'ਪਤਾ ਨਹੀਂ ਜ਼ਿੰਦਾ ਘਰ ਪਰਤਾਂਗੇ ਜਾਂ ਨਹੀਂ', 20 ਲੱਖ ਯੂਰੋ ਦਾ ਜੁਰਮਾਨਾ ਦਿੱਤਾ ਫੇਰ ਰਿਹਾਅ ਨਹੀਂ ਹੋ ਰਹੇ ਭਾਰਤੀ ਅਫ਼ਸਰ

- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਪੱਤਰਕਾਰ
16 ਭਾਰਤੀ, ਜੋ ਪਿਛਲੇ ਤਿੰਨ ਮਹੀਨਿਆਂ ਤੋਂ ਇਕਵੇਟੋਰੀਅਲ ਗਿਨੀ ਦੀ ਜਲ ਸੈਨਾ ਦੀ ਹਿਰਾਸਤ ਵਿੱਚ ਹਨ, ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਘਰ ਪਰਤਣ ਵਿੱਚ ਮਦਦ ਕੀਤੀ ਜਾਵੇ।
ਭਾਰਤ ਸਰਕਾਰ ਨੇ ਵੀ ਇਨ੍ਹਾਂ ਭਾਰਤੀਆਂ ਦੇ ਪਰਿਵਾਰਾਂ ਨੂੰ ਮਦਦ ਦਾ ਭਰੋਸਾ ਦਿੱਤਾ ਹੈ।
ਇਸ ਦੌਰਾਨ, ਸੋਸ਼ਲ ਮੀਡੀਆ 'ਤੇ ਵੀਡੀਓ ਅਤੇ ਸੰਦੇਸ਼ ਸ਼ੇਅਰ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਮਲਾਹ ਵਜੋਂ ਕੰਮ ਕਰ ਰਹੇ ਇਨ੍ਹਾਂ ਭਾਰਤੀਆਂ ਨੂੰ ਅਪੀਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ।
ਇਨ੍ਹਾਂ ਪੋਸਟਾਂ ਵਿੱਚ ਉਹ ਭਾਰਤ ਸਰਕਾਰ ਨੂੰ ਉਨ੍ਹਾਂ ਰਿਹਾਈ ਵਿੱਚ ਮਦਦ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ।
ਇਕਵੇਟੋਰੀਅਲ ਗਿਨੀ ਨੇ ਅਗਸਤ ਦੇ ਮੱਧ ਵਿਚ ਕਾਰਗੋ ਜਹਾਜ਼ ਐਮਟੀ ਹੀਰੋਇਕ ਇਡਨ ਨੂੰ ਰੋਕ ਲਿਆ ਸੀ। ਇਸ ਜਹਾਜ਼ 'ਤੇ ਵੱਖ-ਵੱਖ ਦੇਸ਼ਾਂ ਦੇ 26 ਮਲਾਹ ਸਵਾਰ ਸਨ, ਜਿਨ੍ਹਾਂ ਵਿੱਚੋਂ 16 ਭਾਰਤੀ ਹਨ।
ਇਸ ਜਹਾਜ਼ ਦਾ ਸੰਚਾਲਨ ਨਾਰਵੇ ਦਾ ਓਐੱਸਐੱਮ ਮੈਰੀਟਾਈਮ ਗਰੁੱਪ ਕਰਦਾ ਹੈ।
ਇਸ ਹਫਤੇ ਦੇ ਸ਼ੁਰੂ ਵਿੱਚ, ਸਮੂਹ ਦੇ ਸੀਈਓ ਫਿਨ ਏਮੰਡ ਨੋਰਬੁਆਏ ਨੇ ਇੱਕ ਬਿਆਨ ਵਿੱਚ ਕਿਹਾ, "ਜਹਾਜ਼ ਵਿੱਚ 26 ਵੱਖ-ਵੱਖ ਦੇਸ਼ਾਂ ਦੇ ਚਾਲਕ ਦਲ ਦੇ ਮੈਂਬਰ ਹਨ ਜਿਨ੍ਹਾਂ ਨੂੰ ਇਕਵੇਟੋਰੀਅਲ ਗਿਨੀ ਨੇ 80 ਦਿਨਾਂ ਤੋਂ ਵੱਧ ਸਮੇਂ ਲਈ ਹਿਰਾਸਤ ਵਿੱਚ ਰੱਖਿਆ ਹੋਇਆ ਹੈ।"
ਉਨ੍ਹਾਂ ਕਿਹਾ, "ਇਨ੍ਹਾਂ ਸਮੁੰਦਰੀ ਮਲਾਹਾਂ ਨਾਲ ਅਪਰਾਧੀਆਂ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਬਿਨਾਂ ਕਿਸੇ ਰਸਮੀ ਇਲਜ਼ਾਮਾਂ ਜਾਂ ਕਾਨੂੰਨ ਦੀ ਬਣਦੀ ਪ੍ਰਕਿਰਿਆ ਦੇ ਲਗਭਗ ਢਾਈ ਮਹੀਨਿਆਂ ਤੋਂ ਵੱਧ ਸਮੇਂ ਤੋਂ ਨਜ਼ਰਬੰਦ ਰੱਖਿਆ ਗਿਆ ਹੈ। ਇਹ ਸਦਮੇ 'ਚ ਪਾ ਦੇਣ ਵਾਲੀ ਕਾਰਵਾਈ ਹੈ। ਇਹ ਸਮੁੰਦਰੀ ਖੇਤਰ ਵਿੱਚ ਕੀਤੀ ਜਾਣ ਵਾਲੀ ਬੇਇਨਸਾਫ਼ੀ ਹੈ।"

ਭਾਰਤੀ ਮਲਾਹ ਮੁਸੀਬਤ ਵਿੱਚ ਕਿਵੇਂ ਫਸੇ?
ਜਹਾਜ਼ ਦੇ ਇੰਚਾਰਜ ਤਨੁਜ ਮਹਿਤਾ ਦੀ ਪਤਨੀ ਸਪਨਾ ਤ੍ਰੇਹਨ ਨੇ ਦੱਸਿਆ ਕਿ ਜਹਾਜ਼ ਨੂੰ ਨਾਈਜੀਰੀਆ ਦੇ ਏਕੇਪੀਓ ਟਰਮੀਨਲ 'ਤੇ ਜਾਣ ਲਈ ਕਿਹਾ ਗਿਆ ਸੀ। ਦਰਅਸਲ, ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਜਹਾਜ਼ ਦੇ ਆਉਣ ਦੀ ਕੋਈ ਜਾਣਕਾਰੀ ਨਹੀਂ ਸੀ।
ਤਨੁਜ ਮਹਿਤਾ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਇਸ ਤੋਂ ਬਾਅਦ ਇਸ ਜਹਾਜ਼ ਦੇ ਪਿੱਛੇ ਇਕ ਹੋਰ ਜਹਾਜ਼ ਆ ਗਿਆ। ਪਿੱਛਾ ਕਰਨ ਵਾਲੇ ਜਹਾਜ਼ ਦੇ ਨਾਈਜੀਰੀਆ ਦੀ ਜਲ ਸੈਨਾ ਨਾਲ ਸਬੰਧਤ ਹੋਣ ਦਾ ਦਾਅਵਾ ਕੀਤਾ ਗਿਆ ਸੀ।
ਇਸ ਜਹਾਜ਼ ਨੇ ਇਕਵੇਟੋਰੀਅਲ ਗਿਨੀ ਨੂੰ ਅਲਰਟ ਕੀਤਾ ਸੀ। ਇਸ ਤੋਂ ਬਾਅਦ ਉੱਥੇ ਪਹੁੰਚਦੇ ਹੀ ਐਮਟੀ ਹੀਰੋਇਕ ਇਦੁਨ ਨੂੰ ਕਾਬੂ ਕਰ ਲਿਆ ਗਿਆ।
ਸਮੁੰਦਰ ਦੇ ਕਾਨੂੰਨ ਲਈ ਅੰਤਰਰਾਸ਼ਟਰੀ ਟ੍ਰਿਬਿਊਨਲ ਕੋਲ ਦਾਇਰ ਕੀਤੇ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਇਕਵੇਟੋਰੀਅਲ ਗਿਨੀ ਦੀ ਜਲ ਸੈਨਾ ਨੇ ਸਮੁੰਦਰੀ ਕਾਨੂੰਨ ਦੀ ਪਾਲਣਾ ਕੀਤੀ ਹੈ।
ਨਾਈਜੀਰੀਆ ਦੀ ਜਲ ਸੈਨਾ ਦੇ ਜਹਾਜ਼ ਦੁਆਰਾ ਭੇਜੇ ਗਏ ਅਲਰਟ ਦੇ ਆਧਾਰ 'ਤੇ ਇਸ ਨੂੰ ਰੋਕ ਦਿੱਤਾ ਗਿਆ ਹੈ।
ਇਸ ਜਹਾਜ਼ ਨੂੰ ਰੋਕੇ ਹੋਏ ਲਗਭਗ ਤਿੰਨ ਮਹੀਨੇ ਹੋ ਗਏ ਹਨ ਅਤੇ ਇਸ ਦੌਰਾਨ ਜਹਾਜ਼ 'ਤੇ ਸਵਾਰ ਚਾਲਕ ਦਲ ਦੇ ਮੈਂਬਰਾਂ ਨੇ ਰਿਕਾਰਡ ਕੀਤੇ ਵੀਡੀਓ ਅਤੇ ਫੋਨ ਕਾਲਾਂ ਰਾਹੀਂ ਮਦਦ ਦੀ ਗੁਹਾਰ ਲਗਾਈ ਹੈ।
ਇਕਵੇਟੋਰੀਅਲ ਗਿਨੀ ਨੇ ਅਜੇ ਤੱਕ ਇਸ 'ਤੇ ਕੋਈ ਜਨਤਕ ਬਿਆਨ ਨਹੀਂ ਦਿੱਤਾ ਹੈ। ਹਾਲਾਂਕਿ ਬੀਬੀਸੀ ਨੇ ਉਨ੍ਹਾਂ ਦੀ ਪ੍ਰਤੀਕਿਰਿਆ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਹੈ।

- 16 ਭਾਰਤੀ ਮਲਾਹ ਪਿਛਲੇ ਤਿੰਨ ਮਹੀਨਿਆਂ ਤੋਂ ਇਕਵੇਟੋਰੀਅਲ ਗਿਨੀ ਦੀ ਜਲ ਸੈਨਾ ਦੀ ਹਿਰਾਸਤ ਵਿੱਚ ਹਨ
- ਇਕਵੇਟੋਰੀਅਲ ਗਿਨੀ ਨੇ ਅਗਸਤ ਦੇ ਮੱਧ ਵਿਚ ਕਾਰਗੋ ਜਹਾਜ਼ ਐਮਟੀ ਹੀਰੋਇਕ ਇਡਨ ਨੂੰ ਰੋਕ ਲਿਆ ਸੀ
- ਇਸ ਜਹਾਜ਼ 'ਤੇ ਵੱਖ-ਵੱਖ ਦੇਸ਼ਾਂ ਦੇ 26 ਮਲਾਹ ਸਵਾਰ ਸਨ, ਜਿਨ੍ਹਾਂ ਵਿੱਚੋਂ 16 ਭਾਰਤੀ ਹਨ
- ਇਹ ਮਲਾਹ ਤੇ ਇਨ੍ਹਾਂ ਦੇ ਪਰਿਵਾਰ ਭਾਰਤ ਸਰਕਾਰ ਨੂੰ ਉਨ੍ਹਾਂ ਦੀ ਰਿਹਾਈ ਵਿੱਚ ਮਦਦ ਲਈ ਅਪੀਲ ਕਰ ਰਹੇ ਹਨ
- ਜਿਸ ਸਮੂਹ ਦਾ ਇਹ ਜਹਾਜ਼ ਹੈ ਉਸ ਨੇ 20 ਲੱਖ ਯੂਰੋ ਦਾ ਜ਼ੁਰਮਾਨਾ ਵੀ ਭਰਿਆ ਹੈ ਪਰ ਮਲਾਹਾਂ ਦੀ ਰਿਹਾਈ ਹੋਈ
- ਹੁਣ ਮਲਾਹਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਨਾਇਜੀਰਿਆ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਉਹ ਅਜਿਹਾ ਨਹੀਂ ਚਾਹੁੰਦੇ
- ਭਾਰਤ ਸਰਕਾਰ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਦਦ ਦਾ ਭਰੋਸਾ ਦਿਵਾਇਆ ਹੈ

20 ਲੱਖ ਯੂਰੋ ਜੁਰਮਾਨਾ ਭਰਨ ਤੋਂ ਬਾਅਦ ਵੀ ਰਿਹਾਈ ਨਹੀਂ
ਸ਼ਿਪ ਮਾਸਟਰ ਦੇ ਦੋਸਤ ਅਤੇ ਸਮੁੰਦਰੀ ਯਾਤਰਾ ਦਾ ਅਨੁਭਵ ਰੱਖਣ ਵਾਲੇ ਕੈਪਟਨ ਸੁਖਪਾਲ ਸਿੰਘ ਨੇ ਬੀਬੀਸੀ ਹਿੰਦੀ ਨੂੰ ਦੱਸਿਆ, “ਨਾਰਵੇ ਦੇ ਜਿਸ ਸਮੂਹ ਦਾ ਇਹ ਜਹਾਜ਼ ਹੈ, ਉਸ ਨੇ 20 ਲੱਖ ਯੂਰੋ ਦਾ ਜੁਰਮਾਨਾ ਵੀ ਅਦਾ ਕੀਤਾ ਹੈ ਕਿਉਂਕਿ ਜਿਸ ਸਮੇਂ ਇਹ (ਜਹਾਜ਼) ਇਕਵੇਟੋਰੀਅਲ ਗਿਨੀ ਦੇ ਸਮੁੰਦਰ ਵਿੱਚ ਦਾਖਲ ਹੋਇਆ, ਉਸ ਸਮੇਂ ਇਸ ਨੇ ਇਸ ਦਾ ਝੰਡਾ ਨਹੀਂ ਲਗਾਇਆ ਹੋਇਆ ਸੀ।''
ਤਨੁਜ ਮਹਿਤਾ ਦੀ ਪਤਨੀ ਸਪਨਾ ਤ੍ਰੇਹਨ ਨੇ ਦੱਸਿਆ ਕਿ ਕਰੂ ਮੈਂਬਰਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਵੱਖ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਪਤੀ ਤੋਂ ਫੋਨ ਵੀ ਲੈ ਲਿਆ ਗਿਆ ਹੈ।
ਉਨ੍ਹਾਂ ਦੱਸਿਆ, "ਇਨ੍ਹਾਂ ਵਿੱਚੋਂ 15 ਲੋਕਾਂ ਨੂੰ ਇਕਵੇਟੋਰੀਅਲੀ ਜਹਾਜ਼ ਤੋਂ ਦੂਰ ਲਿਜਾਇਆ ਗਿਆ, ਜਦਕਿ ਕੁਝ ਹੀਰੋਇਕ ਇਦੁਨ ਵਿੱਚ ਹੀ ਰਹਿ ਗਏ ਹਨ। ਜਲ ਸੈਨਾ ਦੇ ਅਧਿਕਾਰੀਆਂ ਨੇ ਇਨ੍ਹਾਂ ਲੋਕਾਂ ਨੂੰ ਘੇਰਿਆ ਹੋਇਆ ਹੈ।
ਇਸ ਹਫਤੇ ਇਕਵੇਟੋਰੀਅਲ ਗਿਨੀ ਦੇ ਉਪ ਰਾਸ਼ਟਰਪਤੀ ਨੇ ਟਵੀਟ ਕਰਕੇ ਕਿਹਾ ਸੀ ਕਿ ਇਸ ਜਹਾਜ਼ ਨਾਈਜੀਰੀਆ ਨੂੰ ਸੌਂਪਿਆ ਜਾਵੇਗਾ। ਇਸ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ 'ਚ ਹੜਕੰਪ ਮਚ ਗਿਆ।

ਤਸਵੀਰ ਸਰੋਤ, Getty Images
ਇੱਕ ਵੀਡੀਓ ਜਾਰੀ ਕਰਕੇ ਮਦਦ ਦੀ ਭਾਵੁਕ ਅਪੀਲ
ਕੈਪਟਨ ਤਨੁਜ ਮਹਿਤਾ ਦੇ ਸਹੁਰੇ ਸੇਵਾਮੁਕਤ ਮਰੀਨਰ ਰਾਜੇਸ਼ ਤ੍ਰੇਹਨ ਨੇ ਬੀਬੀਸੀ ਨੂੰ ਦੱਸਿਆ, "ਹਰ ਕਿਸੇ ਨੂੰ ਲੱਗ ਰਿਹਾ ਸੀ ਕਿ ਜੁਰਮਾਨਾ ਭਰਨ ਤੋਂ ਬਾਅਦ ਜਹਾਜ਼ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਛੱਡ ਦਿੱਤਾ ਜਾਵੇਗਾ। ਜੁਰਮਾਨਾ 28 ਸਤੰਬਰ ਨੂੰ ਅਦਾ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰਨ ਦੀ ਉਮੀਦ ਸੀ, ਪਰ ਅਚਾਨਕ ਇਕਵੇਟੋਰੀਅਲ ਗਿਨੀ ਨੇ ਨਾਈਜੀਰੀਆ ਦੀ ਬੇਨਤੀ ਨੂੰ ਸਵੀਕਾਰ ਕਰਨ ਦਾ ਫੈਸਲਾ ਕਰ ਲਿਆ।''
ਫਿਲਹਾਲ ਚਾਲਕ ਦਲ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ੇਅਰ ਕੀਤੇ ਗਏ ਵੀਡੀਓਜ਼ 'ਚ ਜਹਾਜ਼ 'ਤੇ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਰਿਹਾਈ ਲਈ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਅਪੀਲ ਕੀਤੀ ਕਿ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰੀਕੇ ਨਾਲ ਨਾਈਜੀਰੀਆ ਜਾਣ ਤੋਂ ਰੋਕ ਲਿਆ ਜਾਵੇ।
ਚਾਲਕ ਦਲ ਦੇ ਮੈਂਬਰਾਂ ਵਿੱਚ ਸ਼੍ਰੀਲੰਕਾ, ਫਿਲੀਪੀਨਜ਼ ਅਤੇ ਪੋਲੈਂਡ ਦੇ ਮਲਾਹ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ-
ਚਾਲਕ ਦਲ ਦੇ ਮੈਂਬਰ ਨਾਈਜੀਰੀਆ ਕਿਉਂ ਨਹੀਂ ਜਾਣਾ ਚਾਹੁੰਦੇ?
ਕੈਪਟਨ ਤ੍ਰੇਹਨ ਦਾ ਕਹਿਣਾ ਹੈ ਕਿ "ਅਜਿਹਾ ਖਦਸ਼ਾ ਇਸ ਲਈ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਸਮੁੰਦਰੀ ਜਹਾਜ਼ ਦੇ ਚਾਲਕ ਦਲਾਂ ਦਾ ਨਾਈਜੀਰੀਆ ਬਾਰੇ ਚੰਗਾ ਅਨੁਭਵ ਨਹੀਂ ਹੈ।"
2021 ਵਿੱਚ ਨਾਈਜੀਰੀਆ ਨੇ ਇੱਕ ਸਵਿਸ ਟੈਂਕਰ ਨੂੰ ਛੱਡਿਆ ਸੀ। ਇਹ ਟੈਂਕਰ ਤਿੰਨ ਸਾਲ ਪਹਿਲਾਂ ਹੀ ਕਬਜ਼ੇ ਵਿੱਚ ਲਿਆ ਗਿਆ ਸੀ।
ਕੈਪਟਨ ਸੁਖਪਾਲ ਸਿੰਘ ਕਹਿੰਦੇ ਹਨ, "ਮਲਾਹਾਂ ਨਾਲ ਵਿਵਹਾਰ ਦਾ ਇਨ੍ਹਾਂ ਦੇਸ਼ਾਂ ਦਾ ਟਰੈਕ ਰਿਕਾਰਡ ਮਾੜਾ ਰਿਹਾ ਹੈ। ਕਈਆਂ ਨੇ ਅਜਿਹੇ ਮਾੜੇ ਤਜ਼ਰਬਿਆਂ ਤੋਂ ਬਾਅਦ ਆਪਣਾ ਕਰੀਅਰ ਹੀ ਛੱਡ ਦਿੱਤਾ ਹੈ।"
ਆਪਣੀ ਪਤਨੀ ਨੂੰ ਭੇਜੀ ਵੀਡੀਓ ਵਿੱਚ ਕੈਪਟਨ ਮਹਿਤਾ ਦਾ ਕਹਿਣਾ ਹੈ ਕਿ ਜੇਕਰ ਮਲਾਹਾਂ ਨੂੰ ਨਾਈਜੀਰੀਆ ਲਿਜਾਇਆ ਗਿਆ ਤਾਂ ਉਹ ‘ਮਰ ਜਾਣਗੇ’।
ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੀ ਘਰ ਵਾਪਸੀ ਲਈ ਪ੍ਰਬੰਧ ਕੀਤੇ ਜਾਣ।
ਉਹ ਕਹਿੰਦੇ ਹਨ, "ਸਾਨੂੰ ਨਹੀਂ ਪਤਾ ਕਿ ਸਾਡੇ ਨਾਲ ਕੀ ਹੋਵੇਗਾ। ਕੋਈ ਨਹੀਂ ਜਾਣਦਾ ਕਿ ਉਹ ਸਾਡੇ ਨਾਲ ਕੀ ਕਰਨਗੇ।"
ਇਕ ਹੋਰ ਵੀਡੀਓ ਵਿੱਚ ਉਹ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਬੰਦੂਕ ਦੀ ਨੋਕ 'ਤੇ ਜਹਾਜ਼ ਨੂੰ ਨਾਈਜੀਰੀਆ ਲਿਜਾਣ ਲਈ ਕਿਹਾ ਜਾਵੇਗਾ।
ਉਹ ਕਹਿ ਰਹੇ ਹਨ, "ਅਸੀਂ ਫਿਰ ਕਦੇ ਆਪਣੇ ਪਰਿਵਾਰ ਨੂੰ ਨਹੀਂ ਦੇਖ ਸਕਾਂਗੇ।"
ਮਲਾਹਾਂ ਦੁਆਰਾ ਸ਼ੇਅਰ ਕੀਤੇ ਗਏ ਇੱਕ ਹੋਰ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਚਾਲਕ ਦਲ ਦੇ ਮੈਂਬਰ ਬੀਮਾਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਭਾਰਤ ਸਰਕਾਰ ਨੇ ਕੀ ਕਿਹਾ?
ਵੀਰਵਾਰ ਨੂੰ ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਦੱਸਿਆ ਕਿ ਕਈ ਦੇਸ਼ਾਂ ਵਿਚ ਮੌਜੂਦ ਭਾਰਤੀ ਦੂਤਾਵਾਸ ਇਕਵੇਟੋਰੀਅਲ ਗਿਨੀ ਦੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ ਤਾਂ ਜੋ ਇਨ੍ਹਾਂ ਮਲਾਹਾਂ ਨੂੰ ਰਿਹਾਅ ਕੀਤਾ ਜਾ ਸਕੇ।
ਉਨ੍ਹਾਂ ਕਿਹਾ, "ਵਿਦੇਸ਼ ਮੰਤਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਮਲਾਹਾਂ ਦੇ ਪਰਿਵਾਰਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਾਡੀ ਕੋਸ਼ਿਸ਼ ਹੈ ਕਿ ਮਲਾਹ ਸੁਰੱਖਿਅਤ ਘਰ ਪਰਤ ਆਉਣ।"
ਬੀਬੀਸੀ ਨੇ ਇਸ ਮਾਮਲੇ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਮਿਲਿਆ।
ਇਸ ਦੌਰਾਨ ਮਲਾਹਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਪੈਦਾ ਹੋ ਗਈ ਹੈ।
ਜਹਾਜ਼ ਦੇ ਮੁੱਖ ਅਧਿਕਾਰੀ ਸਾਨੂ ਜੋਸ ਦੇ ਪਤਨੀ ਮਾਤਿਲਦਾ ਨੇ ਕਿਹਾ ਕਿ "ਉਨ੍ਹਾਂ ਦੇ ਪਰਿਵਾਰ ਬਹੁਤ ਥੱਕ ਗਏ ਹਨ ਅਤੇ ਉਹ ਕਮਜ਼ੋਰ ਮਹਿਸੂਸ ਕਰ ਰਹੇ ਹਨ।"
ਉਨ੍ਹਾਂ ਕਿਹਾ, "ਪਿਛਲੇ ਦਿਨੀਂ ਭਾਰਤੀ ਦੂਤਾਵਾਸ ਦੇ ਕੁਝ ਕਰਮਚਾਰੀ ਨਜ਼ਰਬੰਦ ਮਲਾਹਾਂ ਨੂੰ ਦੇਖਣ ਆਏ ਸਨ। ਉਦੋਂ ਕਿਤੇ ਜਾ ਕੇ ਉਨ੍ਹਾਂ ਨੂੰ ਥੋੜ੍ਹਾ ਪਾਣੀ ਅਤੇ ਖਾਣਾ ਮਿਲਿਆ ਸੀ।"
ਉਹ ਕਹਿੰਦੀ ਹੈ, "ਇਸ ਸਮੇਂ ਮੈਨੂੰ ਨਹੀਂ ਪਤਾ ਕਿ ਉਹ ਕਿਸ ਹਾਲਤ ਵਿੱਚ ਹਨ।"
ਇਹ ਵੀ ਪੜ੍ਹੋ-












