You’re viewing a text-only version of this website that uses less data. View the main version of the website including all images and videos.
ਏਸੀ, ਫਰਿੱਜ, ਟੀਵੀ ਦੇ ਇਸਤੇਮਾਲ ਦੇ ਸਹੀ ਤਰੀਕੇ ਜਾਣੋ ਜਿਸ ਨਾਲ ਬਿਜਲੀ ਦੀ ਬੱਚਤ ਹੋ ਸਕਦੀ ਹੈ
- ਲੇਖਕ, ਅਲਮੁਡੇਨਾ ਡੀ ਕੈਬੋ
- ਰੋਲ, ਬੀਬੀਸੀ ਪੱਤਰਕਾਰ
ਦਿਨੋਂ-ਦਿਨ ਮਹਿੰਗੀ ਹੁੰਦੀ ਬਿਜਲੀ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖਰ ਬਿਜਲੀ 'ਤੇ ਖਰਚ ਹੁੰਦੇ ਇਸ ਪੈਸੇ ਨੂੰ ਕਿਵੇਂ ਬਚਾਇਆ ਜਾਵੇ।
ਇਸ ਲਈ ਸਭ ਤੋਂ ਸੌਖਾ ਤਰੀਕਾ ਤਾਂ ਇਹ ਹੈ ਕਿ ਕਮਰੇ ਤੋਂ ਬਾਹਰ ਜਾਣ ਸਮੇਂ ਹਰ ਵਾਰ ਬੱਲਬ ਬੰਦ ਕਰਕੇ ਹੀ ਬਾਹਰ ਨਿਕਲੋ।
ਹਾਲਾਂਕਿ ਬਹੁਤ ਘੱਟ ਲੋਕ ਫਰਿੱਜ ਬਾਰੇ ਸੋਚਦੇ ਹਨ, ਜੋ ਸਭ ਤੋਂ ਜ਼ਿਆਦਾ ਬਿਜਲੀ ਇਸਤੇਮਾਲ ਕਰਦਾ ਹੈ।
ਇੱਥੇ ਅਸੀਂ ਕੁਝ ਨੁਕਤੇ ਸਾਂਝੇ ਕਰ ਰਹੇ ਹਾਂ ਜੋ ਸ਼ਾਇਦ ਤੁਹਾਡੇ ਲਈ ਇਸ ਦਿਸ਼ਾ ਵਿੱਚ ਮਦਦਗਾਰ ਸਾਬਤ ਹੋਣ।
ਘਰ ਨੂੰ ਗਰਮ ਰੱਖਣ ਦਾ ਕਾਰਗਰ ਢੰਗ
ਇਹ ਸੁਣਨ ਨੰ ਬੜਾ ਸਧਾਰਨ ਲੱਗ ਸਕਦਾ ਹੈ ਪਰ ਚੰਗੀ ਤਰ੍ਹਾਂ ਬੰਦ ਹੋਣ ਵਾਲੀਆਂ ਖਿੜਕੀਆਂ ਅਤੇ ਵਧੀਆ ਪਰਦੇ ਤੁਹਾਡੇ ਕੁਝ ਪੈਸੇ ਤਾਂ ਬਚਾ ਹੀ ਸਕਦੇ ਹਨ।
ਠੰਢੇ ਇਲਾਕਿਆਂ ਵਿੱਚ ਘਰਾਂ ਨੂੰ ਗਰਮ ਰੱਖਣ ਲਈ ਹੀਟਿੰਗ ਪ੍ਰਣਾਲੀ ਉੱਪਰ ਬਿਜਲੀ ਦੀ ਚੋਖੀ ਖਪਤ ਹੁੰਦੀ ਹੈ।
ਆਰਗੇਨਾਈਜ਼ੇਸ਼ਨ ਆਫ਼ ਕਨਜ਼ਿਊਮਰ ਐਂਡ ਯੂਜ਼ਰਸ ਆਫ਼ ਸਪੇਨ (ਓਸੀਯੂ) ਦੇ ਗਰੇਸੀਆ ਨੇ ਬੀਬੀਸੀ ਮੁੰਡੋ ਸੇਵਾ ਨੂੰ ਇਸ ਬਾਰੇ ਦੱਸਿਆ।
ਉਨ੍ਹਾਂ ਨੇ ਕਿਹਾ, "ਜੇ ਹੀਟਿੰਗ ਪ੍ਰਣਾਲੀ ਬਿਜਲੀ ਵਾਲੀ ਹੈ ਤਾਂ ਘਰ ਚੰਗੀ ਤਰ੍ਹਾਂ ਬੰਦ ਰੱਖਣਾ ਮਹੱਤਵਪੂਰਨ ਹੈ। ਚੰਗੀ ਕਿਸਮ ਦੇ ਪਰਦੇ ਅਤੇ ਖਿੜਕੀਆਂ ਜੋ ਚੰਗੀ ਤਰ੍ਹਾਂ ਬੰਦ ਹੁੰਦੀਆਂ ਹੋਣ, ਖਪਤ ਹੋ ਰਹੀ ਊਰਜਾ ਨੂੰ ਬਚਾਉਣ ਦੇ ਮਾਮਲੇ ਵਿੱਚ ਮਦਦਗਾਰ ਹੁੰਦੇ ਹਨ।"
ਤਾਪਮਾਨ ਸਹੀ ਰੱਖੋ ਤੇ ਦਰਵਾਜ਼ੇ ਬੰਦ ਰੱਖੋ
ਖਿੜਕੀਆਂ ਬੰਦ ਰੱਖਣ ਤੋਂ ਬਾਅਦ ਦੂਜਾ ਅਹਿਮ ਨੁਕਤਾ ਹੈ ਘਰ ਦੇ ਅੰਦਰ ਸਹੀ ਤਾਪਮਾਨ ਬਰਕਰਾਰ ਰੱਖਣਾ।
ਮਾਹਿਰਾਂ ਮੁਤਾਬਕ, "ਸਰਦੀਆਂ ਵਿੱਚ ਸੁਖਾਵਾਂ ਤਾਪਮਾਨ 23 ਡਿਗਰੀ ਸੈਲਸੀਅਸ ਤੋਂ ਵੱਧ ਨਹੀਂ ਰੱਖਣਾ ਚਾਹੀਦਾ। 21 ਅਤੇ 23 ਡਿਗਰੀ ਦੇ ਦਰਮਿਆਨ ਰੱਖਿਆ ਤਾਪਮਾਨ ਬਿਲਕੁਲ ਸਹੀ ਹੈ। ਹਰ ਇੱਕ ਡਿਗਰੀ ਤਾਪਮਾਨ ਦਾ ਮਤਲਬ ਹੈ ਕਿ ਉਪਕਰਣ 7 ਤੋਂ 10 ਫੀਸਦੀ ਜ਼ਿਆਦਾ ਬਿਜਲੀ ਖਰਚ ਕਰਨਗੇ ਅਤੇ ਜ਼ਿਆਦਾਤਰ ਉਪਕਰਣ 7 ਫੀਸਦੀ ਤੱਕ ਬਿਜਲੀ ਦੀ ਖਪਤ ਕਰਨਗੇ।"
ਇਸ ਤੋਂ ਇਲਾਵਾ ਕਮਰਿਆਂ ਦੇ ਦਰਵਾਜ਼ੇ ਬੰਦ ਰੱਖ ਕੇ ਵੀ ਤੁਸੀਂ ਕੁਝ ਬਿਲ ਬਚਾਅ ਸਕਦੇ ਹੋ। ਕਮਰਿਆਂ ਨੂੰ ਬੰਦ ਰਖਣ ਨਾਲ ਗਰਮੀ ਕਾਇਮ ਰੱਖਣ ਵਿੱਚ ਮਦਦ ਮਿਲਦੀ ਹੈ।
ਏਅਰ ਕੰਡਿਸ਼ਨਿੰਗ ਦੇ ਮਾਮਲੇ ਵਿੱਚ ਪਰਦੇ ਬੰਦ ਰੱਖੇ ਜਾ ਸਕਦੇ ਹਨ ਤਾਂ ਜੋ ਕਮਰਾ ਜ਼ਿਆਦਾ ਗਰਮ ਨਾ ਹੋਵੇ। ਏਸੀ ਨੂੰ ਉਦੋਂ ਹੀ ਚਲਾਉਣਾ, ਜਦੋਂ ਅਜੇ ਕਮਰੇ ਗਰਮ ਨਹੀਂ ਹੋਏ (ਦੁਪਹਿਰ ਤੋਂ ਪਹਿਲਾਂ) ਤਾਂ ਬਿਜਲੀ ਬਚਾਈ ਜਾ ਸਕਦੀ ਹੈ।
ਓਸੀਯੂ ਮੁਤਾਬਕ ਉਪਕਰਣ ਨੂੰ ਬਾਹਰ ਦੇ ਤਾਪਮਾਨ ਤੋਂ ਅੱਠ ਡਿਗਰੀ ਥੱਲੇ ਸੈਟ ਕਰਨਾ ਚਾਹੀਦਾ ਹੈ।
ਮਿਸਾਲ ਵਜੋਂ ਜੇ ਬਾਹਰ ਦਾ ਤਾਪਮਾਨ 33 ਡਿਗਰੀ ਹੈ ਤਾਂ ਅੰਦਰ ਦਾ ਤਾਪਮਾਨ 25 ਉੱਪਰ ਹੀ ਰੱਖੋ ਨਾ ਕਿ 18 ਡਿਗਰੀ 'ਤੇ।
ਸਰਦੀਆਂ ਅਤੇ ਗਰਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਡਿਗਰੀ ਵੀ ਤਾਪਮਾਨ ਨੂੰ ਵਧਾਉਣ ਜਾਂ ਘਟਾਉਣ ਨਾਲ ਊਰਜਾ ਦੀ ਖਪਤ 10 ਫੀਸਦੀ ਤੱਕ ਵਧ ਜਾਂਦੀ ਹੈ।
- ਕੁਝ ਤਰੀਕਿਆਂ ਨੂੰ ਆਪਣਾ ਕੇ ਤੁਸੀਂ ਬਿਜਲੀ ਦੀ ਖਪਤ ਘੱਟ ਕਰ ਸਕਦੇ ਹੋ ਅਤੇ ਆਪਣੇ ਪੈਸੇ ਬਚਾ ਸਕਦੇ ਹੋ।
- ਘਰਾਂ ਦੀ ਲਗਭਗ 55% ਬਿਜਲੀ ਘਰੇਲੂ ਉਪਕਰਣਾਂ ਦੇ ਇਸਤੇਮਾਲ ਵਿੱਚ ਖਪਤ ਹੁੰਦੀ ਹੈ।
- ਮਾਹਿਰਾਂ ਮੁਤਾਬਕ, ਬਿਜਲੀ ਬਚਾਉਣ ਲਈ ਊਰਜਾ ਦਕਸ਼ਤਾ ਵਿੱਚ ਹਮੇਸ਼ਾ A+, A++ ਜਾਂ A+++ ਰੇਟਿੰਗ ਵਾਲੇ ਉਪਕਰਣ ਹੀ ਖ਼ਰੀਦੋ।
- ਉਪਕਰਣਾਂ ਨੂੰ ਰਿਮੋਟ ਨਾਲ ਬੰਦ ਕਰਨ ਦੀ ਬਜਾਏ ਪਲੱਗ ਵਿੱਚੋਂ ਕੱਢ ਕੇ ਬੰਦ ਕੀਤਾ ਜਾਵੇ।
- ਉਪਕਰਣਾਂ ਨੂੰ ਪੂਰੀ ਤਰ੍ਹਾਂ ਬੰਦ ਨਾ ਕਰਨ ਦੀ ਆਦਤ ਆਮ ਘਰਾਂ ਵਿੱਚ ਸਾਲਾਨਾ 7 ਤੋਂ 10 ਫੀਸਦੀ ਬਿਜਲੀ ਦੀ ਖਪਤ ਲਈ ਜ਼ਿੰਮੇਵਾਰ ਹੈ।
ਉਪਕਰਣਾਂ ਦੀ ਕੁਸ਼ਲ ਵਰਤੋਂ
ਦੂਜਾ ਕਾਰਕ ਜਿਸ ਵਿੱਚ ਘਰਾਂ ਦੀ ਲਗਭਗ 55% ਬਿਜਲੀ ਖਪਤ ਹੁੰਦੀ ਹੈ, ਉਹ ਹਨ ਘਰੇਲੂ ਉਪਕਰਣ।
ਮਾਹਰ ਦਾ ਕਹਿਣਾ ਹੈ ਕਿ ਉਪਕਰਣਾਂ ਨੂੰ ਉਨ੍ਹਾਂ ਦੀ ਸਭ ਤੋਂ ਯੋਗ ਸਮਰੱਥਾ ਉੱਪਰ ਚਲਾਉਣ ਨਾਲ ਬਿਜਲੀ ਬਚਾਉਣ ਵਿੱਚ ਅਹਿਮ ਮਦਦ ਮਿਲਦੀ ਹੈ।
ਜੇ ਆਪਣੇ ਘਰ ਵਿੱਚ ਬਿਜਲੀ ਬਚਾਉਣਾ ਚਾਹੁੰਦੇ ਹੋ ਤਾਂ ਊਰਜਾ ਦਕਸ਼ਤਾ ਵਿੱਚ ਹਮੇਸ਼ਾ A+, A++ ਜਾਂ A+++ ਰੇਟਿੰਗ ਵਾਲੇ ਉਪਕਰਣ ਹੀ ਖ਼ਰੀਦੋ। ਭਾਵੇਂ ਇਹ ਖਰੀਦਣ ਵਿੱਚ ਮਹਿੰਗੇ ਜ਼ਰੂਰ ਹੁੰਦੇ ਹਨ ਪਰ ਲੰਬੇ ਸਮੇਂ ਵਿੱਚ ਸਸਤੇ ਪੈਂਦੇ ਹਨ।
ਗਰੇਸੀਆ ਮੁਤਾਬਕ, ਬਿਜਲੀ ਖਰਚਣ ਦੇ ਪ੍ਰਸੰਗ ਵਿੱਚ "ਰੈਫਰੀਜਰੇਟਰ ਸਭ ਤੋਂ ਜ਼ਿਆਦਾ ਬਿਜਲੀ ਖਾਂਦਾ ਹੈ, ਕਿਉਂਕਿ ਸਭ ਤੋਂ ਜ਼ਿਆਦਾ ਦੇਰ ਤੱਕ ਚਾਲੂ ਰਹਿੰਦਾ ਹੈ। ਇਸੇ ਵੱਲ ਸਾਨੂੰ ਸਭ ਤੋਂ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।"
ਫਰਿੱਜ ਤੋਂ ਬਿਜਲੀ ਬਚਾਉਣ ਲਈ ਇਹ ਕਦਮ ਕਾਰਗਰ ਹੋ ਸਕਦੇ ਹਨ-
- ਫਰੀਜ਼ਰ ਵਿੱਚ ਬਰਫ਼ ਨਾ ਜੰਮਣ ਦਿਓ।
- ਫਰਿੱਜ ਦੇ ਪਿਛਲੇ ਪਾਸੇ ਹਵਾ ਦਾ ਚੰਗਾ ਸੰਚਾਰ ਹੋਣਾ ਚਾਹੀਦਾ ਹੈ। ਇਹ ਕੰਧ ਤੋਂ ਉਚਿਤ ਦੂਰੀ ਉੱਪਰ ਰੱਖਿਆ ਹੋਵੇ ਅਤੇ ਉੱਥੇ ਧੂੜ ਨਾ ਜੰਮਣ ਦਿਓ।
- ਫਰਿੱਜ ਨੂੰ ਓਵਨ ਵਰਗੇ ਗਰਮੀ ਉਤਪਾਦਕ ਉਪਕਰਣਾਂ ਅਤੇ ਸਿੱਧੀ ਧੁੱਪ ਤੋਂ ਦੂਰ ਰੱਖੋ।
- ਫਰਿੱਜ ਵਿੱਚ ਗਰਮ ਖਾਣਾ ਨਾ ਰੱਖੋ, ਜੋ ਇਸ ਦਾ ਤਾਪਮਾਨ ਵਧਾ ਸਕਦਾ ਹੈ।
- ਖਾਣੇ ਦੇ ਵਿਚਕਾਰ ਵਿੱਥ ਰੱਖੋ ਤਾਂ ਜੋ ਹਵਾ ਅਸਾਨੀ ਨਾਲ ਘੁੰਮ ਸਕੇ। ਇਸ ਨਾਲ ਫਰਿੱਜ ਵਿੱਚ ਠੰਡਕ ਬਰਕਰਾਰ ਰੱਖਣ ਵਿੱਚ ਮਦਦ ਮਿਲਦੀ ਹੈ।
- ਆਖਰ ਵਿੱਚ ਇਸ ਨੂੰ ਜਿੰਨਾ ਥੋੜ੍ਹਾ ਹੋ ਸਕੇ ਉਨਾਂ ਥੋੜ੍ਹਾ ਖੋਲ੍ਹੋ।
ਜੇ ਤੁਹਾਨੂੰ ਬਹੁਤ ਜ਼ਿਆਦਾ ਗਰਮ ਪਾਣੀ ਦੀ ਲੋੜ ਨਹੀਂ ਹੈ ਤਾਂ 60 ਡਿਗਰੀ ਤਾਪਮਾਨ ਦੇ ਗਰਮ ਪਾਣੀ ਦੀ ਥਾਂ 40 ਡਿਗਰੀ ਤਾਪਮਾਨ ਉੱਪਰ ਤੁਹਾਡੇ ਚੰਗੇ ਪੈਸੇ ਬਚ ਸਕਦੇ ਹਨ।
ਮਾਹਰ ਮੁਤਾਬਕ, "ਮੈਂ ਕੱਪੜੇ ਧੋਣ ਲਈ ਲੰਬੇ ਈਕੋ ਮੋਡ ਵਰਤਣ ਦੀ ਸਿਫ਼ਾਰਿਸ਼ ਕਰਾਂਗੀ, ਜਿਸ ਵਿੱਚ ਘੱਟ ਬਿਜਲੀ ਖਰਚ ਹੁੰਦੀ ਹੈ।"
''ਇਸੇ ਤਰ੍ਹਾਂ ਕਈ ਇਲਾਕਿਆਂ ਵਿੱਚ ਵਾਲ ਸੁਕਾਉਣ ਵਾਲਾ (ਹੇਅਰ ਡਰਾਇਰ) ਬਹੁਤ ਜ਼ਿਆਦਾ ਬਿਜਲੀ ਖਾਂਦਾ ਹੈ। ਜਦਕਿ ਕਈ ਇਲਾਕਿਆਂ ਵਿੱਚ ਤਾਂ ਇਸ ਦੀ ਲੋੜ ਵੀ ਨਹੀਂ ਹੁੰਦੀ।''
ਇਸੇ ਤਰ੍ਹਾਂ ਭਾਂਡੇ ਧੋਣ ਵਾਲੀ ਮਸ਼ੀਨ ਨੂੰ ਵਾਰ-ਵਾਰ ਚਲਾਉਣ ਤੋਂ ਬਚੋ। ਭਾਂਡਿਆਂ ਨੂੰ ਸਹੀ ਤਰ੍ਹਾਂ ਚਿਣ ਕੇ ਰੱਖੋ ਤਾਂ ਜੋ ਘੱਟੋ-ਘੱਟ ਸਮੇਂ ਵਿੱਚ ਵਧੀਆ ਕੰਮ ਹੋ ਸਕੇ।
''ਇਸ ਤਰੀਕੇ ਨਾਲ ਭਾਂਢੇ ਧੋਣ ਦੇ ਚੱਕਰ ਘਟਾਏ ਜਾ ਸਕਦੇ ਹਨ।''
ਓਵਨ ਅਤੇ ਇਲਕੈਟਰਿਕ ਪਲੇਟਾਂ ਨੂੰ ਖਾਣਾ ਪੱਕਣ ਤੋਂ ਕੁਝ ਸਮਾਂ ਪਹਿਲਾਂ ਬੰਦ ਕਰ ਦਿਓ।
''ਚੁੱਲ੍ਹੇ ਅਤੇ ਹੌਟ ਪਲੇਟ ਨੂੰ ਕੁਝ ਦੇਰ ਪਹਿਲਾਂ ਬੰਦ ਕਰਕੇ ਤੁਸੀਂ ਉਸ ਵਿੱਚ ਬਚੀ ਹੋਈ ਗਰਮੀ ਨੂੰ ਇਸਤੇਮਾਲ ਕਰ ਸਕਦੇ ਹੋ।''
''ਜੇ ਕਿਸੇ ਖਾਣੇ ਨੂੰ ਪਕਾਉਣ ਵਿੱਚ ਇੱਕ ਘੰਟੇ ਦਾ ਸਮਾਂ ਲੱਗਦਾ ਹੈ ਤਾਂ ਦੱਸ ਮਿੰਟ ਪਹਿਲਾਂ ਚੁੱਲ੍ਹਾ ਬੰਦ ਕਰਨ ਨਾਲ 10 ਫੀਸਦੀ ਬਿਜਲੀ ਬਚਾਈ ਜਾ ਸਕਦੀ ਹੈ।''
ਲਾਟ ਨੂੰ ਬਚਾਉਣ ਲਈ ਸਹੀ ਘੇਰੇ ਵਾਲੇ ਬਰਤਨਾਂ ਦੀ ਵਰਤੋਂ ਕਰੋ।
ਦੂਜਾ ਤਰੀਕਾ ਇਹ ਹੋ ਸਕਦਾ ਹੈ ਕਿ ਖਾਣੇ ਨੂੰ ਪੱਕਣ ਸਮੇਂ ਢੱਕ ਕੇ ਰੱਖੋ।
ਰਿਮੋਟ ਦੀ ਵਰਤੋਂ ਘੱਟ ਕਰੋ
ਮੰਨ ਲਓ ਕਿ ਤੁਸੀਂ ਏਸੀ ਅਤੇ ਟੀਵੀ ਨੂੰ ਰਿਮੋਟ ਨਾਲ ਬੰਦ ਕਰਦੇ ਹੋ। ਇਸ ਤਰ੍ਹਾਂ ਪਲ-ਪਲ ਕਰਕੇ ਬਿਜਲੀ ਲੀਕ ਕਰਦੀ ਰਹਿੰਦੀ ਹੈ।
ਇੱਕ ਸੌਖਾ ਇਹ ਤਰੀਕਾ ਹੋ ਸਕਦਾ ਹੈ ਕਿ ਉਪਕਰਣਾਂ ਨੂੰ ਪਲੱਗ ਵਿੱਚੋਂ ਕੱਢ ਕੇ ਬੰਦ ਕੀਤਾ ਜਾਵੇ ਜਾਂ ਸਵਿੱਚ ਵਾਲੇ ਅਕਸਟੈਂਸ਼ਨ ਬੋਰਡ ਦੀ ਵਰਤੋਂ ਕਰੋ।
ਇਹੀ ਕੁਝ ਕੰਪਿਊਟਰਾਂ, ਪਰਿੰਟਰਾਂ ਅਤੇ ਸੈਲਫ਼ੋਨ ਚਾਰਜਰਾਂ, ਸਟੀਰੀਓ, ਮਾਈਕ੍ਰੋਵੇਵ ਅਤੇ ਰਾਊਟਰਾਂ ਵਰਗੇ ਉਪਕਰਣਾਂ ਦੀ ਕਹਾਣੀ ਹੈ।
ਇਹ ਉਪਕਰਣ ਲਗਭਗ ਸਾਰਾ ਦਿਨ ਬਿਜਲੀ ਚੂਸਦੇ ਰਹਿੰਦੇ ਹਨ।
ਇਹ ਵੀ ਪੜ੍ਹੋ-
ਜਦੋਂ ਕਿਸੇ ਉਪਕਰਣ ਦੀ ਲੋੜ ਨਾ ਹੋਵੇ ਤਾਂ ਉਸ ਨੂੰ ਸਵਿੱਚ ਤੋਂ ਬੰਦ ਕਰੋ ਨਾ ਕਿ ਉਸ ਨੂੰ ਸਲੀਪ ਮੋਡ ਜਾਂ ਸਟੈਂਡ ਬਾਇ ਉੱਪਰ ਰੱਖੋ।
ਇੱਕ ਗੱਲ ਹੋਰ ਹੈ ਕਿ ਟੈਲੀਵਿਜ਼ੀਨ ਜਿੰਨਾ ਪੁਰਾਣਾ ਹੋਵੇਗਾ, ਉਨੀਂ ਜ਼ਿਆਦਾ ਬਿਜਲੀ ਫੂਕੇਗਾ।
ਗਰੇਸੀਆ ਕਹਿੰਦੇ ਹਨ ਕਿ ਇਸ ਤਰ੍ਹਾਂ ਉਪਕਰਣਾਂ ਨੂੰ ਪੂਰੀ ਤਰ੍ਹਾਂ ਬੰਦ ਨਾ ਕਰਨ ਦੀ ਆਦਤ ਆਮ ਘਰਾਂ ਵਿੱਚ ਸਾਲਾਨਾ 7 ਤੋਂ 10 ਫੀਸਦੀ ਬਿਜਲੀ ਦੀ ਖਪਤ ਲਈ ਜ਼ਿੰਮੇਵਾਰ ਹੈ।
ਬਿਜਲੀ ਦੇ ਬੱਲਬ ਬਦਲ ਦਿਓ
ਰਵਾਇਤੀ ਬੱਲਬ ਬਹੁਤ ਜ਼ਿਆਦਾ ਬਿਜਲੀ ਖਰਚ ਕਰਦੇ ਹਨ। ਇਸ ਲਈ ਇਨ੍ਹਾਂ ਨੂੰ ਨਵੇਂ, ਊਰਜਾ ਪੱਖੋਂ ਕਾਰਗਰ ਬੱਲਬਾਂ ਨਾਲ ਬਦਲਿਆ ਜਾਣਾ ਚਾਹੀਦਾ ਹੈ।
ਸੀਐਫ਼ਐਲ ਅਤੇ ਐਲਈਡੀ ਬੱਲਬ ਰਵਾਇਤੀ ਬੱਲਬਾਂ ਦੇ ਮੁਕਾਬਲੇ 25 ਤੋਂ 80 ਫੀਸਦੀ ਘੱਟ ਬਿਜਲੀ ਦੀ ਖਪਤ ਕਰਦੇ ਹਨ।
ਜਦਕਿ ਰਵਾਇਤੀ ਬੱਲਬਾਂ ਨਾਲੋਂ ਤਿੰਨ ਤੋਂ 25 ਗੁਣਾ ਜ਼ਿਆਦਾ ਸਮਾਂ ਚੱਲਦੇ ਹਨ।
ਹਾਲਾਂਕਿ ਇਹ ਕੁਝ ਮਹਿੰਗੇ ਹਨ ਪਰ ਚੱਲਣ ਵਿੱਚ ਸਸਤੇ ਹਨ।
ਘੱਟ ਸਮੇਂ ਲਈ ਸ਼ਾਵਰ ਲਓ
ਨਹਾਉਣ ਦੀ ਥਾਂ ਫੁਹਾਰੇ ਦੀ ਵਰਤੋਂ ਕਰੋ (ਸ਼ਾਵਰ ਲਓ)। ਸ਼ਾਵਰ ਦਾ ਮੂੰਹ ਅਜਿਹਾ ਲਗਾਓ ਜੋ ਪਾਣੀ ਦੀ ਬਚਤ ਕਰਦਾ ਹੋਵੇ।
ਪੰਜ ਮਿੰਟ ਫੁਰਾਹੇ ਦੇ ਥੱਲੇ ਨਹਾਉਣ ਵਿੱਚ ਰਵਾਇਤੀ ਤਰੀਕੇ ਨਾਲ ਨਹਾਉਣ ਦੇ ਮੁਕਾਬਲੇ ਇੱਕ ਤਿਹਾਈ ਪਾਣੀ ਹੀ ਖਰਚ ਹੁੰਦਾ ਹੈ।
ਸਪਸ਼ਟ ਹੀ ਹੈ ਕਿ ਜਿੰਨਾ ਘੱਟ ਪਾਣੀ ਵਰਤਾਂਗੇ, ਉਸ ਨੂੰ ਗਰਮ ਕਰਨ ਵਿੱਚ ਖਰਚ ਹੋਣ ਵਾਲੀ ਬਿਜਲੀ ਦੀ ਉਨੀਂ ਹੀ ਬਚਤ ਹੋਵੇਗੀ।
ਟੂਟੀਆਂ ਨੂੰ ਠੰਢੇ ਪਾਣੀ ਉੱਪਰ ਸੈੱਟ ਕਰਕੇ ਰੱਖੋ।
ਇਸ ਸੌਖੇ ਤਰੀਕੇ ਨਾਲ ਵੀ ਕਾਫ਼ੀ ਬਿਜਲੀ ਬਚਾਈ ਜਾ ਸਕਦੀ ਹੈ। ਕਿਉਂਕਿ ਜੇ ਟੂਟੀ ਹਮੇਸ਼ਾ ਗਰਮ ਪਾਣੀ ਛੱਡੇਗੀ, ਭਾਵੇਂ ਦੋ ਮਿੰਟ ਲਈ ਹੀ ਸਹੀ। ਬਿਜਲੀ ਖਰਚ ਹੋਵੇਗੀ, ਜੋ ਬਚਾਈ ਜਾ ਸਕਦੀ ਹੈ।
ਵੱਡਾ ਸਵਾਲ- ਤੁਸੀਂ ਆਖਰ ਕਿੰਨੀ ਬਿਜਲੀ ਬਚਾਅ ਸਕਦੇ ਹੋ?
ਹੁਣ ਤੱਕ ਤੁਸੀਂ ਸੋਚ ਰਹੇ ਹੋਵੇਗੇ ਕਿ ਆਖਰ ਸਾਰੇ ਉਪਾਅ ਕਰਕੇ ਤੁਸੀਂ ਕਿੰਨਾ ਬਿਲ ਬਚਾਅ ਸਕਦੇ ਹੋ।
ਗਰੇਸੀਆ ਕਹਿੰਦੇ ਹਨ ਕਿ ਇਨ੍ਹਾਂ ਸਿਫ਼ਾਰਿਸ਼ਾਂ ਉੱਪਰ ਅਮਲ ਕਰਕੇ ਤੁਸੀਂ ਸਾਲਾਨਾ ਔਸਤ 30 ਫੀਸਦੀ ਬਿਜਲੀ ਬਚਾਅ ਸਕਦੇ ਹੋ।
ਇਹ ਵੀ ਪੜ੍ਹੋ:-