'ਗੈਸ ਚੈਂਬਰ' ਦਿੱਲੀ 'ਚ ਸਿਹਤ ਨੂੰ ਗੰਭੀਰ ਖ਼ਤਰਾ

ਤਸਵੀਰ ਸਰੋਤ, Reuters
- ਲੇਖਕ, ਸੌਤਿਕ ਬਿਸਵਾਸ
- ਰੋਲ, ਪੱਤਰਕਾਰ, ਬੀਬੀਸੀ
ਪਿਛਲੇ ਹਫ਼ਤੇ ਇੱਕ ਛੇ ਸਾਲ ਦੇ ਬੱਚੇ ਨੇ ਦਿੱਲੀ ਵਿੱਚ ਆਪਣੇ ਸਕੂਲ ਤੋਂ ਆਉਂਦਿਆਂ ਹੀ ਬੇਚੈਨੀ ਮਹਿਸੂਸ ਕੀਤੀ ਅਤੇ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਕੀਤੀ ਸੀ।
ਬੱਚੇ ਦੇ ਪਿਤਾ ਨੇ ਕਿਹਾ, "ਮੈਂ ਸੋਚਿਆ ਉਹ ਸਕੂਲ ਨਹੀਂ ਜਾਣਾ ਚਾਹੁੰਦਾ, ਇਸ ਲਈ ਬਹਾਨੇ ਬਣਾ ਰਿਹਾ ਹੈ ਕਿਉਂਕਿ ਉਸ ਨੂੰ ਸਾਹ ਲੈਣ ਵਿੱਚ ਕਦੇ ਕੋਈ ਮੁਸ਼ਕਿਲ ਨਹੀਂ ਰਹੀ। ਕੁਝ ਹੀ ਘੰਟਿਆਂ ਵਿੱਚ ਉਹ ਬਹੁਤ ਖੰਘਣ ਲੱਗਾ ਅਤੇ ਜ਼ੋਰ-ਜ਼ੋਰ ਨਾਲ ਸਾਹ ਲੈਣ ਲੱਗਾ।"

ਤਸਵੀਰ ਸਰੋਤ, Getty Images
ਬੱਚੇ ਦੇ ਮਾਪੇ ਤੁਰੰਤ ਉਸ ਨੂੰ ਟੈਕਸੀ ਵਿੱਚ ਧੁੰਦ ਭਰੇ ਮੌਸਮ 'ਚ ਨੇੜਲੇ ਹਸਪਤਾਲ ਲੈ ਗਏ।
ਐਕਿਊਟ ਬ੍ਰੋਂਕਾਇਟਿਸ
ਹਸਪਤਾਲ ਵਿੱਚ ਡਾਕਟਰਾਂ ਨੇ ਜਾਂਚ ਕਰਕੇ ਦੱਸਿਆ ਕਿ ਮੁੰਡੇ ਨੂੰ ਐਕਿਊਟ ਬ੍ਰੋਂਕਾਇਟਿਸ ਹੋਇਆ ਹੈ।
ਅਗਲੇ ਚਾਰ ਘੰਟਿਆਂ ਵਿੱਚ ਉਸ ਨੂੰ ਸਟੇਰੋਇਡ ਅਤੇ ਨੇਬਿਊਲਾਈਜ਼ਰ ਲਾਇਆ ਗਿਆ, ਜਿਸ ਨਾਲ ਉਸ ਦੀ ਸਾਹ ਦੀ ਨਾੜੀ ਨੂੰ ਸਾਫ਼ ਕੀਤਾ ਜਾ ਸਕੇ ਅਤੇ ਨਾਲ ਹੀ ਐਂਟੀਬਾਇਓਟਿਕਸ ਅਤੇ ਅਲਰਜੀ ਦੀਆਂ ਦਵਾਈਆਂ ਦਿੱਤੀਆਂ ਗਈਆਂ, ਜਿਸ ਨਾਲ ਉਸ ਨੂੰ ਹੋਰ ਇਨਫੈਕਸ਼ਨ ਨਾ ਹੋਵੇ।
ਮੈਕਸ ਸਮਾਰਟ ਸੁਪਰ ਸਪੈਸ਼ੈਲਿਟੀ ਹਸਪਤਾਲ ਦੇ ਚੀਫ਼ ਪਲਮੋਨੋਲਾਜਿਸਟ (ਫੇਫੜਿਆਂ ਦੇ ਮਹਿਕਮੇ ਦੇ ਮੁਖੀ) ਨੇ ਮੈਨੂੰ ਦੱਸਿਆ, "ਇਹ ਬਹੁਤ ਖਰਾਬ ਅਟੈਕ ਸੀ, ਇਸ ਲਈ ਸਾਨੂੰ ਉਸ ਦਾ ਬਹੁਤ ਤੇਜ਼ੀ ਨਾਲ ਇਲਾਜ ਕਰਨਾ ਪਿਆ ਸੀ।"

ਤਸਵੀਰ ਸਰੋਤ, Getty Images
ਹਵਾ 'ਚ ਜ਼ਹਿਰ
ਬੱਚੇ ਨੂੰ ਠੀਕ ਹੋਣ ਵਿੱਚ ਤਿੰਨ ਦਿਨ ਲੱਗੇ। ਇਸ 'ਚੋਂ ਦੋ ਦਿਨ ਉਸ ਨੇ ਹਸਪਤਾਲ ਵਿੱਚ ਕੱਟੇ। ਹੁਣ ਉਹ ਆਪਣੇ ਘਰ ਵਿੱਚ ਹੈ। ਉਸੇ ਦਿਨ ਵਿੱਚ ਦੋ ਵਾਰੀ ਨੇਬਿਊਲਾਈਜ਼ਰ ਅਤੇ ਭਾਫ਼ ਲੈਣ ਦੇ ਨਾਲ ਹੀ ਸਟੇਰੋਇਡ ਅਤੇ ਐਂਟੀ ਅਲਰਜੀ ਸਿਰਪ ਵੀ ਲੈਣਾ ਹੁੰਦਾ ਹੈ।
ਉਸ ਦੇ ਪਿਤਾ ਕਹਿੰਦੇ ਹਨ, "ਇਹ ਸਾਡੇ ਲਈ ਝਟਕੇ ਵਰਗਾ ਸੀ, ਕਿਉਂਕਿ ਉਹ ਸਿਹਤਮੰਦ ਬੱਚਾ ਸੀ।"
ਇਸ ਹਫ਼ਤੇ ਦਿੱਲੀ ਦੇ ਕਈ ਇਲਾਕਿਆਂ ਦੀ ਹਵਾ ਵਿੱਚ ਖ਼ਤਰਨਾਕ ਸੂਖ਼ਮ ਪੀਐੱਮ 2.5 ਕਣਾਂ ਦੀ ਮਾਤਰਾ 700 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਤੱਕ ਹੋ ਗਈ।
ਇਹ ਕਣ ਸਾਡੇ ਨੱਕ ਦੇ ਵਾਲਾਂ 'ਚ ਵੀ ਨਹੀਂ ਰੁਕਦੇ ਅਤੇ ਫੇਫੜਿਆਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਖਰਾਬ ਕਰਦੇ ਹਨ।
ਰੋਜ਼ ਦੋ ਪੈਕਟ ਸਿਗਰਟ ਪੀ ਰਹੇ ਹਨ
ਏਅਰ ਕਵਾਲਿਟੀ ਇੰਡੈਕਸ (ਹਵਾ ਦੀ ਗੁਣਵੱਤਾ ਦੇ ਮਾਣਕ) ਰਿਕਾਰਡ ਜ਼ਿਆਦਾ ਤੋਂ ਜ਼ਿਆਦਾ 999 ਤੱਕ ਪਹੁੰਚਿਆ। ਡਾਕਟਰ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਜ਼ਹਿਰੀਲੀ ਹਵਾ ਦਾ ਸਾਹ ਦੇ ਜ਼ਰੀਏ ਸਰੀਰ ਵਿੱਚ ਜਾਣਾ ਦਿਨ ਵਿੱਚ ਦੋ ਪੈਕਟ ਸਿਗਰਟ ਪੀਣ ਦੇ ਬਰਾਬਰ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿੰਦੇ ਹਨ ਕਿ ਦਿੱਲੀ ਗੈਸ ਚੈਂਬਰ ਬਣ ਗਈ ਹੈ।
ਹਸਪਤਾਲ ਖੰਘ ਅਤੇ ਸਾਹ ਦੀ ਤਕਲੀਫ਼ ਲੈ ਕੇ ਪਹੁੰਚਣ ਵਾਲੀਆਂ ਔਰਤਾਂ, ਮਰਦਾਂ ਅਤੇ ਬੱਚਿਆਂ ਨਾਲ ਭਰੇ ਹੋਏ ਹਨ।

ਤਸਵੀਰ ਸਰੋਤ, Getty Images
ਡਾਕਟਰ ਸਕਸੇਨਾ ਕੋਲ ਅਤੇ ਏਮਸ ਵਿੱਚ ਆ ਰਹੇ ਮਰੀਜ਼ਾਂ ਦੀ ਗਿਣਤੀ 20 ਫੀਸਦੀ ਤੱਕ ਵੱਧ ਗਈ ਹੈ।
ਡਾਕਟਰਾਂ ਨੇ ਇਸ ਨੂੰ ਪਬਲਿਕ ਐਮਰਜੈਂਸੀ ਐਲਾਨਿਆ ਹੈ। ਹਾਲਾਂਕਿ ਇਹ ਨਹੀਂ ਪਤਾ ਕਿ ਇਸ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਡਾਕਟਰ ਸਕਸੇਨਾ ਕਹਿੰਦੇ ਹਨ, "ਧੁੰਦ ਦੇ ਨਾਲ ਠੰਡ ਦਾ ਮੌਸਮ ਸਭ ਤੋਂ ਵੱਡਾ ਖ਼ਤਰਾ ਬਣ ਗਿਆ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਅਸਥਮਾ ਅਤੇ ਕ੍ਰੋਨਿਕ ਬ੍ਰੋਂਕਾਇਟਿਸ ਵਰਗੀਆਂ ਸਾਹ ਦੀਆਂ ਮੁਸ਼ਕਲਾਂ ਨਾਲ ਜੂਝ ਰਹੇ ਹਨ।"
ਗੰਭੀਰ ਸਿਹਤ ਸੰਕਟ
ਇਸ ਸਾਲ ਸ਼ੁਰੂਆਤ ਵਿੱਚ ਸ਼ਹਿਰ ਦੇ ਚਾਰ ਹਸਪਤਾਲਾਂ ਨੇ ਨਾਲ ਮਿਲ ਕੇ ਇੱਕ ਜਾਂਚ ਸ਼ੁਰੂ ਕੀਤੀ ਸੀ।
ਇਸ ਵਿੱਚ ਹਵਾ ਦੀ ਗੁਣਵੱਤਾ ਦੇ ਬਦਲਾਅ ਦੇ ਨਾਲ ਹੀ ਮਰੀਜ਼ਾਂ ਦੀ ਸਾਹ ਦੀਆਂ ਸਮੱਸਿਆ ਦੇ ਵਿਗੜਨ ਬਾਰੇ ਜਾਂਚ ਕਰਨਾ ਸੀ।
ਹਸਪਤਾਲਾਂ ਨੇ ਨਰਸ ਨਿਯੁਕਤ ਕੀਤੀ ਹੈ, ਜੋ ਕਿ ਐਮਰਜੈਂਸੀ ਵਿੱਚ ਆ ਰਹੇ ਮਰੀਜ਼ਾਂ ਦਾ ਰਿਕਾਰਡ ਰੱਖ ਰਹੀਆਂ ਹਨ। ਰਿਸਰਚਰ ਇਹ ਜਾਂਚ ਕਰ ਰਹੇ ਹਨ ਕਿ ਜਦੋਂ ਹਵਾ ਦੀ ਕਵਾਲਿਟੀ ਵਿੱਚ ਜ਼ਿਆਦਾ ਗਿਰਾਵਟ ਹੁੰਦੀ ਹੈ ਤਾਂ ਕੀ ਮਰੀਜ਼ਾਂ ਦਾ ਆਉਣਾ ਵੱਧ ਜਾਂਦਾ ਹੈ।

ਤਸਵੀਰ ਸਰੋਤ, Getty Images
ਹਾਲੇ ਇਹ ਰਿਸਰਚ ਆਪਣੇ ਸ਼ੁਰੂਆਤੀ ਦੌਰ ਵਿੱਚ ਹੈ ਅਤੇ ਸਿਰਫ਼ ਐਮਰਜੈਂਸੀ ਤੇ ਐਡਮਿਸ਼ਨ ਤੱਕ ਹੀ ਸੀਮਿਤ ਹੈ।
ਇਸ ਵਿੱਚ ਸਾਹ ਦੀ ਮੁਸ਼ਕਿਲ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਆਉਟ ਪੇਸ਼ੰਟ ਵਾਰਡ ਜਾਂ ਹੋਰਨਾਂ ਹਸਪਤਾਲਾਂ ਵਿੱਚ ਪਹੁੰਚਣ ਵਾਲੇ ਮਰੀਜ ਸ਼ਾਮਲ ਨਹੀਂ ਹਨ।
ਡਾਕਟਰਾਂ ਦਾ ਮੰਨਣਾ ਹੈ ਕਿ ਇਸ ਸਭ ਦੇ ਬਾਵਜੂਦ ਇਸ ਦਾ ਕੁਝ ਇਸ਼ਾਰਾ ਤਾਂ ਮਿਲਦਾ ਹੈ ਕਿ ਇਹ ਸ਼ਹਿਰ ਪ੍ਰਦੂਸ਼ਣ ਸਬੰਧੀ ਗੰਭੀਰ ਸਿਹਤ ਸੰਕਟ ਦੀ ਕਗਾਰ 'ਤੇ ਹੈ।
10 'ਚੋਂ ਚਾਰ ਬੱਚਿਆਂ ਨੂੰ ਫੇਫੜਿਆਂ ਦੀ ਸਮੱਸਿਆ
ਦਿੱਲੀ ਦੀ ਹਵਾ ਬੱਚਿਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਬੱਚੇ ਅਤੇ ਬਜ਼ੁਰਗ ਸਭ ਤੋਂ ਜਿ਼ਆਦਾ ਇਸ ਮੁਸ਼ਕਿਲ ਨਾਲ ਜੂਝ ਰਹੇ ਹਨ। ਬੱਚਿਆਂ ਦੇ ਫੇਫੜੇ ਆਮ ਤੌਰ 'ਤੇ ਕਮਜ਼ੋਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਛੇਤੀ ਨੁਕਸਾਨ ਪਹੁੰਚ ਜਾਂਦਾ ਹੈ।
2015 ਦੇ ਇੱਕ ਅਧਿਐਨ ਮੁਤਾਬਕ ਰਾਜਧਾਨੀ ਦੇ ਹਰ 10 'ਚੋਂ ਚਾਰ ਬੱਚੇ 'ਫੇਫੜੇ ਦੀ ਗੰਭੀਰ ਮੁਸ਼ਕਿਲ' ਤੋਂ ਪੀੜਤ ਹਨ।

ਤਸਵੀਰ ਸਰੋਤ, AFP
ਡਾਕਟਰ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਮੌਸਮ ਵਿੱਚ ਬੱਚਿਆਂ ਨੂੰ ਘਰਾਂ ਅੰਦਰ ਹੀ ਰਹਿਣਾ ਚਾਹੀਦਾ ਹੈ।
ਦੂਜਿਆਂ ਦੀ ਹਾਲਤ ਵੀ ਕੋਈ ਬਿਹਤਰ ਨਹੀਂ ਹੈ। ਏਮਸ ਦੇ ਪਲਮੋਨੋਲਾਜਿਸਟ ਡਾਕਟਰ ਕਰਣ ਮਦਾਨ ਕਹਿੰਦੇ ਹਨ ਕਿ ਪ੍ਰਦੂਸ਼ਣ ਅਕਸਰ ਦਮੇ ਦੇ ਮਰੀਜ਼ਾਂ ਦੀ ਹਾਲਤ ਹੋਰ ਵਿਗਾੜ ਦਿੰਦਾ ਹੈ।
ਉਨ੍ਹਾਂ ਨੂੰ ਕਲੀਨਿਕ ਜਾਂ ਐਮਰਜੈਂਸੀ ਵਿੱਚ ਜਾਣਾ ਪੈਂਦਾ ਹੈ ਅਤੇ ਨੇਬਿਊਲਾਈਜ਼ਰ, ਸਟੇਰੋਇਡ ਇੰਜੈਕਸ਼ਨ, ਆਕਸੀਜਨ ਜਾਂ ਵੈੱਨਟੀਲੇਟਰ ਤੱਕ ਰੱਖਣਾ ਪੈਂਦਾ ਹੈ।
ਡਾਕਟਰ ਮਦਾਨ ਕਹਿੰਦੇ ਹਨ, "ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੋ ਸਕਦੀ ਹੈ ਅਤੇ ਹਰ ਵਾਰੀ ਇਸ ਤਰ੍ਹਾਂ ਦੀ ਪ੍ਰਕਿਰਿਆ 'ਚੋਂ ਲੰਘਣ ਤੋਂ ਬਾਅਦ ਉਨ੍ਹਾਂ ਦੇ ਫੇਫੜਿਆਂ ਦੀ ਹਾਲਤ ਵਿੱਚ ਲੰਬੇ ਸਮੇਂ ਤੱਕ ਗਿਰਾਵਟ ਆ ਸਕਦੀ ਹੈ।"
ਕੀ ਜਨ ਅੰਦੋਲਨ ਹੈ ਹੱਲ?
ਦਿੱਲੀ ਦੇ ਲੋਕ ਇਸ ਨੂੰ ਲੈ ਕੇ ਲਾਚਾਰ ਹਨ। ਨਿਊਯਾਰਕ ਟਾਈਮਸ ਨੂੰ ਇੱਕ ਚੈਸਟ ਸਰਜਨ ਨੇ ਕਿਹਾ, "ਲੋਕਾਂ ਨੂੰ ਸਾਹ ਲੈਣਾ ਰੋਕਣਾ ਪਵੇਗਾ। ਇਹ ਸੰਭਵ ਨਹੀਂ ਹੈ। ਦੂਜਾ ਇਹ ਕਿ ਦਿੱਲੀ ਛੱਡ ਦਿਓ। ਇਹ ਵੀ ਸੰਭਵ ਨਹੀਂ ਹੈ। ਤੀਜਾ ਇਹ ਕਿ ਤਾਜ਼ੀ ਹਵਾ ਵਿੱਚ ਸਾਹ ਲੈਣ ਦੇ ਅਧਿਕਾਰ ਨੂੰ ਲੈ ਕੇ ਜਨ ਅੰਦੋਲਨ ਚਲਾਓ।"
ਫਿਲਹਾਲ ਡਾਕਟਰ ਇਹ ਸਲਾਹ ਦੇ ਰਹੇ ਹਨ ਕਿ ਲੋਕਾਂ ਨੂੰ ਜਦੋਂ ਵੀ ਬਾਹਰ ਜਾਂ ਪਬਲਿਕ ਟਰਾਂਸਪੋਰਟ ਵਿੱਚ ਜਾਣਾ ਹੋਵੇ ਤਾਂ ਉਹ ਪ੍ਰਦੂਸ਼ਣ ਰੋਕੂ ਨਕਾਬ ਪਾ ਕੇ ਹੀ ਨਿਕਲਣ।
ਜਿਨ੍ਹਾਂ ਨੂੰ ਸਾਹ ਦੀ ਮੁਸ਼ਕਿਲ ਹੈ ਉਹ ਇੰਨਹੈਲਰ, ਫਲੂ ਅਤੇ ਇੰਫਲੂਏਂਜਾ ਦੇ ਇੰਜੈਕਸ਼ਨ ਲੈ ਕੇ ਚੱਲਣ ਅਤੇ ਘਰਾਂ ਵਿੱਚ ਏਅਰ ਪਯੂਰੀਫਾਇਰ (ਹਵਾ ਸਾਫ਼ ਕਰਨ ਵਾਲੇ) ਦਾ ਇਸਤੇਮਾਲ ਕਰਨ।
ਸਿਗਰਟ ਪੀਣ ਵਾਲੇ ਇਸ ਨੂੰ ਬੰਦ ਕਰਨ। ਲੋਕ ਕੂੜਾ ਨਾ ਸਾੜਨ।

ਤਸਵੀਰ ਸਰੋਤ, AFP
ਸ਼ਿਕਾਗੋ ਯੂਨੀਵਰਸਿਟੀ ਵਿੱਚ ਅਰਥਸ਼ਾਸਤਰ ਦੇ ਪ੍ਰੋਫੈਸਰ ਮਾਈਕਲ ਗ੍ਰੀਨਸਟੋਨ ਨੇ ਹਵਾ ਪ੍ਰਦੂਸ਼ਣ ਨਾਲ ਉਮਰ 'ਤੇ ਪੈਣ ਵਾਲੇ ਅਸਰ 'ਤੇ ਕੀਤੀ ਰਿਸਰਚ ਰਾਹੀਂ ਸਿੱਟਾ ਕੱਢਿਆ ਕਿ ਦਿੱਲੀ ਦੇ ਲੋਕਾਂ ਦੀ ਉਮਰ ਛੇ ਸਾਲ ਤੱਕ ਹੋਰ ਵੱਧ ਸਕਦੀ ਹੈ, ਜੇ ਇੱਥੋਂ ਦੀ ਹਵਾਂ ਵਿੱਚ ਖਤਰਨਾਕ ਸੂਖ਼ਮ ਪੀਐੱਮ 2.5 ਕਣਾਂ ਦੀ ਮਾਤਰਾ ਕੌਮੀ ਪੱਧਰ 40 ਮਾਈਕਰੋਗ੍ਰਾਮ ਪ੍ਰਤੀ ਘਨ ਮੀਟਰ ਤੱਕ ਹੋ ਜਾਵੇ।
ਜੇ ਇਹ ਵਿਸ਼ਵ ਸਿਹਤ ਸੰਗਠਨ ਦੇ ਮਾਣਕ ਪੱਧਰ 10 ਮਾਈਕਰੋਗ੍ਰਾਮ ਪ੍ਰਤੀ ਘਨ ਮੀਟਰ ਤੱਕ ਹੋ ਜਾਵੇ ਤਾਂ ਉਮਰ ਨੌ ਸਾਲ ਤੱਕ ਵੱਧ ਸਕਦੀ ਹੈ।
ਇਹ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਦੀ ਸਭ ਤੋਂ ਵੱਡੀ ਅਲੋਚਨਾ ਹੋ ਸਕਦੀ ਹੈ।












