ਰਿਸ਼ੀ ਸੁਨਕ: ਪੀਐੱਮ ਮੋਦੀ ਨੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਕਿਹੜਾ ‘ਰੋਡਮੈਪ’ ਕਰਾਇਆ ਚੇਤੇ ਤੇ ਬਾਇਡਨ ਕੀ ਬੋਲੇ

ਰਿਸ਼ੀ ਸੁਨਕ ਨੂੰ ਬ੍ਰਿਟੇਨ ਦਾ 57ਵੇਂ ਪ੍ਰਧਾਨ ਮੰਤਰੀ ਦਾ ਰਸਮੀ ਐਲਾਨ ਹੋ ਗਿਆ ਹੈ, ਉਨ੍ਹਾਂ ਨੂੰ ਕਿੰਗ ਚਾਰਲਸ ਨੇ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ।

ਮੰਗਲਵਾਰ ਨੂੰ ਪ੍ਰਧਾਨ ਮੰਤਰੀ ਲਿਜ਼ ਟ੍ਰਸ ਦੇ ਰਾਜਾ ਚਾਰਲਸ ਨੂੰ ਰਸਮੀਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਰਿਸ਼ੀ ਸੁਨਕ ਨੇ ਰਾਜੇ ਨਾਲ ਰਸਮੀਂ ਮੁਲਾਕਾਤ ਕੀਤੀ।

ਇਸ ਦੇ ਨਾਲ ਹੀ ਉਹ ਇਸ ਸਾਲ ਵਿੱਚ ਬਣਨ ਵਾਲੇ ਤੀਜੇ ਅਤੇ ਦੋ ਦਹਾਕਿਆਂ ਵਿੱਚ ਦੇਸ਼ ਨੂੰ ਮਿਲਣ ਵਾਲੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਹਨ।

42 ਸਾਲਾ ਸੁਨਕ ਯੂਕੇ ਦੇ ਪਹਿਲੇ ਏਸ਼ੀਆਈ ਮੂਲ ਦੇ ਹਿੰਦੂ ਪ੍ਰਧਾਨ ਮੰਤਰੀ ਹਨ।

ਰਿਸ਼ੀ ਸੁਨਕ ਦਾ ਬ੍ਰਿਟੇਨ ਦੀ ਜਨਤਾ ਨੂੰ ਸੰਬੋਧਨ

ਰਿਸ਼ੀ ਸੁਨਕ ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਦਫ਼ਤਰ) ਦੇ ਬਾਹਰ ਪ੍ਰਧਾਨ ਮੰਤਰੀ ਵਜੋਂ ਪਹਿਲੀ ਵਾਰ ਰਾਸ਼ਟਰ (ਬ੍ਰਿਟੇਨ) ਨੂੰ ਸੰਬੋਧਿਤ ਕਰ ਰਹੇ ਹਨ।

ਇਸ ਦੌਰਾਨ ਸੁਨਕ ਨੇ ਆਪਣੇ ਤੋਂ ਪਹਿਲੀ ਪ੍ਰਧਾਨ ਮੰਤਰੀ ਰਹੀ ਲਿਜ਼ ਟ੍ਰਸ ਦਾ ਧੰਨਵਾਦ ਕੀਤਾ।

ਉਨ੍ਹਾਂ ਦੇ ਭਾਸ਼ਣ ਦੀਆਂ ਮੁੱਖ ਗੱਲਾਂ

  • ਇਸ ਸਮੇਂ ਸਾਡਾ ਦੇਸ਼ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
  • ਕੋਵਿਡ ਦੇ ਸਿੱਟੇ ਲੰਬੇ ਹਨ।
  • ਪੂਰਵਵਰਤੀ ਵੱਲੋਂ ਕੀਤੀਆਂ ਗਈਆਂ ਕੁਝ ਗਲਤੀਆਂ ਨੂੰ ਠੀਕ ਕਰਨ ਲਈ ਉਹ ਕੰਜ਼ਰਵੇਟਿਵ ਪਾਰਟੀ ਦੇ ਆਗੂ ਪ੍ਰਧਾਨ ਮੰਤਰੀ ਚੁਣੇ ਗਏ ਹਨ।
  • ਮੈਂ ਜਦੋਂ ਚਾਂਸਲਰ ਸੀ ਤਾਂ ਮੈਂ ਫਰਲੋ ਵਰਗੀਆਂ ਸਕੀਮਾਂ ਰਾਹੀਂ 'ਲੋਕਾਂ ਨੂੰ ਅਤੇ ਕਾਰੋਬਾਰ ਨੂੰ ਸੁਰੱਖਿਅਤ' ਕਰਨ ਲਈ ਉਹ ਸਭ ਕੀਤਾ ਜੋ ਕਰ ਸਕਦਾ ਸੀ।
  • ਅੱਜ ਅਸੀਂ ਜਿੰਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਉਨ੍ਹਾਂ ਲਈ ਵੀ ਮੈਂ ਉਵੇਂ ਹੀ ਕੰਮ ਕਰਾਂਗਾ।
  • ਮੈਂ ਦੇਸ਼ ਨੂੰ ਗੱਲਾਂ ਨਾਲ ਹੀ ਕਾਰਵਾਈ ਨਾਲ ਜੋੜਾਂਗਾ।
  • ਮੈਂ ਤੁਹਾਡੇ ਲਈ ਦਿਨ-ਰਾਤ ਕੰਮ ਕਰਾਂਗਾ।
  • ਸੁਨਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਹਰ ਪੱਧਰ 'ਤੇ ਇਮਾਨਦਾਰੀ, ਪੇਸ਼ੇਵਰਤਾ ਅਤੇ ਜਵਾਬਦੇਹੀ ਹੋਵੇਗੀ।

ਇਸ ਦੌਰਾਨ ਰਿਸ਼ੀ ਸੁਨਕ ਨੇ ਪ੍ਰਧਾਨ ਮੰਤਰੀ ਵਜੋਂ ਬੋਰਿਸ ਜੌਨਸਨ ਦੀਆਂ ਦੀਆਂ "ਸ਼ਾਨਦਾਰ ਪ੍ਰਾਪਤੀਆਂ" ਦੀ ਗੱਲ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਹਮੇਸ਼ਾ ਧੰਨਵਾਦੀ ਰਹਿਣਗੇ।

ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਜੌਹਨਸਨ ਦੇ ਨਿੱਘ ਅਤੇ ਉਤਸ਼ਾਹ ਦੀ ਉਦਾਰਤਾ ਦਾ ਖ਼ਜ਼ਾਨਾ ਰੱਖਣਗੇ।

ਦੁਨੀਆਂ ਭਰ ਦੇ ਅਖ਼ਬਾਰਾਂ ਵਿੱਚ ਇਸ ਨੂੰ 'ਇੱਕ ਇਤਿਹਾਸਿਕ' ਘਟਨਾ ਦੱਸਿਆ ਜਾ ਰਿਹਾ ਹੈ, ਸੰਸਾਰ ਭਰ ਦੇ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਅਤੇ ਆਗੂਆਂ ਦੇ ਉਨ੍ਹਾਂ ਬਾਰੇ ਪ੍ਰਤੀਕਰਮ ਆ ਰਹੇ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀ ਕਿਹਾ?

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਸ਼ੀ ਸੁਨਕ ਨੂੰ ਵਧਾਈ ਦਿੰਦਿਆ ਟਵੀਟ ਕੀਤਾ ਹੈ।

ਇਸ ਟਵੀਟ ਵਿੱਚ ਮੋਦੀ ਨੇ ਲਿਖਿਆ ਹੈ, "ਯੂਕੇ ਦੇ ਪ੍ਰਧਾਨ ਮੰਤਰੀ ਬਣਨ ’ਤੇ ਮੈਂ ਤੁਹਾਡੇ ਨਾਲ ਕੌਮਾਂਤਰੀ ਮੁੱਦਿਆ 'ਤੇ ਕੰਮ ਕਰਨ ਦੇ ਨਾਲ ਹੀ ਰੋਡਮੈਪ 2030 ਨੂੰ ਅਮਲ ਵਿੱਚ ਲਿਆਉਣਾ ਚਾਹਾਂਗਾ।"

ਬ੍ਰਿਟੇਨ ਅਤੇ ਭਾਰਤ ਨੇ ਵਪਾਰ ਤੋਂ ਲੈ ਕੇ ਨਿਵੇਸ਼ ਅਤੇ ਤਕਨਾਲੋਜੀ ਭਾਈਵਾਲੀ ਤੱਕ ਦੇ ਮੁੱਦਿਆਂ 'ਤੇ 'ਰੋਡਮੈਪ 2030' ਨਾਮ ਦਾ ਇੱਕ ਸਮਝੌਤਾ ਕੀਤਾ ਹੈ।

ਇਸ ਦੇ ਨਾਲ ਹੀ, ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ, "ਹੁਣ ਜਦੋਂ ਅਸੀਂ ਆਪਣੇ ਇਤਿਹਾਸਕ ਸਬੰਧਾਂ ਨੂੰ ਆਧੁਨਿਕ ਸਾਂਝੇਦਾਰੀ ਵਿੱਚ ਬਦਲ ਰਹੇ ਹਾਂ ਤਾਂ ਇਸ ਮੌਕੇ 'ਤੇ ਬਰਤਾਨਵੀ ਭਾਰਤੀਆਂ ਨੂੰ ਦੀਵਾਲੀ ਦੀਆਂ ਵਿਸ਼ੇਸ਼ ਸ਼ੁਭਕਾਮਨਾਵਾਂ।''

ਬਰਤਾਨਵੀ ਰਾਜਨੀਤੀ ਵਿੱਚ ਇਸ ਬਦਲਾਅ ਨੂੰ ਲੈ ਕੇ ਭਾਰਤੀ ਨਿਊਜ਼ ਚੈਨਲਾਂ 'ਤੇ ਖ਼ਾਸ ਕਵਰੇਜ ਦੇਖਣ ਨੂੰ ਮਿਲੀ। ਇੱਕ ਚੈਨਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਬਰਤਾਨਵੀ ਸਾਮਰਾਜ 'ਤੇ ਆਖ਼ਰ ਇੱਕ ਭਾਰਤੀ ਪੁੱਤਰ ਨੇ ਜਿੱਤ ਹਾਸਿਲ ਕੀਤੀ, ਬਰਤਾਨੀਆ ਦੇ ਇਤਿਹਾਸ ਨੇ ਆਪਣਾ ਚੱਕਰ ਪੂਰਾ ਕਰ ਲਿਆ ਹੈ।

ਭਾਰਤੀ ਮੀਡੀਆ ਵਿੱਚ ਸੁਨਕ ਦੀ ਇਸ ਪ੍ਰਾਪਤੀ ਦੀ ਚਰਚਾ ਹੋਣੀ ਲਾਜ਼ਮੀ ਸਮਝੀ ਜਾਂਦੀ ਹੈ। ਸੁਨਕ ਦੇ ਦਾਦਾ-ਦਾਦੀ ਵੰਡ ਤੋਂ ਪਹਿਲਾਂ ਵਾਲੇ ( ਗੁਜਰਾਂਵਾਲਾ, ਹੁਣ ਪਾਕਿਸਤਾਨ)ਪੰਜਾਬ ਦੇ ਵਸਨੀਕ ਸਨ।

ਰਿਸ਼ੀ ਦੇ ਸਹੁਰਾ ਨਰਾਇਣ ਮੂਰਤੀ ਇਨਫੋਸਿਸ ਦੇ ਸੰਸਥਾਪਕ ਅਤੇ ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀਆਂ ਵਿੱਚੋਂ ਇੱਕ ਹਨ।

ਸੁਨਕ ਇੱਕ ਹਿੰਦੂ ਹਨ ਤੇ ਬਰਤਾਨਵੀ ਸੰਸਦ ਮੈਂਬਰ ਬਣਨ ਵੇਲੇ ਵੀ ਉਹਨਾਂ ਨੇ ਗੀਤਾ 'ਤੇ ਹੱਥ ਰੱਖ ਕੇ ਸੁੰਹ ਚੁੱਕੀ ਸੀ।

ਇਹ ਵੀ ਪੜ੍ਹੋ-

ਯੂਰਪੀਅਨ ਸੰਘ ਦੇ ਆਗੂਆਂ ਨੇ ਕੀ ਕਿਹਾ

ਯੂਰਪੀਅਨ ਪਰਿਸ਼ਦ ਦੇ ਪ੍ਰਮੁੱਖ ਸ਼ਾਲਰਸ ਮੀਸ਼ੇਲ ਨੇ ਇਸ ਖ਼ਬਰ 'ਤੇ ਪ੍ਰਤੀਕ੍ਰਿਆ ਦਿੰਦਿਆ ਕਿਹਾ ਕਿ, 'ਸਾਡੇ ਸਾਹਮਣੇ ਜੋ ਸਾਂਝੀਆਂ ਚੁਣੌਤੀਆਂ ਹਨ, ਉਹਨਾਂ ਦਾ ਸਾਹਮਣਾ ਕਰਨ ਲਈ ਸਾਨੂੰ ਇਕੱਠਿਆ ਕਰਨਾ ਪਵੇਗਾ ਤੇ ਸਥਿਰਤਾ ਬਰਕਰਾਰ ਰੱਖਣਾ ਇਸ ਦਿਸ਼ਾ ਵਿੱਚ ਬੇਹੱਦ ਅਹਿਮ ਹੈ।'

ਬੀਬੀਸੀ ਦੀ ਯੂਰਪ ਸੰਪਾਦਕ ਕਾਤਿਆ ਐਡਲਰ ਦਾ ਕਹਿਣਾ ਹੈ ਕਿ ਸੁਨਕ ਨੂੰ ਬ੍ਰੈਗਜਿਟ ਦਾ ਸਮਰਥਨ ਕਰਨ ਵਾਲੇ ਆਗੂਆਂ ਵਿੱਚ ਗਿਣਿਆ ਜਾਂਦਾ ਹੈ।

ਪਰ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਆਗੂਆਂ ਨੇ ਇਸ ਗੱਲ ਤੋਂ ਰਾਹਤ ਦਾ ਸਾਹ ਲਿਆ ਹੋਵੇਗਾ ਕਿ ਸੁਨਕ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਰਹੇ ਹੈ, ਬੋਰਿਸ ਜੌਨਸਨ ਨਹੀਂ।

ਰਿਸ਼ੀ ਸੁਨਕ ਨੂੰ ਇੱਕ ਸੁਲਝਿਆ ਹੋਇਆ ਰਾਜਨੇਤਾ ਮੰਨਿਆ ਜਾਂਦਾ ਹੈ ਤੇ ਯੂਰਪੀਅਨ ਸੰਘ ਊਰਜਾ ਦੀਆਂ ਵਧਦੀਆਂ ਕੀਮਤਾਂ ਤੋਂ ਲੈ ਕੇ ਉੱਤਰੀ ਆਇਰਲੈਂਡ ਪ੍ਰੋਟੋਕੋਲ ਵਰਗੇ ਗੁੰਝਲਦਾਰ ਮੁੱਦਿਆਂ 'ਤੇ ਕੰਮ ਕਰਨਾ ਚਾਹੇਗਾ।

ਇਹ ਇੱਕ ਅਹਿਮ ਵਪਾਰਕ ਮੁੱਦਾ ਹੈ ਜੋ ਬ੍ਰੈਗਜ਼ਿਟ ਬਾਰੇ ਚਰਚਾ ਦੌਰਾਨ ਅਣਸੁਲਝਿਆ ਰਹਿ ਗਿਆ ਸੀ।

ਕੀ ਬੋਲੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੁਨਕ ਦੀ ਜਿੱਤ ਨੂੰ ਇੱਕ ਇਤਿਹਾਸਕ ਘਟਨਾ ਕਰਾਰ ਦਿੱਤਾ ਹੈ।

ਹਾਲਾਂਕਿ, ਬਾਇਡਨ ਨੇ ਅਧਿਕਾਰਤ ਤੌਰ 'ਤੇ ਸੁਨਕ ਨੂੰ ਹਾਲੇ ਵਧਾਈ ਨਹੀਂ ਦਿੱਤੀ ਹੈ। ਉਹ ਆਪਣਾ ਵਧਾਈ ਸੰਦੇਸ਼ ਸੁਨਕ ਦੀ ਬਰਤਾਨੀਆਂ ਦੇ ਰਾਜਾ ਚਾਰਲਸ ਨਾਲ ਮੁਲਾਕਾਤ ਤੋਂ ਬਾਅਦ ਜਾਰੀ ਕਰੇਗਾ। ਅਮਰੀਕੀ ਮੀਡੀਆ ਨੇ ਵੀ ਇਸ ਖਬਰ ਨੂੰ ਹੱਥੋ-ਹੱਥੀਂ ਲਿਆ ਹੈ।

ਅਮਰੀਕੀ ਅਖਬਾਰ 'ਨਿਊਯਾਰਕ ਟਾਈਮਜ਼' ਨੇ ਹਾਲ ਹੀ ਦੇ ਸਾਲਾਂ 'ਚ ਕੰਜ਼ਰਵੇਟਿਵ ਪਾਰਟੀ ਵੱਲੋਂ ਵੱਖ-ਵੱਖ ਵਰਗਾਂ ਪ੍ਰਤੀਨਿਧਤਾ ਦਿੱਤੇ ਜਾਣ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ।

ਅਖ਼ਬਾਰ ਨੇ ਲਿਖਿਆ ਹੈ ਕਿ ਸੁਨਕ ਦੀ ਜਿੱਤ ਗੋਰੇ ਲੋਕਾਂ ਨਾਲੋਂ ਅਲੱਗ ਰੰਗ ਨਾਲ ਵਾਲੇ ਲੋਕਾਂ ਤੇ ਔਰਤਾਂ ਦੇ ਉੱਚੇ ਆਹੁਦਿਆਂ 'ਤੇ ਪਹੁੰਚਣ ਦੇ ਇਤਿਹਾਸ ਵਿੱਚ ਇੱਕ ਹੋਰ ਅਹਿਮ ਪੜਾਅ ਹੈ।

ਯੂਕਰੇਨ ਦੇ ਰਾਸ਼ਟਰਪਤੀ ਨੇ ਕੀ ਕਿਹਾ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵੱਲੋਂ ਹਾਲੇ ਤੱਕ ਇਸ ਖ਼ਬਰ 'ਤੇ ਕੋਈ ਅਧਿਕਾਰਿਤ ਪ੍ਰਤੀਕਿਰਿਆ ਨਹੀਂ ਆਈ ਹੈ।

ਪਰ ਯੂਕਰੇਨ ਦੀ ਸੰਸਦ ਦੇ ਡਿਪਟੀ ਸਪੀਕਰ, ਓਲੇਕਜ਼ੈਂਡਰ ਕੋਰਨੀਏਂਕੋ ਨੇ ਕਿਹਾ ਹੈ ਕਿ ਉਹ ਸੁਨਕ ਦਾ ਇੱਕ ਸਹਿਯੋਗੀ ਵਜੋਂ ਸਵਾਗਤ ਕਰਦਾ ਹੈ।

ਉਹਨਾਂ ਨੇ ਕਿਹਾ, "ਕੁਝ ਸਮੇਂ ਤੱਕ ਸਿਆਸੀ ਅਸਥਿਰਤਾ ਦਾ ਸਾਹਮਣਾ ਕਰਨ ਤੋਂ ਬਾਅਦ ਇੱਕ ਵਾਰ ਫਿਰ ਸਥਿਰਤਾ ਵੱਲ ਵਧਣ ਲਈ ਯੂਕੇ ਦੇ ਲੋਕਾਂ ਨੂੰ ਵਧਾਈ।"

ਯੂਕਰੇਨ ਦੀ ਨਿਊਜ਼ ਵੈੱਬਸਾਈਟ ਗਲਾਵਕਾਮ ਨੇ ਲਿਖਿਆ ਹੈ ਕਿ 'ਬੋਰਿਸ ਜੌਨਸਨ ਅਤੇ ਰਿਸ਼ੀ ਸੁਨਕ ਦੋਵੇਂ ਯੂਕਰੇਨ ਲਈ ਚੰਗੀ ਖ਼ਬਰ ਹੁੰਦੇ। ਅਤੇ ਯੂਕਰੇਨ ਦੇ ਮੁੱਦੇ 'ਤੇ ਸੁਨਕ ਨੇ ਹੁਣ ਤੱਕ ਜੋ ਕਿਹਾ ਹੈ, ਉਹ ਭਰੋਸਾ ਦੇਣ ਵਾਲਾ ਹੈ।

ਉਹਨਾਂ ਨੇ ਕਿਹਾ, "ਕੁਝ ਸਮੇਂ ਤੱਕ ਸਿਆਸੀ ਅਸਿਥਰਤਾ ਦਾ ਸਾਹਮਣਾ ਕਰਨ ਤੋਂ ਬਾਅਦ ਇੱਕ ਵਾਰ ਫ਼ਿਰ ਸਥਿਰਤਾ ਵੱਲ ਵੱਧਣ ਵਾਲੀ ਬਰਤਾਨਵੀ ਜਨਤਾ ਨੂੰ ਵਧਾਈ।"

ਪਾਕਿਸਤਾਨ ਦੇ ਪ੍ਰਧਾਨਮੰਤਰੀ ਨੇ ਕੀ ਕਿਹਾ

ਪਾਕਿਸਤਾਨ ਦੇ ਪ੍ਰਧਾਨਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਟਵੀਟ ਕਰ ਇਸ ਕਾਮਯਾਬੀ ਲਈ ਰਿਸ਼ੀ ਸੁਨਕ ਨੂੰ ਵਧਾਈ ਦਿੱਤੀ ਹੈ।

ਉਹਨਾਂ ਨੇ ਲਿਖਿਆ ਹੈ, "ਰਿਸ਼ੀ ਸੁਨਕ ਨੂੰ ਬਰਤਾਨੀਆਂ ਦੇ ਅਗਲੇ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਚੁਣੇ ਜਾਣ 'ਤੇ ਵਧਾਈ। ਮੈਂ ਉਹਨਾਂ ਨਾਲ ਮਿਲਕੇ ਸਾਂਝੇ ਹਿੱਤਾਂ ਅਤੇ ਪਾਕਿਸਤਾਨ-ਬਰਤਾਨਵੀਂ ਰਿਸ਼ਤਿਆਂ ਨੂੰ ਮਜ਼ਬੂਤੀ ਦੇਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੁੰਗਾ।"

ਇਸਰਾਈਲ ਦੇ ਵਿੱਤ ਮੰਤਰੀ

ਇਸਰਾਈਲ ਦੇ ਵਿੱਤ ਮੰਤਰੀ ਏਵਿਗਡੋਰ ਲਿਵਰਮੈਨ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ।

ਉਹਨਾਂ ਨੇ ਲਿਖਿਆ ਹੈ, "ਮੈਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ 'ਤੇ ਰਿਸ਼ੀ ਸੁਨਕ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਇਸ ਸਾਲ ਦੀ ਸ਼ੁਰੂਆਤ ਵਿੱਚ ਮੇਰੀ ਲੰਦਨ ਵਿੱਚ ਉਹਨਾਂ ਨਾਲ ਮੁਲਾਕਾਤ ਹੋਈ ਸੀ। ਉਹ ਇਸਰਾਈਲ ਦੇ ਸੱਚੇ ਸਾਥੀ ਹਨ। ਮੈਂ ਜਾਣਦਾ ਹਾਂ ਕਿ ਉਹ ਦੋਵੇਂ ਦੇਸਾਂ ਦੇ ਸਾਂਝੇ ਹਿੱਤਾਂ ਨੂੰ ਅੱਗੇ ਵਧਾਉਮ ਲਈ ਇੱਕਠਿਆਂ ਕੰਮ ਕਰਨਗੇ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)