ਸੋਨੇ ਦਾ ਭਾਅ ਕਿਉਂ ਵੱਧ ਰਿਹਾ ਹੈ, ਪੰਜਾਬ ਵਿੱਚ ਇਸ ਸਮੇਂ ਕੀ ਭਾਅ ਹਨ?

ਸੋਨੇ ਦੇ ਗਹਿਣੇ ਦੇਖ ਰਹੀ ਔਰਤ

ਤਸਵੀਰ ਸਰੋਤ, Getty Images

    • ਲੇਖਕ, ਕੋਟੇਰੂ ਸਰਵਨੀ
    • ਰੋਲ, ਬੀਬੀਸੀ ਪੱਤਰਕਾਰ

ਇੰਡੀਆ ਗੋਲਡ ਰੇਟ ਵੈਬਸਾਈਟ ਮੁਤਾਬਕ ਪੰਜਾਬ ਵਿੱਚ 10 ਮਾਰਚ ਨੂੰ 22 ਕੈਰਟ ਸੋਨੇ ਦਾ ਭਾਅ 61750 ਰੁਪਏ ਪ੍ਰਤੀ ਤੋਲਾ, ਅਤੇ 24 ਕੈਰਟ ਦਾ ਇੱਕ ਤੋਲੇ ਦਾ ਭਾਅ 64,840 ਰੁਪਏ ਹੈ।

ਜਦਕਿ 29 ਫਰਵਰੀ ਨੂੰ ਇੱਕ ਤੋਲੇ 22 ਕੈਰਟ ਸੋਨੇ ਦੀ ਕੀਮਤ 58600 ਰੁਪਏ ਅਤੇ 24 ਕੈਰਟ ਦੇ ਇੱਕ ਤੋਲੇ ਦੀ ਕੀਮਤ 61530 ਰੁਪਏ ਸੀ।

ਸੋਨੇ ਦੀਆਂ ਕੀਮਤਾਂ ਵਿੱਚ ਇਹ ਵਾਧਾ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਸਾਰੇ ਭਾਰਤ ਵਿੱਚ ਹੋ ਰਿਹਾ ਹੈ।

ਹੈਦਰਾਬਾਦ ਦੇ ਇੱਕ ਮੱਧਵਰਗੀ ਪਰਿਵਾਰ ਵਿੱਚ ਉਨ੍ਹਾਂ ਦੀ ਕੁੜੀ ਦਾ ਇਸੇ ਮਹੀਨੇ ਵਿਆਹ ਰੱਖਿਆ ਸੀ। ਕੁੜੀ ਦੀ ਮਾਂ ਨੇ ਬੀਬੀਸੀ ਤੇਲੁਗੂ ਨੂੰ ਦੱਸਿਆ, “ਅਸੀਂ ਦਸ ਤੋਲੇ ਸੋਨਾ ਪਾਉਣਾ ਚਾਹੁੰਦੇ ਸੀ। ਕੀਮਤਾਂ ਵੱਲ ਦੇਖੀਏ ਤਾਂ ਇਹ ਬਹੁਤ ਵਧ ਗਈਆਂ ਹਨ।''

''ਪਤਾ ਨਹੀਂ ਕਿਵੇਂ ਖ਼ਰੀਦਾਂਗੇ। ਕੁਝ ਹੋਰ ਦਿਨ ਦੇਖਦੇ ਹਾਂ ਨਾਲੇ ਵਿਆਹ ਦਾ ਦਿਨ ਵੀ ਨੇੜੇ ਆ ਜਾਵੇਗਾ। ਮੈਨੂੰ ਤਾਂ ਸਮਝ ਨਹੀਂ ਆ ਰਹੀ ਕੀ ਕਰਾਂ।”

ਭਾਰਤ ਦੇ ਜਿਹੜੇ ਮੱਧ ਵਰਗੀ ਪਰਿਵਾਰਾਂ ਵਿੱਚ ਵਿਆਹ ਰੱਖੇ ਹੋਏ ਸਨ ਉਨ੍ਹਾਂ ਨੂੰ ਸੋਨੇ ਦੇ ਭਾਅ ਵਧਣ ਕਾਰਨ ਇਸ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇੱਕ ਹਫ਼ਤੇ ਦੌਰਾਨ 100 ਜਾਂ 200 ਨਹੀਂ ਸਗੋਂ ਸੋਨੇ ਦਾ ਭਾਅ 1500 ਰੁਪਏ ਤੋਂ ਵੀ ਜ਼ਿਆਦਾ ਵਧ ਗਿਆ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਖ਼ਾਸ ਕਰਕੇ ਦੱਖਣੀ ਭਾਰਤ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ।

ਮਾਰਚ ਅਤੇ ਅਪ੍ਰੈਲ ਵਿੱਚ ਕੁਝ ਮਹੂਰਤ ਹਨ। ਹਾਲਾਂਕਿ ਸੋਨੇ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਨੂੰ ਸੋਚੀਂ ਪਾ ਦਿੱਤਾ ਹੈ।

ਸੋਨਾ ਭਾਰਤੀ ਵਿਆਹਾਂ ਦਾ ਇੱਕ ਮਹੱਤਵਪੂਰਨ ਅੰਗ ਹੈ।

ਅਤੇ ਜੇ ਤੁਸੀਂ ਹੁਣ ਉਹ ਸੋਨਾ ਖਰੀਦਣਾ ਚਾਹੋ ਤਾਂ ਕੀ ਉਹ ਹੁਣ ਸੰਭਵ ਹੈ? ਕੁੜੀਆਂ ਵਿਆਹਾਂ ਨੂੰ ਮਹਿੰਗਾ ਬਣਾ ਰਹੀਆਂ ਹਨ ਅਤੇ ਕਰਜ਼ੇ ਵਿੱਚ ਵਾਧਾ ਕਰ ਰਹੀਆਂ ਹਨ? ਲਗਦਾ ਹੈ, ਇਹੀ ਹੋ ਰਿਹਾ ਹੈ।

ਇਸ ਸਮੇਂ ਦੇਸ ਵਿੱਚ ਸੋਨੇ ਦੇ ਕੀ ਰੇਟ ਹਨ। ਪਿਛਲੇ ਇੱਕ ਹਫ਼ਤੇ ਦੌਰਾਨ ਸੋਨੇ ਦਾ ਭਾਅ ਕਿੰਨਾ ਵਧਿਆ ਹੈ। ਸੋਨੇ ਦੇ ਭਾਅ ਇਸ ਤਰ੍ਹਾਂ ਅਚਾਨਕ ਚੜ੍ਹ ਜਾਣ ਪਿੱਛੇ ਕੀ ਕਾਰਨ ਹਨ। ਆਓ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਪੰਜਾਬ ਵਿੱਚ ਸੋਨੇ ਦੀਆਂ ਕੀਮਤਾਂ

ਸੋਨੇ ਦੀਆਂ ਕੀਮਤਾਂ ਕਿਉਂ ਵਧ ਰਹੀਆਂ ਹਨ?

ਇਹ ਕਹਾਣੀ ਲਿਖਦੇ ਸਮੇਂ ਫਾਇਨੈਂਸ਼ਲ ਐਕਸਪ੍ਰੈੱਸ ਦੀ ਵੈਬਸਾਈਟ ਮੁਤਾਬਕ ਹੈਦਰਾਬਾਦ ਵਿੱਚ 24 ਕੈਰਟ ਅਤੇ 22 ਕੈਰਟ ਸੋਨੇ ਦੇ ਰੇਟ 66,240 ਰੁਪਏ ਅਤੇ 60,720 ਰੁਪਏ ਸਨ।

ਭਾਰਤੀ ਬੁਲੀਅਨ ਅਤੇ ਜਵੈਲਰਜ਼ ਐਸੋਸੀਏਸ਼ਨ ਦੀ ਵੈਬਸਾਈਟ ਮੁਤਾਬਕ 7 ਮਾਰਚ ਨੂੰ ਪੂਰੇ ਦੇਸ ਵਿੱਚ 24 ਕੈਰਟ ਸੋਨੇ ਦਾ ਰੋਟ 65,049 ਰੁਪਏ ਜਦਕਿ 22 ਕੈਰਟ ਸੋਨੇ ਦਾ ਰੇਟ 59,584 ਰੁਪਏ ਸੀ। (9 ਮਾਰਚ ਦੇ ਰੇਟ ਅਜੇ ਅਪਡੇਟ ਨਹੀਂ ਹੋਏ ਸਨ।)

ਵੈਬਸਾਈਟ ਮੁਤਾਬਕ ਪਹਿਲੀ ਮਾਰਚ ਨੂੰ 24 ਕੈਰਟ ਸੋਨੇ ਦੀ ਕੀਮਤ 62,861 ਅਤੇ 22 ਕੈਰਟ ਸੋਨਾ 57,540 ਰੁਪਏ ਸੀ।

ਜੇ ਤੁਸੀਂ ਦੇਖੋਂ ਤਾਂ ਇੱਕ ਹਫ਼ਤੇ ਦੇ ਅੰਦਰ ਸੋਨੇ ਦੀਆਂ ਕੀਮਤਾਂ 1500 ਰੁਪਏ ਤੋਂ ਜ਼ਿਆਦਾ ਵਧ ਗਈਆਂ ਹਨ। ਪਿਛਲੇ ਹਫ਼ਤੇ ਦੌਰਾਨ ਕੀਮਤਾਂ ਬਹੁਤ ਤੇਜ਼ੀ ਨਾਲ ਵਧੀਆਂ ਹਨ।

ਉਸ ਸਮੇਂ ਤੱਕ 24 ਕੈਰਟ ਸੋਨੇ ਦੀ ਕੀਮਤ 61-62 ਹਜ਼ਾਰ ਦੇ ਦਰਮਿਆਨ ਘੁੰਮ ਰਹੀ ਸੀ। ਇਸ ਹਫ਼ਤੇ ਇਹ 64 ਹਜ਼ਾਰ ਤੋਂ ਵੀ ਉੱਪਰ 65 ਹਜ਼ਾਰ ਨੂੰ ਪਹੁੰਚ ਗਈ ਹੈ।

ਸੋਨੇ ਦੇ ਗਹਿਣਿਆਂ ਦੀ ਬਣਾਈ

ਤਸਵੀਰ ਸਰੋਤ, SRIVIVAS LAKKOJU

ਇਨ੍ਹਾਂ ਕੀਮਤਾਂ ਵਿੱਚ ਜੀਐੱਸਟੀ ਅਤੇ ਹੋਰ ਚਾਰਜ ਸ਼ਾਮਲ ਨਹੀਂ ਹਨ। ਜੇ ਉਹ ਵੀ ਜੋੜ ਦਿੱਤੇ ਜਾਣ ਤਾਂ ਕੀਮਤ ਹੋਰ ਵੀ ਜ਼ਿਆਦਾ ਵਧ ਜਾਵੇਗੀ।

ਸੋਨੇ ਦੀਆਂ ਕੀਮਤਾਂ ਵਧਣ ਦੇ ਕਈ ਕਾਰਨ ਹਨ। ਪ੍ਰਮੁੱਖ ਕਾਰਨ ਤਾਂ ਕੌਮਾਂਤਰੀ ਬਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਦਾ ਵਧਣਾ ਹੈ।

ਕਿਆਸ ਲਾਏ ਜਾ ਰਹੇ ਹਨ ਕਿ ਅੱਗੇ ਜਾ ਕੇ ਅਮਰੀਕਾ ਆਪਣੀ ਵਿੱਤ ਨੀਤੀ ਵਿੱਚ ਕੁਝ ਢਿੱਲ ਦੇ ਸਕਦਾ ਹੈ। ਇਸ ਉਮੀਦ ਨੇ ਵੀ ਕੌਮਾਂਤਰੀ ਬਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਧਾਉਣ ਵਿੱਚ ਯੋਗਦਾਨ ਪਾਇਆ ਹੈ।

ਸ਼ੁੱਕਰਵਾਰ ਨੂੰ ਸਪੌਟ ਗੋਲਡ $2,177.51 ਪ੍ਰਤੀ ਆਊਂਸ ਉੱਤੇ ਚੱਲ ਰਿਹਾ ਸੀ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ 7 ਮਾਰਚ ਨੂੰ ਧਾਤ ਦੀ ਕੀਮਤ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ $2,152 ਉੱਤੇ ਸੀ।

ਅਮਰੀਕਾ ਦੇ ਗੋਲਡ ਫਿਊਚਰ ਵਿੱਚ 0.9 ਫੀਸਦੀ ਦਾ ਵਾਧਾ ਹੋਇਆ ਅਤੇ ਇਹ $2,185 ਨੂੰ ਪਹੁੰਚ ਗਏ। ਕੌਮਾਂਤਰੀ ਮੰਡੀ ਵਿੱਚ ਵਧੀਆਂ ਇਨ੍ਹਾਂ ਕੀਮਤਾਂ ਨੇ ਘਰੇਲੂ ਬਜ਼ਾਰ ਵਿੱਚ ਵੀ ਧਾਤ ਨੂੰ ਮਹਿੰਗਾ ਕਰ ਦਿੱਤਾ ਹੈ।

ਸੋਨੇ ਦੀਆਂ ਚੂੜੀਆਂ

ਤਸਵੀਰ ਸਰੋਤ, Getty Images

ਰਾਇਟਰਜ਼ ਨੇ ਅੱਗੇ ਦੱਸਿਆ ਹੈ ਕਿ ਫੈਡ ਚੇਅਰਮੈਨ ਜਿਰੋਮ ਪੋਵੈਲ ਨੇ ਸੰਕੇਤ ਦਿੱਤੇ ਹਨ ਕਿ ਇਸ ਸਾਲ ਅਮਰੀਕਾ ਆਪਣੇ ਰੈਪੋ ਰੇਟ ਵਿੱਚ ਕੀ ਕਰ ਸਕਦਾ ਹੈ। ਇਸ ਨਾਲ ਸੋਨੇ ਦੀ ਮੰਗ ਹੋਰ ਵਧਣ ਦੀ ਉਮੀਦ ਹੈ।

ਸੋਨੇ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ। ਨਿਊਯਾਰਕ ਦੇ ਇੱਕ ਸੁਤੰਤਰ ਧਾਤ ਟਰੇਡਰ ਮੁਤਾਬਕ ਅਜਿਹਾ ਮਾਰਕਿਟੀ ਦੇ ਬੁਲਿਸ਼ ਸੈਂਟੀਮੈਂਟ ਕਰਨ ਹੈ।

ਇਸ ਸਾਲ ਦੇ ਸ਼ੁਰੂ ਵਿੱਚ ਇਕਨਾਮਿਕ ਟਾਈਮਜ਼ ਨੇ ਆਲ ਇੰਡੀਆ ਜੈਮ ਐਂਡ ਜਵੈਲਰੀ ਡੋਮੈਸਟਿਕ ਕਾਊਂਸਲ (ਜੀਜੇਸੀ) ਦੇ ਹਵਾਲੇ ਨਾਲ ਰਿਪੋਰਟ ਕੀਤਾ ਸੀ ਕਿ 2024 ਵਿੱਚ ਸੋਨੇ ਦੀਆਂ ਕੀਮਤਾਂ 70,000 ਨੂੰ ਛੂਹ ਸਕਦੀਆਂ ਹਨ। ਇਸ ਦੀ ਵਜ੍ਹਾ ਆਲਮੀ ਪੱਧਰ ਉੱਤੇ ਫੈਲੀ ਆਰਥਿਕ ਅਸਪਸ਼ਟਤਾ ਅਤੇ ਭੂ-ਸਿਆਸੀ ਤਣਾਅ ਨੂੰ ਦੱਸਿਆ ਗਿਆ ਸੀ।

ਰਿਪੋਰਟ ਮੁਤਾਬਕ ਜੀਜੇਸੀ ਨੇ ਕਿਹਾ ਸੀ ਕਿ ਜੇ ਆਰਥਿਕ ਸਥਿਤੀ ਵਿੱਚ ਹੋਰ ਨਿਘਾਰ ਆਉਂਦਾ ਹੈ ਤਾਂ ਰੱਖਿਆਤਮਕ ਧਾਤਾਂ ਦੀ ਕੀਮਤ ਹੋਰ ਵਧੇਗੀ। ਇਸ ਨਾਲ ਕੀਮਤਾਂ ਉਮੀਦ ਤੋਂ ਕਿਤੇ ਜ਼ਿਆਦਾ ਵੱਧ ਜਾਣਗੀਆਂ।

ਸਾਲ 2023 ਵਿੱਚ ਵੀ ਸੋਨੇ ਨੇ ਨਿਵੇਸ਼ਕਾਂ ਨੂੰ 13% ਦੀ ਵਾਪਸੀ ਕੀਤੀ ਅਤੇ ਅਤੇ ਉਨ੍ਹਾਂ ਦਾ ਪਸੰਦੀਦਾ ਨਿਵੇਸ਼ ਬਦਲ ਸੀ।

ਸੋਨੇ ਦੀਆਂ ਕੀਮਤਾਂ

ਤਸਵੀਰ ਸਰੋਤ, WGC

ਸੋਨੇ ਦੀ ਲਗਭਗ 50% ਮੰਗ ਵਿਆਹਾਂ ਕਾਰਨ

ਸੋਨੇ ਦੀ ਭਾਰਤੀ ਸੱਭਿਆਚਾਰ ਖਾਸ ਕਰਕੇ ਸਮਾਗਮਾਂ ਵਿੱਚ ਇੱਕ ਅਹਿਮ ਥਾਂ ਹੈ।

ਵਰਲਡ ਗੋਲਡ ਕਾਊਂਸਲ ਮੁਤਾਬਕ ਭਾਰਤ ਵਿੱਚ ਸੋਨੇ ਦੀ ਲਗਭਗ 50 ਫੀਸਦੀ ਸਲਾਨਾ ਮੰਗ ਵਿਆਹਾਂ ਕਾਰਨ ਹੁੰਦੀ ਹੈ। ਭਾਰਤ ਅੱਗੇ ਜਾ ਕੇ ਵੀ ਸੋਨੇ ਦੀ ਦੁਨੀਆਂ ਦੀ ਸਭ ਤੋਂ ਵੱਡਾ ਬਜ਼ਾਰ ਬਣਿਆ ਰਹੇਗਾ।

ਹਾਲਾਂਕਿ ਕਾਊਂਸਲ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਮੌਜੂਦਾ ਕੀਮਤਾਂ ਦਾ ਗਹਿਣਿਆਂ ਦੀ ਮੰਗ ਉੱਪਰ ਅਸਰ ਪਵੇਗਾ।

ਸੁਨਿਆਰਾਂ ਦਾ ਕਹਿਣਾ ਹੈ ਕਿ ਉਹ ਆਪਣਾ ਸਟਾਕ ਘਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਵਿਆਹਾਂ ਦੇ ਮਹੂਰਤ ਵੀ ਘੱਟ ਹਨ। ਇਸ ਲਈ ਪ੍ਰਚੂਨ ਬਜ਼ਾਰ ਵਿੱਚ ਗਹਿਣਿਆਂ ਦੀ ਮੰਗ ਵਿੱਚ ਵੀ ਕਮੀ ਆਉਣੀ ਸੁਭਾਵਿਕ ਹੈ।

ਹਾਲਾਂਕਿ ਅਕਸ਼ੇ ਤ੍ਰਿਤਿਆ ਦਾ ਤਿਉਹਾਰ ਇਸ ਸਾਲ ਮਈ ਦੇ ਸ਼ੁਰੂ ਵਿੱਚ ਮਨਾਇਆ ਜਾਣਾ ਹੈ। ਇਸ ਕਾਰਨ ਗਹਿਣਿਆਂ ਦੀ ਮੰਗ ਕੁਝ ਵਧਣ ਦੀ ਉਮੀਦ ਹੈ।

ਚੀਨ ਅਤੇ ਭਾਰਤ ਦੁਨੀਆਂ ਵਿੱਚ ਸੋਨੇ ਦੇ ਸਭ ਤੋਂ ਵੱਡੇ ਖ਼ਰੀਦਾਰ ਹਨ।

ਸਾਲ 2023 ਦੀ ਤੌਥੀ ਤਿਮਾਹੀ ਦੌਰਾਨ ਚੀਨ ਕੋਲ 2,235.39 ਟਨ ਸੋਨੇ ਦੇ ਭੰਡਾਰ ਸਨ। ਜਦਕਿ ਭਾਰਤ ਕੋਲ 803.58 ਸੋਨਾ ਸੀ। ਪਿਛਲੇ ਸਾਲ ਚੀਨ ਨੇ ਆਪਣੇ ਸੋਨੇ ਦੇ ਭੰਡਾਰਾਂ ਵਿੱਚ ਰਿਕਾਰਡ ਵਾਧਾ ਕੀਤਾ ਸੀ।

ਪਿਛਲੇ ਪੰਜ ਸਾਲਾਂ ਦੌਰਾਨ ਭਾਰਤ ਵਿੱਚ ਸੋਨੇ ਦੀ ਮੰਗ 700 ਤੋਂ 800 ਘਣ ਟਨ ਦੇ ਵਿੱਚ ਰਹੀ ਹੈ।

ਪੀਆਰ ਸੋਮਸੁੰਦਰਮ, ਵਰਲਡ ਗੋਲਡ ਕਾਊਂਸਲ ਦੇ ਭਾਰਤੀ ਅਪਰੇਸ਼ਨਜ਼ ਦੇ ਸੀਈਓ ਹਨ। ਉਨ੍ਹਾਂ ਦੇ ਹਵਾਲੇ ਨਾਲ ਖ਼ਬਰ ਏਜੰਸੀ ਰੌਇਟਰਜ਼ ਨੇ ਦੱਸਿਆ ਸੀ ਕਿ ਸਾਲ 2024 ਦੌਰਾਨ ਇਹ ਦਾਇਰਾ 800 ਤੋਂ 900 ਹੋ ਜਾਣ ਦੀ ਉਮੀਦ ਹੈ।