ਵੱਟਸਐਪ ਉੱਤੇ ਨੌਜਵਾਨ ਨੇ ਅਜਿਹਾ ਕੀ ਸੁਨੇਹਾ ਭੇਜਿਆ, ਜੋ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ

ਤਸਵੀਰ ਸਰੋਤ, Getty Images
- ਲੇਖਕ, ਅਹਿਤੇਸ਼ਾਮ ਸ਼ਾਮੀ
- ਰੋਲ, ਬੀਬੀਸੀ ਉਰਦੂ
ਪਾਕਿਸਤਾਨ ਦੀ ਇੱਕ ਅਦਾਲਤ ਨੇ ਵਟਸਐਪ 'ਤੇ ਕਥਿਤ ਈਸ਼ ਨਿੰਦਾ ਸੁਨੇਹਾ ਭੇਜਣ ਦੇ ਇਲਜ਼ਾਮ ਵਿੱਚ ਇੱਕ 22 ਸਾਲਾ ਨੌਜਵਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਦੇਸ ਦੇ ਪੰਜਾਬ ਸੂਬੇ ਦੀ ਇੱਕ ਅਦਾਲਤ ਨੇ ਕਿਹਾ ਕਿ ਨੌਜਵਾਨ ਨੇ ਜਾਣਬੁੱਝ ਕੇ ਈਸ਼ ਨਿੰਦਾ ਤਸਵੀਰਾਂ ਅਤੇ ਵੀਡੀਓ ਮੈਸੇਜ ਕੀਤੇ ਸਨ। ਉਸ ਦਾ ਮਕਸਦ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਸੀ।
ਇਸੇ ਮਾਮਲੇ ਵਿੱਚ ਇੱਕ 17 ਸਾਲਾ ਨੌਜਵਾਨ ਨੂੰ ਵੀ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ। ਹਾਲਾਂਕਿ ਦੋਵਾਂ ਨੌਜਵਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ ਹੈ।
ਪਾਕਿਸਤਾਨ ਵਿੱਚ ਈਸ਼ ਨਿੰਦਾ ਦੀ ਸਜ਼ਾ ਮੌਤ ਹੈ। ਇਸ ਤੋਂ ਪਹਿਲਾਂ ਈਸ਼ ਨਿੰਦਾ ਦੇ ਕੁਝ ਮਾਮਲਿਆਂ ਵਿੱਚ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ।
ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੇ 2022 ਵਿੱਚ ਲਾਹੌਰ ਵਿੱਚ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕੀਤੀ ਸੀ। ਇਸ ਤੋਂ ਬਾਅਦ ਕੇਸ ਨੂੰ ਗੁਜਰਾਂਵਾਲਾ ਦੀ ਸਥਾਨਕ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ।
ਇਸ ਹਫਤੇ ਦਿੱਤੇ ਗਏ ਫੈਸਲੇ ਵਿੱਚ ਜੱਜਾਂ ਨੇ 22 ਸਾਲਾ ਵਿਅਕਤੀ ਨੂੰ ਪੈਗੰਬਰ ਮੁਹੰਮਦ ਅਤੇ ਉਨ੍ਹਾਂ ਦੀਆਂ ਪਤਨੀਆਂ ਬਾਰੇ ਅਪਮਾਨਜਨਕ ਸ਼ਬਦ ਲਿਖਣ ਅਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਤਿਆਰ ਕਰਨ ਦਾ ਮੁਜਰਮ ਪਾਇਆ ਗਿਆ।
ਇਸੇ ਇਲਜ਼ਾਮ ਵਿੱਚ ਅਦਾਲਤ ਨੇ ਇਸ ਨੌਜਵਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਜਦੋਂ ਕਿ ਇੱਕ ਨੌਜਵਾਨ ਨੂੰ ਅਜਿਹੇ ਮੈਸੇਜ, ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਨ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਸ ਮਾਮਲੇ ਵਿੱਚ ਸ਼ਿਕਾਇਤ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਵੀਡੀਓ ਅਤੇ ਫੋਟੋਆਂ ਮਿਲੀਆਂ ਸਨ।
ਸੰਘੀ ਜਾਂਚ ਏਜੰਸੀ ਨੇ ਕਿਹਾ ਕਿ ਉਸ ਨੇ ਸ਼ਿਕਾਇਤ ਕਰਨ ਵਾਲਿਆਂ ਦੇ ਫੋਨਾਂ ਦੀ ਜਾਂਚ ਕੀਤੀ ਹੈ। ਅਸੀਂ ਪਾਇਆ ਕਿ ਉਨ੍ਹਾਂ ਨੂੰ ਈਸ਼ ਨਿੰਦਾ ਵਾਲੀ ਸਮੱਗਰੀ ਭੇਜੀ ਗਈ ਸੀ।
ਹਾਲਾਂਕਿ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਇਸ ਕੇਸ ਵਿੱਚ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ।
ਫਾਂਸੀ ਦੀ ਸਜ਼ਾ ਸੁਣਾਏ ਗਏ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਉਹ ਇਸ ਫੈਸਲੇ ਖਿਲਾਫ਼ ਲਾਹੌਰ ਹਾਈ ਕੋਰਟ ਵਿੱਚ ਅਪੀਲ ਕਰਨਗੇ।
ਅਦਾਲਤ ਨੇ ਕਿਹਾ ਕਿ ਦੂਜਾ ਵਿਦਿਆਰਥੀ ਨਾਬਾਲਗ ਹੋਣ ਕਾਰਨ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ।
ਪਾਕਿਸਤਾਨ ਵਿੱਚ ਈਸ਼ ਨਿੰਦਾ ਦੇ ਮਾਮਲੇ

ਤਸਵੀਰ ਸਰੋਤ, Reuters
ਈਸ਼ ਨਿੰਦਾ ਵਿਰੁੱਧ ਕਾਨੂੰਨ ਬ੍ਰਿਟਿਸ਼ ਰਾਜ ਦੌਰਾਨ ਬਣਾਇਆ ਗਿਆ ਸੀ, ਪਰ ਪਾਕਿਸਤਾਨ ਦੀ ਫੌਜੀ ਸਰਕਾਰ ਦੌਰਾਨ ਇਸ ਦਾ ਦਾਇਰਾ ਵਧਾਇਆ ਗਿਆ ਸੀ।
ਪਿਛਲੇ ਸਾਲ ਅਗਸਤ ਵਿੱਚ ਪਾਕਿਸਤਾਨ ਦੇ ਪੂਰਬੀ ਸ਼ਹਿਰ ਜੜਾਂਵਾਲਾ ਵਿੱਚ ਕਈ ਚਰਚਾਂ ਅਤੇ ਘਰਾਂ ਨੂੰ ਸਾੜ ਦਿੱਤਾ ਗਿਆ ਸੀ।
ਇੱਥੇ ਦੋ ਈਸਾਈਆਂ ਉੱਤੇ ਕੁਰਾਨ ਦਾ ਅਪਮਾਨ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਲੋਕ ਗੁੱਸੇ ਵਿੱਚ ਆ ਗਏ ਅਤੇ ਕਈ ਚਰਚਾਂ ਉੱਤੇ ਹਮਲਾ ਕਰ ਦਿੱਤਾ।
ਪੁਲਿਸ ਮੁਤਾਬਕ ਹਜ਼ਾਰਾਂ ਮੁਸਲਮਾਨਾਂ ਨੇ ਘੱਟੋ-ਘੱਟ ਚਾਰ ਚਰਚਾਂ ਨੂੰ ਅੱਗ ਲਾ ਦਿੱਤੀ ਅਤੇ ਈਸਾਈਆਂ ਦੇ ਘਰਾਂ ਦੀ ਭੰਨਤੋੜ ਕੀਤੀ।
2021 ਵਿੱਚ, ਇੱਕ ਸ਼੍ਰੀਲੰਕਾਈ ਵਿਅਕਤੀ ਨੂੰ ਈਸ਼ ਨਿੰਦਾ ਦੇ ਦੋਸ਼ ਵਿੱਚ ਗੁੱਸੇ ਵਿੱਚ ਆਈ ਭੀੜ ਵੱਲੋਂ ਮਾਰ ਦਿੱਤਾ ਗਿਆ ਸੀ ਅਤੇ ਉਸਦੇ ਸਰੀਰ ਨੂੰ ਅੱਗ ਲਾ ਦਿੱਤੀ ਗਈ ਸੀ।
2009 ਵਿੱਚ, ਪੰਜਾਬ ਦੇ ਗੋਰਜਾ ਜ਼ਿਲੇ ਵਿੱਚ ਇਸਲਾਮ ਦਾ ਅਪਮਾਨ ਕਰਨ ਦੇ ਇਲਜ਼ਾਮ ਵਿੱਚ ਭੀੜ ਨੇ ਲਗਭਗ 60 ਘਰ ਸਾੜ ਦਿੱਤੇ ਸੀ ਅਤੇ ਛੇ ਜਣਿਆਂ ਦਾ ਕਤਲ ਕਰ ਦਿੱਤਾ ਸੀ।
ਪਿਛਲੇ ਮਹੀਨੇ ਲਾਹੌਰ ਦੇ ਅਛਰਾ ਬਾਜ਼ਾਰ ਇਲਾਕੇ ਵਿੱਚ ਕੁਝ ਜਣਿਆਂ ਨੇ ਇੱਕ ਔਰਤ ਉੱਤੇ ਈਸ਼ ਨਿੰਦਾ ਦਾ ਇਲਜ਼ਾਮ ਲਾਉਂਦਿਆਂ ਉਸ ਨੂੰ ਘੇਰ ਲਿਆ ਸੀ।
ਗੁੱਸੇ ਵਿੱਚ ਆਈ ਭੀੜ ਨੇ ਕਿਹਾ ਕਿ ਔਰਤ ਨੇ ਜੋ ਕੱਪੜੇ ਪਾਏ ਹੋਏ ਸਨ, ਉਨ੍ਹਾਂ 'ਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਸਨ।
ਹਾਲਾਂਕਿ ਪੰਜਾਬ ਪੁਲਿਸ ਦੀ ਇੱਕ ਅਫ਼ਸਰ ਨੇ ਇਸ ਮਾਮਲੇ ਵਿੱਚ ਸਮਝਦਾਰੀ ਤੋਂ ਕੰਮ ਲਿਆ ਅਤੇ ਔਰਤ ਨੂੰ ਸੁਰੱਖਿਅਤ ਬਚਾ ਲਿਆ।
ਇਸ ਤੋਂ ਬਾਅਦ ਸਥਾਨਕ ਉਲੇਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਔਰਤ ਦੇ ਕੱਪੜਿਆਂ ਉੱਤੇ ਪ੍ਰਿੰਟ ਵਿੱਚ ਕੁਰਾਨ ਦੀਆਂ ਆਇਤਾਂ (ਤੁਕਾਂ) ਨਹੀਂ ਸਨ।
ਹਿੰਦੂ ਪ੍ਰੋਫੈਸਰ 'ਤੇ ਲੱਗਿਆ ਸੀ ਈਸ਼ ਨਿੰਦਾ ਦਾ ਇਲਜ਼ਾਮ

ਤਸਵੀਰ ਸਰੋਤ, MUSKAN SACHDEV
ਇਸੇ ਮਹੀਨੇ ਸਿੰਧ ਸੂਬੇ ਦੀ ਸੱਕਰ ਹਾਈ ਕੋਰਟ ਨੇ ਹਿੰਦੂ ਪ੍ਰੋਫੈਸਰ ਨੂਤਨ ਲਾਲ ਨੂੰ ਈਸ਼ ਨਿੰਦਾ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀ।
ਅਦਾਲਤ ਨੇ ਆਪਣੇ ਫੈਸਲੇ ਵਿੱਚ ਇਸ ਮਾਮਲੇ ਦੀ ਪੁਲਿਸ ਜਾਂਚ ਦੌਰਾਨ ਕਮੀਆਂ ਅਤੇ ਕਮਜ਼ੋਰੀਆਂ ਵੱਲ ਧਿਆਨ ਦਿਵਾਇਆ ਸੀ।
ਅਦਾਲਤ ਦੇ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਹਿੰਦੂ ਪ੍ਰੋਫੈਸਰ ਕਦੇ ਵੀ ਕਿਸੇ ਸਮਾਜ ਵਿਰੋਧੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਰਿਹਾ ਅਤੇ ਉਸ ਵਿਰੁੱਧ ਧਾਰਮਿਕ ਨਫ਼ਰਤ ਭੜਕਾਉਣ ਜਾਂ ਕਿਸੇ ਵਿਰੁੱਧ ਇਤਰਾਜ਼ਯੋਗ ਸ਼ਬਦ ਕਹਿਣ ਦਾ ਕੋਈ ਸਬੂਤ ਨਹੀਂ ਹੈ।
ਪ੍ਰੋਫੈਸਰ ਨੂਤਨ ਲਾਲ ਉੱਤੇ 2019 ਵਿੱਚ ਈਸ਼ ਨਿੰਦਾ ਦਾ ਇਲਜ਼ਾਮ ਲੱਗਾ ਸੀ। ਇਸ ਤੋਂ ਬਾਅਦ ਦੋ ਸਾਲ ਪਹਿਲਾਂ ਸਥਾਨਕ ਅਦਾਲਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਉਸ ਸਮੇਂ ਉਨ੍ਹਾਂ ਦੀ ਬੇਟੀ ਨੇ ਕਿਹਾ ਸੀ, ''ਮੇਰੇ ਪਿਤਾ ਦੀ 30 ਸਾਲ ਸਰਕਾਰੀ ਨੌਕਰੀ ਸੀ। ਸਾਡੇ ਪਰਿਵਾਰ ਉੱਤੇ ਕਦੇ ਵੀ ਮੁਕੱਦਮਾ ਨਹੀਂ ਚਲਾਇਆ ਗਿਆ। ਅਸੀਂ ਤਿੰਨ ਭੈਣਾਂ, ਇੱਕ ਭਰਾ ਅਤੇ ਮਾਂ ਹਾਂ। ਅਸੀਂ 2019 ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ।''
ਬੇਟੀ ਨੇ ਕਿਹਾ, "ਮੇਰੇ 60 ਸਾਲਾ ਪਿਤਾ ਨੂੰ ਪੰਜ ਸਾਲ ਦੀ ਕੈਦ ਹੋਈ ਅਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਪਿਤਾ ਦੀ ਤਨਖਾਹ ਬੰਦ ਹੋ ਗਈ ਸੀ ਅਤੇ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਸੀ।"












