ ਤਕਰੀਬਨ 2050 ਸਾਲ ਪਹਿਲਾਂ ਰਾਜਾ ਵਿਕਰਮਾਦਿਤਿਆ ਨੇ ਬਣਵਾਇਆ ਸੀ। ਉੱਥੇ ਪ੍ਰਾਚੀਨ ਕਾਲ ਤੋਂ ਹੀ ਭਗਵਾਨ ਸ਼ਿਵ ਦਾ ਸਵੈ-ਘੋਸ਼ਿਤ ਜੋਤਿਰਲਿੰਗ ਮੌਜੂਦ ਹੈ, ਜੋ ਕਿ ਭਗਵਾਨ ਵਿਸ਼ਵੇਸ਼ਵਰ ਦੇ ਨਾਮ ਨਾਲ ਪ੍ਰਸਿੱਧ ਹੈ।
ਇਹ ਮੰਦਰ ਭਾਰਤ ’ਚ ਮੁਸਲਿਮ ਸ਼ਾਸਕਾਂ ਦੇ ਸ਼ਾਸਨਕਾਲ ਤੋਂ ਪਹਿਲਾਂ ਹੋਂਦ ’ਚ ਆ ਚੁੱਕਿਆ ਸੀ। ਮੰਦਰ ਪੱਖ ਅਨੁਸਾਰ ਇਹ ਜੋਤਿਰਲਿੰਗ ਦੇਸ਼ ਭਰ ’ਚ ਮੌਜੂਦ 12 ਜੋਤਿਰਲਿੰਗਾਂ ’ਚੋਂ ਸਭ ਤੋਂ ਪਵਿੱਤਰ ਹੈ।
ਮਸਜਿਦ ਪੱਖ ਦਾ ਦਾਅਵਾ ਹੈ ਕਿ ਇਹ ਮਸਜਿਦ ਇੱਕ ਹਜ਼ਾਰ ਸਾਲ ਤੋਂ ਵੀ ਵੱਧ ਪੁਰਾਣੀ ਹੈ, ਜਿੱਥੇ ਮੁਸਲਮਾਨ ਰੋਜ਼ ਨਮਾਜ਼ ਅਦਾ ਕਰ ਰਹੇ ਹਨ।
ਮਸਜਿਦ ਪੱਖ ਦਾ ਕਹਿਣਾ ਹੈ ਕਿ ਪਲਾਟ ਨੰਬਰ 9130 ’ਤੇ ਮੌਜੂਦ ਢਾਂਚੇ ਦਾ ਨਾਮ ਆਲਮਗੀਰੀ ਜਾਂ ਗਿਆਨਵਾਪੀ ਹੈ।
ਪਰ ਗਿਆਨਵਾਪੀ ਨਾਮ ਆਇਆ ਕਿੱਥੋਂ?
ਇਸ ਸਬੰਧ ’ਚ ਮੰਦਰ ਪੱਖ ਦਾ ਮੰਨਣਾ ਹੈ ਕਿ ਮੌਜੂਦਾ ਗਿਆਨਵਾਪੀ ਕੰਪਲੈਕਸ ’ਚ ਇੱਕ ਪ੍ਰਾਚੀਨ ਖੂਹ ਹੈ ਅਤੇ ਇਸ ਨੂੰ ਭਗਵਾਨ ਵਿਸ਼ਵੇਸ਼ਵਰ ਨੇ ਸਤਿਯੁਗ ’ਚ ਆਪਣੇ ਤ੍ਰਿਸ਼ੂਲ ਨਾਲ ਪੁੱਟਿਆ ਸੀ ਅਤੇ ਇਹ ਅੱਜ ਵੀ ਆਪਣੇ ਮੂਲ ਸਥਾਨ ’ਤੇ ਹੀ ਮੌਜੂਦ ਹੈ।
ਇਸ ਖੂਹ ਦਾ ਨਾਮ ਗਿਆਨਵਾਪੀ ਰੱਖਿਆ ਗਿਆ ਅਤੇ ਉਸ ਦੇ ਨਾਮ ਤੋਂ ਹੀ ਪੂਰੇ ਕੰਪਲੈਕਸ ਦਾ ਨਾਮ ਵੀ ਗਿਆਨਵਾਪੀ ਪੈ ਗਿਆ, ਜਿਸ ’ਚ ਅੱਜ ਮਸਜਿਦ ਮੌਜੂਦ ਹੈ।
ਮੰਦਰ ਪੱਖ ਨੇ ਆਪਣੀ ਪਟੀਸ਼ਨ ’ਚ ਲਿਖਿਆ ਹੈ ਕਿ ਮੁਗਲ ਬਾਦਸ਼ਾਹ ਅਕਬਰ ਦੇ ਸ਼ਾਸਨਕਾਲ ਦੌਰਾਨ, “ਸੰਤ ਸ਼੍ਰੀ ਨਾਰਾਇਣ ਭੱਟ ਦੀ ਗੁਜ਼ਾਰਿਸ਼ ’ਤੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਪੁਨਰ ਨਿਰਮਾਣ ਦੀ ਇਜਾਜ਼ਤ ਮਿਲੀ ਸੀ ਅਤੇ ਗਿਆਨਵਾਪੀ ਕੰਪਲੈਕਸ ’ਚ ਮੰਦਰ ਦੇ ਮੂਲ ਸਥਾਨ ’ਤੇ ਨਾਰਾਇਣ ਭੱਟ ਨੇ ਆਪਣੇ ਚੇਲੇ ਅਤੇ ਅਕਬਰ ਦੇ ਵਿੱਤ ਮੰਤਰੀ ਰਾਜਾ ਟੋਡਰਮਲ ਦੀ ਮਦਦ ਨਾਲ ਮੰਦਰ ਬਣਾਇਆ ਸੀ।”
ਕੀ ਔਰੰਗਜ਼ੇਬ ਨੇ ਮੰਦਰ ਢਾਹੁਣ ਦੇ ਹੁਕਮ ਦਿੱਤੇ ਸਨ ?

ਮੰਦਰ ਪੱਖ ਵੱਲੋਂ ਪੇਸ਼ ਕੀਤੇ ਗਏ ਦਾਅਵਿਆਂ ’ਚ ਸਭ ਤੋਂ ਅਹਿਮ ਦਾਅਵਾ ਇਹ ਹੈ ਕਿ ਆਦਿ ਵਿਸ਼ਵੇਸ਼ਵਰ ਦੇ ਮੰਦਰ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਸ਼ਾਸਨਕਾਲ ਦੌਰਾਨ ਢਾਹ ਦਿੱਤਾ ਗਿਆ ਸੀ ਅਤੇ ਬਾਅਦ ’ਚ ਉਸੇ ਥਾਂ ’ਤੇ ਗਿਆਨਵਾਪੀ ਮਸਜਿਦ ਦਾ ਨਿਰਮਾਣ ਕੀਤਾ ਗਿਆ।
ਮੰਦਰ ਪੱਖ ਵੱਲੋਂ ਪੇਸ਼ ਕੀਤਾ ਗਿਆ ਇਹ ਦਾਅਵਾ ਸਾਕੀ ਮੁਸਤਾਦ ਖ਼ਾਨ ਵੱਲੋਂ ਲਿਖੀ ਕਿਤਾਬ ਮਾਸਿਰ-ਏ-ਆਲਮਗੀਰੀ ਦੇ ਆਧਾਰ ’ਤੇ ਦਿੱਤਾ ਗਿਆ ਹੈ। ਇਹ ਕਿਤਾਬ ਔਰੰਗਜ਼ੇਬ ਦੇ ਸ਼ਾਸਨ ਦਾ ਇਤਿਹਾਸ ਦੱਸਦੀ ਹੈ।
ਮੰਦਰ ਪੱਖ ਦਾ ਕਹਿਣਾ ਹੈ ਕਿ ਮਾਸਿਰ-ਏ- ਆਲਮਗੀਰੀ ’ਚ ਲਿਖਿਆ ਹੈ :-
18 ਅਪ੍ਰੈਲ, 1669 ਨੂੰ ਬਾਦਸ਼ਾਹ ਔਰੰਗਜ਼ੇਬ ਕੋਲ ਗਲਤ ਸੂਚਨਾ ਪਹੁੰਚੀ ਕਿ ਥੱਟਾ (ਮੌਜੂਦਾ ਪਾਕਿਸਤਾਨ ਦੇ ਸਿੰਧ ਸੂਬੇ ’ਚ), ਮੁਲਤਾਨ ਅਤੇ ਬਨਾਰਸ ’ਚ ਮੂਰਖ ਬ੍ਰਾਹਮਣ ਸ਼ੈਤਾਨੀ ਇਲਮ/ਗਿਆਨ ਪੜ੍ਹਾਉਂਦੇ ਹਨ, ਜਿਸ ਨੂੰ ਸਿੱਖਣ ਵਾਲਿਆਂ ’ਚ ਹਿੰਦੂਆਂ ਦੇ ਨਾਲ-ਨਾਲ ਮੁਸਲਮਾਨ ਵੀ ਸ਼ਾਮਲ ਹਨ।”
ਇਸ ’ਚ ਅੱਗੇ ਲਿਖਿਆ ਗਿਆ ਹੈ :-
“ਇਸ ਲਈ ਬਾਦਸ਼ਾਹ ਔਰੰਗਜ਼ੇਬ ਨੇ ਕਾਫ਼ਰਾਂ ਦੇ ਅਜਿਹੇ ਸਕੂਲਾਂ ਅਤੇ ਮੰਦਰਾਂ ਨੂੰ ਢਾਹੁਣ ਦਾ ਹੁਕਮ ਜਾਰੀ ਕੀਤਾ ਸੀ ਅਤੇ ਨਾਲ ਹੀ ਅਧਿਕਾਰੀਆਂ ਨੂੰ ਮੂਰਤੀ ਪੂਜਾ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਉਣ ਦਾ ਹੁਕਮ ਵੀ ਦਿੱਤਾ ਸੀ।”
ਮੰਦਰ ਦੇ ਹਿੱਸੇ ਨੂੰ ਤੋੜਨ ਸਬੰਧੀ ਇਸ ’ਚ ਲਿਖਿਆ ਗਿਆ ਹੈ :-
“18ਵੀਂ ਰਬੀ-ਉਲ-ਆਖ਼ਿਰ ਨੂੰ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ, ਸ਼ਾਹੀ ਅਧਿਕਾਰੀਆਂ ਨੇ ਗਿਆਨਵਾਪੀ ਕੰਪਲੈਕਸ ’ਚ ਮੌਜੂਦਾ ਭਗਵਾਨ ਵਿਸ਼ਵੇਸ਼ਵਰ ਦੇ ਮੰਦਰ ਨੂੰ ਅੰਸ਼ਕ ਤੌਰ ’ਤੇ ਨਸ਼ਟ ਕਰ ਦਿੱਤਾ ਸੀ।”
ਮੰਦਰ ਪੱਖ ਦੇ ਵਕੀਲ ਵਿਜੇ ਸ਼ੰਕਰ ਰਸਤੋਗੀ ਆਪਣੀ ਪਟੀਸ਼ਨ ’ਚ ਲਿਖਦੇ ਹਨ, “ਵਿਸ਼ਵਨਾਥ ਭਾਵ ਵਿਸ਼ਵੇਸ਼ਵਰ ਮੰਦਰ ਨੂੰ ਢਾਹੁਣ ਦੀਆਂ ਇਨ੍ਹਾਂ ਘਟਨਾਵਾਂ ਦਾ ਜ਼ਿਕਰ ਏਸ਼ੀਆਟਿਕ ਸੁਸਾਇਟੀ ਆਫ਼ ਬੰਗਾਲ ਦੀ 1871 ’ਚ ਅਰਬੀ ’ਚ ਪ੍ਰਕਾਸ਼ਿਤ ਮਾਸਿਰ-ਏ-ਆਲਮਗੀਰੀ ’ਚ ਕੀਤਾ ਗਿਆ ਹੈ।”
ਮੰਦਰ ਪੱਖ ਦੇ ਇਨ੍ਹਾਂ ਦਾਅਵਿਆਂ ਬਾਰੇ ਮਸਜਿਦ ਪੱਖ ਦਾ ਕਹਿਣਾ ਹੈ, “1669 ’ਚ ਕਿਸੇ ਵੀ ਬਾਦਸ਼ਾਹ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕੋਈ ਵੀ ਮੰਦਰ ਢਾਹ-ਢੇਰੀ ਨਹੀਂ ਕੀਤਾ ਗਿਆ ਸੀ। ਮਸਜਿਦ ਅੰਜੁਮਨ ਇੰਤਜ਼ਾਮੀਆ ਮਸਜਿਦ ਦੇ ਕਬਜ਼ੇ ਹੇਠ ਰਹੀ ਹੈ ਅਤੇ ਕਿਸੇ ਹੋਰ ਵਿਅਕਤੀ ਜਾਂ ਸੰਸਥਾ ਦੇ ਕਬਜ਼ੇ ਹੇਠ ਨਹੀਂ ਰਹੀ ਹੈ।”

ਮਸਜਿਦ ਪੱਖ ਦਾ ਮੰਦਰ ਪੱਖ ਦੇ ਇਨ੍ਹਾਂ ਦਾਅਵਿਆਂ ਬਾਰੇ ਕਹਿਣਾ ਹੈ ਕਿ “ਹਿੰਦੂ ਪੱਖ ਦਾ ਦਾਅਵਾ ਹੈ ਕਿ 15 ਅਗਸਤ, 1947 ਤੋਂ ਪਹਿਲਾਂ ਔਰੰਗਜ਼ੇਬ ਨੇ ਇਸ ਦਾ ਢਾਂਚਾ ਢਾਹੁਣ ਦੇ ਹੁਕਮ ਦਿੱਤੇ ਸਨ। ਇਸ ਲਈ ਉਹ ਕਿਤਾਬਾਂ ਦਾ ਹਵਾਲਾ ਵੀ ਦਿੰਦੇ ਹਨ।''
''ਪਰ ਅਸੀਂ ਉਨ੍ਹਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਸਰੋਤਾਂ ਦਾ ਉਹ ਹਵਾਲਾ ਦੇ ਰਹੇ ਹਨ, ਕੀ ਉਹ ਭਾਰਤ ਜਾਂ ਉੱਤਰ ਪ੍ਰਦੇਸ਼ ਸਰਕਾਰ ਦੇ ਗਜਟ ’ਚ ਦਰਜ ਹਨ? ਕਿਸੇ ਨੇ ਉੱਥੇ ਜਾ ਕੇ ਕੁਝ ਵੇਖਿਆ ਹੋਵੇਗਾ ਅਤੇ ਫਿਰ ਲਿਖਿਆ ਹੋਵੇਗਾ।''
''ਅਸੀਂ ਲੇਖਕ ਦੇ ਇਰਾਦਿਆਂ ’ਤੇ ਸ਼ੱਕ ਨਹੀਂ ਕਰ ਰਹੇ ਹਾਂ, ਪਰ ਸਾਡੇ ਲਈ ‘ਕਟ ਆਫ਼ ਡੇਟ’ 15 ਅਗਸਤ, 1947 ਹੈ। ਸਾਡੇ ਲਈ 300 ਸਾਲ, 700 ਸਾਲ ਜਾਂ 1500 ਸਾਲ ਦੇ ਇਤਿਹਾਸ ਨੂੰ ਵੇਖਣ ਦਾ ਕੋਈ ਮਤਲਬ ਹੀ ਨਹੀਂ ਹੈ।”
ਵਿਵਾਦਿਤ ਜਾਇਦਾਦ ਦਾ ਮਾਲਕ ਕੌਣ? ਕਿਸ ਕੋਲ ਕੀ ਸਬੂਤ ਹਨ?

ਹਿੰਦੂ ਅਤੇ ਮੁਸਲਿਮ ਪੱਖ ਦੋਵੇਂ ਹੀ ਮੰਦਰ ਅਤੇ ਮਸਜਿਦ ਦੀ ਹੋਂਦ ਨੂੰ ਸਾਬਤ ਕਰਨ ਲਈ ਇਤਿਹਾਸਕਾਰਾਂ ਦੇ ਲੇਖਾਂ, ਧਾਰਮਿਕ ਗ੍ਰੰਥਾਂ, ਸਰਕਾਰੀ ਦਸਤਾਵੇਜ਼ਾਂ ਅਤੇ ਨਕਸ਼ਿਆਂ ਦੀ ਮਦਦ ਲੈ ਰਹੇ ਹਨ।
ਅਸੀਂ ਦੋਵਾਂ ਹੀ ਧਿਰਾਂ ਦੇ ਦਾਅਵਿਆਂ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਆਹਮੋ-ਸਾਹਮਣੇ ਰੱਖਣ ਦਾ ਯਤਨ ਕੀਤਾ ਹੈ।
ਗਿਆਨਵਾਪੀ ਦੀ ਜ਼ਮੀਨ ਦੀ ਮਾਲਕੀ ਨਾਲ ਜੁੜੇ ਦੋ ਮੁਕੱਦਮੇ ਦਰਜ ਹਨ। ਇੱਕ ਤਾਂ 1991 ’ਚ ਵਕੀਲ ਵਿਜੇ ਸ਼ੰਕਰ ਰਸਤੋਗੀ ਵੱਲੋਂ ਦਾਇਰ ਕੀਤਾ ਮਾਮਲਾ ਹੈ ਅਤੇ ਦੂਜਾ ਜਨਵਰੀ 2023 ’ਚ ਮਾਨ ਬਹਾਦੁਰ ਅਤੇ ਅਨੁਪਮ ਦਿਵੇਦੀ ਵੱਲੋਂ ਬਨਾਰਸ ਦੀ ਜ਼ਿਲ੍ਹਾ ਜੱਜ ਦੀ ਅਦਾਲਤ ’ਚ ਦਾਇਰ ਕੀਤਾ ਮਾਮਲਾ ਹੈ।
ਵਕੀਲ ਵਿਜੇ ਸ਼ੰਕਰ ਰਸਤੋਗੀ 1991 ਦੇ ਆਪਣੇ ਮੁਕੱਦਮੇ ’ਚ ਦਾਅਵਾ ਕਰਦੇ ਹਨ ਕਿ ਪਲਾਟ ਨੰਬਰ “9130, 9131 ਅਤੇ 9132 ਦਾ ਲਗਭਗ 1 ਵਿੱਘੇ, 9 ਬਿਸਵਾ ਅਤੇ 6 ਧੂਰ ਦੀ ਜ਼ਮੀਨ ’ਚ ਭਗਵਾਨ ਵਿਸ਼ਵੇਸ਼ਵਰ ਦਾ ਇੱਕ ਮੰਦਰ ਹੈ।”
ਦਾਅਵਾ ਹੈ ਕਿ ਗਿਆਨਵਾਪੀ ਕੰਪਲੈਕਸ ਦੇ ਵਿਚਕਾਰ ਪ੍ਰਾਚੀਨ ਕਾਲ ਦਾ ਭਗਵਾਨ ਸ਼ਿਵ ਦਾ ਇੱਕ ਸਵੈ-ਐਲਾਨਿਆ ਜੋਤਿਰਲਿੰਗ ਹੈ, ਜਿਸ ਦਾ ਜ਼ਿਕਰ ਸਕੰਦਪੁਰਾਣ, ਕਾਸ਼ੀ ਖੰਡ ਅਤੇ ਹੋਰ ਪੁਰਾਣਾਂ ’ਚ ਮਿਲਦਾ ਹੈ।
ਪਟੀਸ਼ਨ ’ਚ ਹੋਰ ਦੇਵੀ-ਦੇਵਤਿਆਂ, ਸ਼੍ਰਿੰਗਾਰ ਗੌਰੀ, ਗੰਗੇਸ਼ਵਰ ਗੰਗਾਦੇਵੀ, ਹਨੁਮਾਨ, ਨੰਦੀ, ਸ਼੍ਰੀ ਗੌਰੀ ਸ਼ੰਕਰ, ਭਗਵਾਨ ਗਣੇਸ਼, ਹੋਰ ਪ੍ਰਤੱਖ ਅਤੇ ਅਪ੍ਰਤੱਖ ਦੇਵੀ-ਦੇਵਤਿਆਂ ਦੀ ਮੌਜੂਦਗੀ ਦਾ ਵੀ ਦਾਅਵਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ’ਚ ਨੌਬਤਖਾਨਾ ਵੀ ਸ਼ਾਮਲ ਹੈ। ਇਸ ਦੀ ਵਰਤੋਂ ਪਹਿਲਾਂ ਤੋਂ ਹੀ ਹਿੰਦੂਆਂ ਵੱਲੋਂ ਪੂਜਾ-ਪਾਠ ਲਈ ਕੀਤੀ ਜਾਂਦੀ ਰਹੀ ਹੈ ਅਤੇ ਇਹ ਹਿੰਦੂਆਂ ਦੇ ਕਬਜ਼ੇ ’ਚ ਹੈ।
ਦੋ ਨਕਸ਼ੇ ਅਤੇ ਦੋਵਾਂ ਦੇ ਦਾਅਵੇ
1991 ਦੀ ਜ਼ਮੀਨ ਦੀ ਮਾਲਕੀ ਦੀ ਪਟੀਸ਼ਨ ’ਚ ਇੱਕ ਨਕਸ਼ਾ ਵੀ ਨੱਥੀ ਕੀਤਾ ਗਿਆ ਹੈ, ਜਿਸ ’ਚ ਕੰਪਲੈਕਸ ’ਚ ਪਹਿਲਾਂ ਰਹੇ ਭਗਵਾਨ ਵਿਸ਼ਵੇਸ਼ਰ ਦੇ ਮੰਦਰ ਦੀ ਥਾਂ, ਮੰਦਰ ਕੰਪਲੈਕਸ ਦੇ ਬੰਦ ਕੀਤੇ ਗਏ ਦਰਵਾਜ਼ੇ, ਇੱਕ ਤਹਿਖਾਨਾ (ਜਿਸ ਨੂੰ ਉਹ ਹਿੰਦੂ ਧਿਰ ਦੇ ਕਬਜ਼ੇ ਹੇਠ ਦੱਸਦੇ ਹਨ) ਅਤੇ ਕੰਪਲੈਕਸ ਦੇ ਆਲੇ-ਦੁਆਲੇ ਹੋਰ ਹਿੰਦੂ ਦੇਵੀ-ਦੇਵਤਿਆਂ ਦੀ ਮੌਜੂਦਗੀ ਦਰਸਾਈ ਗਈ ਹੈ।
ਇਸ ਨਕਸ਼ੇ ਦੀ ਤੁਲਨਾ ਮਸਜਿਦ ਧਿਰ ਦੇ ਨਕਸ਼ੇ ਨਾਲ ਕੀਤੀ ਜਾ ਸਕਦੀ ਹੈ। ਗਿਆਨਵਾਪੀ ਨੂੰ ਮਸਜਿਦ ਸਾਬਤ ਕਰਨ ਲਈ 1942 ਦੇ ਦੀਨ ਮੁਹੰਮਦ ਦੇ ਫੈਸਲੇ ਦੀ ਮਦਦ ਲਈ ਗਈ ਹੈ।

ਮਸਜਿਦ ਪੱਖ ਵੱਲੋਂ ਪੇਸ਼ ਕੀਤੇ ਗਏ ਇਸ ਦਹਾਕਿਆਂ ਪੁਰਾਣੇ ਨਕਸ਼ੇ ’ਚ ਗਿਆਨਵਾਪੀ ਦੇ ਕੰਪਲੈਕਸ ’ਚ ਮੌਜੂਦ ਕਬਰਾਂ ਨਜ਼ਰ ਆਉਂਦੀਆਂ ਹਨ। ਇਸ ’ਚ ਮਸਜਿਦ ਅੰਦਰ ਆਉਣ ਦਾ ਦਰਵਾਜ਼ਾ ਸਪੱਸ਼ਟ ਤੌਰ ’ਤੇ ਵੇਖਿਆ ਜਾ ਸਕਦਾ ਹੈ।
ਪਰ ਜਿਸ ਨੂੰ ਮੰਦਰ ਪੱਖ ਪੁਰਾਣੇ ਮੰਦਰ ਦਾ ਦਰਵਾਜ਼ਾ ਦੱਸਦਾ ਹੈ, ਉਸ ਨੂੰ ਇਸ ਨਕਸ਼ੇ ’ਚ ਸਿਰਫ਼ ‘ਪੁਰਾਣਾ ਦਰਵਾਜ਼ਾ’ ਦੱਸਿਆ ਗਿਆ ਹੈ।
ਨਕਸ਼ੇ ’ਚ ਸ਼੍ਰਿੰਗਾਰ ਗੌਰੀ (ਜਿੱਥੇ ਹਿੰਦੂ ਪੱਖ ਅਦਾਲਤ ਤੋਂ ਰੋਜ਼ਾਨਾ ਪੂਜਾ-ਪਾਠ ਕਰਨ ਦੀ ਇਜਾਜ਼ਤ ਚਾਹੁੰਦਾ ਹੈ) ਨੂੰ ਇਸ ਨਕਸ਼ੇ ’ਚ ਮਸਜਿਦ ਦੇ ਪੁਰਾਣੇ ਦਰਵਾਜ਼ੇ ਤੋਂ ਲਗਭਗ 25 ਫੁੱਟ ਦੀ ਦੂਰੀ ’ਤੇ ਦੱਸਿਆ ਗਿਆ ਹੈ। ਇਸ ਨਕਸ਼ੇ ਨੂੰ ਮੁਸਲਿਮ ਧਿਰ ਗਿਆਨਵਾਪੀ ਮਸਜਿਦ ਦੀ ਹੋਂਦ ਦਾ ਠੋਸ ਸਬੂਤ ਮੰਨਦੀ ਹੈ।

ਮਸਜਿਦ ਧਿਰ ਦੇ ਵਕੀਲ ਐਸਐਫ਼ਏ ਨਕਵੀ ਦਾ ਕਹਿਣਾ ਹੈ :-
“ਦੀਨ ਮੁਹੰਮਦ ਦੇ 1942 ਦੇ ਫੈਸਲੇ ਤੋਂ ਗਿਆਨਵਾਪੀ ਦੇ ਨਕਸ਼ੇ, ਨਕਲ ਖਸਰਾ ਅਤੇ ਜ਼ਮੀਨੀ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ 15 ਅਗਸਤ, 1947 ਤੋਂ ਪਹਿਲਾਂ ਮੌਜੂਦ ਢਾਂਚਾ ਇੱਕ ਮਸਜਿਦ ਹੀ ਸੀ।''
''ਇੱਕ ਵਾਰ ਜਦੋਂ ਇਹ ਪਹਿਲਾਂ ਦੀ ਅਦਾਲਤੀ ਕਾਰਵਾਈ ਅਤੇ ਨਿਆਂਇਕ ਹੁਕਮਾਂ ਤੋਂ ਸਾਬਤ ਹੋ ਜਾਂਦਾ ਹੈ ਤਾਂ ਫਿਰ ਢਾਂਚੇ ਦੀ ਮਾਲਕੀ ਦੇ ਮੁੱਦੇ ਦੀ ਵਾਰ-ਵਾਰ ਜਾਂਚ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।”
ਮਸਜਿਦ ਦੇ ਢਾਂਚੇ ’ਚ ਮੰਦਰ ਦੇ ਸਬੂਤ?
ਮੰਦਰ ਪੱਖ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਤੇ ਸੱਭਿਆਚਾਰਕ ਇਤਿਹਾਸ ਵਿਭਾਗ ਦੇ ਮੁਖੀ ਡਾ. ਏ ਐੱਸ ਅਲਟੇਕਰ ਦੀ 1930 ਦੇ ਦਹਾਕੇ ਦੌਰਾਨ ਪ੍ਰਕਾਸ਼ਿਤ ਹੋਈ ਕਿਤਾਬ ‘ਹਿਸਟਰੀ ਆਫ਼ ਬਨਾਰਸ’ ਦਾ ਸਹਾਰਾ ਲੈਂਦੇ ਹਨ।
ਉਨ੍ਹਾਂ ਦੀ ਕਿਤਾਬ ’ਚ ਮਸਜਿਦ ਕੰਪਲੈਕਸ ’ਚ ਨਿਰਮਾਣ ਦੀ ਪ੍ਰਕਿਰਤੀ ਦਾ ਵੇਰਵਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਮਸਜਿਦ ਦਾ ਜ਼ਿਆਦਾਤਰ ਹਿੱਸਾ ਪ੍ਰਾਚੀਨ ਮੰਦਰ ਦੇ ਥੰਮ੍ਹਾਂ ’ਤੇ ਖੜ੍ਹਾ ਹੈ।
“ਔਰੰਗਜ਼ੇਬ ਦੇ ਇੰਜੀਨੀਅਰਾਂ ਨੇ ਮੰਦਰ ਦੇ ਢਾਂਚੇ ਅਤੇ ਮੰਦਰ ਦੇ ਜ਼ਿਆਦਾਤਰ ਹਿੱਸੇ ਨੂੰ ਜਿਉਂ ਦਾ ਤਿਉਂ ਕਾਇਮ ਰੱਖਦੇ ਹੋਏ ਮਸਜਿਦ ਦੀ ਉਸਾਰੀ ਕੀਤੀ ਸੀ।”
ਡਾ. ਅਲਟੇਕਰ ਕਹਿੰਦੇ ਹਨ, “ਕੰਪਲੈਕਸ ਦੇ ਪੂਰਬੀ ਹਿੱਸੇ ’ਚ ਹਿੰਦੂ ਮੰਡਪ ਨੂੰ ਭਾਰੀ ਪੱਥਰ ਦੀ ਸਿੱਲੀ ਨਾਲ ਢੱਕ ਕੇ ਬਣਾਇਆ ਗਿਆ ਸੀ। ਮੰਦਰ ਦੇ ਮੰਡਪ ਦਾ ਇੱਕ ਹਿੱਸਾ ਮਸਜਿਦ ਦੇ ਵਿਹੜੇ ’ਚ ਅੱਜ ਵੀ ਮੌਜੂਦ ਹੈ। ਮਸਜਿਦ ਦੀ ਪੱਛਮੀ ਕੰਧ ਦੇ ਪਿੱਛੇ ਸ਼੍ਰਿੰਗਾਰ ਗੌਰੀ ਦੇਵੀ ਦੀ ਇੱਕ ਮੂਰਤੀ ਹੈ, ਜਿਸ ਦੀ ਪ੍ਰਾਚੀਨ ਕਾਲ ਤੋਂ ਪੂਜਾ ਹੁੰਦੀ ਆ ਰਹੀ ਹੈ।”
ਕਿਤਾਬ ’ਚ ਵਿਸ਼ਵਨਾਥ ਮੰਦਰ ਦੇ ਗਰਭਗ੍ਰਹਿ ਨੂੰ ਬੰਦ ਕਰਨ ਦਾ ਵੀ ਵੇਰਵਾ ਦਿੱਤਾ ਗਿਆ ਹੈ ਅਤੇ ਨਾਲ ਹੀ ਇਸ ਥਾਂ ਨੂੰ ਮਸਜਿਦ ਦੇ ਮੁੱਖ ਹਾਲ ’ਚ ਤਬਦੀਲ ਕੀਤੇ ਜਾਣ ਦਾ ਦਾਅਵਾ ਪੇਸ਼ ਕੀਤਾ ਗਿਆ ਹੈ।
ਮੰਦਰ ਪੱਖ ਦਾ ਦਾਅਵਾ ਹੈ ਕਿ ਡਾ. ਏ ਐੱਸ ਅਲਟੇਕਰ ਨੇ ਆਪਣੀ ਕਿਤਾਬ ’ਚ ਲਿਖਿਆ ਸੀ ਕਿ “ਹਿੰਦੂ ਅੱਜ ਵੀ ਉੱਥੇ ਪੂਜਾ ਕਰਦੇ ਹਨ।”
ਤਸਵੀਰਾਂ ’ਚ ਮਸਜਿਦ ਦੇ ਪਿੱਛੇ ਮੰਦਰ ਦਰਸਾਇਆ ਗਿਆ

ਮੰਦਰ ਪੱਖ ਦਾ ਕਹਿਣਾ ਹੈ ਕਿ 1882 ’ਚ ਜਰਨਲ ਆਫ਼ ਏਸ਼ੀਆਟਿਕ ਸੁਸਾਇਟੀ ਆਫ਼ ਬੰਗਾਲ ਦੇ ਸੰਸਥਾਪਕ ਸੰਪਾਦਕ ਜੇਮਸ ਪ੍ਰਿੰਸੇਪ ਨੇ ਆਪਣੀ ਕਿਤਾਬ ‘ਬਨਾਰਸ ਇਲਸਟ੍ਰੇਟਿਡ’ ’ਚ ਇੱਕ ਚਿੱਤਰ ‘ਟੈਂਪਲ ਆਫ਼ ਵਿਸ਼ਵੇਸ਼ਵਰ’ ’ਚ ਗਿਆਨਵਾਪੀ ਮਸਜਿਦ ਦੇ ਪਿੱਛੇ ਵਾਲੇ ਹਿੱਸੇ ਨੂੰ ਦਰਸਾਉਂਦਿਆਂ ਲਿਖਿਆ ਹੈ ਕਿ ‘ਹਿੰਦੂ ਮਸਜਿਦ ਦੇ ਚਬੂਤਰੇ ਨੂੰ ਪੁਰਾਣੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਚਬੂਤਰੇ ਵਜੋਂ ਪੂਜਦੇ ਸਨ।”
1868 ’ਚ ਇੱਕ ਈਸਾਈ ਮਿਸ਼ਨਰੀ ਐੱਮ ਏ ਸ਼ੇਰਿੰਗ ਨੇ ਵੀ ਲਿਖਿਆ ਸੀ ਕਿ ਔਰੰਗਜ਼ੇਬ ਦੇ ਹੁਕਮ ਨਾਲ ਤਬਾਹ ਕੀਤੇ ਗਏ ਮੰਦਰ ਦਾ ‘ਵੱਡਾ ਹਿੱਸਾ’ ਅੱਜ ਵੀ ਦਿਖਾਈ ਦੇ ਰਿਹਾ ਹੈ, ਜੋ ਕਿ ਮਸਜਿਦ ਦੀ ‘ਪੱਛਮੀ ਕੰਧ ਦੇ ਇੱਕ ਵੱਡੇ ਹਿੱਸੇ’ ਵਜੋਂ ਮੌਜੂਦ ਹੈ।”
ਪ੍ਰਿੰਸੇਪ ਅਤੇ ਸ਼ੇਰਿੰਗ ਦੀਆਂ ਕਿਤਾਬਾਂ ਨੂੰ ਹਿੰਦੂ ਧਿਰ ਮੰਦਰ ਦੀ ਹੋਂਦ ਨਾਲ ਸਬੰਧਤ ਅਹਿਮ ਸਬੂਤ ਮੰਨਦੀ ਹੈ।
ਕਿਤਾਬਾਂ ਦੇ ਆਧਾਰ ’ਤੇ ਮੰਦਰ ਪੱਖ ਦੇ ਦਾਅਵਿਆਂ ਬਾਰੇ ਮਸਜਿਦ ਧਿਰ ਦੇ ਵਕੀਲ ਐੱਸ ਐੱਫ਼ ਏ ਨਕਵੀ ਦਾ ਕਹਿਣਾ ਹੈ, “ਅਸੀਂ ਇਨ੍ਹਾਂ ਨੂੰ ਨਾ ਤਾਂ ਸਵੀਕਾਰ ਕਰ ਸਕਦੇ ਹਾਂ ਅਤੇ ਨਾ ਹੀ ਇਨ੍ਹਾਂ ਤੋਂ ਮੁਨਕਰ ਹੋ ਸਕਦੇ ਹਾਂ।''
''300 ਸਾਲ ਪਹਿਲਾਂ ਕਿਸੇ ਨੇ ਕੀ ਲਿਖਿਆ ਅਤੇ ਕਿੰਨ੍ਹਾਂ ਹਾਲਾਤਾਂ ’ਚ ਲਿਖਿਆ, ਅਸੀਂ ਇਸ ’ਤੇ ਟਿੱਪਣੀ ਕਰਨ ਦੀ ਸਥਿਤੀ ’ਚ ਨਹੀਂ ਹਾਂ। ਉਨ੍ਹਾਂ ਨੇ ਜੋ ਕੁਝ ਵੀ ਲਿਖਿਆ, ਉਸ ਪਿੱਛੇ ਕਈ ਕਾਰਕ ਹੋ ਸਕਦੇ ਹਨ। ਜਿਵੇਂ ਕਿ ਲੇਖਕ ਦਾ ਝੁਕਾਅ।''
''ਅਸੀਂ ਸਿਰਫ਼ ਸਰਕਾਰੀ ਅਧਿਸੂਚਨਾਵਾਂ/ਨੋਟੀਫਿਕੇਸ਼ਨ ਜਾਂ ਗਜਟ ’ਤੇ ਭਰੋਸਾ ਕਰ ਸਕਦੇ ਹਾਂ। ਨਹੀਂ ਤਾਂ ਸਭ ਕੁਝ ਇਤਿਹਾਸ ਹੈ। ਉਸੇ ਸਮੇਂ ਲਈ ਕੋਈ ਇਤਿਹਾਸ ਦੇ ਇੱਕ ਸੰਸਕਰਣ ’ਤੇ ਭਰੋਸਾ ਕਰ ਸਕਦਾ ਹੈ ਅਤੇ ਮੈਂ ਇਤਿਹਾਸ ਦੇ ਦੂਜੇ ਸੰਸਕਰਣ ’ਤੇ ਯਕੀਨ ਕਰ ਸਕਦਾ ਹਾਂ ਅਤੇ ਇਸ ਤਰ੍ਹਾਂ ਅਸੀਂ ਇੱਕ-ਦੂਜੇ ਦਾ ਖੰਡਨ ਕਰਦੇ ਰਹਾਂਗੇ।”
ਖਸਰਾ ਖਤੌਣੀ ਅਤੇ ਸਰਕਾਰੀ ਜ਼ਮੀਨੀ ਦਸਤਾਵੇਜ਼ ਰਿਕਾਰਡ

ਗਿਆਨਵਾਪੀ ਦਾ ਪ੍ਰਬੰਧਨ ਵੇਖਣ ਵਾਲੀ ਅੰਜੁਮਨ ਇੰਤਜ਼ਾਮੀਆ ਮਸਜਿਦ ਉਸ ਨੂੰ ਆਪਣੀ ਜਾਇਦਾਦ ਸਾਬਤ ਕਰਨ ਲਈ ਸਭ ਤੋਂ ਪਹਿਲਾਂ ਸਰਕਾਰੀ ਰਿਕਾਰਡ ’ਚ ਮੌਜੂਦ ਖਸਰਾ ਖਤੌਣੀ ਪੇਸ਼ ਕਰਦੀ ਹੈ।
ਇਸ ’ਚ ਉਰਦੂ ’ਚ ਸਮੇਂ-ਸਮੇਂ ’ਤੇ ਕੀਤੇ ਗਏ ਖਸਰਾ ਖਤੌਣੀ ਦੇ ਇੰਦਰਾਜ ਨਜ਼ਰ ਆਉਂਦੇ ਹਨ।
ਮੁਸਲਿਮ ਧਿਰ 16 ਅਗਸਤ, 2016 ਨੂੰ ਹਾਸਲ ਹੋਏ ਮਾਲ ਰਿਕਾਰਡ ’ਚ ਮੌਜੂਦ ਗਿਆਨਵਾਪੀ ਮਸਜਿਦ ਦੇ ਕੰਪਲੈਕਸ ਦੇ ਨਕਸ਼ੇ ਨੂੰ ਵੀ ਆਪਣੇ ਪੱਖ ’ਚ ਅਹਿਮ ਸਬੂਤ ਮੰਨਦੇ ਹਨ।
ਕੀ ਗਿਆਨਵਾਪੀ ਵਕਫ਼ ਦੀ ਜ਼ਮੀਨ ’ਤੇ ਹੈ ਜਾਂ ਨਹੀਂ ?

ਮਸਜਿਦ ਪੱਖ ਦਾ ਇਹ ਦਾਅਵਾ ਇਹ ਹੈ ਕਿ ਗਿਆਨਵਾਪੀ ਮਸਜਿਦ ਇੱਕ ਵਕਫ਼ ਦੀ ਜਾਇਦਾਦ ਹੈ ਅਤੇ ਇਸ ਲਈ ਉੱਥੇ ਇੱਕ ਮੰਦਰ ਨਹੀਂ ਹੋ ਸਕਦਾ ਹੈ। ਇਸੇ ਆਧਾਰ ’ਤੇ ਹੀ ਮੁਸਲਿਮ ਧਿਰ ਚਾਹੁੰਦੀ ਰਹੀ ਹੈ ਕਿ ਗਿਆਨਵਾਪੀ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਅਦਾਲਤ ’ਚ ਨਾ ਹੋ ਕੇ ਸਗੋਂ ਵਕਫ਼ ਟ੍ਰਿਬਿਊਨਲ ’ਚ ਹੋਣੀ ਚਾਹੀਦੀ ਹੈ।
ਮਸਜਿਦ ਕਮੇਟੀ ਦਾ ਕਹਿਣਾ ਹੈ ਕਿ ਗਿਆਨਵਾਪੀ ਮਸਜਿਦ ਇੱਕ ਵਕਫ਼ ਦੀ ਜਾਇਦਾਦ ਹੈ, ਜਿਸ ਦਾ ਵਕਫ਼ ਨੰਬਰ 100 (ਬਨਾਰਸ) ਹੈ।
ਇਸ ਨੂੰ ਵਕਫ਼ ਸਾਬਤ ਕਰਨ ਲਈ ਮਸਜਿਦ ਧਿਰ ਦੀਨ ਮੁਹੰਮਦ ਦੇ ਮਾਮਲੇ ’ਚ 1942 ’ਚ ਦਿੱਤੇ ਗਏ ਫੈਸਲੇ ਦਾ ਹਵਾਲਾ ਦਿੰਦੀ ਹੈ ਕਿ ਗਿਆਨਵਾਪੀ ਨੂੰ ਇੱਕ ਵਕਫ਼ ਜਾਇਦਾਦ ਮੰਨਿਆ ਗਿਆ ਹੈ ਅਤੇ ਉਸ ’ਚ ਮੁਸਲਮਾਨਾਂ ਨੂੰ ਨਮਾਜ਼ ਅਦਾ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ।
ਇਸ ਫੈਸਲੇ ’ਚ ਲਿਖਿਆ ਗਿਆ ਹੈ, “ਇਹ ਐਲਾਨਿਆ ਜਾਂਦਾ ਹੈ ਕਿ ਸਿਰਫ਼ ਮਸਜਿਦ ਅਤੇ ਉਸ ਦੇ ਵਿਹੜੇ ਦੀ ਜ਼ਮੀਨ ਹਨਫ਼ੀ ਮੁਸਲਿਮ ਵਕਫ਼ ਦੀ ਜਾਇਦਾਦ ਹੈ ਅਤੇ ਮੁਸਲਮਾਨਾਂ ਨੂੰ ਮਸਜਿਦ ਤੇ ਉਸ ਦੇ ਵਿਹੜੇ ’ਚ ਇਬਾਦਤ ਕਰਨ ਦੀ ਇਜਾਜ਼ਤ ਹੈ।''
''ਇਸ ਦੇ ਨਾਲ ਹੀ ਮਸਜਿਦ ’ਚ ਮੌਜੂਦ ਦੋ ਕਬਰਾਂ ’ਤੇ ਸਾਲ ’ਚ ਇੱਕ ਵਾਰ ਉਰਸ ਮਨਾਉਣ ਦੀ ਇਜਾਜ਼ਤ ਹੈ ਅਤੇ ਮਸਜਿਦ ਦੀ ਛੱਤ ’ਤੇ ਜਾਣ ਦੀ ਤੇ ਨਮਾਜ਼ ਅਦਾ ਕਰਨ ਦੀ ਇਜਾਜ਼ਤ ਵੀ ਹੈ।”
ਪਰ ਦੂਜੇ ਪਾਸੇ ਹਿੰਦੂ ਧਿਰ ਇਸ ਨੂੰ ਗਲਤ ਸਾਬਤ ਕਰਨ ਲਈ ਕੁਝ ਦਾਅਵੇ ਪੇਸ਼ ਕਰ ਰਹੀ ਹੈ।
ਹਿੰਦੂ ਪੱਖ ਦਾ ਕਹਿਣਾ ਹੈ ਕਿ ਗਿਆਨਵਾਪੀ ਦੇ ਵਕਫ਼ ਦੀ ਰਜਿਸਟ੍ਰੇਸ਼ਨ ‘ਗੈਰ-ਕਾਨੂੰਨੀ ਅਤੇ ਪਾਪ’ ਹੈ ਕਿਉਂਕਿ ਇਹ ਇੱਕ ਅਜਿਹੀ ਮਸਜਿਦ ਦਾ ਮਾਮਲਾ ਹੈ, ਜੋ ਕਿ ਇੱਕ ਮੰਦਰ ਨੂੰ ਤੋੜ ਕੇ ਉਸਾਰੀ ਗਈ ਹੈ।
ਮੰਦਰ ਪੱਖ ਦਾ ਕਹਿਣਾ ਹੈ , “ਹਿੰਦੂ ਦੇਵਤਾ ਦੀ ਜਾਇਦਾਦ ਹਮੇਸ਼ਾ ਦੇਵਤਾ ਦੀ ਹੀ ਹੁੰਦੀ ਹੈ, ਇਸ ਲਈ ਉਸ ਜਾਇਦਾਦ ’ਚ ਵਕਫ਼ ਨਹੀਂ ਬਣਾਇਆ ਜਾ ਸਕਦਾ ਹੈ। ਵਿਵਾਦਿਤ ਜਾਇਦਾਦ ਸਵੈਅੰਭੂ ਭਗਵਾਨ ਦੀ ਹੈ।''
''ਗਿਆਨਵਾਪੀ ਮਾਮਲੇ ’ਚ ਵਕਫ਼ ਐਕਟ ਲਾਗੂ ਨਹੀਂ ਹੁੰਦਾ ਕਿਉਂਕਿ ਉਸ ਦੇ ਲਾਗੂ ਹੋਣ ਲਈ ਦੋਵਾਂ ਧਿਰਾਂ ਦਾ ਮੁਸਲਮਾਨ ਹੋਣਾ ਲਾਜ਼ਮੀ ਹੈ। ਕਿਸੇ ਜਾਇਦਾਦ ਨੂੰ ਵਕਫ਼ ਦੀ ਜਾਇਦਾਦ ਉਦੋਂ ਹੀ ਬਣਾਇਆ ਜਾ ਸਕਦਾ ਹੈ ਜਦੋਂ ਉਸ ਜਾਇਦਾਦ ਦਾ ਮਾਲਕ ਉਸ ਨੂੰ ਵਕਫ਼ ਵਜੋਂ ਸਮਰਪਿਤ ਕਰੇ।''
''ਵਕਫ਼ ਜਾਇਦਾਦ ਬਣਾਉਂਦੇ ਸਮੇਂ ਇਸ ਦੇ ਨੇੜੇ-ਤੇੜੇ ਰਹਿੰਦੇ ਲੋਕਾਂ ਅਤੇ ਵਕਫ਼ ਐਲਾਨੇ ਜਾਣ ਕਰਕੇ ਪ੍ਰਭਾਵਿਤ ਹੋਣ ਵਾਲੇ ਲੋਕਾਂ ਤੋਂ ਪੁੱਛਗਿਛ ਕਰਦਾ ਹੈ। ਗਿਆਨਵਾਪੀ ਨੂੰ ਵਕਫ਼ ਨੰਬਰ 100 ਐਲਾਨੇ ਜਾਣ ’ਚ ਇਸ ਪ੍ਰਕਿਰਿਆ ਦਾ ਪਾਲਣ ਕੀਤੇ ਜਾਣ ਦਾ ਕੋਈ ਸਬੂਤ ਨਹੀਂ ਹੈ।”
ਇਸ ਬਾਰੇ ਮਸਜਿਦ ਧਿਰ ਦੇ ਵਕੀਲ ਨਕਵੀ ਦਾ ਕਹਿਣਾ ਹੈ, “ਇਸ ਮੁੱਦੇ ’ਤੇ ਵੀ ਉਹ (ਹਿੰਦੂ ਧਿਰ) 300 ਸਾਲ ਪਹਿਲਾਂ ਦੇ ਯੁੱਗ ’ਚ ਜੀਅ ਰਹੇ ਹਨ। ਅੱਜ ਤੱਕ ਕਿਸੇ ਨੇ ਵੀ ਇਲਾਹਾਬਾਦ ਹਾਈ ਕੋਰਟ ਦੇ 1942 ਦੇ ਦੀਨ ਮੁਹੰਮਦ ਦੇ ਫੈਸਲੇ ਨੂੰ ਅਦਾਲਤ ’ਚ ਚੁਣੌਤੀ ਨਹੀਂ ਦਿੱਤੀ, ਜਿਸ ’ਚ ਕਿਹਾ ਗਿਆ ਸੀ ਕਿ ਗਿਆਨਵਾਪੀ ਇੱਕ ਵਕਫ਼ ਜਾਇਦਾਦ ਹੈ।''
''ਅਦਾਲਤ ਦਾ ਇਹ ਸਿੱਟਾ ਅੱਜ ਵੀ ਬਰਕਰਾਰ ਹੈ। ਇੱਕ ਵਾਰ ਜਦੋਂ ਮਾਣਯੋਗ ਅਦਾਲਤ ਨੇ ਕਿਹਾ ਕਿ ਗਿਆਨਵਾਪੀ ਇੱਕ ਵਕਫ਼ ਜਾਇਦਾਦ ਹੈ ਤਾਂ ਪਟੀਸ਼ਨਰ ਇਹ ਕਹਿਣ ਵਾਲੇ ਕੌਣ ਹੁੰਦੇ ਹਨ ਕਿ ਕਈ ਸਾਲ ਪਹਿਲਾਂ ਇਹ ਹੋਇਆ ਸੀ ਜਾਂ ਉਹ ਹੋਇਆ ਸੀ। ਉਹ (ਹਿੰਦੂ ਧਿਰ) ਘੜੀ ਨੂੰ ਪਿੱਛੇ ਘਮਾਉਣ ਦੀ ਕੋਸ਼ਿਸ਼ ਕਰ ਰਹੇ ਹਨ।”
ਸ਼੍ਰਿੰਗਾਰ ਗੌਰੀ ਦੀ ਪੂਜਾ ਦੇ ਅਧਿਕਾਰ ਦਾ ਮਾਮਲਾ

ਗਿਆਨਵਾਪੀ ਦੀ ਜ਼ਮੀਨ ਦੀ ਮਾਲਕੀ ਨਾਲ ਜੁੜੇ ਮਾਮਲੇ ਤੋਂ ਇਲਾਵਾ 2021 ’ਚ 5 ਹਿੰਦੂ ਔਰਤਾਂ ਨੇ ਵਾਰਾਣਸੀ ਦੀ ਅਦਾਲਤ ’ਚ ਇੱਕ ਨਵਾਂ ਮੁਕੱਦਮਾ ਦਾਇਰ ਕੀਤਾ ਅਤੇ ਮਾਂ ਸ਼੍ਰਿੰਗਾਰ ਗੌਰੀ ਨਾਲ ਸਬੰਧਤ ਤਕਰੀਬਨ 19 ਮਾਮਲੇ ਹੁਣ ਤੱਕ ਅਦਾਲਤਾਂ ’ਚ ਵੱਖ-ਵੱਖ ਪੱਧਰਾਂ ’ਤੇ ਚੱਲ ਰਹੇ ਹਨ।
ਇਹ ਉਹੀ ਮਾਮਲਾ ਹੈ ਜਿਸ ’ਚ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ, ਜ਼ਿਲ੍ਹਾ ਅਦਾਲਤ, ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਵਿਗਿਆਨਕ ਸਰਵੇਖਣ ਕਰ ਰਿਹਾ ਹੈ। ਜਿਸ ’ਚ ਦੋਵਾਂ ਧਿਰਾਂ ਨੂੰ ਉਨ੍ਹਾਂ ਦੇ ਦਾਅਵਿਆਂ ਦੇ ਸਮਰਥਨ ’ਚ ਸਬੂਤ ਮਿਲਣ ਦੀ ਉਮੀਦ ਹੈ।
16 ਅਗਸਤ, 2021 ਨੂੰ ਪੰਜ ਮਹਿਲਾ ਪਟੀਸ਼ਨਰਾਂ - ਰਾਖੀ ਸਿੰਘ, ਲਕਸ਼ਮੀ ਦੇਵੀ, ਸੀਤਾ ਸਾਹੂ, ਮੰਜੂ ਵਿਆਸ, ਰੇਖਾ ਪਾਠਕ ਨੇ ਵਾਰਾਣਸੀ ਦੀ ਹੇਠਲੀ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਸੀ।

ਆਪਣੇ ਆਪ ਨੂੰ ਸ਼ਿਵ ਭਗਤ ਦੱਸਦਿਆਂ ਇਨ੍ਹਾਂ ਪੰਜੇ ਔਰਤਾਂ ਨੇ ਕਿਹਾ ਕਿ –
ਉਹ ਕਾਸ਼ੀ ’ਚ ਤ੍ਰੇਤਾ ਯੁੱਗ ’ਚ ਲੱਖਾਂ ਸਾਲ ਪਹਿਲਾਂ ਸਥਾਪਿਤ ਆਦਿਵਿਸ਼ੇਸ਼ਵਰ ਜੋਤਿਰਲਿੰਗ ਜਾਂਦੀਆਂ ਹਨ।
ਸਨਾਤਨ ਧਰਮ ਦੇ ਗ੍ਰੰਥਾਂ ਅਨੁਸਾਰ ਭਗਵਾਨ ਸ਼ਿਵ ਨੇ ਕਾਸ਼ੀ ’ਚ ਪੰਜ ਕੋਹ ਦੇ ਦਾਇਰੇ ’ਚ ਅਵਿਮੁਕਤ ਖੇਤਰ ਸਥਾਪਤ ਕੀਤਾ ਸੀ, ਜੋ ਕਿ ਹਿੰਦੂਆਂ ਲਈ ਇੱਕ ਪਵਿੱਤਰ ਸਥਾਨ ਅਤੇ ਸਤਿਕਾਰਯੋਗ ਧਾਰਮਿਕ ਥਾਂ ਹੈ। (ਪੰਜਕੋਹੀ ਯਾਤਰਾ ਇਸੇ ਪੰਜ ਕੋਹ ਦੇ ਘੇਰੇ ’ਚ ਹੁੰਦੀ ਹੈ)
ਮਾਂ ਸ਼੍ਰਿੰਗਾਰ ਗੌਰੀ ਦਾ ਸਰੂਪ ਗਿਆਨਵਾਪੀ ਮਸਜਿਦ ਦੇ ਪਿੱਛੇ ਉੱਤਰ ਪੂਰਬੀ ਕੋਨੇ ’ਚ ਸਥਿਤ ਹੈ ਅਤੇ ਹਿੰਦੂ ਸ਼ਰਧਾਲੂ ਮਾਂ ਸ਼੍ਰਿੰਗਾਰ ਗੌਰੀ, ਭਗਵਾਨ ਹਨੂੰਮਾਨ, ਭਗਵਾਨ ਗਣੇਸ਼ ਅਤੇ ਹੋਰ ਪ੍ਰਤੱਖ ਅਤੇ ਅਪ੍ਰਤੱਖ ਦੇਵੀ-ਦੇਵਤਿਆਂ ਦੇ ਰੂਪਾਂ ਦੀ ਪੂਜਾ ਕਰਦੇ ਹਨ ਅਤੇ ਨਾਲ ਹੀ ਭਗਵਾਨ ਵਿਸ਼ਵੇਸ਼ਵਰ ਦੇ ਮੰਦਰ ਦੇ ਕੰਪਲੈਕਸ ਦੀ ਪਰੀਕਰਮਾ ਵੀ ਕਰਦੇ ਰਹੇ ਹਨ।
ਇੱਕ ਮੀਲ ’ਚ 1.6 ਕਿਲੋਮੀਟਰ ਹੁੰਦੇ ਹਨ ਅਤੇ 2 ਮੀਲ ਦਾ ਇੱਕ ਕੋਹ ਹੁੰਦਾ ਹੈ। ਇਸ ਲਈ ਇੱਕ ਕੋਹ ’ਚ 3.2 ਕਿਲੋਮੀਟਰ ਗੁਣਾ 5= 16 ਕਿਲੋਮੀਟਰ ਹੁੰਦਾ ਹੈ।
ਇਸ 16 ਕਿਲੋਮੀਟਰ ਦੇ ਗੋਲਾਕਾਰ ’ਚ ਸਥਿਤ ਕਾਸ਼ੀ ਨਗਰੀ ਨੂੰ ਬਹੁਤ ਹੀ ਪ੍ਰਾਚੀਨ ਖੇਤਰ ਮੰਨਿਆ ਗਿਆ ਹੈ ਅਤੇ ਇਸੇ ਪੰਜ ਕੋਹ ਦੇ ਖੇਤਰ ’ਚ ਕਈ ਮੰਦਰ ਪੁਰਾਤਨ ਕਾਲ ਤੋਂ ਕਾਸ਼ੀ ’ਚ ਹਨ। ਇਸ ਸਭ ਦਾ ਜ਼ਿਕਰ ਕਈ ਧਾਰਮਿਕ ਗ੍ਰੰਥਾਂ ’ਚ ਵੀ ਮਿਲਦਾ ਹੈ।
ਪਲਾਟ ਨੰਬਰ 9130 ਨਾਲ ਸਬੰਧਤ ਮੰਗ

ਪੰਜੇ ਹਿੰਦੂ ਔਰਤਾਂ ਨੇ ਮੰਗ ਕੀਤੀ ਹੈ ਕਿ ਮਾਂ ਸ਼੍ਰਿੰਗਾਰ ਗੌਰੀ, ਭਗਵਾਨ ਗਣੇਸ਼, ਭਗਵਾਨ ਹਨੂੰਮਾਨ ਅਤੇ ਪ੍ਰਤੱਖ ਤੇ ਅਪ੍ਰਤੱਖ ਦੇਵੀ-ਦੇਵਤਿਆਂ, ਮੰਡਪ ਅਤੇ ਪਵਿੱਤਰ ਥਾਂ ਦੇ ਦਰਸ਼ਨ ਅਤੇ ਪੂਜਾ-ਪਾਠ ’ਤੇ ਪਾਬੰਦੀ ਨਹੀਂ ਹੋਣੀ ਚਾਹੀਦੀ।
''ਇਸ ਦੇ ਨਾਲ ਹੀ ਸਾਰੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ, ਬੇਅਦਬੀ, ਉਨ੍ਹਾਂ ਦਾ ਰੂਪ ਵਿਗਾੜਨਾ ਜਾਂ ਨਸ਼ਟ ਕਰਨਾ ਅਜਿਹਾ ਕੁਝ ਵੀ ਨਹੀਂ ਹੋਣਾ ਚਾਹੀਦਾ ਹੈ।”
ਮਸਜਿਦ ਧਿਰ ਦਾ ਵਿਰੋਧ
ਇਨ੍ਹਾਂ ਮੰਗਾਂ ਦਾ ਵਿਰੋਧ ਕਰਦੇ ਹੋਏ ਮਸਜਿਦ ਕਮੇਟੀ ਦੇ ਵਕੀਲ ਐੱਸਐੱਫ਼ਏ ਨਕਵੀ ਪੁੱਛਦੇ ਹਨ, “ਅਸੀਂ (ਮਸਜਿਦ ਕਮੇਟੀ) ਇਹ ਕਿਵੇਂ ਸਾਬਤ ਕਰ ਸਕਦੇ ਹਾਂ ਕਿ ਸ਼੍ਰਿੰਗਾਰ ਗੌਰੀ ਕਿੱਥੇ ਮੌਜੂਦ ਹੈ ਜਾਂ ਉਸ ਦੀ ਹੋਂਦ ਹੈ? ਇਸ ਨੂੰ ਸਾਬਤ ਕਰਨ ਦੀ ਜ਼ਿੰਮੇਵਾਰੀ ਹਿੰਦੂ ਧਿਰ ’ਤੇ ਹੈ ਕਿਉਂਕਿ ਉਨ੍ਹਾਂ ਨੇ ਹੀ ਕੁਝ ਦਾਅਵੇ ਕਰਦਿਆਂ ਅਦਾਲਤ ’ਚ ਮਾਮਲਾ ਦਾਇਰ ਕੀਤਾ ਹੈ।
ਅਸੀਂ ਤਾਂ ਸਿਰਫ਼ ਇੰਨਾ ਹੀ ਕਹਿ ਸਕਦੇ ਹਾਂ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਇਹ ਹਿੰਦੂਆਂ ਦੀ ਸਿਰਫ਼ ਕਲਪਨਾ ਹੈ।
ਗਿਆਨਵਾਪੀ ਦੇ ਵੁਜ਼ੂਖਾਨੇ ’ਚ ਸ਼ਿਵਲਿੰਗ ਹੈ ਜਾਂ ਫਿਰ ਫੁਹਾਰਾ?

ਮਾਂ ਸ਼੍ਰਿੰਗਾਰ ਗੌਰੀ ਦੀ ਪੂਜਾ ਦੀ ਮੰਗ ਵਾਲੇ ਮਾਮਲੇ ’ਚ ਬਨਾਰਸ ਦੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹਾਈ ਕੋਰਟ ਵੱਲੋਂ ਨਿਯੁਕਤ ਐਡਵੋਕੇਟ ਕਮਿਸ਼ਨਰ ਨੇ 14 ਅਤੇ 15 ਮਈ , 2022 ਨੂੰ ਆਪਣਾ ਸਰਵੇਖਣ ਸ਼ੁਰੂ ਕਰ ਦਿੱਤਾ ਸੀ।
16 ਮਈ 2022: ਸ਼ਿਵਲਿੰਗ ਮਿਲਣ ਦਾ ਦਾਅਵਾ
ਸਰਵੇਖਣ ਦੌਰਾਨ ਹਿੰਦੂ ਧਿਰ ਦੇ ਹਰੀ ਸ਼ੰਕਰ ਨੇ ਦੱਸਿਆ ਕਿ “ਅੱਜ (16 ਮਈ 2022) ਨੂੰ ਮਸਜਿਦ ਦੇ ਵੁਜ਼ੂਖਾਨੇ ’ਚ ਸ਼ਿਵਲਿੰਗ ਮਿਲਿਆ ਹੈ, ਜੋ ਕਿ ਬਹੁਤ ਹੀ ਖਾਸ/ਮਹੱਤਵਪੂਰਨ ਸਬੂਤ ਹੈ।”
ਹਿੰਦੂ ਪੱਖ ਨੇ ਮੰਗ ਕੀਤੀ ਕਿ –
- ਸੀਆਰਪੀਐਫ਼ ਕਮਾਂਡੈਂਟ ਫੋਰਸ ਤਾਇਨਾਤ ਕਰਕੇ ਇਸ ਵੁਜ਼ੂਖਾਨੇ ਨੂੰ ਸੀਲ ਕੀਤਾ ਜਾਵੇ ਅਤੇ ਇਸ ਦੀ ਵਰਤੋਂ ’ਤੇ ਵੀ ਰੋਕ ਲਗਾਈ ਜਾਵੇ
- ਵਾਰਾਣਸੀ ਦੇ ਡੀਐੱਮ ਮਸਜਿਦ ’ਚ 20 ਤੋਂ ਵੱਧ ਮੁਸਲਮਾਨਾਂ ਨੂੰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਨਾ ਦੇਣ
ਮੁਸਲਿਮ ਪੱਖ ਦਾ ਕਹਿਣਾ ਹੈ ਕਿ –
- ਹੇਠਲੀ ਅਦਾਲਤ ਨੇ ਮਸਜਿਦ ਪ੍ਰਬੰਧਨ ਦਾ ਪੱਖ ਜਾਣੇ ਬਿਨ੍ਹਾਂ ਹੀ ਵੁਜ਼ੂਖਾਨੇ ਨੂੰ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ
ਫਿਰ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ –
- ਮਸਜਿਦ ਦੇ ਜਿਸ ਹਿੱਸੇ ’ਚ ਸ਼ਿਵਲਿੰਗ ਵਰਗੀ ਚੀਜ਼ ਦੀ ਬਰਾਮਦਗੀ ਦਾ ਦਾਅਵਾ ਕੀਤਾ ਗਿਆ ਹੈ, ਉਸ ਨੂੰ ਵਾਰਾਣਸੀ ਦੇ ਡੀਐੱਮ ਸੁਰੱਖਿਅਤ ਕਰਨਗੇ
- ਮੁਸਲਮਾਨਾਂ ਦੇ ਮਸਜਿਦ ’ਚ ਦਾਖਲ ਹੋਣ ’ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ ਅਤੇ ਉਹ ਉੱਥੇ ਆ-ਜਾ ਸਕਣਗੇ ਅਤੇ ਬਿਨ੍ਹਾਂ ਕਿਸੇ ਰੁਕਾਵਟ ਦੇ ਇਬਾਦਤ ਅਤੇ ਨਮਾਜ਼ ਵੀ ਅਦਾ ਕਰ ਸਕਣਗੇ
- ਜ਼ਿਲ੍ਹਾ ਪ੍ਰਸ਼ਾਸਨ ਵੁਜ਼ੂਖਾਨੇ ਦਾ ਕੋਈ ਹੋਰ ਪ੍ਰਬੰਧ ਵੀ ਕਰੇ
ਮੁਸਲਿਮ ਪੱਖ: ਸ਼ਿਵਲਿੰਗ ਨਹੀਂ ਫੁਹਾਰਾ?
ਅਦਾਲਤ ’ਚ ਮੁਸਲਿਮ ਧਿਰ ਨੇ ਕਿਹਾ ਹੈ, “ਸਰਵੇਖਣ ’ਚ ਸਥਾਨ ਦਾ ਨਿਰੀਖਣ ਹੋਇਆ ਹੈ, ਪਰ ਕੋਈ ਸ਼ਿਵਲਿੰਗ ਬਰਾਮਦ ਨਹੀਂ ਹੋਇਆ ਹੈ। ਉਹ ਸ਼ਿਵਲਿੰਗ ਨਹੀਂ ਬਲਕਿ ਇੱਕ ਫੁਹਾਰਾ ਹੈ। ਐਡਵੋਕੇਟ ਕਮਿਸ਼ਨਰ ਨੇ ਆਪਣੀ ਰਿਪੋਰਟ ਅਦਾਲਤ ਨੂੰ ਸੌਂਪੀ ਸੀ, ਪਰ ਅਦਾਲਤ ਨੇ ਉਸ ’ਤੇ ਆਪਣੀ ਸੁਣਵਾਈ ਪੂਰੀ ਨਹੀਂ ਕੀਤੀ ਹੈ।”
ਮਸਜਿਦ ਪੱਖ ਦੇ ਵਕੀਲ ਐੱਸਐੱਫ਼ਏ ਨਕਵੀ ਦਾ ਕਹਿਣਾ ਹੈ, “ਮਾਂ ਸ਼੍ਰਿੰਗਾਰ ਗੌਰੀ ਦੇ ਮੁਕੱਦਮੇ ’ਚ ਹਿੰਦੂ ਧਿਰ ਦੇ ਕੋਲ ਕੋਈ ਸਬੂਤ ਨਹੀਂ ਸਨ ਅਤੇ ਐਡਵੋਕੇਟ ਕਮਿਸ਼ਨਰ ਸਰਵੇਖਣ ਜ਼ਰੀਏ ਇੱਕ ਤਰ੍ਹਾਂ ਨਾਲ ਹਿੰਦੂ ਪੱਖ ਲਈ ਸਬੂਤ ਇੱਕਠੇ ਕਰ ਰਹੇ ਹਨ।”
ਵੁਜ਼ੂਖਾਨੇ ’ਚ ਸ਼ਿਵਲਿੰਗ ਅਤੇ ਫੁਹਾਰੇ ਦੀ ਬਹਿਸ ਸਬੰਧੀ ਵਕੀਲ ਨਕਵੀ ਦਾ ਕਹਿਣਾ ਹੈ, “ਹਿੰਦੂ ਪੱਖ ਆਪਣੇ ਕਾਨੂੰਨੀ ਦਾਅਵਿਆਂ ਨੂੰ ਵੱਖ-ਵੱਖ ਹਿੱਸਿਆਂ ’ਚ ਵੰਡ ਕੇ ਉਲਝਨ ਪੈਦਾ ਕਰ ਰਿਹਾ ਹੈ, ਇਸ ਲਈ ਹੁਣ ਅਸੀਂ ਇਸ ਦਾ ਜਵਾਬ ਅਦਾਲਤ ’ਚ ਕਿਵੇਂ ਦੇ ਸਕਦੇ ਹਾਂ?”
ਹਿੰਦੂ ਪੱਖ ਦੇ ਵੁਜ਼ੂਖਾਨੇ ’ਚ ਸ਼ਿਵਲਿੰਗ ਦੇ ਦਾਅਵੇ ਬਾਰੇ ਮਸਜਿਦ ਕਮੇਟੀ ਦੇ ਵਕੀਲਾਂ ਦਾ ਕਹਿਣਾ ਹੈ ਕਿ “ਉਹ (ਹਿੰਦੂ ਪੱਖ) ਵੱਖ-ਵੱਖ ਚੀਜ਼ਾਂ ਦੇ ਬਾਰੇ ’ਚ ਵੱਖ-ਵੱਖ ਤਰੀਕਿਆਂ ਨਾਲ ਦਾਅਵਾ ਨਹੀ ਠੋਕ ਸਕਦੇ ਹਨ।''
''ਇੱਕ ਵਾਰ ਜਦੋਂ ਹਿੰਦੂ ਪੱਖ ਨੇ ਸਾਰੀ ਜਾਇਦਾਦ ’ਤੇ ਦਾਅਵਾ ਕਰ ਦਿੱਤਾ ਹੈ ਤਾਂ ਹੁਣ ਸਾਰਾ ਢਾਂਚਾ ਅਤੇ ਉਸ ਦੇ ਅੰਦਰ ਦੀ ਹਰ ਚੀਜ਼ (ਵੁਜ਼ੂਖਾਨੇ ਸਮੇਤ) ਹੀ ਕਾਨੂੰਨੀ ਤੌਰ ’ਤੇ ਵਿਵਾਦਿਤ ਹੈ।”
ਏਐੱਸਆਈ ਸਰਵੇਖਣ : ਕੀ ਹੋਵੇਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ?

ਏਐੱਸਆਈ ਸਰਵੇਖਣ ਦਾ ਆਦੇਸ਼ ਦਿੰਦੇ ਹੋਏ ਵਾਰਾਣਸੀ ਦੇ ਜ਼ਿਲ੍ਹਾ ਜੱਜ ਨੇ ਆਪਣੇ ਆਦੇਸ਼ ’ਚ ਲਿਖਿਆ ਸੀ, “ਜੇ ਪਲਾਟ ਅਤੇ ਢਾਂਚੇ ਦਾ ਸਰਵੇਖਣ ਅਤੇ ਵਿਗਿਆਨਕ ਜਾਂਚ ਹੁੰਦੀ ਹੈ ਤਾਂ ਉਸ ਨਾਲ ਅਦਾਲਤ ਸਾਹਮਣੇ ਸਹੀ ਤੱਥ ਆਉਣਗੇ, ਜਿਸ ਨਾਲ ਮਾਮਲੇ ਦਾ ਅਦਾਲਤ ’ਚ ਨਿਆਂ ਅਨੁਸਾਰ ਅਤੇ ਉੱਚਿਤ ਨਿਟਾਰਾ ਸੰਭਵ ਹੋ ਸਕੇਗਾ।”
8 ਅਗਸਤ, 2023 ਨੂੰ ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ’ਚ ਏਐੱਸਆਈ ਦੇ ਸਾਰਨਾਥ ਸਰਕਲ ਦੇ ਸੁਪਰਡੈਂਟ ਪੁਰਾਤੱਤਵ ਵਿਗਿਆਨੀ ਨੂੰ ਸੇਟਲਮੈਂਟ ਪਲਾਟ ਨੰਬਰ 9130 (ਮੌਜੂਦਾ ਗਿਆਨਵਾਪੀ ਕੰਪਲੈਕਸ) ਦੀ ਜ਼ਮੀਨ ਅਤੇ ਇਮਾਰਤ (ਮਸਜਿਦ ਦੀ ਇਮਾਰਤ) ਦਾ ਸਰਵੇਖਣ ਕਰਨ ਦਾ ਹੁਕਮ ਦਿੱਤਾ ਸੀ।
ਕੋਰਟ ਨੇ ਆਪਣੇ ਹੁਕਮਾਂ ’ਚ ਲਿਖਿਆ ਸੀ ਕਿ ਏਐੱਸਆਈ ਇਸ ਤਰ੍ਹਾਂ ਨਾਲ ਸਰਵੇਖਣ ਕਰੇਗੀ ਕਿ ਜਿਸ ਨਾਲ ਕੋਈ ਤੋੜ-ਭੰਨ ਨਹੀਂ ਹੋਵੇਗੀ। ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਕਿ ਸਰਵੇਖਣ ਦੌਰਾਨ ਨਾ ਹੀ ਖੁਦਾਈ ਕੀਤੀ ਜਾਵੇਗੀ ਅਤੇ ਨਾ ਹੀ ਢਾਂਚੇ ਨੂੰ ਤੋੜਿਆ ਜਾਵੇਗਾ।
ਕਿਵੇਂ ਹੋਵੇਗਾ ਏਐੱਸਆਈ ਸਰਵੇਖਣ?
ਸਰਵੇਖਣ ਟੀਮ ’ਚ - ਪੁਰਾੱਤਤਵ ਵਿਗਿਆਨੀ, ਆਰਕਿਓਲੌਜਿਕਲ ਕੇਮਿਸਟ, ਐਪੀਗ੍ਰਾਫਿਸਟ, ਸਰਵੇਅਰ, ਫੋਟੋਗ੍ਰਾਫਰ ਅਤੇ ਹੋਰ ਤਕਨੀਕੀ ਮਾਹਰਾਂ ਨੂੰ ਜਾਂਚ ਅਤੇ ਦਸਤਾਵੇਜ਼ੀ ਕਾਰਵਾਈ ’ਚ ਲਗਾਇਆ ਜਾਵੇਗਾ।
ਨੈਸ਼ਨਲ ਜਿਓਫਿਜ਼ੀਕਲ ਰਿਸਰਚ ਇੰਸਟੀਚਿਊਟ (ਹੈਦਰਾਬਾਦ) ਦੇ ਮਾਹਰਾਂ ਦੀ ਟੀਮ ਜੀਪੀਆਰ (ਗਰਾਊਂਡ ਪੈਨੇਟਰੇਟਿੰਗ ਰਡਾਰ) ਸਰਵੇਖਣ ਕਰੇਗੀ।
ਏਐੱਸਆਈ ਸਰਵੇਖਣ ਦੀ ਵਿਗਿਆਨਕ ਜਾਂਚ ਦਾ ਦਾਇਰਾ

- ਸਰਵੇਖਣ ਕਰਕੇ ਇਹ ਦੱਸਣਾ ਕਿ ਮੌਜੂਦਾ ਢਾਂਚਾ ਕੀ ਕਿਸੇ ਪਹਿਲਾਂ ਤੋਂ ਮੌਜੂਦ ਮੰਦਰ ਦੇ ਉੱਪਰ ਬਣਾਇਆ ਗਿਆ ਹੈ।
- ਗਿਆਨਵਾਪੀ ਦੀ ਪੱਛਮੀ ਕੰਧ ਦੀ ਉਮਰ ਅਤੇ ਨਿਰਮਾਣ ਦੇ ਸਰੂਪ ਦਾ ਪਤਾ ਲਗਾਉਣ ਲਈ ਜਾਂਚ ਕਰਨੀ ਹੈ।
- ਜ਼ਰੂਰਤ ਪੈਣ ’ਤੇ ਏਐੱਸਆਈ ਪੱਛਮੀ ਕੰਧ ਦੇ ਹੇਠਾਂ ਜਾਂਚ ਲਈ ਗਰਾਊਂਡ ਪੈਨੇਟਰੇਟਿੰਗ ਰਡਾਰ ਦੀ ਵਰਤੋਂ ਕਰ ਸਕਦਾ ਹੈ।
- ਗਿਆਨਵਾਪੀ ਦੇ ਤਿੰਨ ਗੁਬੰਦਾਂ ਦੇ ਹੇਠਾਂ ਦੀ ਜਾਂਚ ਕਰਨੀ ਹੈ ਅਤੇ ਉਸ ਲਈ ਵੀ ਜੀਪੀਆਰ ਦੀ ਵਰਤੋਂ ਹੋ ਸਕਦੀ ਹੈ।
- ਗਿਆਨਵਾਪੀ ਦੇ ਸਾਰੇ ਤਹਿਖਾਨਿਆਂ ਦੀ ਜਾਂਚ ਕਰਨੀ ਹੈ ਅਤੇ ਉਨ੍ਹਾਂ ਤਹਿਖਾਨਿਆਂ ਦੀ ਜ਼ਮੀਨ ਦੇ ਹੇਠਾਂ ਦੀ ਜਾਂਚ ਲਈ ਜੀਪੀਆਰ ਦੀ ਵਰਤੋਂ ਹੋ ਸਕਦੀ ਹੈ।
- ਏਐੱਸਆਈ ਆਪਣੀ ਜਾਂਚ ’ਚ ਬਰਾਮਦ ਕੀਤੀਆਂ ਗਈਆਂ ਸਾਰੀਆਂ ਹੀ ਕਲਾਕ੍ਰਿਤੀਆਂ ਦੀ ਸੂਚੀ ਬਣਾਵੇਗਾ ਅਤੇ ਇਹ ਵੀ ਦਰਜ ਕਰਨਾ ਹੋਵੇਗਾ ਕਿ ਕਿਹੜੀ ਕਲਾਕ੍ਰਿਤੀ ਕਿੱਥੋਂ ਬਰਾਮਦ ਹੋਈ ਹੈ। ਡੇਟਿੰਗ ਦੇ ਜ਼ਰੀਏ ਉਨ੍ਹਾਂ ਕਲਾਕ੍ਰਿਤੀਆਂ ਦੀ ਉਮਰ ਅਤੇ ਸਰੂਪ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਹੋਵੇਗੀ। ਹਿੰਦੂ ਪੱਖ ਦੇ ਵਕੀਲ ਅਨੁਪਮ ਦਿਵੇਦੀ ਨੇ ਇਸ ਦੀ ਮੰਗ ਕੀਤੀ ਸੀ।
- ਗਿਆਨਵਾਪੀ ਕੰਪਲੈਕਸ ’ਚ ਮਿਲਣ ਵਾਲੇ ਸਾਰੇ ਖੰਭਿਆਂ ਅਤੇ ਚਬੂਤਰਿਆਂ ਦੀ ਵਿਗਿਆਨਕ ਜਾਂਚ ਕਰਕੇ ਉਨ੍ਹਾਂ ਦੀ ਉਮਰ, ਸਰੂਪ ਅਤੇ ਨਿਰਮਾਣ ਦੀ ਸ਼ੈਲੀ ਦਾ ਪਤਾ ਲਗਾਉਣਾ ਹੈ।
- ਡੇਟਿੰਗ, ਜੀਪੀਆਰ ਅਤੇ ਹੋਰ ਵਿਗਿਆਨਕ ਤਰੀਕਿਆਂ ਰਾਹੀਂ ਗਿਆਨਵਾਪੀ ਦੇ ਢਾਂਚੇ ਦੇ ਨਿਰਮਾਣ ਦੀ ਉਮਰ ਅਤੇ ਨਿਰਮਾਣ ਦੇ ਸਰੂਪ ਦੀ ਪਛਾਣ ਕਰਨਾ ਹੈ।
- ਜਾਂਚ ’ਚ ਬਰਾਮਦ ਕਲਾਕ੍ਰਿਤੀਆਂ ਅਤੇ ਢਾਂਚੇ ’ਚ ਅਤੇ ਉਸ ਦੇ ਹੇਠਾਂ ਮਿਲੀਆਂ ਇਤਿਹਾਸਕ ਅਤੇ ਧਾਰਮਿਕ ਚੀਜ਼ਾਂ ਦੀ ਵੀ ਜਾਂਚ ਕਰਨੀ ਹੈ।
- ਇਹ ਯਕੀਨੀ ਬਣਾਉਣਾ ਹੈ ਕਿ ਢਾਂਚੇ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਅਤੇ ਉਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰਹੇ।
ਸਰਵੇਖਣ ਦੇ ਵਿਰੋਧ ’ਚ ਮਸਜਿਦ ਪੱਖ
ਮੁਸਲਿਮ ਧਿਰ ਦਾ ਮੰਨਣਾ ਹੈ ਕਿ ਸਰਵੇਖਣ ਉਦੋਂ ਹੀ ਹੋ ਸਕਦਾ ਹੈ ਜਦੋਂ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਗਏ ਲਿਖਤੀ ਅਤੇ ਮੌਖਿਕ ਸਬੂਤਾਂ ਤੋਂ ਅਦਾਲਤ ਕਿਸੇ ਸਿੱਟੇ ’ਤੇ ਨਾ ਪਹੁੰਚ ਸਕੇ।
ਕੋਰਟ ’ਚ ਹਿੰਦੂ ਪੱਖ ਨੇ ਕਿਹਾ ਹੈ ਕਿ ਨਿਰਮਾਣ ਦੀ ਸ਼ੈਲੀ ਨੂੰ ਵੇਖਦੇ ਹੋਏ ਉਨ੍ਹਾਂ ਕੋਲ ਢਾਂਚੇ ਦੀਆਂ ਨਕਲੀ ਕੰਧਾਂ ਪਿੱਛੇ ਕੁਝ ਚੀਜ਼ਾਂ ਦੇ ਲੁਕੇ ਹੋਣ ਦਾ ਕੋਈ ਪੁਖਤਾ ਸਬੂਤ ਨਹੀਂ ਹੈ। ਪਰ ਮੁਸਲਿਮ ਧਿਰ ਦਾ ਮੰਨਣਾ ਹੈ ਕਿ ਕਾਨੂੰਨ ਏਐੱਸਆਈ ਨੂੰ ਹਿੰਦੂ ਪੱਖ ਦੇ ਦਾਅਵੇ ਨਾਲ ਸਬੰਧਤ ਸਬੂਤ ਇਕੱਠੇ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ।
ਮਸਜਿਦ ਪੱਖ ਦਾ ਕਹਿਣਾ ਹੈ ਕਿ ਏਐੱਸਆਈ ਦਾ ਸਰਵੇਖਣ 1991 ਦੇ ਪੂਜਾ ਸਥਾਨ ਐਕਟ ਦੀ ਉਲੰਘਣਾ ਹੈ, ਜੋ ਕਿ ਆਜ਼ਾਦੀ ਤੋਂ ਪਹਿਲਾਂ ਮੌਜੂਦ ਧਾਰਮਿਕ ਥਾਵਾਂ ਦੇ ਧਾਰਮਿਕ ਚਰਿਤਰ ਬਦਲਣ ਦੀ ਇਜਾਜ਼ਤ ਨਹੀਂ ਦਿੰਦਾ ਹੈ।
ਮਸਜਿਦ ਧਿਰ ਦਾ ਇਹ ਵੀ ਕਹਿਣਾ ਹੈ ਕਿ ਗਿਆਨਵਾਪੀ ਦੀ ਜ਼ਮੀਨ ਦੀ ਮਾਲਕੀ ਨਾਲ ਸਬੰਧਤ ਮਾਮਲੇ ’ਚ ਪਹਿਲਾਂ ਤੋਂ ਹੀ ਇਲਾਹਾਬਾਦ ਹਾਈ ਕੋਰਟ ਨੇ ਏਐੱਸਆਈ ਸਰਵੇਖਣ ’ਤੇ ਰੋਕ ਲਗਾ ਦਿੱਤੀ ਹੈ। ਇਸ ਲਈ ਫਿਰ ਕਿਸੇ ਹੋਰ ਮਾਮਲੇ ’ਚ ਸਰਵੇਖਣ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ।
ਮੰਦਰ ਪੱਖ : ਸਰਵੇਖਣ ਤੈਅ ਕਰੇਗਾ ਵਿਵਾਦ

ਮੰਦਰ ਪੱਖ ਦਾ ਮੰਨਣਾ ਹੈ ਕਿ ਏਐੱਸਆਈ ਸਰਵੇਖਣ ਅਦਾਲਤ ’ਚ ਇਸ ਵਿਵਾਦ ਦੇ ਹੱਲ ਦਾ ਫੈਸਲਾ ਕਰਨ ’ਚ ਮਦਦ ਕਰੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ “ਦੋਵੇਂ ਹਿੰਦੂ ਅਤੇ ਮੁਸਲਿਮ ਧਿਰਾਂ ਨੂੰ ਏਐੱਸਆਈ ਦੇ ਸਰਵੇਖਣ ਦੇ ਨਤੀਜਿਆਂ ਨੂੰ ਅਦਾਲਤ ’ਚ ਵਿਰੋਧ ਕਰਨ ਅਤੇ ਚੁਣੌਤੀ ਦੇਣ ਦਾ ਮੌਕਾ ਮਿਲੇਗਾ।”
ਮੰਦਰ ਪੱਖ ਇਸ ਸਰਵੇਖਣ ਨੂੰ ਕਰਾਉਣ ’ਚ 1991 ਪੂਜਾ (ਉਪਾਸਨਾ) ਸਥਾਨ ਐਕਟ ਨੂੰ ਰੁਕਾਵਟ ਨਹੀਂ ਮੰਨਦਾ ਹੈ ਅਤੇ ਨਾਲ ਹੀ ਦਾਅਵਾ ਕਰਦਾ ਹੈ ਕਿ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਉੱਥੇ ਹਿੰਦੂ ਹੀ ਪੂਜਾ ਕਰਦੇ ਆ ਰਹੇ ਹਨ।
ਮੰਦਰ ਧਿਰ ਦਾ ਮੰਨਣਾ ਹੈ ਕਿ ਏਐੱਸਆਈ ਦਾ ਕੰਮ ਇਤਿਹਾਸਿਕ ਢਾਂਚਿਆਂ ਦੀ ਸੰਭਾਲ ਅਤੇ ਉਨ੍ਹਾਂ ਦੀ ਸੁਰੱਖਿਆ ਕਰਨਾ ਹੈ।
ਇਸ ਲਈ ਸਰਵੇਖਣ ਦੌਰਾਨ ਗਿਆਨਵਾਪੀ ਨੂੰ ਨੁਕਸਾਨ ਪਹੁੰਚਾਉਣ ਦਾ ਮੁਸਲਿਮ ਧਿਰ ਦਾ ਖਦਸ਼ਾ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹੈ।
ਕੀ ਅਯੁੱਧਿਆ ਦੀ ਤਰਜ਼ ’ਤੇ ਗਿਆਨਵਾਪੀ ਦਾ ਏਐੱਸਆਈ ਸਰਵੇਖਣ ਜਾਇਜ਼ ਹੈ?
ਇਸ ਬਾਰੇ ਮਸਜਿਦ ਧਿਰ ਦੇ ਵਕੀਲ ਨਕਵੀ ਦਾ ਕਹਿਣਾ ਹੈ, “ਪੂਜਾ ਸਥਾਨ ਐਕਟ 1991 ਅਨੁਸਾਰ 15 ਅਗਸਤ 1947 ਨੂੰ ਬਾਬਰੀ ਮਸਜਿਦ ਦੀ ਮਲਕੀਅਤ ਬਾਰੇ ਮੁਕੱਦਮਾ ਲੰਬਿਤ ਸੀ।''
''ਪੂਜਾ ਸਥਾਨ ਐਕਟ ’ਚ ਗਿਆਨਵਾਪੀ ਜਾਂ ਕਿਸੇ ਹੋਰ ਮਾਮਲੇ ਦਾ ਜ਼ਿਕਰ ਨਹੀਂ ਹੈ ਅਤੇ ਅਯੁੱਧਿਆ ਜ਼ਮੀਨ ਦੀ ਮਾਲਕੀ ਦੇ ਮਾਮਲੇ ’ਚ ਅਦਾਲਤ ਨੇ ਪੂਜਾ ਸਥਾਨ ਐਕਟ ਦੀ ਵੈਧਤਾ ਸਥਾਪਤ ਕੀਤੀ ਹੈ।”
ਨਕਵੀ ਅੱਗੇ ਕਹਿੰਦੇ ਹਨ, “ਅਯੁੱਧਿਆ ’ਚ ਏਐੱਸਆਈ ਸਰਵੇਖਣ ਹੋਰ ਹਾਲਾਤਾਂ ’ਚ ਹੋਇਆ ਸੀ। ਅਯੁੱਧਿਆ ’ਚ ਏਐੱਸਆਈ ਸਰਵੇਖਣ ਇਮਾਰਤ ਢਾਹੇ ਜਾਣ ਤੋਂ ਬਾਅਦ ਹੋਇਆ ਸੀ ਨਾ ਕਿ ਪਹਿਲਾਂ। ਸਰਵੇਖਣ 1992 ਤੋਂ ਬਾਅਦ ਹੋਇਆ ਸੀ, ਉਸ ਤੋਂ ਪਹਿਲਾਂ ਨਹੀਂ।”
ਪੂਜਾ ਸਥਾਨ ਐਕਟ: ਮੁਸਲਿਮ ਧਿਰ ਦੀ ਸਭ ਤੋਂ ਮਜ਼ਬੂਤ ਦਲੀਲ

ਤੁਸੀਂ ਇਸ ਪੂਰੇ ਲੇਖ ’ਚ 1991 ਦੇ ਪੂਜਾ ਸਥਾਨ ਐਕਟ ਦਾ ਜ਼ਿਕਰ ਵਾਰ-ਵਾਰ ਪੜ੍ਹ ਰਹੇ ਹੋਵੋਗੇ। ਖਾਸ ਤੌਰ ’ਤੇ ਮੁਸਲਿਮ ਧਿਰ ਆਪਣੀਆਂ ਦਲੀਲਾਂ ’ਚ ਇਸ ਨੂੰ ਵਾਰ-ਵਾਰ ਸ਼ਾਮਲ ਕਰ ਰਹੀ ਹੈ।
ਭਾਵੇਂ ਮਾਂ ਸ਼੍ਰਿੰਗਾਰ ਗੌਰੀ ਦੇ ਦਰਸ਼ਨਾਂ ਦਾ ਮਾਮਲਾ ਹੋਵੇ ਜਾਂ ਫਿਰ ਗਿਆਨਵਾਪੀ ਦੀ ਜ਼ਮੀਨ ਦੀ ਮਾਲਕੀ ਦਾ ਮਾਮਲਾ, ਮਸਜਿਦ ਪੱਖ ਦੀ ਸਭ ਤੋਂ ਮਜ਼ਬੂਤ ਦਲੀਲ 1991 ਦਾ ਉਪਾਸਨਾ ਸਥਾਨ ਐਕਟ ਹੀ ਹੈ।
ਮਸਜਿਦ ਪੱਖ ਨੇ ਸਾਰੇ ਮੁਕੱਦਮਿਆਂ ਨੂੰ ਇਸੇ ਆਧਾਰ ’ਤੇ ਵੱਖ-ਵੱਖ ਪੱਧਰਾਂ ’ਤੇ ਚੁਣੌਤੀ ਦਿੱਤੀ ਹੋਈ ਹੈ। ਮੁਸਲਿਮ ਧਿਰ ਦੀ ਦਲੀਲ ਹੈ ਕਿ 1991 ਦੇ ਇਸ ਕਾਨੂੰਨ ਦੇ ਮੱਦੇਨਜ਼ਰ ਹੀ ਇਹ ਮਾਮਲੇ ਸੁਣਵਾਈ ਯੋਗ ਨਹੀਂ ਹਨ, ਕਿਉਂਕਿ ਕਾਨੂੰਨ ਅਨੁਸਾਰ 1947 ਦੇ ਦਿਨ ਜੋ ਸਥਿਤੀ ਸੀ, ਉਹੀ ਕਾਇਮ ਰਹੇਗੀ।
ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਫਿਲਹਾਲ ਅਜੇ ਤੱਕ ਕਿਸੇ ਵੀ ਮਾਮਲੇ ਦੀ ਸੁਣਵਾਈ ਸ਼ੁਰੂ ਨਹੀਂ ਹੋਈ ਹੈ ਅਤੇ ਨਾ ਹੀ ਸਬੂਤਾਂ ਨੂੰ ਅਦਾਲਤੀ ਬਹਿਸ ’ਚ ਪਰਖਿਆ ਗਿਆ ਹੈ।
ਪਰ ਮੁਸਲਿਮ ਪੱਖ ਦਾ ਮੰਨਣਾ ਹੈ ਕਿ ਇਨ੍ਹਾਂ ਸਾਰੇ ਦਾਅਵਿਆਂ ਸਾਹਮਣੇ 1991 ਦਾ ਉਪਾਸਨਾ ਸਥਾਨ ਐਕਟ ਇੱਕ ਚੱਟਾਨ ਦੀ ਤਰ੍ਹਾਂ ਖੜ੍ਹਾ ਹੈ।
ਮਸਜਿਦ ਪੱਖ ਦਾ ਦਾਅਵਾ ਹੈ ਕਿ ਮਸਜਿਦ ਅਤੇ ਇਸ ਦੇ ਨਾਲ ਲੱਗਦੀ ਜ਼ਮੀਨ 15 ਅਗਸਤ 1947 ਨੂੰ ਹੋਂਦ ’ਚ ਸੀ, ਇਸ ਲਈ ਉਹ ਇਸ ਐਕਟ ਰਾਹੀਂ ਸੁਰੱਖਿਅਤ ਹਨ।
ਮਸਜਿਦ ਧਿਰ ਦਾ ਇਹ ਵੀ ਮੰਨਣਾ ਹੈ ਕਿ 1991 ਦਾ ਉਪਾਸਨਾ ਸਥਾਨ ਐਕਟ ਪਾਸ ਕਰਾਉਣ ਦਾ ਮਕਸਦ ਭਾਈਚਾਰਕ ਸਾਂਝ ਕਾਇਮ ਰੱਖਣਾ ਸੀ।
1942 ’ਚ ਦੀਨ ਮੁਹੰਮਦ ਦੇ ਮਾਮਲੇ ’ਚ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੇ “ਇਹ ਮੰਦਰ ਜਾਂ ਮਸਜਿਦ” ਦੇ ਵਿਵਾਦ ਨੂੰ ਪਹਿਲਾਂ ਹੀ ਤੈਅ ਕਰ ਦਿੱਤਾ ਹੈ।
ਸੁਪਰੀਮ ਕੋਰਟ ਨੇ ਉਪਾਸਨਾ ਸਥਾਨ ਐਕਟ ਦੀ ਪ੍ਰਸ਼ੰਸਾ ਕਰਦੇ ਹੋਏ ਬਾਬਰੀ ਮਸਜਿਦ ਰਾਮ ਜਨਮ ਭੂਮੀ ਦੇ ਆਪਣੇ ਫੈਸਲੇ ’ਚ ਲਿਖਿਆ ਸੀ ਕਿ “ਇਹ ਐਕਟ ਪੂਜਾ ਸਥਾਨ ਦੀ ਸਥਿਤੀ ਨੂੰ ਬਦਲਣ ਦੀ ਇਜਾਜ਼ਤ ਨਾ ਦੇ ਕੇ ਧਰਮ ਨਿਰਪੱਖਤਾ ਦੇ ਸੰਵਿਧਾਨਕ ਮੁੱਲ ਦੀ ਰੱਖਿਆ ਕਰਦਾ ਹੈ।”
ਮੰਦਰ ਵਾਲੀ ਧਿਰ ਅਨੁਸਾਰ, “15 ਅਗਸਤ, 1947 ਨੂੰ ਢਾਂਚਾ ਇੱਕ ਹਿੰਦੂ ਮੰਦਰ ਦਾ ਸੀ ਅਤੇ 1993 ਤੱਕ ਉੱਥੇ ਆਦਿ ਵਿਸ਼ਵੇਸ਼ਵਰ ਅਤੇ ਹੋਰ ਦੇਵੀ-ਦੇਵਤਿਆਂ ਦੀ ਲਗਾਤਾਰ ਪੂਜਾ ਹੁੰਦੀ ਰਹੀ ਹੈ। ਅਦਾਲਤ ਨੂੰ ਇਹ ਦੇਖਣਾ ਹੋਵੇਗਾ ਕਿ 15 ਅਗਸਤ 1947 ਤੋਂ ਪਹਿਲਾਂ ਉਸ ਸਥਾਨ ਦੀ ਧਾਰਮਿਕ ਸਰੂਪ ਕੀ ਸੀ ਅਤੇ ਕੀ ਉਹ ਹਿੰਦੂ ਜਾਂ ਫਿਰ ਮੁਸਲਿਮ ਇਬਾਦਤ ਦੀ ਥਾਂ ਸੀ”
ਮੰਦਰ ਪੱਖ ਦਾ ਮੰਨਣਾ ਹੈ ਕਿ “ਗਿਆਨਵਾਪੀ ਮਸਜਿਦ, ਮੰਦਰ ਦੇ ਉਪਰਲੇ ਹਿੱਸੇ ਨੂੰ ਤੋੜ ਕੇ ਬਣਾਈ ਗਈ ਸੀ। ਪਰ ਮੰਦਰ ਦੇ ਕੰਪਲੈਕਸ ਦੇ ਦੂਜੇ ਹਿੱਸੇ ’ਚ ਸ਼੍ਰਿੰਗਾਰ ਗੌਰੀ, ਭਗਵਾਨ ਗਣੇਸ਼ ਅਤੇ ਹੋਰ ਦੇਵਤਿਆਂ ਦੀ ਪੂਜਾ ਪੁਰਾਣੇ ਮੰਦਰ ਦੇ ਕੰਪਲੈਕਸ ਅੰਦਰ ਅਤੇ ਪੰਜ ਕੋਹ ਦੇ ਪੂਰੇ ਖੇਤਰ ’ਚ ਜਾਰੀ ਰਹੀ ਸੀ।”
ਮੰਦਰ ਪੱਖ ਦਾ ਮੰਨਣਾ ਹੈ ਕਿ ਇਸੇ ਪੂਜਾ ਸਥਾਨ ਐਕਟ ਦੇ ਅਨੁਸਾਰ ਕਿਸੇ ਪੂਜਾ ਸਥਾਨ ਦੀ ਧਾਰਮਿਕ ਥਾਂ ਬਾਰੇ ਪਤਾ ਲਗਾਉਣ ’ਤੇ ਰੋਕ ਨਹੀਂ ਹੈ।
ਮੁਸਲਿਮ ਧਿਰ ਉਪਾਸਨਾ ਸਥਾਨ ਐਕਟ ਨੂੰ ਸਰਵਉੱਚ ਦੱਸਦੇ ਹੋਏ ਕਹਿੰਦੀ ਹੈ, “ਜੇ ਹਿੰਦੂ ਧਿਰ ਦਾ ਦਾਅਵਾ ਹੈ ਕਿ 300 ਸਾਲ ਪਹਿਲਾਂ ਇਸ ਢਾਂਚੇ ਦਾ ਧਾਰਮਿਕ ਰੂਪ ਬਦਲ ਦਿੱਤਾ ਗਿਆ ਸੀ ਤਾਂ ਇਹ ਉਨ੍ਹਾਂ ਦਾ ਦਾਅਵਾ ਹੈ।''
''ਸਾਡੇ ਲਈ ਜਿਹੜੀ ਗੱਲ ਮਾਅਨੇ ਰੱਖਦੀ ਹੈ, ਉਹ ਹੈ ਕਿ 15 ਅਗਸਤ 1947 ਨੂੰ ਇਸ ਦਾ ਧਾਰਮਿਕ ਰੂਪ ਕੀ ਸੀ ਅਤੇ ਅਸੀਂ ਸਾਰੇ ਹੀ ਇਸ ਗੱਲ ਤੋਂ ਜਾਣੂ ਹਾਂ ਕਿ ਉਸ ਸਮੇਂ ਇਹ ਇੱਕ ਮਸਜਿਦ ਸੀ।”
ਮਸਜਿਦ ਧਿਰ ਦੇ ਵਕੀਲ ਨਕਵੀ ਦਾ ਕਹਿਣਾ ਹੈ, “ਹਿੰਦੂ ਧਿਰ ਆਪਣੀਆਂ ਦਲੀਲਾਂ ‘ਕੁਝ ਸਬੂਤਾਂ’ ’ਤੇ ਆਧਾਰਤ ਕਰਦਾ ਹੈ। ਜੇ ਅਸੀਂ ਹਿੰਦੂ ਧਿਰ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਨੂੰ ਰੱਦ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ 1991 ਦੇ ਐਕਟ ਦਾ ਕੀ ਮਹੱਤਵ ਰਹਿ ਜਾਵੇਗਾ?’’
‘‘ਸਾਡੇ ਕਹਿਣ ਦਾ ਮਤਲਬ ਹੈ ਕਿ ਜੇ ਮੁਕੱਦਮੇ ’ਚ ਉਨ੍ਹਾਂ ਦੀ ਮੰਗ ’ਚ ਸਭ ਤੋਂ ਵੱਡੀ ਰੁਕਾਵਟ ਮੌਜੂਦਾ ਕਾਨੂੰਨ ਹੈ ਅਤੇ ਉਹ ਮੁਕੱਦਮਾ ਸੁਣਵਾਈ ਯੋਗ ਹੀ ਨਹੀਂ ਹੈ ਤਾਂ ਫਿਰ ਉਸ ਸਬੂਤ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹੈ।”
ਮਸਜਿਦ ਕਮੇਟੀ ਦੇ ਵਕੀਲਾਂ ਦਾ ਕਹਿਣਾ ਹੈ ਕਿ ਹੁਣ ਤੱਕ ਅਦਾਲਤ ਨੂੰ ਇਹ ਦੱਸਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ ਹੈ ਕਿ ਮਸਜਿਦ ਦੀ ਪੱਛਮੀ ਕੰਧ ਦੇ ਪਿੱਛੇ ਕਿਸ ਤਰ੍ਹਾਂ ਦੀ ਵਾਸਤੂਕਲਾ ਮੌਜੂਦ ਹੈ।
ਉਹ ਕਹਿੰਦੇ ਹਨ ਹਨ, “ਅਸੀਂ ਕਿਸੇ ਵੀ ਚੀਜ਼ ’ਤੇ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਅਸੀਂ ਆਪਣੀਆਂ ਕਾਨੂੰਨੀ ਦਲੀਲਾਂ ਪੂਜਾ ਸਥਾਨ ਐਕਟ ਦੇ ਉਪਬੰਧਾਂ ਤੱਕ ਹੀ ਸੀਮਤ ਰੱਖ ਰਹੇ ਹਾਂ।”
(ਰਿਪੋਰਟ - ਅਨੰਤ ਝਣਾਣੇ, ਅਡੀਸ਼ਨਲ ਰਿਪੋਰਟਿੰਗ - ਉਤਪਲ ਪਾਠਕ (ਵਾਰਾਣਸੀ ਤੋਂ,) ਇਲਸਟ੍ਰੇਸ਼ਨ - ਪੁਨੀਤ ਬਰਨਾਲਾ)












