ਪਸ਼ੂਆਂ ਦੇ ਮੁਕਾਬਲੇ ਬੂਟਿਆਂ ਤੋਂ ਮਿਲਣ ਵਾਲੇ ਦੁੱਧ ਦਾ ਰੁਝਾਨ ਕਿਉਂ ਇੰਨਾ ਵਧ ਰਿਹਾ ਹੈ ਅਤੇ ਕਿੰਨਾ ਕੁ ਸਸਤਾ ਪੈਂਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਲੂਸੀ ਸ਼ੈਰਿਫ
- ਰੋਲ, ਬੀਬੀਸੀ ਲਈ
ਹਾਲਾਂਕਿ ਸ਼ਾਕਾਹਾਰੀ ਦੁੱਧ (ਪੌਦਿਆਂ ਤੋਂ ਮਿਲਣ ਵਾਲਾ) ਦੀ ਮਕਬੂਲੀਅਤ ਪਿਛਲੇ ਕੁਝ ਸਮੇਂ ਦੌਰਾਨ ਕਾਫ਼ੀ ਵਧ ਗਈ ਹੈ ਪਰ ਅਜੇ ਵੀ ਇਹ ਡੇਅਰੀ ਵਾਲੇ ਦੁੱਧ ਦੇ ਮੁਕਾਬਲੇ ਮਹਿੰਗਾ ਹੈ।
ਜਦਕਿ ਦੇਖਿਆ ਜਾਵੇ ਤਾਂ ਕੁਝ ਸਮਾਂ ਪਹਿਲਾਂ ਤੱਕ ਡੇਅਰੀ ਉਤਪਾਦਾਂ ਦੇ ਬਦਲ ਲੱਭਣਾ ਬਹੁਤ ਮੁਸ਼ਕਿਲ ਕੰਮ ਸੀ। ਨਾਸ਼ਤੇ ਲਈ ਮੈਨੂੰ ਇੱਕ ਖਾਸ ਕੰਪਨੀ ਦੇ ਸੋਇਆ ਦੁੱਧ ਉੱਪਰ ਹੀ ਨਿਰਭਰ ਕਰਨਾ ਪੈਂਦਾ ਸੀ। ਇਹ ਘਸਮੈਲੇ ਰੰਗ ਦਾ ਗਾੜ੍ਹਾ ਹਲਕਾ ਮਿੱਠਾ ਤਰਲ ਹੁੰਦਾ ਸੀ।
ਹੁਣ ਸਮਾਂ ਬਦਲ ਗਿਆ ਹੈ। ਹੁਣ ਸ਼ਾਕਾਹਾਰੀ ਦੁੱਧ ਵਿੱਚ ਬਦਲ ਬਹੁਤ ਵਧ ਗਏ ਹਨ। ਇਸ ਨਾਲ ਕੁਝ ਵਿਵਾਦ ਵੀ ਉੱਠੇ ਹਨ। ਯੂਰਪੀ ਯੂਨੀਅਨ ਨੇ ਅਜਿਹੇ ਉਤਪਾਦਾਂ ਨੂੰ ਡੇਅਰੀ ਵਰਗੇ ਨਾਮ ਦੇਣ ਉੱਪਰ ਪਾਬੰਦੀ ਲਾ ਦਿੱਤੀ ਹੈ।
ਇਸ ਤਬਦੀਲੀ ਵਿੱਚ ਗਾਹਕਾਂ ਵਿੱਚ ਵਧ ਰਹੀ ਜਾਗਰੂਕਤਾ ਦਾ ਵੀ ਯੋਗਦਾਨ ਹੈ। ਲੋਕ ਕੁਦਰਤ ਦੇ ਲਿਹਾਜ਼ ਨਾਲ ਖਾਣ-ਪੀਣ ਦੇ ਜ਼ਿਆਦਾ ਹੰਢਣਸਾਰ ਬਦਲਾਂ ਦੀ ਭਾਲ ਕਰ ਰਹੇ ਹਨ।
ਹਾਰਵਰਡ ਯੂਨੀਵਰਸਿਟੀ ਵਿੱਚ ਪੋਸ਼ਣ ਦੇ ਅਸਿਸਟੈਂਟ ਪ੍ਰੋਫੈਸਰ ਅਵੀਵਾ ਮਿਊਸਿਕਸ ਮੁਤਾਬਕ, “ਲੋਕ ਬਦਲ ਰਹੇ ਵਾਤਾਵਰਣ ਤੋਂ ਪਰੇਸ਼ਾਨ ਹਨ ਅਤੇ ਉਹ ਕਾਰਬਨ ਪੈੜ ਘਟਾਉਣਾ ਚਾਹੁੰਦੇ ਹਨ।”
ਸਾਲ 2018 ਦੇ ਇੱਕ ਅਧਿਐਨ ਮੁਤਾਬਕ, ਇੱਕ ਗਲਾਸ ਡੇਅਰੀ ਦਾ ਦੁੱਧ ਪੈਦਾ ਕਰਨ ਲਈ ਪੌਦਿਆਂ ਤੋਂ ਹਾਸਲ ਕੀਤੇ ਜਾਣ ਵਾਲੇ ਦੁੱਧ ਦੇ ਮੁਕਾਬਲੇ ਤਿੰਨ ਗੁਣਾਂ ਜ਼ਿਆਦਾ ਹਰੇ ਗ੍ਰਹਿ ਪ੍ਰਭਾਵ ਗੈਸਾਂ ਨਿਕਲਦੀਆਂ ਹਨ।
ਹਾਲਾਂਕਿ ਇਨ੍ਹਾਂ ਦੀ ਪ੍ਰਸਿੱਧੀ ਵਧਣ ਦੇ ਬਾਵਜੂਦ ਇਹ ਡੇਅਰੀ ਦੁੱਧ ਦੇ ਮੁਕਾਬਲੇ ਬਹੁਤ ਮਹਿੰਗੇ ਹਨ। ਅਮਰੀਕਾ ਵਿੱਚ ਬੂਟਿਆਂ ਦਾ ਦੁੱਧ ਡੇਅਰੀ ਦੁੱਧ ਤੋਂ ਔਸਤ ਰੂਪ ਵਿੱਚ ਮਹਿੰਗਾ ਹੈ।

ਤਸਵੀਰ ਸਰੋਤ, Getty Images
ਇਸਦਾ ਇੱਕ ਕਾਰਨ ਇਹ ਵੀ ਹੈ ਕਿ ਡੇਅਰੀ ਕਿਸਾਨਾਂ ਦੀ ਸਪਲਾਈ ਚੇਨ ਬਹੁਤ ਕਾਰਗਰ ਹੈ। ਕਿਉਂਕਿ ਉਹ ਇਸ ਕਾਰੋਬਾਰ ਵਿੱਚ ਲੰਬੇ ਸਮੇਂ ਤੋਂ ਹਨ।
ਬੂਟਿਆਂ ਤੋਂ ਲਿਆ ਜਾਣ ਵਾਲਾ ਦੁੱਧ ਕਿਸੇ ਪਸ਼ੂ ਤੋਂ ਨਹੀਂ ਆਉਂਦਾ ਤਾਂ ਇਸਦਾ ਮਤਲਬ ਇਹ ਕਤਈ ਨਹੀਂ ਹੈ ਕਿ ਇਸਦੀ ਕਾਰਬਨ ਪੈੜ ਉਸ ਤੋਂ ਘੱਟ ਹੈ।
ਪ੍ਰੋਫੈਸਰ ਅਵੀਵਾ ਮਿਊਸਿਕਸ ਮੁਤਾਬਕ ਸਾਰੀਆਂ ਸ਼ਾਕਾਹਾਰੀ ਖੁਰਾਕਾਂ ਵਿੱਚ ਪੋਸ਼ਣ ਅਤੇ ਵਾਤਾਵਰਣ ਦੇ ਪੱਖ ਤੋਂ ਡੇਅਰੀ ਦੁੱਧ ਵਾਲੇ ਸਾਰੇ ਲਾਭ ਨਹੀਂ ਹਨ। ਉਨ੍ਹਾਂ ਨੇ ਸ਼ਾਕਾਹਾਰੀ ਖੁਰਾਕਾਂ ਉੱਪਰ ਖੋਜ ਵੀ ਕੀਤੀ ਹੈ।
ਬਦਾਮ ਦਾ ਦੁੱਧ ਅਮਰੀਕਾ ਵਿੱਚ ਡੇਅਰੀ ਦੁੱਧ ਦਾ ਪਸੰਦੀਦਾ ਬਦਲ ਹੈ ਅਤੇ ਬਦਨਾਮ ਵੀ ਹੈ।
ਦੁਨੀਆਂ ਭਰ ਵਿੱਚ ਪੈਦਾ ਹੋਣ ਵਾਲੇ ਬਦਾਮਾਂ ਵਿੱਚੋਂ 80% ਕੈਲੀਫੋਰਨੀਆ ਵਿੱਚ ਉਗਾਏ ਜਾਂਦੇ ਹਨ। ਹਾਲਾਂਕਿ ਇੱਥੇ ਉਗਾਏ ਜਾਣ ਵਾਲੇ ਇੱਕ ਬਦਾਮ ਪਿੱਛੇ 4.6 ਲੀਟਰ ਪਾਣੀ ਦੀ ਖਪਤ ਹੁੰਦੀ ਹੈ।

ਤਸਵੀਰ ਸਰੋਤ, Getty Images
ਬਦਾਮਾਂ ਦੀ ਖੇਤੀ ਦੌਰਾਨ ਵਰਤੇ ਜਾਂਦੇ ਕੀਟਨਾਸ਼ਕ ਸ਼ਹਿਦ ਦੀਆਂ ਮੱਖੀਆਂ ਲਈ ਹਾਨੀਕਾਰਕ ਹਨ। ਨਾਰੀਅਲ ਅਤੇ ਚੌਲਾਂ ਦੇ ਦੁੱਧ ਵਿੱਚ ਵੀ ਨੈਤਿਕ ਸਮੱਸਿਆਵਾਂ ਹੋ ਸਕਦੀਆਂ ਹਨ। ਚੌਲ ਪਾਣੀ ਦੇ ਸੜੂਕੇ ਮਾਰਨ ਵਾਲੀ ਫਸਲ ਹੈ। ਨਾਰੀਅਲ ਦੀ ਪੂਰਤੀ ਲੜੀ ਵਿੱਚ ਨੈਤਿਕ ਸਮੱਸਿਆਵਾਂ ਹਨ।
ਇਸ ਲਈ ਓਟ, ਹੈਂਪ ਅਤੇ ਸੋਇਆ ਹੀ ਕੁਝ ਠੀਕ-ਠਾਕ ਬਦਲ ਬਚਦੇ ਹਨ, ਜੋ ਕਿ ਵਾਤਾਵਰਣ ਪੱਖੋਂ ਜ਼ਿਆਦਾ ਹੰਢਣਸਾਰ ਵੀ ਹਨ।
ਸਾਡੀਆਂ ਖਾਣ-ਪਾਣ ਦੀਆਂ ਚੋਣਾਂ ਕੁਝ ਹੱਦ ਤੱਕ ਕੀਮਤਾਂ ਤੋਂ ਵੀ ਪ੍ਰਭਾਵਿਤ ਹੁੰਦੀਆਂ ਹਨ। ਹੁਣ ਜੇ ਪ੍ਰੋਸੈਸਿੰਗ ਤੇ ਪੈਕਜਿੰਗ ਕਾਰਨ ਬੂਟਿਆਂ ਦਾ ਦੁੱਧ ਮਹਿੰਗਾ ਪਵੇਗਾ ਤਾਂ ਨਿਸ਼ਚਿਤ ਹੀ ਗਾਹਕ ਡੇਅਰੀ ਦੁੱਧ ਨੂੰ ਪਹਿਲ ਦੇਵੇਗਾ।
ਇਸ ਲਈ ਮੈਂ ਦੁੱਧ ਘਰੇ ਬਣਾਉਣ ਦੀ ਚੁਣੌਤੀ ਸਵੀਕਾਰ ਕੀਤੀ। ਹਾਲਾਂਕਿ ਮੈਂ ਦੇਖਿਆ ਕਿ ਘਰੇ ਬਣਾਇਆ ਦੁੱਧ ਦੁਕਾਨ ਤੋਂ ਖਰਦੀਣ ਨਾਲੋਂ ਮਹਿੰਗਾ ਪਿਆ ਪਰ ਮੈਨੂੰ ਇਹ ਬਣਾਉਣ ਵਿੱਚ ਅਨੰਦ ਆਇਆ।
ਇਹ ਬਹੁਤ ਸੌਖਾ ਸੀ ਅਤੇ ਮੈਨੂੰ ਖੁਸ਼ੀ ਇਹ ਵੀ ਹੋ ਰਹੀ ਸੀ ਕਿ ਮੇਰੀ ਖੁਰਾਕ ਕਿੱਥੋਂ ਆ ਰਹੀ ਸੀ ਇਸਦੀ ਵਾਗ-ਡੋਰ ਮੇਰੇ ਆਪਣੇ ਹੱਥ ਵਿੱਚ ਸੀ।
ਬਾਬਾ ਜੀ ਕੀ ਬੂਟੀ: ਭੰਗ

ਤਸਵੀਰ ਸਰੋਤ, Getty Images
ਸਭ ਤੋਂ ਪਹਿਲਾਂ ਮੈਂ ਭੰਗ ਤੋਂ ਸ਼ੁਰੂ ਕਰਨ ਦਾ ਇਰਾਦਾ ਕੀਤਾ। ਇਹ ਹਾਸਲ ਕਰਨ ਲਈ ਮੈਨੂੰ ਸੂਪਰ ਮਾਰਕਿਟ ਜਾਣਾ ਪਿਆ। ਸੌਖ ਦੇ ਹਿਸਾਬ ਨਾਲ ਤਾਂ ਭੰਗ ਤੁਹਾਡੀ ਦੋਸਤ ਕਤਈ ਨਹੀਂ ਹੈ।
ਭੰਗ ਦੇ ਦੁੱਧ ਵਿੱਚ ਪਾਣੀ ਵਰਗਾ ਸੁਆਦ ਹੁੰਦਾ ਹੈ ਅਤੇ ਪੀਣ ਤੋਂ ਬਾਅਦ ਵੀ ਮੂੰਹ ਵਿੱਚ ਅਜੀਬ ਜਿਹਾ ਸੁਆਦ ਛੱਡ ਜਾਂਦਾ ਹੈ। ਇਸ ਲਈ ਮੈਂ ਦੇਖਣਾ ਚਾਹੁੰਦਾ ਸੀ ਕੀ ਘਰੇ ਬਣਾਏ ਦੁੱਧ ਦਾ ਸੁਆਦ ਕੁਝ ਵਧੀਆ ਹੋਵੇਗਾ ਜਾਂ ਨਹੀਂ।
ਜਵਾਬ ਸੀ, ਨਹੀਂ। ਅਗਲੀ ਵਾਰ ਮੈਂ ਇਸ ਵਿੱਚ ਕੁਝ ਵਨੀਲਾ ਫਲੇਵਰ ਜਾਂ ਕੁਝ ਖਜੂਰਾਂ ਪਾਉਣੀਆਂ ਚਾਹਾਂਗੀ ਤਾਂ ਜੋ ਇਸਦੇ ਕਸੈਲੇ ਸੁਆਦ ਨੂੰ ਸੈੱਟ ਕੀਤਾ ਜਾ ਸਕੇ।
ਜਦਕਿ ਹੋਰ ਬੀਜਾਂ ਦੇ ਮੁਕਾਬਲੇ ਇਸ ਨੂੰ ਬਣਾਉਣਾ ਬਹੁਤ ਸੌਖਾ ਸੀ ਅਤੇ ਛਾਨਣ ਦੀ ਵੀ ਲੋੜ ਨਹੀਂ ਸੀ। ਮੈਂ ਭੰਗ ਦੇ ਬੀਜ ਅਤੇ ਪਾਣੀ ਮਿਕਸਰ ਵਿੱਚ ਪਾਏ ਅਤੇ ਇੱਕ ਗੇੜੇ ਵਿੱਚ ਕੰਮ ਹੋ ਗਿਆ।
ਕੀਮਤ ਦੇ ਹਿਸਾਬ ਨਾਲ ਮੈਨੂੰ ਲਗਭਗ ਇੱਕ ਲੀਟਰ (950 ਮਿਲੀ ਲੀਟਰ) ਭੰਗ ਦਾ ਦੁੱਧ ਛੇ ਡਾਲਰ ਦਾ ਪਿਆ। ਇੰਨਾ ਦੁੱਧ ਬਣਾਉਣ ਲਈ ਤੁਹਾਨੂੰ 113 ਗਰਾਮ ਭੰਗ ਦੇ ਬੀਜ ਚਾਹੀਦੇ ਹਨ। ਜੋ ਕਿ ਜੇ ਤੁਸੀਂ ਖੁੱਲ੍ਹੀ ਮਾਤਰਾ ਵਿੱਚ ਖਰੀਦੋਂ ਤਾਂ ਬਹੁਤ ਸਸਤੇ ਪੈਂਦੇ ਹਨ।
ਸੁਆਦ ਵਿੱਚ ਮੋਹਰੀ: ਬਦਾਮ

ਤਸਵੀਰ ਸਰੋਤ, Getty Images
ਇਸ ਲਈ ਮੈਂ ਬਦਾਮ ਖਰੀਦਣ ਨਹੀਂ ਗਈ ਸਗੋਂ ਘਰ ਵਿੱਚ ਜੋ ਪਏ ਸਨ। ਉਹੀ ਵਰਤ ਲਏ। 280 ਗਰਾਮ ਬਦਾਮ ਕਰੀਬ 12 ਡਾਲਰ ਦੇ ਪੈਂਦੇ ਹਨ।
ਮੈਂ ਬਦਾਮਾਂ ਨੂੰ ਸਾਰੀ ਰਾਤ ਭਿਓਂ ਕੇ ਰੱਖਿਆ ਅਤੇ ਅਗਲੀ ਸਵੇਰ ਮਿਕਸੀ ਵਿੱਚ ਕੁਝ ਮਿੰਟ ਗੇੜਾ ਦਿੱਤਾ। ਹੁਣ ਛਾਨਣੀ ਦੀ ਲੋੜ ਸੀ ਪਰ ਮੈਂ ਰਸੋਈ ਦੇ ਪੋਣੇ ਨਾਲ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਕੰਮ ਪੇਚੀਦਾ ਹੋ ਗਿਆ।
ਅਗਲੀ ਵਾਰ ਮੈਂ ਕੁਝ ਡਾਲਰ ਛਾਨਣੀ ਉੱਪਰ ਖਰਚਾਂਗੀ।
ਬਦਾਮਾਂ ਤੋਂ ਸਿਰਫ਼ 700 ਮਿਲੀ ਲੀਟਰ ਦੁੱਧ ਹੀ ਬਣਿਆ। ਬਦਾਮਾਂ ਦਾ ਸਸਤਾ ਦੁੱਧ (950 ਮਿਲੀ ਲੀਟਰ) ਕਰੀਬ 4 ਡਾਲਰ ਦਾ ਮਿਲਦਾ ਹੈ। ਇਸ ਤੋਂ ਕੁਝ ਮਹਿੰਗਾ 829 ਮਿਲੀ ਲੀਟਰ ਕਰੀਬ 7 ਡਾਲਰ ਦਾ ਪੈ ਜਾਂਦਾ ਹੈ। ਇਸ ਤਰ੍ਹਾਂ ਘਰੇ ਬਣਾਉਣਾ ਤਾਂ ਯਕੀਨੀ ਹੀ ਮਹਿੰਗਾ ਪੈਂਦਾ ਹੈ।
ਹਾਲਾਂਕਿ ਘਰੇ ਬਣਾਇਆ ਦੁੱਧ ਬਜ਼ਾਰੀ ਦੁੱਧ ਨਾਲੋਂ ਕਿਤੇ ਜ਼ਿਆਦਾ ਸੁਆਦਲਾ ਸੀ। ਇਹ ਗਾੜ੍ਹਾ ਸੀ ਅਤੇ ਇਸ ਨੇ ਪੀਣ ਤੋਂ ਬਾਅਦ ਮੂੰਹ ਵਿੱਚ ਅਜੀਬ ਸੁਆਦ ਵੀ ਨਹੀਂ ਛੱਡਿਆ। ਜੋ ਕਿ ਬਜ਼ਾਰੀ ਦੁੱਧ ਤੋਂ ਮੇਰੀ ਆਮ ਸ਼ਿਕਾਇਤ ਰਹਿੰਦੀ ਹੈ।
ਭਰੋਸੇਯੋਗ- ਓਟ ਮਿਲਕ

ਤਸਵੀਰ ਸਰੋਤ, Getty Images
ਬਜ਼ਾਰ ਵਿੱਚ ਮਿਲਦੇ ਓਟ ਮਿਲਕ ਵਿੱਚ ਉਸ ਨੂੰ ਸੰਘਣਾ ਅਤੇ ਗਾੜ੍ਹਾ ਬਣਾਉਣ ਲਈ ਉਸ ਵਿੱਚ ਗੂੰਦ ਜਾਂ ਤੇਲ ਪਾਇਆ ਜਾਂਦਾ ਹੈ। ਹਾਲਾਂਕਿ ਆਪਣੇ ਨਾਸ਼ਤੇ ਵਿੱਚ ਗੂੰਦ ਜਾਂ ਤੇਲ ਪਾਉਣਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ।
ਮੈਂ ਇਸ ਨੂੰ ਬਣਾਉਣ ਦੌਰਾਨ ਬਣ ਜਾਣ ਵਾਲੀਆਂ ਗੰਢਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣ ਰੱਖੀਆਂ ਸਨ। ਇਸ ਲਈ ਮੈਂ ਇਸ ਬਾਰੇ ਬਹੁਤ ਸਾਰਾ ਅਧਿਐਨ ਕੀਤਾ।
ਇਸ ਲਈ ਰੋਲਡ ਓਟਸ ਹੀ ਵਰਤੇ ਜਾਣੇ ਚਾਹੀਦੇ ਹਨ। ਨਾ ਕਿ ਉਹ ਤੁਰੰਤ ਪੱਕ ਜਾਣ ਵਾਲੇ ਜਾਂ ਸਟੀਲ ਦੇ ਕੱਟੇ ਹੋਏ।
ਬਿਹਤਰੀਨ ਸੰਘਣਤਾ ਲਈ ਹੈ ਕਿ ਬਰਫ਼ ਵਰਗਾ ਠੰਢਾ ਪਾਣੀ ਵਰਤਿਆ ਜਾਵੇ। ਗਰਮੀ ਨਾਲ ਓਟਸ ਸਟਾਰਚ ਛੱਡ ਦਿੰਦੇ ਹਨ ਅਤੇ ਚਿਪਚਿਪੇ ਹੋ ਜਾਂਦੇ ਹਨ।
ਭਿਓਣ ਦੀ ਬਿਲਕੁਲ ਲੋੜ ਨਹੀਂ। ਬਦਾਮਾਂ ਵਾਂਗ ਇਨ੍ਹਾਂ ਨੂੰ ਨਿਚੋੜਨਾ ਬਿਲਕੁਲ ਨਹੀਂ। ਇਸ ਤਰ੍ਹਾਂ ਉਨ੍ਹਾਂ ਦੀਆਂ ਗੰਢਾਂ ਪੈ ਜਾਂਦੀਆਂ ਹਨ।
ਬਹੁਤ ਜ਼ਿਆਦਾ ਰਗੜਾ ਦੇਣ ਦੀ ਵੀ ਲੋੜ ਨਹੀਂ। ਅੱਧਾ ਮਿੰਟ ਵਾਧੂ ਹੈ। ਗਿਰੀਆਂ ਛਾਨਣ ਵਾਲੇ ਦੀ ਕੋਈ ਲੋੜ ਨਹੀ ਮੈਂ ਪੋਣੀ ਵਿੱਚ ਛਾਣਿਆ ਅਤੇ ਬਹੁਤ ਵਧੀਆ ਨਤੀਜਾ ਮਿਲਿਆ।
ਆਰਗੈਨਿਕ ਓਟਸ ਜਿਹੜੇ ਮੈਂ ਖਰੀਦਦੀ ਹਾਂ ਉਹ 450 ਗਰਾਮ ਕਰੀਬ 11 ਡਾਲਰ ਦੇ ਪੈਂਦੇ ਹਨ। 710 ਮਿਲੀ ਲੀਟਰ ਦੁੱਧ ਕੱਢਣ ਲਈ 113 ਗਰਾਮ ਓਟਸ ਦੀ ਲੋੜ ਪੈਂਦੀ ਹੈ।(ਕੁਝ ਦੁੱਧ ਛਾਨਣ ਦੌਰਾਨ ਵਹਿ ਜਾਂਦਾ ਹੈ।)
1.8 ਲੀਟਰ ਦੁੱਧ ਜੋ ਮੈਂ ਬਜ਼ਾਰ ਤੋਂ ਲੈਂਦੀ ਹਾਂ ਉਹ 6 ਡਾਲਰ ਦਾ ਪੈਂਦਾ ਹੈ। ਇਸ ਤਰ੍ਹਾਂ ਉਨਾ ਹੀ ਦੁੱਧ ਘਰੇ ਬਣਾਉਣ ਵਿੱਚ ਮੇਰਾ 8.25 ਡਾਲਰ ਦਾ ਖਰਚਾ ਆਇਆ।
ਇਹ ਆਪ ਬਣਾਉਣਾ ਸਸਤਾ ਨਹੀਂ ਸੀ। ਹਾਂ ਮੈਨੂੰ ਆਰਗੈਨਿਕ ਓਟਸ ਵਰਤ ਕੇ ਅਤੇ ਮੇਰੀ ਖੁਰਾਕ ਵਿੱਚ ਕੀ ਜਾ ਰਿਹਾ ਹੈ ਇਹ ਖੁਦ ਤੈਅ ਕਰਕੇ ਮੈਨੂੰ ਖੁਸ਼ੀ ਬਹੁਤ ਹੋਈ।
ਮੈਨੂੰ ਨਤੀਜਾ ਇੰਨਾ ਪਸੰਦ ਆਇਆ ਕਿ ਮੈਂ ਇੱਕ ਵਾਰ ਫਿਰ ਬਣਾਇਆ। ਇਸ ਵਾਰ ਮੈਂ ਵਿੱਚ ਖਜੂਰਾਂ ਪਾ ਦਿੱਤੀਆਂ। ਅਗਲੀ ਵਾਰ ਮੈਂ ਚੁਟਕੀ ਭਰ ਲੂਣ ਵੀ ਪਾਇਆ।
ਮੈਨੂੰ ਜੋ ਸਭ ਤੋਂ ਜ਼ਿਆਦਾ ਪਸੰਦ ਆਇਆ ਉਹ ਸੀ ਮਿੱਠਾ-ਸਲੂਣਾ, ਜਿਸ ਵਿੱਚ ਮੈਂ ਖਜੂਰਾਂ ਅਤੇ ਲੂਣ ਦੋਵੇਂ ਪਾਏ ਸਨ।
ਹੁਣ ਮੈਂ ਚਾਕਲੇਟ ਅਤੇ ਵਨੀਲਾ ਓਟ ਮਿਲਕ ਵੀ ਬਣਾਉਣਾ ਚਾਹੁੰਦੀ ਹਾਂ।
ਮੈਂ ਮੰਨਾਂਗੀ ਕਿ ਇਹ ਇੱਕ ਮਜ਼ੇਦਾਰ ਪ੍ਰਯੋਗ ਸੀ। ਮੈਨੂੰ ਖਜੂਰਾਂ ਅਤੇ ਲੂਣ ਪਾ ਕੇ ਸੁਆਦ ਨਾਲ ਖੇਡਣਾ ਬਹੁਤ ਪਸੰਦ ਆਇਆ।

ਤਸਵੀਰ ਸਰੋਤ, Getty Images
ਮੈਨੂੰ ਖਾਣਾ ਬਣਾਉਣਾ ਪਸੰਦ ਹੈ। ਇਸ ਤੋਂ ਇਲਾਵਾ ਇਹ ਪ੍ਰਯੋਗ ਸੀ ਇਸ ਲਈ ਮੈਨੂੰ ਕੰਮ ਨਹੀਂ ਲੱਗਿਆ।
ਮੈਨੂੰ ਇਹ ਤਾਂ ਤਸੱਲੀ ਹੈ ਕਿ ਮੈਂ ਪੈਕਿੰਗ ਵਾਲੇ ਪਾਸੇ ਤੋਂ ਬਚਾਅ ਕਰ ਲਿਆ। ਮੈਂ ਹੋਰ ਕਿਸਮ ਦੇ ਦੁੱਧ ਵੀ ਅਜਮਾਉਣ ਲਈ ਫਰਾਖ ਦਿਲੀ ਨਾਲ ਸੋਚਾਂਗੀ।
ਮਟਰਾਂ ਦਾ ਦੁੱਧ ਵੀ ਅਜ਼ਮਾਉਣਾ ਚਾਹਾਂਗੀ ਹਾਲਾਂਕਿ ਮੈਂ ਸੁਣਿਆ ਹੈ ਉਸਦਾ ਸੁਆਦ ਘਾਹ ਵਰਗਾ ਹੁੰਦਾ ਹੈ।
ਹਾਲਾਂਕਿ ਮੈਂ ਰਾਤ ਨੂੰ ਦੁੱਧ ਬਣਾਉਣਾ ਭੁੱਲ ਜਾਵਾਂ ਅਤੇ ਮੈਨੂੰ ਸਵੇਰੇ ਸਵੇਰੇ ਮਾਪਣਾ ਅਤੇ ਰਗੜੇ ਲਾਉਣੇ ਪੈਣ, ਇਹ ਮੈਨੂੰ ਪਸੰਦ ਨਹੀਂ।
ਨਿਊਯਾਰਕ ਯੂਨੀਵਰਸਿਟੀ ਵਿੱਚ ਖੁਰਾਕ ਪ੍ਰਣਾਲੀ ਦੀ ਅਰਥਸ਼ਾਸਤਰੀ ਕੈਰੋਲੀਨ ਦਮਿਤ੍ਰੀ ਮੇਰੇ ਨਾਲ ਸਹਿਮਤ ਹਨ।
ਉਹ ਕਹਿੰਦੇ ਹਨ, “ਮੈਂ ਸੋਚਦੀ ਹਾਂ (ਬੂਟਿਆਂ ਦਾ ਦੁੱਧ) ਘਰੇ ਬਣਾਉਣਾ ਸੌਖਾ ਹੈ।”
“ਘਰੇ ਦੁੱਧ ਬਣਾਉਣ ਲਈ ਤੁਹਾਡੇ ਕੋਲ ਸਮਾਂ ਵੀ ਹੋਣਾ ਚਾਹੀਦਾ ਹੈ। ਇਸ ਲਈ ਤੁਹਾਨੂੰ ਘਰੇ ਦੁੱਧ ਬਣਾਉਣ ਦੀ ਲਾਗਤ ਵਿੱਚ ਸਮੇਂ ਦੀ ਲਾਗਤ ਨੂੰ ਵੀ ਸ਼ਾਮਲ ਕਰਨਾ ਪਵੇਗਾ। ਆਮ ਤੌਰ ਉੱਤੇ ਲੋਕ ਅਰਾਮ ਪਸੰਦ ਹੁੰਦੇ ਹਨ। ਇਸ ਲਈ ਮੈਂ ਨਹੀਂ ਸਮਝਦੀ ਕਿ ਕੋਈ ਆਮ ਜਣਾ ਆਏ ਦਿਨ ਵਾਂਗ ਘਰੇ ਦੁੱਧ ਬਣਾਏਗਾ।”
ਹਾਲਾਂਕਿ ਦਮਿਤ੍ਰੀ ਆਪਣੀ ਗੱਲ ਜਾਰੀ ਰੱਖਦੇ ਹਨ ਅਤੇ ਦੱਸਦੇ ਹਨ ਕਿ ਘਰੇ ਦੁੱਧ ਤਿਆਰ ਕਰਨ ਦਾ ਸਭ ਤੋਂ ਦਲੀਲਪੂਰਨ ਕਾਰਨ ਤਾਂ ਇਹ ਹੈ ਕਿ ਇਸ ਵਿੱਚ ਕੋਈ ਪ੍ਰੀਜ਼ਰਵੇਟਿਵ ਜਿਵੇਂ ਗੂੰਦ ਜਾਂ ਗਾੜ੍ਹਾ ਕਰਨ ਵਾਲੇ ਤੱਤ ਨਹੀਂ ਹੋਣਗੇ।
ਗੱਲ ਤਾਂ ਆਖਰ ਇੱਥੇ ਮੁੱਕਦੀ ਹੈ ਕਿ ਕੀ ਸਮੇਂ ਦੇ ਪੱਖ ਤੋਂ ਦੁੱਧ ਮੈਨੂੰ ਘਰੇ ਬਣਾ ਕੇ ਲਾਹੇਵੰਦ ਹੈ ਸੂਪਰ ਮਾਰਕਿਟ ਦੀ ਸ਼ੈਲਫ ਤੋਂ ਚੁੱਕ ਕੇ ਟਰਾਲੀ ਵਿੱਚ ਰੱਖ ਲੈਣਾ ਸੁਖਾਲਾ ਲੱਗਦਾ ਹੈ।
ਹਾਂ ਐਤਵਾਰ ਦੇ ਸੁਸਤ ਨਾਸ਼ਤੇ ਲਈ ਤਾਂ ਇਹ ਇੱਕ ਵਧੀਆ ਵਿਕਲਪ ਜ਼ਰੂਰ ਹੈ।












