You’re viewing a text-only version of this website that uses less data. View the main version of the website including all images and videos.
ਰੋਕੀਟੈਂਸਕੀ ਸਿੰਡਰੋਮ: ਜੇ ਕੁੜੀਆਂ ਨੂੰ ਬਾਲਗ ਹੋਣ ਤੱਕ ਪੀਰੀਅਡਜ਼ ਨਹੀਂ ਆਉਂਦੇ ਤਾਂ ਇਹ ਹੋ ਸਕਦੀ ਹੈ ਸਮੱਸਿਆ
- ਲੇਖਕ, ਪ੍ਰਿਸਿਲਾ ਕਾਰਵਾਲਹੋ
- ਰੋਲ, ਰੀਓ ਡੀ ਜਨੇਰੀਓ, ਬੀਬੀਸੀ ਨਿਊਜ਼ ਬ੍ਰਾਜ਼ੀਲ
19 ਸਾਲਾ ਮਾਡਲ ਕੇਸੀਆ ਨੈਸੀਮੈਂਟੋ ਜਦੋਂ 13 ਸਾਲ ਦੀ ਸੀ ਤਾਂ ਉਹ ਸਰੀਰਕ ਪੱਖੋਂ ਆਪਣੀ ਉਮਰ ਦੀਆਂ ਕੁੜੀਆਂ ਦੀ ਤੁਲਨਾ ਵਿੱਚ ਵਧੇਰੇ ਵਿਕਸਤ ਸੀ।
ਪਰ, ਇਸ ਦੇ ਬਾਵਜੂਦ, ਉਸ ਦੀ ਅਜੇ ਵੀ ਮਾਹਵਾਰੀ ਸ਼ੁਰੂ ਨਹੀਂ ਹੋਈ ਸੀ।
ਉਹ ਦੱਸਦੀ ਹੈ, "ਮੇਰੀ ਮੰਮੀ ਨੂੰ ਇਹ ਥੋੜ੍ਹੀ ਦੇਰੀ ਨਾਲ ਸ਼ੁਰੂ ਹੋਈ ਸੀ ਅਤੇ ਮੈਂ ਸੋਚਿਆ ਕਿ ਇਹ ਆਮ ਵਰਤਾਰਾ ਹੈ। ਅਸੀਂ ਥੋੜ੍ਹਾ ਹੋਰ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ।"
15 ਸਾਲ ਦੀ ਉਮਰ ਵਿੱਚ ਵੀ ਉਸ ਨੂੰ ਮਾਹਵਾਰੀ ਆਉਣੀ ਸ਼ੁਰੂ ਨਹੀਂ ਹੋਈ ਸੀ। ਉਹ ਡਾਕਟਰ ਕੋਲ ਗਈ, ਪਰ ਕੁਝ ਵੀ ਖ਼ਾਸ ਨਹੀਂ ਸੀ, ਉਸ ਦੇ ਕੋਈ ਹੋਰ ਲੱਛਣ ਪ੍ਰਗਟ ਨਹੀਂ ਹੋਏ ਸਨ।
16 ਸਾਲ ਦੀ ਉਮਰ ਵਿੱਚ, ਜਣੇਪਾ ਰੋਗ ਮਾਹਰ ਨੇ ਉਸ ਨੂੰ ਕੁਝ ਟੈਸਟ ਕਰਾਉਣ ਲਈ ਕਿਹਾ, ਜਿਨ੍ਹਾਂ ਵਿੱਚ ਕੋਈ ਤਬਦੀਲੀ ਨਹੀਂ ਦੇਖੀ ਗਈ।
ਪਰ ਕਰੋਨਾ ਮਹਾਂਮਾਰੀ ਕਾਰਨ ਉਸ ਨੂੰ ਪੇਸ਼ੇਵਰ ਕੋਲ ਜਾਂਚ ਕਰਾਉਣ ਲਈ ਲੈ ਕੇ ਜਾਣਾ ਸੰਭਵ ਨਹੀਂ ਸੀ।
ਇੱਕ ਸਾਲ ਬਾਅਦ, ਜਦੋਂ ਨੈਸੀਮੈਂਟੋ 17 ਸਾਲ ਦੀ ਹੋਈ ਤਾਂ ਉਸ ਦਾ ਬਲੱਡ ਕਾਊਂਟ, ਟ੍ਰਾਂਸਵੈਜਾਈਨਲ ਅਲਟਰਾਸਾਊਂਡ ਅਤੇ ਹੋਰ ਗਾਇਨਾਕੋਲੋਜੀਕਲ ਟੈਸਟ ਕਰਵਾਏ ਗਏ।
ਉਹ ਦੱਸਦੀ ਹੈ, "ਡਾਕਟਰ ਉਸ ਪਲ ਹੈਰਾਨ ਰਹਿ ਗਈ, ਕਿਉਂਕਿ ਟੈਸਟਾਂ ਤੋਂ ਪਤਾ ਲੱਗਿਆ ਕਿ ਮੇਰੀ ਬੱਚੇਦਾਨੀ ਜਾਂ ਯੋਨੀ ਨਾਲੀ (ਵੈਜਾਈਨਲ ਕਨਾਲ) ਨਹੀਂ ਹੈ।"
ਉਹ ਕਹਿੰਦੀ ਹੈ ਕਿ ਉਸ ਸਮੇਂ ਉਸ ਨੇ ਡਾਕਟਰ ਨਾਲ ਮਜ਼ਾਕ ਕੀਤਾ ਅਤੇ ਉਸ ਨੂੰ ਕਿਹਾ ਕਿ ਉਹ ਮਾਂ ਬਣਨਾ ਚਾਹੁੰਦੀ ਹੈ।
ਡਾਕਟਰ ਨੇ ਨੈਸੀਮੈਂਟੋ ਨੂੰ ਇੱਕ ਹੋਰ ਟੈਸਟ ਕਰਾਉਣ ਲਈ ਕਿਹਾ ਅਤੇ ਉਸ ਨੂੰ ਦੱਸਿਆ ਕਿ ਉਸ ਦੀ ਕਿਸੇ ਪ੍ਰਕਾਰ ਦੀ ਅਣ- ਵਿਕਸਤ ਬੱਚੇਦਾਨੀ ਹੋ ਸਕਦੀ ਹੈ।
ਐਕਸ-ਰੇ ਕਰਵਾਉਣ ਤੋਂ ਬਾਅਦ, ਮੈਡੀਕਲ ਰਿਪੋਰਟ ਤੋਂ ਪਤਾ ਲੱਗਿਆ ਕਿ ਉਹ ਇੱਕ ਦੁਰਲੱਭ ਬਿਮਾਰੀ ਤੋਂ ਪੀੜਤ ਹੈ।
- ਡਾਕਟਰ ਰੋਕੀਟੈਂਸਕੀ ਸਿੰਡਰੋਮ ਨੂੰ ਦੁਰਲੱਭ ਬਿਮਾਰੀ ਨਹੀਂ ਮੰਨਦੇ ਹਨ।
- ਇਹ ਇੱਕ ਜਮਾਂਦਰੂ ਵਿਕਾਰ ਹੈ ਜੋ ਬੱਚੇਦਾਨੀ ਦੀ ਅਣਹੋਂਦ ਜਾਂ ਯੋਨੀ ਦੇ ਇੱਕ ਹਿੱਸੇ ਦੇ ਅਧੂਰੇ ਵਿਕਾਸ ਦਾ ਕਾਰਨ ਬਣਦਾ ਹੈ।
- ਇਹ ਸਥਿਤੀ ਭਰੂਣ ਬਣਨ ਦੇ ਦੌਰਾਨ ਪੈਦਾ ਹੁੰਦੀ ਹੈ।
- ਇਸ ਨਾਲ ਕੁੜੀਆਂ ਨੂੰ ਮਾਹਵਾਰੀ ਨਹੀਂ ਆਉਂਦੀ।
- ਆਮ ਤੌਰ 'ਤੇ, ਕੁੜੀਆਂ ਨੂੰ ਪਹਿਲੀ ਮਾਹਵਾਰੀ, 9 ਤੋਂ 13 ਸਾਲ ਦੀ ਉਮਰ ਦੇ ਵਿਚਕਾਰ ਆਉਂਦੀ ਹੈ।
- ਇਸ ਸਿੰਡਰੋਮ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ।
- ਜਦੋਂ ਬਾਹਰੀ ਜਣਨ ਅੰਗ ਆਮ ਵਾਂਗ ਹੋਵੇ ਤਾਂ ਸਿੰਡਰੋਮ ਦਾ ਪਤਾ ਲਗਾਉਣ ਵਿੱਚ ਵਧੇਰੇ ਮੁਸ਼ਕਲ ਹੁੰਦੀ ਹੈ।
ਸਿੰਡਰੋਮ ਦਾ ਪਤਾ ਲੱਗਣਾ
ਉਸ ਦੀ ਜਾਂਚ ਕਰਨ ਤੋਂ ਬਾਅਦ, ਗਾਇਨਾਕੋਲੋਜਿਸਟ ਨਾਲ ਹੋਏ ਸਲਾਹ-ਮਸ਼ਵਰੇ ਨੇ ਨੈਸੀਮੈਂਟੋ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ।
ਡਾਕਟਰ ਨੇ ਦੱਸਿਆ ਕਿ ਉਹ ਰੋਕੀਟੈਂਸਕੀ ਸਿੰਡਰੋਮ ਤੋਂ ਪੀੜਤ ਹੈ, ਜਿਸ ਕਾਰਨ ਕੁੜੀਆਂ ਦਾ ਜਨਮ ਬੱਚੇਦਾਨੀ ਤੋਂ ਬਿਨਾਂ ਅਤੇ ਛੋਟੀ ਯੋਨੀ ਨਾਲੀ ਨਾਲ ਹੁੰਦਾ ਹੈ।
ਉਸ ਮੌਕੇ ਨੂੰ ਯਾਦ ਕਰਦਿਆਂ ਉਹ ਦੱਸਦੀ ਹੈ, "ਜਦੋਂ ਉਨ੍ਹਾਂ ਨੇ ਮੈਨੂੰ ਇਹ ਦੱਸਿਆ, ਤਾਂ ਮੈਨੂੰ ਸਦਮਾ ਲੱਗਿਆ। ਮੈਂ ਕਦੇ ਵੀ ਇਸ ਤਰ੍ਹਾਂ ਦੀ ਉਮੀਦ ਨਹੀਂ ਕੀਤੀ ਸੀ।"
"ਮੈਂ ਇਹ ਕੁਝ ਆਪਣੀ ਮੰਮੀ ਦੇ ਨਾਲ ਬੈਠੀ ਸੁਣ ਰਹੀ ਸੀ ਅਤੇ ਜਦੋਂ ਡਾਕਟਰ ਨੇ ਗੱਲ ਕਰਨੀ ਬੰਦ ਕਰ ਦਿੱਤੀ, ਤਾਂ ਮੈਂ ਰੋਣ ਲਈ ਬਾਥਰੂਮ ਵਿੱਚ ਚਲੀ ਗਈ ਅਤੇ ਆਪਣੇ ਹੰਝੂ ਪੂੰਝ ਕੇ ਬਾਹਰ ਆਈ।"
ਘਰ ਆ ਕੇ ਹੀ ਵੀ ਨੈਸੀਮੈਂਟੋ ਨੂੰ ਆਪਣੀ ਸਥਿਤੀ ਬਾਰੇ ਬਹੁਤੇ ਉੱਤਰ ਨਹੀਂ ਮਿਲੇ ਅਤੇ ਉਹ ਹੋਰ ਵੀ ਨਿਰਾਸ਼ ਹੋ ਗਈ।
ਉਹ ਯਾਦ ਕਰਦੀ ਹੋਈ ਕਹਿੰਦੀ ਹੈ, "ਇਹ ਸਭ ਵਿਗਿਆਨਕ ਭਾਸ਼ਾ ਵਿੱਚ ਸੀ। ਇਸ ਵਿੱਚ ਆਮ ਬੰਦੇ ਲਈ ਸਮਝਣਯੋਗ ਭਾਸ਼ਾ ਵਿੱਚ ਕੁਝ ਵੀ ਨਹੀਂ ਸੀ।"
ਉਹ ਕਹਿੰਦੀ ਹੈ ਕਿ ਉਸ ਸਮੇਂ ਦੌਰਾਨ ਉਸ ਨੂੰ ਚਿੰਤਾ ਸੀ, ਹਾਲਾਂਕਿ ਉਸ ਨੇ ਮਾਂ ਬਣਨ ਦਾ ਸੁਪਨਾ ਨਹੀਂ ਦੇਖਿਆ ਸੀ, ਪਰ ਉਸ ਦੇ ਮਾਂ ਬਣਨ ਦੀ ਸੰਭਾਵਨਾ ਠੱਪ ਹੋ ਗਈ ਸੀ।
ਰੋਕੀਟੈਂਸਕੀ ਸਿੰਡਰੋਮ ਕੀ ਹੈ?
ਇਹ ਇੱਕ ਜਮਾਂਦਰੂ ਵਿਕਾਰ ਹੈ ਜੋ ਬੱਚੇਦਾਨੀ ਦੀ ਅਣਹੋਂਦ ਜਾਂ ਯੋਨੀ ਦੇ ਇੱਕ ਹਿੱਸੇ ਦੇ ਅਧੂਰੇ ਵਿਕਾਸ ਦਾ ਕਾਰਨ ਬਣਦਾ ਹੈ।
ਇਹ ਸਥਿਤੀ ਭਰੂਣ ਬਣਨ ਦੇ ਦੌਰਾਨ ਪੈਦਾ ਹੁੰਦੀ ਹੈ। ਭਾਵ, ਗਰਭ ਦੇ ਛੇਵੇਂ ਹਫ਼ਤੇ ਵਿੱਚ ਭਰੂਣ ਦੇ ਬਣਨ ਤੋਂ ਕੁਝ ਸਮੇਂ ਬਾਅਦ ਹੁੰਦੀ ਹੈ।
ਯੂਨੀਵਰਸੀਡੇਡ ਪੌਜੀਟਿਵੋ, ਕੁਰੀਟਿਬਾ (ਬ੍ਰਾਜ਼ੀਲ) ਵਿੱਚ ਗਾਇਨੀਕੋਲੋਜਿਸਟ ਅਤੇ ਪ੍ਰੋਫ਼ੈਸਰ ਨਤਾਲੀਆ ਪਿਓਵਾਨੀ, ਦੱਸਦੀ ਹੈ, "ਸਿੰਡਰੋਮ ਇੱਕ ਸਰੀਰਿਕ ਤਬਦੀਲੀ ਵਾਂਗ ਹੈ।"
"ਇਹ ਬੱਚੇਦਾਨੀ ਦੇ ਆਕਾਰ ਨੂੰ ਬਦਲ ਦਿੰਦਾ ਹੈ, ਪਰ ਕੁੜੀਆਂ ਵਿੱਚ ਅੰਡਕੋਸ਼ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਜਿਨਸੀ ਵਿਸ਼ੇਸ਼ਤਾਵਾਂ ਵਿਕਸਤ ਹੁੰਦੀਆਂ ਹਨ। ਕੁੜੀਆਂ ਆਮ ਤੌਰ 'ਤੇ ਮਾਹਵਾਰੀ ਨਾ ਆਉਣ 'ਤੇ ਡਾਕਟਰ ਕੋਲ ਜਾਂਦੀਆਂ ਹਨ।"
ਮਾਹਵਾਰੀ ਇਸ ਲਈ ਨਹੀਂ ਆਉਂਦੀ ਕਿਉਂਕਿ ਐਂਡੋਮੈਟਰੀਅਮ, ਟਿਸ਼ੂ ਜੋ ਬੱਚੇਦਾਨੀ ਨੂੰ ਢੱਕਦਾ ਹੈ, ਉਹ ਬੱਚੇਦਾਨੀ ਦੀ ਅਣਹੋਂਦ ਕਾਰਨ ਠੀਕ ਤਰ੍ਹਾਂ ਨਹੀਂ ਆਉਂਦਾ।
ਆਮ ਤੌਰ 'ਤੇ, ਕੁੜੀਆਂ ਨੂੰ ਪਹਿਲੀ ਮਾਹਵਾਰੀ, 9 ਤੋਂ 13 ਸਾਲ ਦੀ ਉਮਰ ਦੇ ਵਿਚਕਾਰ ਆਉਂਦੀ ਹੈ।
ਸਿੰਡਰੋਮ ਦੀਆਂ ਕਿਸਮਾਂ
ਸਿੰਡਰੋਮ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ।
- ਆਮ ਸਿੰਡਰੋਮ, ਟਾਈਪ 1, ਇਹ ਸਭ ਤੋਂ ਆਮ ਹੈ ਅਤੇ ਲਗਭਗ 70% ਮਰੀਜ਼ਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਵਿੱਚ ਪ੍ਰਜਣਨ ਪ੍ਰਣਾਲੀ ਵਿੱਚ ਘੱਟ ਤਬਦੀਲੀ ਹੁੰਦੀ ਹੈ।
- ਟਾਈਪ 2, ਸਿੰਡਰੋਮ ਨੂੰ ਅਸਾਧਾਰਨ ਅਤੇ ਘੱਟ ਪ੍ਰਚੱਲਿਤ ਰੂਪ ਵਜੋਂ ਜਾਣਿਆ ਜਾਂਦਾ ਹੈ। ਇਹ ਅੰਡਕੋਸ਼ ਦੀ ਬਿਮਾਰੀ ਹੈ ਅਤੇ ਇਹ ਗੁਰਦੇ, ਹੱਡੀਆਂ ਅਤੇ ਕੰਨ ਦੀਆਂ ਅਸਾਧਾਰਨਤਾਵਾਂ ਨਾਲ ਜੁੜਿਆ ਹੋਇਆ ਹੈ।
- ਟਾਈਪ 3 ਵਧੇਰੇ ਗੰਭੀਰ ਅਤੇ ਦੁਰਲੱਭ ਹੁੰਦਾ ਹੈ ਜੋ ਕਈ ਵਿਗਾੜਾਂ ਨਾਲ ਹੁੰਦਾ ਹੈ।
ਇਹ ਵੀ ਪੜ੍ਹੋ-
ਹਾਲਾਂਕਿ, ਇਹ ਇੰਨਾ ਵਿਆਪਕ ਨਹੀਂ ਹੈ, ਡਾਕਟਰ ਰੋਕੀਟੈਂਸਕੀ ਸਿੰਡਰੋਮ ਨੂੰ ਦੁਰਲੱਭ ਬਿਮਾਰੀ ਨਹੀਂ ਮੰਨਦੇ, ਕਿਉਂਕਿ ਇਹ ਪੰਜ ਹਜ਼ਾਰ ਵਿੱਚੋਂ ਇੱਕ ਔਰਤ ਨੂੰ ਹੀ ਪ੍ਰਭਾਵਿਤ ਕਰਦਾ ਹੈ।
ਇਹ ਸਥਿਤੀ ਅਕਸਰ ਮਾਹਵਾਰੀ ਦੀ ਅਣਹੋਂਦ ਕਾਰਨ ਪਤਾ ਲੱਗਦੀ ਹੈ ਜਾਂ, ਜੇ ਕਿਸ਼ੋਰ ਕੁੜੀ ਨੇ ਪਹਿਲਾਂ ਹੀ ਆਪਣਾ ਜਿਨਸੀ ਜੀਵਨ ਸ਼ੁਰੂ ਕਰ ਦਿੱਤਾ ਹੈ।
ਪਰ ਅਜੇ ਤੱਕ ਉਸ ਨੂੰ ਮਾਹਵਾਰੀ ਨਹੀਂ ਆਈ ਹੈ। ਜਾਂ ਜੇਕਰ ਉਸ ਨੂੰ ਜਿਨਸੀ ਸਬੰਧ ਬਣਾਉਂਦੇ ਸਮੇਂ ਬਹੁਤ ਦਰਦ ਅਤੇ ਬੇਆਰਾਮੀ ਮਹਿਸੂਸ ਹੁੰਦੀ ਹੈ।
ਜਦੋਂ ਬਾਹਰੀ ਜਣਨ ਅੰਗ ਆਮ ਵਾਂਗ ਹੋਵੇ ਤਾਂ ਸਿੰਡਰੋਮ ਦਾ ਪਤਾ ਲਗਾਉਣ ਵਿੱਚ ਵਧੇਰੇ ਮੁਸ਼ਕਲ ਹੁੰਦੀ ਹੈ।
ਡਾਕਟਰ ਅਕਸਰ ਜਾਂਚ ਦੌਰਾਨ ਕੁਝ "ਅਸਾਧਾਰਨ" ਦੇਖਦੇ ਹਨ ਅਤੇ ਗਾਇਨਾਕੋਲੋਜੀਕਲ ਟੈਸਟ ਕਰਾਉਣ ਲਈ ਕਹਿੰਦੇ ਹਨ।
ਕਲਾਉਡੀਆ ਟਾਕਾਨੋ ਦੱਸਦੀ ਹੈ "ਅਸੀਂ ਇਹ ਜਾਂਚ ਕਰਨ ਲਈ ਕਿ ਮਰੀਜ਼ ਵਿੱਚ XX ਕ੍ਰੋਮੋਸੋਮ (ਗੁਣਸੂਤਰ) ਹਨ, ਇਸ ਲਈ ਪੈਲਵਿਕ ਦੀ ਜਾਂਚ, ਅਲਟਰਾਸਾਉਂਡ ਅਤੇ ਜੈਨੇਟਿਕ ਟੈਸਟ ਕਰਵਾ ਸਕਦੇ ਹਾਂ।"
ਕਲਾਉਡੀਆ ਬ੍ਰਾਜ਼ੀਲ ਵਿੱਚ ਏਕੀਕ੍ਰਿਤ ਸਿਹਤ ਪ੍ਰਣਾਲੀ ਰਾਹੀਂ ਇਸ ਸਿੰਡਰੋਮ ਦਾ ਜਨਤਕ ਅਤੇ ਮੁਫ਼ਤ ਇਲਾਜ ਕਰਨ ਵਾਲੀ ਫੈਡਰਲ ਯੂਨੀਵਰਸਿਟੀ ਆਫ ਸਾਓ ਪੌਲੋ (ਯੂਨੀਫੇਸਪ) ਵਿੱਚ ਜਣਨ ਵਿਗਾੜ ਦੇ ਆਉਟਰ ਪੇਸੈਂਟ ਕਲੀਨਿਕ ਦੀ ਕੋਆਰਡੀਨੇਟਰ ਹੈ।
ਕੀ ਇਸ ਦਾ ਕੋਈ ਇਲਾਜ ਹੈ?
ਰੋਕੀਟੈਂਸਕੀ ਸਿੰਡਰੋਮ ਦਾ ਇਲਾਜ ਡਾਕਟਰਾਂ ਵੱਲੋਂ ਸੁਝਾਈਆਂ ਗਈਆਂ ਥੈਰੇਪੀਆਂ ਅਤੇ ਕਸਰਤ ਨਾਲ ਸੰਭਵ ਹੈ।
ਸਭ ਤੋਂ ਪਰੰਪਰਾਗਤ ਹੈ, ਡਾਇਲੇਟਰਾਂ ਦੀ ਵਰਤੋਂ ਕਰਨਾ, ਜੋ ਯੋਨੀ ਨੂੰ ਆਦਰਸ਼ ਆਕਾਰ ਤੱਕ ਫੈਲਾਉਂਦੇ ਹਨ।
ਬੈਨੀਫੀਕੈਂਸੀਆ ਪੁਰਤਗੀਜ਼ ਹਸਪਤਾਲ ਦੀ ਗਾਇਨਾਕੋਲੋਜਿਸਟ, ਗਾਇਨਾਕੋਲੋਜੀ ਅਤੇ ਪ੍ਰਸੂਤੀ ਵਿਗਿਆਨ ਵਿੱਚ ਮਾਹਰ ਪ੍ਰਿਸਿਲਾ ਮੇਡੀਨਾ ਕਹਿੰਦੀ ਹੈ, "ਅਜਿਹੇ ਮਰੀਜ਼ ਦੀ ਯੋਨੀ, ਆਮ ਯੋਨੀ ਦਾ ਦੋ ਤਿਹਾਈ ਹਿੱਸਾ ਹੁੰਦੀ ਹੈ।"
"ਇਸ ਕਾਰਨ ਕਰਕੇ ਉਸ ਨੂੰ ਆਮ ਤੌਰ 'ਤੇ ਜਿਨਸੀ ਸਬੰਧਾਂ ਵਿੱਚ ਮੁਸ਼ਕਲ ਆਉਂਦੀ ਹੈ। ਉਨ੍ਹਾਂ ਦਾ ਇਲਾਜ ਛੋਟੇ ਡਾਇਲੇਟਰਾਂ ਤੋਂ ਸ਼ੁਰੂ ਹੁੰਦਾ ਹੈ ਅਤੇ ਫਿਰ ਵੱਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ।"
ਇਸ ਦੀ ਫਾਲੋ-ਅੱਪ ਜਾਂਚ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀ ਜਾਂਦੀ ਹੈ, ਇਸ ਲਈ ਗਾਇਨਾਕੋਲੋਜਿਸਟਸ, ਫਿਜ਼ੀਓਥੈਰੇਪਿਸਟ ਅਤੇ ਮੁੱਖ ਤੌਰ 'ਤੇ ਮਨੋਵਿਗਿਆਨੀ ਨਾਲ ਸਲਾਹ-ਮਸ਼ਵਰਾ ਜ਼ਰੂਰੀ ਹੁੰਦਾ ਹੈ।
ਇਸ ਆਖ਼ਰੀ ਪੇਸ਼ੇਵਰ ਯਾਨੀ ਮਨੋਵਿਗਿਆਨੀ ਨਾਲ ਮਹਿਲਾ ਲਿੰਗਕਤਾ ਅਤੇ ਮਾਂ ਬਣਨ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕੀਤਾ ਜਾਂਦਾ ਹੈ।
ਆਖ਼ਰੀ ਉਪਾਅ ਵਜੋਂ, ਜਦੋਂ ਡਾਇਲੇਟਰ ਨਾਲ ਕੀਤਾ ਜਾ ਰਿਹਾ ਇਲਾਜ ਅਸਫ਼ਲ ਹੋ ਜਾਂਦਾ ਹੈ, ਤਾਂ ਸਰਜਰੀ ਦਾ ਸੁਝਾਅ ਦਿੱਤਾ ਜਾਂਦਾ ਹੈ।
ਇਸ ਲਈ ਕਈ ਤਕਨੀਕਾਂ ਹਨ, ਪਰ ਸਭ ਤੋਂ ਆਮ ਨਵੀਂ ਯੋਨੀ ਨਾਲੀ ਦੀ ਰਚਨਾ ਕਰਨਾ ਹੈ।
ਮਰੀਜ਼ ਨੂੰ ਚਾਰ ਤੋਂ ਪੰਜ ਦਿਨਾਂ ਲਈ ਹਸਪਤਾਲ ਵਿੱਚ ਰੱਖਿਆ ਜਾਂਦਾ ਹੈ ਅਤੇ ਉਸ ਨੂੰ ਚਾਰ ਮਹੀਨਿਆਂ ਤੱਕ ਜਿਨਸੀ ਸਬੰਧ ਬਣਾਉਣ ਦੀ ਮਨਾਹੀ ਹੁੰਦੀ ਹੈ।
ਇਲਾਜ ਵਿੱਚ ਸਿੰਡਰੋਮ ਤੋਂ ਪੀੜਤ ਹੋਰ ਔਰਤਾਂ ਨਾਲ ਸਹਾਇਤਾ ਸਮੂਹ, ਗੱਲਬਾਤ ਅਤੇ ਮੀਟਿੰਗਾਂ ਕਰਨੀਆਂ ਵੀ ਸ਼ਾਮਲ ਹਨ।
ਹਮਦਰਦੀ ਅਤੇ ਡਾਕਟਰੀ ਸੰਵੇਦਨਸ਼ੀਲਤਾ ਦੀ ਘਾਟ
ਨੈਸੀਮੈਂਟੋ ਵਾਂਗ, ਵਿਦਿਆਰਥਣ ਡੇਬੋਰਾ ਮੋਰੇਸ (19 ਸਾਲ) ਨੂੰ ਵੀ ਰੋਕੀਟੈਂਸਕੀ ਸਿੰਡਰੋਮ ਦਾ ਪਤਾ ਲੱਗਿਆ ਸੀ ਕਿਉਂਕਿ ਉਸ ਨੂੰ 16 ਸਾਲ ਦੀ ਉਮਰ ਵਿੱਚ ਮਾਹਵਾਰੀ ਨਹੀਂ ਆਈ ਸੀ।
ਇਸ ਲਈ ਉਹ ਇਹ ਜਾਣਨ ਲਈ ਡਾਕਟਰਾਂ ਕੋਲ ਗਈ ਕਿ ਕੀ ਉਹ ਬਿਮਾਰ ਹੈ।
ਸ਼ੁਰੂ ਵਿੱਚ ਉਸ ਦੀ ਗਾਇਨਾਕੋਲੋਜਿਸਟ ਨੇ ਕਿਹਾ ਕਿ ਉਸ ਦੀ ਹਾਈਮਨ ਟੁੱਟੀ ਹੋਈ ਹੈ, ਪਰ ਉਸ ਨੇ ਇਸ ਬਾਰੇ ਬਹੁਤੇ ਵੇਰਵੇ ਨਹੀਂ ਦਿੱਤੇ ਕਿ ਉਹ ਅਸਲ ਵਿੱਚ ਕੀ ਕਰ ਸਕਦੀ ਹੈ।
ਆਪਣੇ ਟੈਸਟ ਲੈ ਕੇ ਉਹ ਇੱਕ ਹੋਰ ਸਿਹਤ ਪੇਸ਼ੇਵਰ ਕੋਲ ਗਈ ਅਤੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਬੱਚੇਦਾਨੀ ਨਹੀਂ ਹੈ।
ਪਰ ਉੱਥੇ ਉਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਉਸ ਨੂੰ ਸਿੰਡਰੋਮ ਬਾਰੇ ਕੁਝ ਦੱਸਿਆ ਗਿਆ।
ਉਹ ਦੱਸਦੀ ਹੈ, "ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਗ਼ਲਤ ਹੈ। ਡਾਕਟਰਾਂ ਨੂੰ ਇਹ ਪਤਾ ਨਹੀਂ ਸੀ ਕਿ ਇਸ ਨੂੰ ਸਹੀ ਢੰਗ ਨਾਲ ਕਿਵੇਂ ਸਮਝਾਇਆ ਜਾਵੇ।"
ਮੋਰੇਸ ਦਾ ਕਹਿਣਾ ਹੈ ਕਿ ਇਹ ਸਾਰੀ ਪ੍ਰਕਿਰਿਆ ਬਹੁਤ ਨਿਰਾਸ਼ਾਜਨਕ ਸੀ।
ਹਾਲਾਂਕਿ, ਉਸ ਨੂੰ ਡਾਕਟਰਾਂ ਦੀ ਮਦਦ ਦੀ ਲੋੜ ਸੀ ਅਤੇ ਇਸ ਸਥਿਤੀ ਬਾਰੇ ਉਸ ਨੂੰ ਬਿਹਤਰ ਮਾਰਗਦਰਸ਼ਨ ਦੀ ਲੋੜ ਸੀ, ਪਰ ਅਜਿਹਾ ਨਹੀਂ ਹੋਇਆ।
"ਇੱਕ ਵਾਰ ਮੈਂ ਜਾਂਚ ਛੱਡ ਦਿੱਤੀ ਅਤੇ ਮੈਂ ਬਹੁਤ ਰੋਈ। ਪਹਿਲੇ ਡਾਕਟਰ ਨੇ ਮੇਰੇ ਪ੍ਰਤੀ ਕੋਈ ਹਮਦਰਦੀ ਨਹੀਂ ਦਿਖਾਈ ਅਤੇ ਇੱਥੋਂ ਤੱਕ ਕਿ ਮੈਨੂੰ ਕਿਸੇ ਨੂੰ ਨਾ ਦੱਸਣ ਦੀ ਸਲਾਹ ਵੀ ਦਿੱਤੀ।"
ਉਹ ਇਹ ਸੋਚਦੀ ਸੀ ਕਿ ਉਸ ਦਾ ਕੇਸ ਨਿਰਾਸ਼ਾਜਨਕ ਹੈ।
ਮੋਰੇਸ ਦੀ ਸਥਿਤੀ ਹੋਰ ਵੀ ਖਰਾਬ ਹੋ ਗਈ ਅਤੇ ਉਸ ਨੂੰ ਸੰਭਾਵੀ ਇਲਾਜਾਂ ਬਾਰੇ ਸਲਾਹ ਦੇਣ ਲਈ ਮਾਹਿਰਾਂ ਨੂੰ ਲੱਭਣ ਵਿੱਚ ਥੋੜ੍ਹਾ ਸਮਾਂ ਲੱਗਾ।
ਮਾਂ ਬਣਨਾ ਸੰਭਵ ਹੈ
ਰੋਗ ਦੀ ਜਾਂਚ ਤੋਂ ਬਾਅਦ ਸਭ ਤੋਂ ਪਹਿਲਾ ਵਿਚਾਰ ਅਤੇ ਨਿਰਾਸ਼ਾ ਪੈਦਾ ਹੁੰਦੀ ਹੈ ਕਿ ਤੁਸੀਂ ਰਵਾਇਤੀ ਤਰੀਕੇ ਨਾਲ ਗਰਭਵਤੀ ਨਹੀਂ ਹੋ ਸਕਦੇ ਹੋ।
ਨੈਸੀਮੈਂਟੋ ਦਾ ਕਹਿਣਾ ਹੈ ਕਿ ਇੱਕ ਮਾਂ ਦੇ ਰੂਪ ਵਿੱਚ ਖੁਦ ਦੀ ਕਲਪਨਾ ਨਾ ਕਰ ਸਕਣਾ ਬਹੁਤ ਦੁਖਦਾਈ ਸੀ।
ਉਹ ਅਜਿਹੇ ਦਰਦ ਦੀ ਗੱਲ ਕਰਦੀ ਹੈ ਜੋ ਲਗਭਗ ਸਾਰਿਆਂ ਨੂੰ ਹੁੰਦਾ ਹੈ। ਇਹ ਮਾਡਲ ਕਹਿੰਦੀ ਹੈ, "ਅਸੀਂ ਉਸ ਬੱਚੇ ਦੇ ਦਰਦ ਨੂੰ ਮਹਿਸੂਸ ਕਰਦੇ ਹਾਂ ਜੋ ਪੈਦਾ ਹੀ ਨਹੀਂ ਹੋਇਆ ਸੀ।"
ਮੋਰੇਸ ਸੱਚਮੁੱਚ ਇੱਕ ਮਾਂ ਬਣਨਾ ਚਾਹੁੰਦੀ ਸੀ, ਪਰ ਜਾਂਚ ਤੋਂ ਬਾਅਦ ਉਸ ਦਾ ਸੁਪਨਾ ਟੁੱਟ ਗਿਆ।
ਨੈਸੀਮੈਂਟੋ ਅਤੇ ਮੋਰੇਸ ਦੋਵਾਂ ਨੇ ਬਹੁਤ ਖੋਜ ਕਰਨ ਤੋਂ ਬਾਅਦ ਇਸ ਸਿੰਡਰੋਮ ਲਈ ਇੱਕ ਸੰਦਰਭ ਕੇਂਦਰ, ਰੋਕੀ ਇੰਸਟੀਚਿਊਟ ਦੀ ਤਲਾਸ਼ ਕੀਤੀ, ਅਤੇ ਮਾਂ ਬਣਨ ਦੇ ਸਬੰਧ ਵਿੱਚ ਸੰਭਾਵਨਾਵਾਂ ਦਾ ਮੁਲਾਂਕਣ ਕਰਨ ਲਈ ਇੱਕ ਮਨੋਵਿਗਿਆਨਕ ਫਾਲੋ-ਅੱਪ ਸ਼ੁਰੂ ਕੀਤਾ।
ਉਹ ਜਾਣਦੀਆਂ ਸਨ ਕਿ ਭਾਵੇਂ ਇਹ ਔਖੇ ਹਨ, ਪਰ ਇਸ ਦੇ ਬਦਲ ਵੀ ਮੌਜੂਦ ਹਨ।
ਉਨ੍ਹਾਂ ਨੂੰ ਸਮਝਾਇਆ ਗਿਆ ਕਿ ਸਰੋਗੇਟ ਬੱਚੇਦਾਨੀ ਰਾਹੀਂ ਜਾਂ ਗੋਦ ਲੈ ਕੇ ਮਾਂ ਬਣਨਾ ਸੰਭਵ ਹੈ।
ਟਾਕਾਨੋ ਕਹਿੰਦੀ ਹੈ, "ਇੱਕ ਤੀਜਾ ਬਦਲ, ਜਿਸ ਦਾ ਅਜੇ ਅਧਿਐਨ ਕੀਤਾ ਜਾ ਰਿਹਾ ਹੈ, ਉਹ ਬੱਚੇਦਾਨੀ ਦਾ ਟ੍ਰਾਂਸਪਲਾਂਟ ਹੈ।"
ਮੋਰੇਸ ਦਾ ਕਹਿਣਾ ਹੈ ਕਿ ਉਹ ਫਿਲਹਾਲ ਚੰਗਾ ਕਰ ਰਹੇ ਹਨ ਅਤੇ ਮਾਮਲੇ ਨਾਲ ਬਿਹਤਰ ਤਰੀਕੇ ਨਾਲ ਸੁਲਝ ਰਹੇ ਹਨ।
ਕੀਸਾ, ਜੋ ਕਹਿੰਦੀ ਹੈ "ਮੈਂ ਸਿੰਡਰੋਮ ਨੂੰ ਇੱਕ ਸਮੱਸਿਆ ਦੇ ਰੂਪ ਵਿੱਚ ਦੇਖਿਆ ਜਿਸ ਨੇ ਮੈਨੂੰ ਬਾਂਝ ਅਤੇ ਜਿਨਸੀ ਜੀਵਨ ਲਈ ਤਿਆਰ ਨਹੀਂ ਕੀਤਾ।"
ਉਹ ਹੁਣ ਇਸ ਨੂੰ ਵੱਖਰੇ ਤਰੀਕੇ ਨਾਲ ਦੇਖਦੀ ਹੈ।
ਲੜਕੀਆਂ ਅਤੇ ਔਰਤਾਂ ਦੀ ਮਦਦ ਲਈ ਕੇਂਦਰ
ਇਹ ਬਿਮਾਰੀ ਬ੍ਰਾਜ਼ੀਲ ਵਿੱਚ ਵਿਆਪਕ ਪੱਧਰ 'ਤੇ ਨਹੀਂ ਹੈ ਅਤੇ ਜਿਵੇਂ ਕਿ ਮੋਰੇਸ ਨਾਲ ਹੋਇਆ, ਅਜਿਹੇ ਡਾਕਟਰ ਨੂੰ ਵੀ ਲੱਭਣਾ ਆਸਾਨ ਨਹੀਂ ਹੈ ਜੋ ਇਸ ਬਿਮਾਰੀ ਦਾ ਇਲਾਜ ਕਰਨਾ ਜਾਣਦਾ ਹੋਵੇ।
ਜਾਣਕਾਰੀ ਦੀ ਘਾਟ ਅਤੇ ਦੇਰ ਨਾਲ ਜਾਂਚ ਦੇ ਕਾਰਨ, ਬਹੁਤ ਸਾਰੀਆਂ ਕਿਸ਼ੋਰ ਕੁੜੀਆਂ ਅਤੇ ਔਰਤਾਂ ਸਾਲਾਂ ਤੋਂ ਰੋਕੀਟੈਂਸਕੀ ਸਿੰਡਰੋਮ ਦੇ ਪ੍ਰਭਾਵ ਤੋਂ ਪੀੜਤ ਹਨ।
ਇਸ ਕਾਰਨ ਕਰਕੇ ਡਾ. ਕਲਾਉਡੀਆ ਮੇਲੋਟੀ ਨੇ ਰੋਕੀ ਇੰਸਟੀਚਿਊਟ ਬਣਾਉਣ ਦਾ ਫ਼ੈਸਲਾ ਕੀਤਾ, ਜੋ ਸਿੰਡਰੋਮ ਵਾਲੇ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਮੁੱਖ ਤੌਰ 'ਤੇ ਇੱਕ ਹੈ।
ਉਹ ਖੁਦ ਵੀ ਇਸ ਸਮੱਸਿਆ ਤੋਂ ਪੀੜਤ ਸੀ ਅਤੇ ਉਸ ਨੂੰ 13 ਸਾਲ ਦੀ ਉਮਰ ਵਿੱਚ ਬੱਚੇਦਾਨੀ ਦੀ ਅਣਹੋਂਦ ਦਾ ਪਤਾ ਲੱਗਿਆ ਸੀ।
ਹਾਲਾਂਕਿ, ਉਸ ਦੀ ਬਿਮਾਰੀ ਦੀ ਛੇ ਸਾਲਾਂ ਵਿੱਚ ਪੂਰਨ ਜਾਂਚ ਹੋਈ ਸੀ।
ਉਹ ਕਹਿੰਦੀ ਹੈ, "ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ 19 ਸਾਲ ਦੀ ਸੀ। ਜਦੋਂ ਮੈਂ ਆਪਣੇ ਬੁਆਏਫ੍ਰੈਂਡ ਨਾਲ ਜਿਨਸੀ ਸਬੰਧੀ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਮੈਨੂੰ ਬਹੁਤ ਤਕਲੀਫ਼ ਹੋਈ।"
ਕਿਉਂਕਿ ਇਹ ਅਜੇ ਵੀ ਡਾਕਟਰੀ ਭਾਈਚਾਰੇ ਵਿੱਚ ਬਹੁਤ ਘੱਟ ਜਾਣਕਾਰੀ ਵਾਲਾ ਵਿਸ਼ਾ ਹੈ, ਉਹ ਦੱਸਦੀ ਹੈ ਕਿ ਬਹੁਤ ਸਾਰੀਆਂ ਔਰਤਾਂ ਆਪਣਾ ਪੂਰਾ ਜੀਵਨ ਬਿਨਾਂ ਕਿਸੇ ਪ੍ਰਕਾਰ ਦੇ ਮਾਰਗਦਰਸ਼ਨ ਦੇ ਬਿਤਾਉਂਦੀਆਂ ਹਨ।
ਇੱਥੋਂ ਤੱਕ ਕਿ ਉਹ ਗ਼ਲਤ ਇਲਾਜ ਵੀ ਕਰਵਾਉਂਦੀਆਂ ਹਨ। ਉਸ ਮੁਤਾਬਕ, ਔਰਤਾਂ ਦੀ ਦੇਖਭਾਲ ਕਰਨ ਅਤੇ ਉਨ੍ਹਾਂ ਨੂੰ ਮਨੋਵਿਗਿਆਨਕ ਮਦਦ ਦੇਣ ਵਿੱਚ ਵੀ ਬਹੁਤ ਮੁਸ਼ਕਲ ਹੁੰਦੀ ਹੈ।
ਉਹ ਕਹਿੰਦੀ ਹੈ, ਸਰਜਰੀ ਅਤੇ ਡਾਇਲੇਸ਼ਨ (ਫੈਲਾਉਣ) ਦਾ ਇਲਾਜ ਦੋਵੇਂ ਆਮ ਤੌਰ 'ਤੇ ਸਫ਼ਲ ਹੁੰਦੇ ਹਨ।
ਇਹ ਸਥਾਨ ਡਾਕਟਰਾਂ, ਫਿਜ਼ੀਓਥੈਰੇਪਿਸਟ, ਮਨੋਵਿਗਿਆਨੀਆਂ ਨਾਲ ਫੌਲੋ ਅਪ ਅਤੇ ਮਦਦ ਲੈਣ ਦੇ ਚਾਹਵਾਨਾਂ ਲਈ ਸੰਪੂਰਨ ਸਹਾਇਤਾ ਨੈੱਟਵਰਕ ਮੁਫ਼ਤ ਵਿੱਚ ਪ੍ਰਦਾਨ ਕਰਦਾ ਹੈ।
ਮੇਲੋਟੀ ਕਹਿੰਦੀ ਹੈ "ਨਿਰੰਤਰ ਡਾਕਟਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ, ਅਸੀਂ ਡਾਇਲੇਟਰ ਵੀ ਪ੍ਰਦਾਨ ਕਰਦੇ ਹਾਂ।"
ਮੋਰੇਸ ਦੇ ਮਾਮਲੇ ਵਿੱਚ ਉਸ ਨੂੰ ਦੂਰ ਤੋਂ ਮਦਦ ਪ੍ਰਦਾਨ ਕੀਤੀ ਅਤੇ ਉਨ੍ਹਾਂ ਨੇ ਪੇਡੂ (ਪੈਲਵਿਕ) ਦੇ ਫੈਲਾਅ ਵਿੱਚ ਉਸ ਦੀ ਮਦਦ ਕੀਤੀ। ਇਸ ਲਈ ਉਹ ਸ਼ੁਕਰਗੁਜਾਰ ਹੈ ਕਿ ਉਸ ਵਿੱਚ ਤਬਦੀਲੀ ਅਤੇ ਸੁਧਾਰ ਆਇਆ।
ਇਹ ਵੀ ਪੜ੍ਹੋ-