ਬਠਿੰਡਾ ਜੇਲ੍ਹ: ਲਾਰੈਂਸ ਤੇ ਬੰਬੀਹਾ ਗਰੁੱਪ ਦੇ ਕਿਹੜੇ ਗੈਂਗਸਟਰ ਭੁੱਖ ਹੜਤਾਲ 'ਤੇ ਬੈਠੇ ਸਨ ਤੇ ਕਿਉਂ

- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ 25 ਮੁਲਜ਼ਮਾਂ ਵੱਲੋਂ ਕੀਤੀ ਭੁੱਖ ਹੜਤਾਲ ਹੁਣ ਖ਼ਤਮ ਕਰ ਦਿੱਤੀ ਗਈ ਹੈ।
ਸ਼ੁੱਕਰਵਾਰ ਸ਼ਾਮ ਤੋਂ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਮੁਲਜ਼ਮ ਭੁੱਖ ਹੜਤਾਲ ਉੱਤੇ ਸਨ।
ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪੈਰੇ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਬਠਿੰਡਾ ਜੇਲ੍ਹ ਦੇ ਸੁਪਰਡੈਂਟ ਐਨਡੀ ਨੇਗੀ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਮੰਗ ਉੱਤੇ ਨਿਯਮਾਂ ਅਨੁਸਾਰ ਵਿਚਾਰ ਕਰਾਂਗੇ।
ਬਠਿੰਡਾ ਕੇਂਦਰੀ ਜੇਲ੍ਹ ਨੂੰ ਪੰਜਾਬ ਦੀ ਸਭ ਤੋਂ ਸੰਵੇਦਨਸ਼ੀਲ ਅਤੇ ਸੁਰੱਖਿਅਤ ਜੇਲ੍ਹ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ 60 ਦੇ ਕਰੀਬ ਖ਼ਤਰਨਾਕ ਮੁਲਜ਼ਮ ਹਨ, ਜੋ ਇੱਕ 'ਡੈੱਡ ਜ਼ੋਨ' ਵਿੱਚ ਬੰਦ ਹਨ।
ਜਿਹੜੇ ਕੈਦੀ ਭੁੱਖ ਹੜਤਾਲ 'ਤੇ ਬੈਠੇ ਸਨ, ਉਹ ਸਾਰੇ ਕੈਦੀ ਵੀ 'ਡੈੱਡ ਜ਼ੋਨ' ਵਿੱਚ ਹੀ ਸਨ।
ਡੈੱਡ ਜ਼ੋਨ' ਜਾਂ 'ਹਾਈ ਸਕਿਊਰਿਟੀ ਜ਼ੋਨ' ਬਠਿੰਡਾ ਜੇਲ੍ਹ ਦਾ ਉਹ ਹਿੱਸਾ ਹੈ ਜਿਥੇ ਖ਼ਤਰਨਾਕ ਮੁਲਜ਼ਮ ਜਿਵੇਂ ਕਿ ਗੈਂਗਸਟਰਾਂ ਨੂੰ ਰੱਖਿਆ ਜਾਂਦਾ ਹੈ ਤੇ ਇਸਦੀ ਸੁਰੱਖਿਆ ਨੀਮ ਫ਼ੌਜੀ ਜਵਾਨਾਂ ਵੱਲੋਂ ਕੀਤੀ ਜਾਂਦੀ ਹੈ।

ਤਸਵੀਰ ਸਰੋਤ, Getty Images
ਗੈਂਗਸਟਰਾਂ ਭੁੱਖ ਹੜਤਾਲ 'ਤੇ ਕਿਉਂ ਗਏ ਸਨ
ਬਠਿੰਡਾ ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਤੇ ਦੱਸਿਆ,“ ਪਹਿਲਾਂ ਕੁੱਲ 52 ਕੈਦੀ ਹੜਤਾਲ 'ਤੇ ਗਏ ਸਨ ਪਰ ਹੁਣ ਕੁਝ ਕੈਦੀਆਂ ਨੇ ਹੜਤਾਲ ਬੰਦ ਕਰ ਦਿੱਤੀ ਹੈ ਤੇ ਹੁਣ ਮਹਿਜ਼ 25 ਦੇ ਕਰੀਬ ਕੈਦੀ ਹਨ ਜਿਨ੍ਹਾਂ ਨੇ ਭੁੱਖ ਹੜਤਾਲ ਜਾਰੀ ਰੱਖੀ ਹੈ।”
ਹੜਤਾਲ ਕਰਨ ਵਾਲੇ ਕੈਦੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਮਨੋਰੰਜਨ ਲਈ ਟੈਲੀਵਿਜ਼ਨ ਦੇਖਣ ਦੀ ਇਜਾਜ਼ਤ ਦਿੱਤੀ ਜਾਵੇ। ਇਸਦੇ ਨਾਲ ਹੀ ਉਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਤੈਅ ਗਿਣਤੀ ਤੋਂ ਵੱਧ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਟੈਲੀਫ਼ੋਨ ਕਾਲਾਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਜੇਲ੍ਹ ਅਧਿਕਾਰੀ ਨੇ ਅੱਗੇ ਕਿਹਾ,“ਜੇਲ੍ਹ ਮੈਨੂਅਲ ਮੁਤਾਬਕ ਭੁੱਖ ਹੜਤਾਲ ਕਰਨਾ ਇੱਕ ਜੁਰਮ ਹੈ, ਹਾਲਾਂਕਿ ਕੈਦੀਆਂ ਨੂੰ ਉਨ੍ਹਾਂ ਦੀਆਂ ਮੰਗਾਂ ਲਈ ਆਵਾਜ਼ ਚੁੱਕਣ ਦਾ ਮੌਲਿਕ ਅਧਿਕਾਰ ਵੀ ਹਾਸਲ ਹੈ।”
“ਅਸੀਂ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਸਾਨੂੰ 15 ਦਿਨ ਦਾ ਸਮਾਂ ਚਾਹੀਦਾ ਹੈ ਤਾਂ ਜੋ ਅਸੀਂ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾ ਸਕੀਏ ਪਰ ਉਹ ਅੜੇ ਹੋਏ ਹਨ ਕਿ ਮਸਲਿਆਂ ਦਾ ਹੱਲ ਫ਼ੌਰੀ ਤੌਰ ’ਤੇ ਕੀਤਾ ਜਾਵੇ।”
ਉਨ੍ਹਾਂ ਕਿਹਾ,“ਗੈਂਗਸਟਰ ਆਪਣੀਆਂ ਬੈਰਕਾਂ ਵਿੱਚ ਵੱਖ-ਵੱਖ ਟੈਲੀਵਿਜ਼ਨ ਦੀ ਮੰਗ ਕਰ ਰਹੇ ਹਨ। ਫ਼ਿਲਹਾਲ ਉੱਚ ਸੁਰੱਖਿਆ ਵਾਲੇ ਜ਼ੋਨ ਵਿੱਚ ਕੋਈ ਟੈਲੀਵਿਜ਼ਨ ਨਹੀਂ ਹੈ।”
“ਕੈਦੀਆਂ ਦੀ ਦੂਜੀ ਮੰਗ ਹੈ ਕਿ ਉਨ੍ਹਾਂ ਨੂੰ 5 ਤੋਂ ਵਧਾ ਕੇ 10 ਰਿਸ਼ਤੇਦਾਰਾਂ ਨੂੰ ਫ਼ੋਨ ਕਰਨ ਦੀ ਸਹੂਲਤ ਦਿੱਤੀ ਜਾਵੇ।
ਤੀਜੀ ਮੰਗ, ਉਹ ਜੇਲ੍ਹ ਦੀ ਕੰਟੀਨ ਵਿੱਚ ਹਰ ਹਫ਼ਤੇ ਖਰਚ ਕਰਨ ਲਈ ਦਿੱਤੇ ਜਾਂਦੇ 1500 ਰੁਪਏ ਨੂੰ ਵਧਾ ਕੇ 2500 ਰੁਪਏ ਕੀਤਾ ਜਾਵੇ।

ਕਿਹੜੇ ਗੈਂਗਸਟਰ ਭੁੱਖ ਹੜਤਾਲ ਉੱਤੇ ਸਨ?
ਇੱਕ ਸੀਨੀਅਰ ਜੇਲ੍ਹ ਅਧਿਕਾਰੀ ਮੁਤਾਬਕ ਇਸ ਹੜਤਾਲ ਵਿੱਚ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ, ਗੁਰਪ੍ਰੀਤ ਸੇਖੋਂ ਅਤੇ ਦਵਿੰਦਰ ਬੰਬੀਹਾ ਗਰੁੱਪ ਸਮੇਤ ਇਨ੍ਹਾਂ ਗੈਂਗਜ਼ ਦੇ ਜੇਲ੍ਹ ਵਿੱਚ ਸਜ਼ਾ-ਯਾਫ਼ਤਾ ਮੈਂਬਰ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਨਾਭਾ ਜੇਲ੍ਹ ਕਾਂਡ ਦੇ ਮਾਸਟਰਮਾਈਂਡ ਗੁਰਪ੍ਰੀਤ ਸਿੰਘ ਸੇਖੋਂ, ਨੀਟਾ ਦਿਓਲ, ਰੰਮੀ ਮਸ਼ਾਨਾ, ਦਿਲਪ੍ਰੀਤ ਬਾਬਾ ਵੀ ਬਠਿੰਡਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ।

ਬਠਿੰਡਾ ਜੇਲ੍ਹ ਵਿੱਚ ਗੈਂਗਸਟਰਾਂ ਦੀ ਭੁੱਖ ਹੜਤਾਲ
- ਗੈਂਗਸਟਰ ਆਪਣੀਆਂ ਬੈਰਕਾਂ ਵਿੱਚ ਵੱਖ-ਵੱਖ ਟੈਲੀਵਿਜ਼ਨ ਸੈੱਟ ਮੁਹੱਈਆ ਕਰਵਾਉਣ ਦੀ ਮੰਗ ਕਰ ਰਹੇ ਹਨ।
- ਕੈਦੀਆਂ ਦੀ ਦੂਜੀ ਮੰਗ ਹੈ ਕਿ ਉਨ੍ਹਾਂ ਨੂੰ 5 ਜਾਣਿਆਂ ਨੂੰ ਫ਼ੋਨ ਕਰਨ ਦੀ ਦਿੱਤੀ ਗਈ ਇਜਾਜ਼ਤ ਤੋਂ ਵਧਾ ਕੇ 10 ਰਿਸ਼ਤੇਦਾਰ ਕੀਤੇੇ ਜਾਣ ਜਿਨ੍ਹਾਂ ਨਾਲ ਉਹ ਫ਼ੋਨ ’ਤੇ ਗੱਲ ਕਰ ਸਕਣ
- ਤੀਜੀ ਮੰਗ, ਉਨ੍ਹਾਂ ਨੂੰ ਜੇਲ੍ਹ ਦੀ ਕੰਟੀਨ ਵਿੱਚ ਹਰ ਹਫ਼ਤੇ ਖਰਚ ਕਰਨ ਲਈ ਦਿੱਤੇ ਜਾਂਦੇ 1500 ਰੁਪਏ ਨੂੰ ਵਧਾ ਕੇ 2500 ਰੁਪਏ ਕੀਤਾ ਜਾਵੇ।
- ਪੁਲਿਸ ਪ੍ਰਸ਼ਾਸਨ ਨੇ 15 ਦਿਨ ਦਾ ਸਮਾਂ ਮੰਗਿਆ ਹੈ ਤਾਂ ਜੋ ਉਹ ਇਸ ਨੂੰ ਸਰਕਾਰ ਤੱਕ ਪਹੁੰਚਾ ਸਕਣ, ਪਰ ਕੈਦੀ ਮਸਲੇ ਦਾ ਫ਼ੌਰੀ ਹੱਲ ਚਾਹੁੰਦੇ ਹਨ।


ਤਸਵੀਰ ਸਰੋਤ, Getty Images
ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ?
ਕੇਂਦਰੀ ਜੇਲ੍ਹ ਬਠਿੰਡਾ ਦੇ ਸੁਪਰਡੈਂਟ ਐੱਨਡੀ ਨੇਗੀ ਨੇ ਇਸ ਮਾਮਲੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪੈਰੇ ਨੇ ਕਿਹਾ ਕਿ ਬਠਿੰਡਾ ਦੇ ਐੱਸਪੀ ਅਤੇ ਵਧੀਕ ਡਿਪਟੀ ਕਮਿਸ਼ਨਰ ਜੇਲ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਜਾ ਰਹੇ ਹਨ।
ਬਠਿੰਡਾ ਦੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਹੜਤਾਲ 'ਤੇ ਬੈਠੇ ਸਾਰੇ ਕੈਦੀਆਂ ਦੀ ਸਿਹਤ ਸਥਿਰ ਹੈ।
ਉਨ੍ਹਾਂ ਦੱਸਿਆ ਕਿ,“ਡਾਕਟਰਾਂ ਦੀ ਟੀਮ ਸ਼ੁੱਕਰਵਾਰ ਤੋਂ ਰੋਜ਼ਾਨਾ ਕੈਦੀਆਂ ਦੀ ਸਿਹਤ ਸਬੰਧੀ ਲੋੜੀਂਦੇ ਮਾਪਦੰਡਾਂ ਦਾ ਜਾਇਜ਼ਾ ਲੈ ਰਹੀ ਹੈ।”
“ਜੇਲ੍ਹ ਹਸਪਤਾਲ ਵਿੱਚ ਸਾਡੇ ਡਾਕਟਰ ਤੈਨਾਤ ਹਨ ਅਤੇ ਸਿਵਲ ਹਸਪਤਾਲ ਤੋਂ ਇੱਕ ਹੋਰ ਟੀਮ ਬਕਾਇਦਾ ਡਾਕਟਰੀ ਜਾਂਚ ਲਈ ਉੱਥੇ ਜਾਂਦੀ ਰਹਿੰਦੀ ਹੈ।”
ਬਠਿੰਡਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਹੈ ਕਿ ਇਹ ਮਾਮਲਾ ਜੇਲ੍ਹ ਵਿਭਾਗ ਨਾਲ ਸਬੰਧਤ ਹੈ। ਪਰ ਉਹ ਘਟਨਾਕ੍ਰਮ 'ਤੇ ਨਜ਼ਰ ਰੱਖ ਰਹੇ ਹਨ ਅਤੇ ਜੇਲ੍ਹ ਵਿਭਾਗ ਵੱਲੋਂ ਪੁਲਿਸ ਤੋਂ ਜੋ ਵੀ ਸਹਾਇਤਾ ਮੰਗੀ ਜਾਵੇਗੀ, ਉਹ ਮੁਹੱਈਆ ਕਰਵਾਈ ਜਾਵੇਗੀ।

ਤਸਵੀਰ ਸਰੋਤ, Getty Images
ਬਠਿੰਡਾ ਜੇਲ੍ਹ ਨਾਲ ਜੁੜੇ ਪਿਛਲੇ ਵਿਵਾਦ
ਅਪ੍ਰੈਲ ਵਿੱਚ ਕਰੀਬ 12 ਕੈਦੀਆਂ ਨੇ ਵੀਡੀਓ ਸ਼ੂਟ ਕੀਤਾ ਅਤੇ ਫ਼ਿਰ ਇਸ ਨੂੰ ਕੈਨੇਡਾ ਵਿੱਚ ਆਪਣੇ ਲਿੰਕਾਂ ਰਾਹੀਂ ਵਾਇਰਲ ਕੀਤਾ।
ਉਨ੍ਹਾਂ ਨੇ ਜੇਲ੍ਹ ਅਧਿਕਾਰੀਆਂ 'ਤੇ ਸਰੀਰਕ ਤਸ਼ੱਦਦ ਕਰਨ ਅਤੇ ਕੁਝ ਕੈਦੀਆਂ ਨੂੰ ਕਥਿਤ ਤੌਰ 'ਤੇ ਮੋਬਾਈਲ ਮੁਹੱਈਆ ਕਰਵਾਉਣ ਦੇ ਇਲਜ਼ਾਮ ਲਾਏ ਸਨ।
ਬਠਿੰਡਾ ਪੁਲਿਸ ਨੇ ਜੇਲ੍ਹ ਅਧਿਕਾਰੀਆਂ ਨੂੰ ਧਮਕੀਆਂ ਦੇਣ ਦੇ ਇਲਜ਼ਾਮ ਵਿੱਚ 13 ਕੈਦੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ ਜਦੋਂ ਮਾਰਚ ਮਹੀਨੇ ਇੱਕ ਨਿੱਜੀ ਟੀਵੀ ਨੂੰ ਦੋ ਇੰਟਰਵਿਊ ਦਿੱਤੇ ਗਏ ਤਾਂ ਉਸ ਸਮੇਂ ਉਹ ਬਠਿੰਡਾ ਜੇਲ੍ਹ ਵਿੱਚ ਹੀ ਬੰਦ ਸਨ।

ਹਾਲਾਂਕਿ ਪਹਿਲਾ ਇੰਟਰਵਿਊ ਆਉਣ ਤੋਂ ਬਾਅਦ ਪੰਜਾਬ ਪੁਲਿਸ ਤੇ ਜੇਲ੍ਹ ਮਹਿਕਮੇ ਨੇ ਦਾਅਵਾ ਕੀਤਾ ਸੀ ਕਿ ਇਹ ਇੰਟਰਵਿਊ ਬਠਿੰਡਾ ਜੇਲ੍ਹ ਵਿੱਚ ਨਹੀਂ ਹੋਈ ਸੀ।
ਇੱਕ ਹੋਰ ਇੰਟਰਵਿਊ ਰੀਲੀਜ਼ ਹੋਣ ਤੋਂ ਬਾਅਦ ਪੁਲਿਸ ਦਾ ਕੋਈ ਬਿਆਨ ਨਹੀਂ ਆਇਆ ਤੇ ਪੁਲਿਸ ਵੱਲੋਂ ਇਸਦੀ ਤਫਤੀਸ਼ ਲਈ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ।
ਪਿਛਲੇ ਸਾਲ 31 ਦਸੰਬਰ ਨੂੰ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਆਪਣੇ ਸਾਥੀਆਂ ਨਾਲ ਮਿਲਕੇ ਨੇ ਇੱਕ ਨੀਮ ਫ਼ੌਜੀ ਬਲ ਦੇ ਜਵਾਨ ਉੱਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ।
ਇੱਕ ਹੋਰ ਘਟਨਾ ਵਿੱਚ ਗੁਰਦਾਸਪੁਰ ਦੇ ਰਹਿਣ ਵਾਲੇ ਗੈਂਗਸਟਰ ਰਾਜਵੀਰ ਸਿੰਘ ਅਤੇ ਲੁਧਿਆਣਾ ਦੇ ਗੈਂਗਸਟਰ ਗੁਰਦੀਪ ਸਿੰਘ ਨੇ ਜੂਨ, 2022 ਨੂੰ ਜੇਲ੍ਹ ਵਾਰਡਨ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਸੀ।












