ਪਰਾਲੀ ਸਾੜਨ ਦੇ ਮਾਮਲੇ ਘਟੇ ਫ਼ਿਰ ਸਮੋਗ ਕਿਉਂ ਵਧੀ?

ਤਸਵੀਰ ਸਰੋਤ, PRAKASH SINGH/GETTY IMAGES
ਉੱਤਰੀ ਭਾਰਤ ਵਿੱਚ ਸਮੋਗ ਦੀ ਸਮੱਸਿਆ ਨੇ ਲੋਕਾਂ ਦੇ ਹੱਥ ਖੜੇ ਕਰਾ ਦਿੱਤੇ ਹਨ। ਹਾਲਾਤ ਇਹ ਹੈ ਕਿ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ|
ਸਮੋਗ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਕਈ ਸੜਕ ਹਾਦਸੇ ਹੋ ਚੁੱਕੇ ਹਨ।
ਗੱਲ ਜੇਕਰ ਪੰਜਾਬ ਦੀ ਕਰੀਏ ਤਾਂ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਦਿਨ ਵਿੱਚ ਹੀ ਹਨ੍ਹੇਰਾ ਛਾਇਆ ਹੋਇਆ ਹੈ।
ਇਸ ਕਾਰਨ ਸੂਬੇ ਵਿੱਚ ਕਰੀਬ 12 ਲੋਕਾਂ ਦੀ ਜਾਨ ਵੱਖ-ਵੱਖ ਥਾਵਾਂ ਉਤੇ ਹੋਏ ਸੜਕ ਹਾਦਸਿਆਂ ਵਿੱਚ ਜਾ ਚੁੱਕੀ ਹੈ।
ਹਾਲਾਤ ਨਾ ਸੁਧਰਨ ਦੇ ਕਾਰਨ
ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪੌਲ ਨੇ ਬੀਬੀਸੀ ਨੂੰ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਹਵਾਵਾਂ ਨਾ ਚੱਲਣ ਅਤੇ ਮੀਂਹ ਨਾ ਪੈਣ ਕਾਰਨ ਸਥਿਤੀ 'ਚ ਕੋਈ ਸੁਧਾਰ ਨਹੀਂ ਹੋ ਰਿਹਾ।
ਜਿਸ ਕਾਰਨ ਹਵਾ 'ਚ ਪ੍ਰਦੂਸ਼ਣ ਖ਼ਤਰਨਾਕ ਪੱਧਰ ਤੱਕ ਵੱਧ ਗਿਆ ਹੈ। ਇਹ ਸਥਿਤੀ ਅਗਲੇ ਦੋ ਦਿਨਾਂ ਤੱਕ ਹੋਰ ਜਾਰੀ ਰਹਿ ਸਕਦੀ ਹੈ।
ਮੌਸਮ ਵਿਭਾਗ ਅਨੁਸਾਰ ਬਠਿੰਡਾ, ਮਾਨਸਾ, ਲੁਧਿਆਣਾ ਵਿੱਚ ਸਮੋਗ ਦੀ ਜ਼ਿਆਦਾ ਸਮੱਸਿਆ ਹੈ ,ਇੱਥੇ ਦੇਖਣ ਦੀ ਸਮਰਥਾ ਜ਼ੀਰੋ ਦਰਜ ਕੀਤੀ ਗਈ ਹੈ।
ਪਰਾਲੀ ਸਾੜਨ ਦੇ ਅੰਕੜੇ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਸ ਸਾਲ ਦੇ ਅੰਕੜਿਆਂ 'ਤੇ ਜੇਕਰ ਨਜ਼ਰ ਮਰੀਏ ਤਾਂ ਸੂਬੇ 'ਚ ਹੁਣ ਤੱਕ ਕਰੀਬ 37 ਹਜ਼ਾਰ ਪਰਾਲੀ ਜਲਾਉਣ ਦੇ ਮਾਮਲੇ ਸਾਹਮਣੇ ਆਏ ਹਨ|

ਬੋਰਡ ਨੇ ਸਖ਼ਤੀ ਵੀ ਬਹੁਤ ਕੀਤੀ ਪਰ ਇਸ ਦੇ ਬਾਵਜੂਦ ਵੀ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਜਾਰੀ ਰਿਹਾ। ਪਿਛਲੇ ਸਾਲ ਇਹ ਅੰਕੜਾ 56 ਹਜ਼ਾਰ ਦੇ ਕਰੀਬ ਸੀ।
2017 ਵਿੱਚ ਪਰਾਲੀ ਸਾੜਨ ਦੇ ਸਭ ਤੋਂ ਜ਼ਿਆਦਾ ਮਾਮਲੇ ਸੰਗਰੂਰ ਜ਼ਿਲ੍ਹੇ ਵਿੱਚ 5 ਹਜ਼ਾਰ 708 ਕੇਸ ਦਰਜ ਕੀਤੇ ਗਏ ਜਦੋਂ ਕਿ ਸਭ ਤੋਂ ਘੱਟ 9 ਮਾਮਲੇ ਪਠਾਨਕੋਟ ਦੇ ਹਨ।

ਕੀ ਹੈ ਸੂਬੇ ਦੀ ਏਅਰ ਕੁਆਲਿਟੀ ?
- ਲੁਧਿਆਣਾ 'ਚ ਹਵਾ ਦੀ ਗੁਣਵੱਤਾ 313
- ਮੰਡੀ ਗੋਬਿੰਦਗੜ੍ਹ 'ਚ 328
- ਅੰਮ੍ਰਿਤਸਰ ਵਿਚ ਹਵਾ ਗੁਣਵੱਤਾ 215 ਮਾਪੀ ਗਈ ਹੈ ਜੋ ਕਿ ਬਹੁਤ ਮਾੜੀ ਹੈ|
ਮੌਜੂਦਾ ਸਮੱਸਿਆ ਬਾਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪਬਲਿਕ ਰਿਲੇਸ਼ਨ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਸਮੋਗ ਦਾ ਵੱਡਾ ਕਾਰਨ ਭਾਵੇਂ ਪਰਾਲੀ ਨੂੰ ਅੱਗ ਲਗਾਉਣਾ ਹੈ ਪਰ ਕੁਝ ਹੋਰ ਕਾਰਨਾਂ ਕਰਕੇ ਵੀ ਸਥਿਤੀ ਕਾਬੂ ਤੋਂ ਬਾਹਰ ਹੋ ਰਹੀ ਹੈ।

ਡਾਕਟਰ ਚਰਨਜੀਤ ਸਿੰਘ ਅਨੁਸਾਰ ਮੌਸਮ ਵਿੱਚ ਦਿਨ ਪ੍ਰਤੀ ਦਿਨ ਆ ਰਹੀ ਤਬਦੀਲੀ ਸਮੋਗ ਦਾ ਮੁੱਖ ਕਾਰਨ ਹੈ।
ਮਾਹਰਾਂ ਦੀ ਰਾਏ
ਪੰਜਾਬ ਯੂਨੀਵਰਸਿਟੀ ਦੇ ਜੁਆਲੋਜੀ ਵਿਭਾਗ ਦੇ ਸਾਬਕਾ ਮੁਖੀ ਅਤੇ ਵਾਤਾਵਰਨ ਮਾਹਿਰ ਪ੍ਰੋਫੈਸਰ ਏ ਡੀ ਆਹਲੂਵਾਲੀਆ ਮੌਜੂਦਾ ਸਥਿਤੀ ਨੂੰ ਵਾਤਾਵਰਨ ਐਮਰਜੈਂਸੀ ਦੱਸ ਰਹੇ ਹਨ।

ਪ੍ਰੋਫੈਸਰ ਆਹਲੂਵਾਲੀਆ ਮੁਤਾਬਕ ਇਹ ਕੌਮੀ ਸਿਹਤ ਦਾ ਮਸਲਾ ਹੈ ਪਰ ਕੋਈ ਇਸ ਵੱਲ ਧਿਆਨ ਨਹੀਂ ਦੇ ਰਿਹਾ। ਉਹਨਾਂ ਹੈਰਾਨੀ ਪ੍ਰਗਟਾਈ ਕਿ ਪ੍ਰਧਾਨ ਮੰਤਰੀ 'ਮੰਨ ਕੀ ਬਾਤ' ਵਿੱਚ ਹਰ ਮਸਲੇ ਉਤੇ ਗੱਲ ਕਰਦੇ ਹਨ ਪਰ ਪ੍ਰਦੂਸ਼ਣ ਉੱਤੇ ਨਹੀਂ।
ਉਹਨਾਂ ਆਖਿਆ ਕਿ ਹੁਣ ਵਕਤ ਆ ਗਿਆ ਹੈ ਕਿ ਸਾਨੂੰ ਇਸ ਦੀ ਗੰਭੀਰਤਾ ਨੂੰ ਸਮਝਦਾ ਹੋਏ ਦੇਸ਼ ਵਿਆਪੀ ਮੁਹਿੰਮ ਛੇੜਣੀ ਚਾਹੀਦੀ ਹੈ।
ਪ੍ਰਦੂਸ਼ਣ ਦੇ ਕਾਰਨ- ਪ੍ਰੋਫੈਸਰ ਏ ਡੀ ਆਹਲੂਵਾਲੀਆ ਇਹ ਗੱਲ ਸੱਚ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਪ੍ਰਦੂਸ਼ਣ ਹੁੰਦਾ ਹੈ।
ਪਰ ਇਸ ਦੇ ਲਈ ਸਾਰਾ ਦੋਸ਼ ਕਿਸਾਨਾਂ ਨੂੰ ਨਹੀਂ ਦੇਣਾ ਚਾਹੀਦਾ। ਕਈ ਹੋਰ ਕਾਰਨ ਵੀ ਜਿਸ ਕਾਰਨ ਪ੍ਰਦੂਸ਼ਣ ਹੋ ਰਿਹਾ ਹੈ।
ਮਕਾਨਾਂ ਦੀ ਧੜਾਧੜ ਹੋ ਰਹੀ ਉਸਾਰੀ, ਘਟੀਆ ਸੜਕਾਂ, ਡੀਜ਼ਲ ਵਾਲੀਆੰ ਗੱਡੀਆਂ ਜਨਰੇਟਰ,ਏਅਰ ਕੰਡੀਸ਼ਨਰ ਕਾਰਨ ਪ੍ਰਦੂਸ਼ਣ ਹੁੰਦਾ ਹੈ।
ਪ੍ਰੋਫੈਸਰ ਏ ਡੀ ਆਹਲੂਵਾਲੀਆਂ ਅਨੁਸਾਰ ਲੋਕ ਪਬਲਿਕ ਟਰਾਂਸਪੋਰਟ ਨੂੰ ਤਿਆਗ ਚੁੱਕੇ ਹਨ, ਕਾਰ ਸ਼ੇਅਰ ਕਰਨੀ ਪਸੰਦ ਨਹੀਂ ਕਰਦੇ ਜਿਸ ਕਾਰਨ ਸਮੱਸਿਆ ਦਿਨ ਪ੍ਰਤੀ ਦਿਨ ਗੰਭੀਰ ਹੁੰਦੀ ਜਾ ਰਹੀ ਹੈ।












