You’re viewing a text-only version of this website that uses less data. View the main version of the website including all images and videos.
ਮਾਨਸਿਕ ਸਿਹਤ ਦਿਵਸ: ਭਾਰਤ ਵਿਚ ਲੋਕਾਂ ਦੀ ਮਾਨਸਿਕ ਸਿਹਤ ਦਾ ਕੀ ਹੈ ਹਾਲ, ਕੀ ਹਨ ਡਿਪਰੈਸ਼ਨ ਵਧਣ ਦੇ ਕਾਰਨ ਤੇ ਲੱਛਣ
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਅੰਜੂ ਆਮ ਤੌਰ 'ਤੇ ਮੈਨੂੰ ਆਉਂਦੇ ਜਾਂਦੇ ਮਿਲ ਜਾਂਦੀ ਹੈ। ਬੁੱਲ੍ਹਾਂ 'ਤੇ ਲਿਪਸਟਿਕ, ਮੱਥੇ ਉੱਤੇ ਬਿੰਦੀ ਅਤੇ ਹੱਥਾਂ 'ਚ ਚੂੜਾ ਪਾਈ ਹਮੇਸ਼ਾ ਮੁਸਕਰਾਉਂਦੀ ਨਜ਼ਰ ਆਉਂਦੀ ਹੈ। ਜਦੋਂ ਵੀ ਉਹ ਮੈਨੂੰ ਲਿਫਟ ਵਿੱਚ ਜਾਂ ਸੁਸਾਇਟੀ ਦੇ ਮੇਨ ਗੇਟ 'ਤੇ ਮਿਲਦੀ ਹੈ, ਮੈਂ ਉਸਦਾ ਹਾਲ-ਚਾਲ ਪੁੱਛ ਲੈਂਦੀ ਹਾਂ।
ਕਈ ਵਾਰ ਮੈਂ ਉਸ ਨੂੰ ਘਰ ਦੇ ਕੰਮਾਂ 'ਚ ਸਹਾਇਤਾ ਕਰਨ ਲਈ ਬੁਲਾਉਂਦੀ ਰਹੀ ਹਾਂ। ਇੱਕ ਦਿਨ, ਹਰ ਵਾਰ ਦੀ ਤਰ੍ਹਾਂ ਜਦੋਂ ਮੈਂ ਉਸ ਦਾ ਹਾਲ-ਚਾਲ ਪੁੱਛਿਆ ਤਾਂ ਉਸ ਨੇ ਮੁਸਕਰਾਇਆ ਅਤੇ ਕਿਹਾ, "ਮੇਰੀ ਤਬੀਅਤ ਠੀਕ ਨਹੀਂ ਹੈ।"
ਫਿਰ ਕਹਿੰਦੀ, ''ਮੇਰਾ ਸਿਰਫ਼ ਰੋਣ ਨੂੰ ਮਨ ਕਰਦਾ ਹੈ। ਪਿਛਲੇ ਮੰਗਲਵਾਰ ਵੀ ਬੱਸ ਰੋਂਦੀ ਹੀ ਰਹੀ ਹਾਂ।''
ਇਹ ਸਾਰੀਆਂ ਗੱਲਾਂ ਉਸ ਨੇ ਆਪਣੇ ਚਿਹਰੇ ਦੀ ਮੁਸਕਰਾਹਟ ਨੂੰ ਬਰਕਰਾਰ ਰੱਖਣ ਲਈ ਬੜੀ ਤੇਜ਼ੀ ਨਾਲ ਆਪਣੇ ਅੰਦਾਜ਼ ਵਿੱਚ ਦੱਸੀਆਂ। ਉਸ ਨੇ ਪਹਿਲਾਂ ਵੀ ਮੇਰੇ ਨਾਲ ਅਜਿਹੀ ਗੱਲ ਕੀਤੀ ਸੀ।
ਅੰਜੂ ਦਾ ਵਾਰ-ਵਾਰ ਇਹ ਕਹਿਣਾ ਕਿ ਮੇਰਾ ਸਿਰਫ਼ ਰੋਣ ਨੂੰ ਮਨ ਕਰਦਾ ਹੈ, ਕੀ ਇਹ ਕੋਈ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ?
ਕੀ ਹੇਠਲੇ ਵਰਗ ਨਾਲ ਸਬੰਧ ਰੱਖਣ ਵਾਲੀ ਅੰਜੂ ਜਾਂ ਉਸ ਦਾ ਪਰਿਵਾਰ ਇਹ ਸਮਝ ਸਕੇਗਾ ਕਿ ਉਸ ਨੂੰ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੈ?
ਕੀ ਅੰਜੂ ਵਰਗੀ ਮਾਨਸਿਕ ਸਥਿਤੀ ਨੂੰ ਹੀ ਕਾਮਨ ਮੈਂਟਲ ਡਿਸਆਡਰ ਮੰਨਿਆ ਜਾਂਦਾ ਹੈ?
ਅਤੇ ਕੀ ਇਹ ਸਮੱਸਿਆ ਸਿਰਫ ਕੁਝ ਲੋਕਾਂ ਤੱਕ ਹੀ ਸੀਮਤ ਹੈ?
ਭਾਰਤ 'ਚ 10 ਲੋੜਵੰਦ ਲੋਕਾਂ ਵਿੱਚੋਂ 1 ਨੂੰ ਹੀ ਮਿਲਦੀ ਹੈ ਡਾਕਟਰੀ ਸਹਾਇਤਾ
ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਜ਼ ਨੇ ਸਾਲ 2016 ਦੌਰਾਨ ਦੇਸ਼ ਦੇ 12 ਸੂਬਿਆਂ ਵਿੱਚ ਮਾਨਸਿਕ ਸਿਹਤ ਬਾਰੇ ਸਰਵੇਖਣ ਕੀਤਾ ਸੀ। ਜੋ ਅੰਕੜੇ ਉਸ ਸਰਵੇਖਣ ਵਿੱਚ ਸਾਹਮਣੇ ਆਏ ਉਹ ਚਿੰਤਾਜਨਕ ਸਨ।
ਅੰਕੜਿਆਂ ਅਨੁਸਾਰ ਆਬਾਦੀ ਦਾ 2.7 ਫੀਸਦੀ ਹਿੱਸਾ ਡਿਪਰੈਸ਼ਨ (ਤਣਾਅ) ਵਰਗੇ ਕਾਮਨ ਮੈਂਟਲ ਡਿਸਆਡਰ ਦਾ ਸ਼ਿਕਾਰ ਹੈ ਜਦਕਿ 5.2 ਫੀਸਦੀ ਆਬਾਦੀ ਕਿਸੇ ਨਾ ਕਿਸੇ ਸਮੇਂ ਇਸ ਸਮੱਸਿਆ ਨਾਲ ਜੂਝ ਚੁੱਕੀ ਹੈ।
ਇਸ ਸਰਵੇਖਣ ਤੋਂ ਇੱਕ ਅੰਦਾਜ਼ਾ ਇਹ ਵੀ ਲਗਾਇਆ ਗਿਆ ਕਿ ਭਾਰਤ ਦੇ 15 ਕਰੋੜ ਲੋਕਾਂ ਨੂੰ ਕਿਸੇ ਨਾ ਕਿਸੇ ਮਾਨਸਿਕ ਸਮੱਸਿਆ ਕਾਰਨ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੈ।
ਸਾਈਂਸ ਮੈਡੀਕਲ ਜਰਨਲ ਲੈਂਸੈੱਟ ਦੀ ਸਾਲ 2016 ਦੀ ਰਿਪੋਰਟ ਅਨੁਸਾਰ, ਭਾਰਤ ਵਿੱਚ ਸਿਰਫ 10 ਜ਼ਰੂਰਤਮੰਦ ਲੋਕਾਂ ਵਿੱਚੋਂ ਇੱਕ ਨੂੰ ਡਾਕਟਰੀ ਸਹਾਇਤਾ ਮਿਲਦੀ ਹੈ।
ਇਸ ਤੋਂ ਵੀ ਭਿਆਨਕ ਗੱਲ ਇਹ ਹੈ ਕਿ ਭਾਰਤ ਵਿਚ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ।
ਆਉਣ ਵਾਲੇ ਦਸ ਸਾਲਾਂ 'ਚ, ਵਿਸ਼ਵ ਭਰ ਵਿਚ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਵਿਚੋਂ ਇਕ ਤਿਹਾਈ ਭਾਰਤ ਤੋਂ ਹੀ ਹੋ ਸਕਦੇ ਹਨ।
ਜਾਣਕਾਰ ਇਹ ਅੰਦਾਜ਼ਾ ਲਗਾਉਂਦੇ ਹਨ ਕਿ ਭਾਰਤ ਵਿੱਚ ਵੱਡੇ ਪੱਧਰ 'ਤੇ ਤਬਦੀਲੀਆਂ ਹੋ ਰਹੀਆਂ ਹਨ। ਸ਼ਹਿਰ ਫੈਲ ਰਹੇ ਹਨ, ਆਧੁਨਿਕ ਸਹੂਲਤਾਂ ਵੱਧ ਰਹੀਆਂ ਹਨ।
ਲੋਕ ਵੱਡੀ ਗਿਣਤੀ 'ਚ ਆਪਣੇ ਪਿੰਡਾਂ ਅਤੇ ਸ਼ਹਿਰਾਂ ਨੂੰ ਛੱਡ ਕੇ ਨਵੇਂ ਸ਼ਹਿਰਾਂ ਵਿਚ ਵੱਸ ਰਹੇ ਹਨ। ਇਸ ਸਭ ਦਾ ਅਸਰ ਲੋਕਾਂ ਦੇ ਦਿਲ-ਦਿਮਾਗ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਸ ਲਈ ਡਿਪਰੈਸ਼ਨ ਵਰਗੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਹੈ।
ਚੰਗਾ ਵਿਕਾਸ ਜ਼ਰੂਰੀ ਜਾਂ ਚੰਗੀ ਮਾਨਸਿਕ ਸਿਹਤ?
ਡਾ. ਨਿਮਿਸ਼ ਦੇਸਾਈ, ਪਿਛਲੇ 40 ਸਾਲਾਂ ਤੋਂ ਇੱਕ ਮਨੋਵਿਗਿਆਨਿਕ ਅਤੇ ਦਿੱਲੀ ਸਥਿਤ ਇੰਸਟੀਚਿਊਟ ਆਫ ਹਿਊਮਨ ਬਿਹੇਵਿਅਰ ਐਂਡ ਇਲਾਇਡ ਸਾਇੰਸਜ਼ (ਇਬਹਾਸ) ਦੇ ਨਿਰਦੇਸ਼ਕ ਹਨ।
ਉਨ੍ਹਾਂ ਦਾ ਕਹਿਣਾ ਹੈ , "ਭਾਰਤ ਵਿੱਚ ਪਰਿਵਾਰ ਦਾ ਟੁੱਟਣਾ, ਖੁਦਮੁਖ਼ਤਿਆਰੀ 'ਤੇ ਜ਼ੋਰ ਅਤੇ ਤਕਨਾਲੋਜੀ ਵਰਗੇ ਮੁੱਦੇ ਲੋਕਾਂ ਨੂੰ ਡਿਪਰੈਸ਼ਨ ਵੱਲ ਧੱਕ ਰਹੇ ਹਨ, ਕਿਉਕਿ ਸਮਾਜ ਪੱਛਮੀਕਰਨ ਵੱਲ ਟੌਪ ਗੇਅਰ ਵਿੱਚ ਵੱਧ ਰਿਹਾ ਹੈ।”
“ਇਹ 20ਵੀਂ ਸਦੀ ਦਾ ਪੋਸਟ ਵਰਲਡ ਵਾਰ ਦਾ ਸ਼ੋਸ਼ਲ ਟੈਕਨਾਲਜੀਕਲ ਡਿਵੈਲਪਮੈਂਟ ਦਾ ਇੱਕ ਨਮੂਨਾ ਹੈ। ਇੱਥੇ ਸਵਾਲ ਇਹ ਉੱਠਦਾ ਹੈ ਕਿ ਕੀ ਚੰਗਾ ਵਿਕਾਸ ਜ਼ਰੂਰੀ ਹੈ ਜਾਂ ਚੰਗੀ ਮਾਨਸਿਕ ਸਿਹਤ ਜ਼ਰੂਰੀ ਹੈ।"
ਹਾਲਾਂਕਿ ਡਾਕਟਰ ਇਸ ਗੱਲ 'ਤੇ ਯਕੀਨ ਕਰ ਰਹੇ ਹਨ ਕਿ ਲੋਕ ਹੁਣ ਮੈਂਟਲ ਹੈਲਥ ਦੀ ਮਹੱਤਤਾ ਨੂੰ ਸਮਝ ਰਹੇ ਹਨ, ਪਰ ਉਹ ਇਹ ਵੀ ਮੰਨਦੇ ਹਨ ਕਿ ਸਮਾਜ ਦਾ ਇਕ ਹਿੱਸਾ ਇਸ ਸਮੱਸਿਆ 'ਤੇ ਖੁੱਲ੍ਹ ਕੇ ਗੱਲ ਕਰਨਾ ਪਸੰਦ ਨਹੀਂ ਕਰਦਾ ਅਤੇ ਇਸ ਨੂੰ ਇੱਕ ਟੈਬੂ (ਕਲੰਕ) ਵਜੋਂ ਮੰਨਦਾ ਹੈ।
- 2016 ਦੀ ਰਿਪੋਰਟ ਅਨੁਸਾਰ, ਭਾਰਤ ਵਿੱਚ ਸਿਰਫ 10 ਜ਼ਰੂਰਤਮੰਦ ਲੋਕਾਂ ਵਿੱਚੋਂ ਇੱਕ ਨੂੰ ਡਾਕਟਰੀ ਸਹਾਇਤਾ ਮਿਲਦੀ ਹੈ।
- ਭਾਰਤ ਵਿਚ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ।
- ਭਾਰਤ ਵਿੱਚ ਪਰਿਵਾਰ ਦਾ ਟੁੱਟਣਾ, ਖੁਦਮੁਖ਼ਤਿਆਰੀ 'ਤੇ ਜ਼ੋਰ ਅਤੇ ਤਕਨਾਲੋਜੀ ਵਰਗੇ ਮੁੱਦੇ ਲੋਕਾਂ ਨੂੰ ਡਿਪਰੈਸ਼ਨ ਵੱਲ ਧੱਕ ਰਹੇ ਹਨ
- ਡਿਪਰੈਸ਼ਨ ਦੇ ਲੱਚਣਾ ਵਿਚ ਕਿਸੇ ਵੀ ਕੰਮ ਵਿੱਚ ਮਨ ਨਾ ਲੱਗਣਾ, ਸਰੀਰ ਵਿੱਚ ਕਿਸੇ ਵੀ ਬਿਮਾਰੀ ਦੇ ਨਾ ਹੋਣ ਦੇ ਬਾਵਜੂਦ ਥਕਾਵਟ ਮਹਿਸੂਸ ਕਰਨਾ, ਨੀਂਦ ਆਉਂਦੇ ਰਹਿਣਾ, ਬਹੁਤ ਹੀ ਚਿੜਚਿੜਾ ਰਹਿਣਾ, ਗੁੱਸਾ ਆਉਣਾ ਜਾਂ ਰੋਣਾ ਆਦਿ ਸ਼ਾਮਲ ਹੈ।
- ਬੱਚੇ ਦੇ ਵਿਵਹਾਰ ਵਿੱਚ ਅਚਾਨਕ ਤਬਦੀਲੀ, ਸਕੂਲ ਜਾਣ ਤੋਂ ਮਨਾ ਕਰਨਾ, ਗੁੱਸਾ ਜ਼ਿਆਦਾ ਆਉਣਾ, ਆਲਸੀ ਹੋ ਜਾਣਾ ਜਾਂ ਜ਼ਰੂਰਤ ਤੋਂ ਜਿਆਦਾ ਐਕਟਿਵ ਹੋ ਜਾਣਾ।
- ਦੁਨੀਆਂ ਭਰ ਵਿੱਚ 10 ਫੀਸਦੀ ਗਰਭਵਤੀ ਔਰਤਾਂ ਅਤੇ 13 ਫੀਸਦੀ ਔਰਤਾਂ ਜਣੇਪੇ ਤੋਂ ਬਾਅਦ ਡਿਪਰੈਸ਼ਨ ਵਿੱਚ ਆਈਆਂ ਹਨ।
- ਵਿਕਾਸਸ਼ੀਲ ਦੇਸ਼ਾਂ ਵਿੱਚ ਅੰਕੜੇ ਇਸ ਤੋਂ ਉੱਪਰ ਹਨ ਜਿਸ ਵਿੱਚ 15.6 ਫੀਸਦੀ ਗਰਭਵਤੀ ਅਤੇ 19.8 ਫੀਸਦੀ ਔਰਤਾਂ ਡਿਲੀਵਰੀ ਤੋਂ ਬਾਅਦ ਡਿਪਰੈਸ਼ਨ ਵਿੱਚੋਂ ਲੰਘ ਚੁੱਕੀਆਂ ਹਨ।
ਬਾਲੀਵੁੱਡ ਅਦਾਕਾਰਾ ਵੀ ਰਹੀ ਡਿਪਰੈਸ਼ਨ ਦਾ ਸ਼ਿਕਾਰ, ਕੀ ਹਨ ਲੱਛਣ?
ਸਾਲ 2015 ਵਿੱਚ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਇੱਕ ਨਿਜੀ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਮੰਨਿਆ ਸੀ ਕਿ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋਈ ਸੀ।
ਉਸ ਨੂੰ ਉਸ ਦੀ ਅਦਾਕਾਰੀ ਲਈ ਬਹੁਤ ਪ੍ਰਸ਼ੰਸਾ ਮਿਲ ਰਹੀ ਸੀ, ਐਵਾਰਡ ਮਿਲ ਰਹੇ ਸੀ ਪਰ ਇੱਕ ਦਿਨ ਉਸ ਨੂੰ ਸਵੇਰੇ ਉੱਠਕੇ ਲੱਗਿਆ ਕਿ ਉਸਦੀ ਜ਼ਿੰਦਗੀ ਦਿਸ਼ਾਹੀਣ ਹੈ। ਉਹ ਉਦਾਸ ਮਹਿਸੂਸ ਕਰਦੀ ਸੀ ਅਤੇ ਗੱਲ-ਗੱਲ 'ਤੇ ਰੋ ਪੈਂਦੀ ਸੀ।
ਦਿੱਲੀ ਦੇ ਸੇਂਟ ਸਟੀਫਨ ਹਸਪਤਾਲ ਦੀ ਮਨੋਵਿਗਿਆਨਕ ਰੁਪਾਲੀ ਸ਼ਿਵਲਕਰ ਦਾ ਕਹਿਣਾ ਹੈ ਕਿ 30-40 ਫੀਸਦੀ ਲੋਕ ਕਾਮਨ ਮੈਂਟਲ ਡਿਸਆਡਰ ਜਾਂ ਸੀਐਮਡੀ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਲੋਕ ਸਮਝ ਨਹੀਂ ਪਾਉਂਦੇ ਕਿ ਉਹ ਬਿਮਾਰ ਹਨ ।
ਸੀਐਮਡੀ ਦੇ ਲੱਛਣ ਵੱਖੋ-ਵੱਖ ਹੋ ਸਕਦੇ ਹਨ। ਜਿਵੇਂ ਕਿਸੇ ਵੀ ਕੰਮ ਵਿੱਚ ਮਨ ਨਾ ਲੱਗਣਾ, ਸਰੀਰ ਵਿੱਚ ਕਿਸੇ ਵੀ ਬਿਮਾਰੀ ਦੇ ਨਾ ਹੋਣ ਦੇ ਬਾਵਜੂਦ ਥਕਾਵਟ ਮਹਿਸੂਸ ਕਰਨਾ, ਨੀਂਦ ਆਉਂਦੇ ਰਹਿਣਾ, ਬਹੁਤ ਹੀ ਚਿੜਚਿੜਾ ਰਹਿਣਾ, ਗੁੱਸਾ ਆਉਣਾ ਜਾਂ ਰੋਣਾ ਆਦਿ।
ਦੂਜੇ ਪਾਸੇ ਬੱਚੇ ਦੇ ਵਿਵਹਾਰ ਵਿੱਚ ਅਚਾਨਕ ਤਬਦੀਲੀ, ਸਕੂਲ ਜਾਣ ਤੋਂ ਮਨਾ ਕਰਨਾ, ਗੁੱਸਾ ਜ਼ਿਆਦਾ ਆਉਣਾ, ਆਲਸੀ ਹੋ ਜਾਣਾ ਜਾਂ ਜ਼ਰੂਰਤ ਤੋਂ ਜਿਆਦਾ ਐਕਟਿਵ ਹੋ ਜਾਣਾ।
ਜੇਕਰ ਇਹ ਲੱਛਣ ਲਗਾਤਾਰ ਦੋ ਹਫ਼ਤਿਆਂ ਤੋਂ ਜਿਆਦਾ ਤੱਕ ਰਹਿੰਦੇ ਹਨ, ਤਾਂ ਇਹ ਸੀਐਮਡੀ ਵੱਲ ਇਸ਼ਾਰਾ ਹੈ।
ਡਾਕਟਰ ਰੁਪਾਲੀ ਸ਼ਿਵਾਲਕਰ ਦੱਸਦੇ ਹਨ ਕਿ ਜੇ ਕੋਈ ਵਿਅਕਤੀ ਕਿਸੇ ਵੀ ਕਿਸਮ ਦੀ ਹਾਰਮੋਨਲ ਸਮੱਸਿਆ, ਹਾਈਪਰ ਥਾਈਰਾਇਡਿਜ਼ਮ, ਸ਼ੂਗਰ ਜਾਂ ਕਰੋਨਿਕ (ਲੰਮੇ ਸਮੇਂ ਤੋਂ ਕਿਸੇ ਰੋਗ ਤੋਂ ਪੀੜਤ ਹੋਣਾ) ਬਿਮਾਰੀ ਤੋਂ ਪੀੜਤ ਹੈ, ਤਾਂ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ।
ਡਿਪਰੈਸ਼ਨ ਦਾ ਵਧਦਾ ਅੰਕੜਾ
ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਅਨੁਸਾਰ, ਦੁਨੀਆਂ ਭਰ ਵਿੱਚ 10 ਫੀਸਦੀ ਗਰਭਵਤੀ ਔਰਤਾਂ ਅਤੇ 13 ਫੀਸਦੀ ਔਰਤਾਂ ਜਣੇਪੇ ਤੋਂ ਬਾਅਦ ਡਿਪਰੈਸ਼ਨ ਵਿੱਚ ਆਈਆਂ ਹਨ।
ਉੱਥੇ ਹੀ, ਵਿਕਾਸਸ਼ੀਲ ਦੇਸ਼ਾਂ ਵਿੱਚ ਅੰਕੜੇ ਇਸ ਤੋਂ ਉੱਪਰ ਹਨ ਜਿਸ ਵਿੱਚ 15.6 ਫੀਸਦੀ ਗਰਭਵਤੀ ਅਤੇ 19.8 ਫੀਸਦੀ ਔਰਤਾਂ ਡਿਲੀਵਰੀ ਤੋਂ ਬਾਅਦ ਡਿਪਰੈਸ਼ਨ ਵਿੱਚੋਂ ਲੰਘ ਚੁੱਕੀਆਂ ਹਨ।
ਬੱਚੇ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਭਾਰਤ ਵਿਚ 0.3 ਤੋਂ 1.2 ਫੀਸਦੀ ਬੱਚੇ ਡਿਪਰੈਸ਼ਨ ਵਿੱਚ ਹਨ ਅਤੇ ਜੇ ਉਨ੍ਹਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲੀ ਤਾਂ ਸਿਹਤ ਅਤੇ ਮਾਨਸਿਕ ਸਿਹਤ ਦੀਆਂ ਪੇਚੀਦਗੀਆਂ ਵੱਧ ਸਕਦੀਆਂ ਹਨ।
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼), ਦਿੱਲੀ ਵਿਚ ਮਨੋਵਿਗਿਆਨ ਵਿਭਾਗ ਦੇ ਡਾ. ਨੰਦ ਕੁਮਾਰ ਦਾ ਕਹਿਣਾ ਹੈ ਕਿ 10 ਸਾਲ ਪਹਿਲਾਂ ਮਨੋਰੋਗ ਦੀ ਓਪੀਡੀ ਵਿਚ ਰੋਜ਼ 100 ਮਰੀਜ਼ ਆਉਂਦੇ ਸਨ, ਪਰ ਹੁਣ ਰੋਜ਼ਾਨਾ 300-400 ਲੋਕ ਆਉਂਦੇ ਹਨ।
ਦੂਜੇ ਪਾਸੇ, ਇਬਹਾਸ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਜਿੱਥੇ 10-15 ਸਾਲ ਪਹਿਲਾਂ 100-150 ਲੋਕ ਆਉਂਦੇ ਸਨ, ਹੁਣ ਹਰ ਰੋਜ਼ 1200-1300 ਲੋਕ ਆਉਂਦੇ ਹਨ ।
ਉਨ੍ਹਾਂ ਵਿਚੋਂ ਜਿਆਦਾਤਰ ਸੀਐਮਡੀ ਦਾ ਹੀ ਸ਼ਿਕਾਰ ਹੁੰਦੇ ਹਨ । ਇਨ੍ਹਾਂ ਵਿੱਚ ਬੱਚੇ ਅਤੇ ਜਵਾਨ ਲੋਕ ਉਦਾਸੀ, ਆਤਮ-ਵਿਸ਼ਵਾਸ ਵਿਚ ਕਮੀ, ਗੁੱਸੇ, ਚਿੜਚਿੜੇਪਣ ਵਰਗੀਆਂ ਸਮੱਸਿਆਵਾਂ ਨਾਲ ਆਉਂਦੇ ਹਨ, ਜਦਕਿ ਔਰਤਾਂ ਥਕਾਵਟ, ਘਬਰਾਹਟ, ਇਕੱਲੇਪਣ ਦੀਆਂ ਸਮੱਸਿਆਵਾਂ ਨਾਲ ਆਉਂਦੀਆਂ ਹਨ।
ਸੋਸ਼ਲ ਮੀਡੀਆ ਦਾ ਮਾਨਸਿਕ ਸਿਹਤ 'ਤੇ ਅਸਰ
ਡਾਕਟਰਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਵੀ ਅੱਲੜ੍ਹਾਂ ਜਾਂ ਨੌਜਵਾਨਾਂ ਨੂੰ ਤਣਾਅ ਵੱਲ ਲੈ ਕੇ ਜਾਣ ਦਾ ਕਾਰਨ ਬਣਦਾ ਹੈ। ਡਾ. ਨੰਦ ਕਿਸ਼ੋਰ ਅਨੁਸਾਰ ਤੁਹਾਡੀਆਂ ਪੋਸਟਾਂ ਜਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪਸੰਦ ਜਾਂ ਨਾਪਸੰਦ ਕੀਤਾ ਜਾ ਰਿਹਾ ਹੈ ਜਾਂ ਕਿਸੇ ਐਕਸਪ੍ਰੈਸ਼ਨ ਦੀ ਅਣਹੋਂਦ ਤੁਹਾਨੂੰ ਰੱਦ ਜਾਂ ਅਸਵੀਕਾਰ ਮਹਿਸੂਸ ਕਰਵਾਉਂਦੀ ਹੈ, ਜਿਸ ਨਾਲ ਇੱਕ ਤਰਾਂ ਨਾਲ ਭਾਵਨਾਤਮਕ ਬੋਝ ਵਧਦਾ ਹੈ ।
ਇਸ ਗੱਲ ਨੂੰ ਅੱਗੇ ਤੋਰਦੇ ਹੋਏ ਡਾ. ਰੁਪਾਲੀ ਸ਼ਿਵਾਲਕਰ ਕਹਿੰਦੀ ਹੈ ਕਿ ਅੱਜ-ਕੱਲ ਬੱਚਿਆਂ 'ਤੇ ਕਈ ਤਰ੍ਹਾਂ ਦੇ ਪਰਫੌਰਮੈਂਸ ਦਾ ਦਬਾਅ ਹੈ, ਜਿੱਥੇ ਮਾਪੇ ਬੱਚਿਆਂ ਤੋਂ ਲਿਖਣ-ਪੜਨ ਤੋਂ ਇਲਾਵਾ ਹੋਰ ਗਤੀਵਿਧੀਆਂ ਸੰਗੀਤ, ਡਾਂਸ, ਖੇਡਾਂ, ਅਦਾਕਾਰੀ ਆਦਿ ਵਿੱਚ ਵਧੀਆ ਹੋਣ ਦੀ ਉਮੀਦ ਕਰਦੇ ਹਨ।
ਦੂਜੇ ਪਾਸੇ, ਬੱਚਿਆਂ ਵਿਚ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਨਵੇਂ ਸਟੇਟਸ ਨੂੰ ਅਪਡੇਟ ਕਰਨ ਦਾ ਦਬਾਅ, ਅੱਗੇ ਉਨ੍ਹਾਂ ਨੂੰ ਆਪਣੀ ਮੌਜੂਦਗੀ ਦਾ ਸਵਾਲ ਬਣਾ ਦਿੰਦਾ ਹੈ ।
ਅੱਜ ਦੇ ਸਮੇਂ 'ਚ ਉਨ੍ਹਾਂ ਕੋਲ ਵਧੇਰੇ ਵਿਕਲਪ ਜਾਂ ਵਧੇਰੇ ਐਕਸਪੋਜ਼ਰ ਹਨ, ਜੋ ਉਨ੍ਹਾਂ ਨੂੰ ਵਧੇਰੇ ਤਣਾਅਪੂਰਨ ਬਣਾਉਂਦੇ ਹਨ ।
ਇਹ ਦਬਾਅ ਸਿਰਫ ਬੱਚਿਆਂ ਅਤੇ ਕਿਸ਼ੋਰਾਂ ਤੱਕ ਸੀਮਿਤ ਨਹੀਂ ਹੈ। ਇਸ ਦੇ ਮਾੜੇ ਪ੍ਰਭਾਵ ਗੰਭੀਰ ਹੋ ਸਕਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਕਈ ਵਾਰ ਉਦਾਸੀ ਜਾਂ ਤਣਾਅ ਲੋਕਾਂ ਦੇ ਜੀਵਨ ਵਿਚ ਇੰਨਾ ਵੱਧ ਜਾਂਦਾ ਹੈ ਕਿ ਲੋਕ ਖੁਦਕੁਸ਼ੀ ਦਾ ਕਦਮ ਵੀ ਲੈਂਦੇ ਹਨ।
ਇਹ ਵੀ ਪੜ੍ਹੋ-
ਖ਼ੁਦਕੁਸ਼ੀ ਦਾ ਵਧਦਾ ਰੁਝਾਨ, ਕਾਰਨ ਡਿਪਰੈਸ਼ਨ
ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਸਾਲ 2019 ਲਈ 'ਆਤਮ ਹੱਤਿਆ ਰੋਕਥਾਮ' ਥੀਮ ਰੱਖਿਆ ਹੈ। ਡਬਲਯੂਐਚਓ ਦੇ ਅਨੁਸਾਰ, ਹਰ 40 ਸਕਿੰਟਾਂ ਵਿੱਚ ਇੱਕ ਵਿਅਕਤੀ ਖੁਦਕੁਸ਼ੀ ਕਰਦਾ ਹੈ ਜਿਸ ਦਾ ਮਤਲਬ ਹੈ ਕਿ ਇੱਕ ਸਾਲ ਵਿੱਚ 8 ਲੱਖ ਲੋਕ ਖੁਦਕੁਸ਼ੀ ਕਰਦੇ ਹਨ। ਸੰਗਠਨ ਦੇ ਅਨੁਸਾਰ 15-29 ਸਾਲ ਦੀ ਉਮਰ ਵਰਗ ਵਿੱਚ ਨੌਜਵਾਨਾਂ ਵਿੱਚ ਖੁਦਕੁਸ਼ੀ ਮੌਤ ਦਾ ਦੂਜਾ ਵੱਡਾ ਕਾਰਨ ਹੈ।
ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਹ ਸਮੱਸਿਆ ਵਿਕਸਿਤ ਦੇਸ਼ਾਂ ਦੀ ਸਮੱਸਿਆ ਨਹੀਂ ਹੈ ਜਦਕਿ 80 ਫੀਸਦੀ ਖੁਦਕੁਸ਼ੀਆਂ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸਾਂ ਵਿੱਚ ਹੁੰਦੀਆਂ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਖੁਦਕੁਸ਼ੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਇੱਕ ਵਾਰ ਖੁਦਕੁਸ਼ੀ ਕਰਨ ਵਾਲਾ ਵਿਅਕਤੀ ਦੁਬਾਰਾ ਵੀ ਕੋਸ਼ਿਸ਼ ਕਰਦਾ ਹੈ। ਇਸ ਦੇ ਸ਼ੁਰੂਆਤੀ ਲੱਛਣ ਹੁੰਦੇ ਹਨ ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਡਾ. ਨੰਦ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਕੋਈ ਇੱਕ ਵਿਅਕਤੀ ਖੁਦਕੁਸ਼ੀ ਕਰਦਾ ਹੈ ਤਾਂ 135 ਲੋਕ ਇਸ ਤੋਂ ਪ੍ਰਭਾਵਿਤ ਹੁੰਦੇ ਹਨ। ਇਨ੍ਹਾਂ ਲੋਕਾਂ ਵਿੱਚ ਖੁਦਕੁਸ਼ੀ ਕਰਨ ਵਾਲੇ ਦਾ ਪਰਿਵਾਰ, ਨੇੜਲੇ ਪਰਿਵਾਰ, ਰਿਸ਼ਤੇਦਾਰ, ਦੋਸਤ ਅਤੇ ਦਫ਼ਤਰ ਦੇ ਕਰਮਚਾਰੀ ਸ਼ਾਮਲ ਹੁੰਦੇ ਹਨ।
ਇਸ ਲਈ ਕਿਸੇ ਵੀ ਵਿਅਕਤੀ ਲਈ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਨ੍ਹਾਂ ਲੋਕਾਂ ਬਾਰੇ ਸੋਚਣਾ ਮਹੱਤਵਪੂਰਨ ਹੈ ।
ਉਨ੍ਹਾਂ ਦੇ ਅਨੁਸਾਰ, ਖੁਦਕੁਸ਼ੀ ਭਾਵਨਾ 'ਚ ਲਿਆ ਗਿਆ ਇੱਕ ਕਦਮ ਹੈ। ਜੇ ਤੁਸੀਂ ਉਨ੍ਹਾਂ ਕੁਝ ਸਕਿੰਟਾਂ ਵਿੱਚ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਨੂੰ ਮੋੜ ਸਕਦੇ ਹੋ, ਤਾਂ ਤੁਸੀਂ ਉਸ ਦੀ ਜਾਨ ਬਚਾ ਸਕਦੇ ਹੋ।
ਖ਼ੁਦਕੁਸ਼ੀ ਰੋਕਣ ਲਈ ਸੁਝਾਅ
ਡਬਲਯੂਐਚਓ ਖੁਦਕੁਸ਼ੀ ਨੂੰ ਰੋਕਣ ਲਈ ਕਈ ਸੁਝਾਅ ਪੇਸ਼ ਕਰਦਾ ਹੈ। ਇਨ੍ਹਾਂ ਵਿੱਚ ਪਹਿਲਾਂ ਆਤਮ ਹੱਤਿਆ ਨੂੰ ਇੱਕ ਆਲਮੀ ਸਿਹਤ ਸਮੱਸਿਆ ਵੱਜੋਂ ਮਨ ਬਾਰੇ ਇਸ ਪ੍ਰਤੀ ਜਾਗਰੂਕਤਾ ਸ਼ਾਮਲ ਹੈ। ਜੋ ਇਸ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਲੋਕਾਂ ਨੂੰ ਅਹਿਸਾਸ ਕਰਵਾਉਣਾ ਵੀ ਅਹਿਮ ਹੈ ਕਿ ਉਹ ਆਪਣੇ ਆਪ ਨੂੰ ਇਕੱਲੇ ਨਾ ਸਮਝਣ ।
ਸਮੱਸਿਆਵਾਂ ਗੰਭੀਰ ਹਨ ਪਰ ਡਾਕਟਰ ਮੰਨਦੇ ਹਨ ਕਿ ਲੋਕ ਹੁਣ ਮਾਨਸਿਕ ਸਿਹਤ ਪ੍ਰਤੀ ਜਾਗਰੁਕ ਹੋ ਗਏ ਹਨ ਪਰ ਇਹ ਜਾਗਰੂਕਤਾ ਇਸ ਸਮੇਂ ਸਿਰਫ ਸ਼ਹਿਰਾਂ ਤੱਕ ਸੀਮਿਤ ਹੈ।
ਡਾ: ਰੁਪਾਲੀ ਦੱਸਦੇ ਹਨ ਕਿ ਲੋਕ ਪਿੰਡਾਂ ਵਿਚ ਕਾਮਨ ਮੈਂਟਲ ਡਿਸਆਡਰ ਵੱਲ ਧਿਆਨ ਵੀ ਨਹੀਂ ਦਿੰਦੇ ਅਤੇ ਇਸ ਨੂੰ ਕੋਈ ਬਿਮਾਰੀ ਨਹੀਂ ਮੰਨਦੇ।
ਜੇ ਕੋਈ ਵਿਅਕਤੀ ਗੰਭੀਰ ਮੈਂਟਲ ਡਿਸਆਡਰ ਯਾਨੀ ਸਿਕਟਸੋਫਰੀਨੀਆ, ਅਲਜ਼ਾਈਮਰ ਅਤੇ ਦਿਮਾਗੀ ਕਮਜ਼ੋਰੀ ਤੋਂ ਪੀੜਤ ਹੁੰਦਾ ਹੈ ਤਾਂ ਉਹ ਡਾਕਟਰੀ ਇਲਾਜ ਕਰਵਾਉਂਦੇ ਹਨ ਕਿਉਂਕਿ ਇਸਦੇ ਲੱਛਣ ਸਾਫ਼-ਸਾਫ਼ ਦਿਖਾਈ ਦਿੰਦੇ ਹਨ।
ਡਾਕਟਰਾਂ ਦਾ ਮੰਨਣਾ ਹੈ ਕਿ ਭਾਰਤ ਵਰਗੇ ਦੇਸ਼ ਵਿੱਚ ਘੱਟ ਆਮਦਨੀ ਸਮੂਹ ਜਾਂ ਪੇਂਡੂ ਖੇਤਰਾਂ ਦੇ ਲੋਕ ਅਨੀਮੀਆ, ਕੁਪੋਸ਼ਣ ਜਾਂ ਦਸਤ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ, ਉਨ੍ਹਾਂ ਦਾ ਧਿਆਨ ਮਾਨਸਿਕ ਸਿਹਤ ਵੱਲ ਕਿਵੇਂ ਜਾ ਸਕੇਗਾ ।
ਕੀ ਕਹਿੰਦਾ ਹੈ ਕਾਨੂੰਨ?
ਇਨ੍ਹਾਂ ਚੁਣੌਤੀਆਂ ਦਾ ਹੱਲ ਕਰਨ ਲਈ ਭਾਰਤ ਸਰਕਾਰ ਦੁਆਰਾ ਮਾਨਸਿਕ ਸਿਹਤ ਸੰਭਾਲ ਐਕਟ 2017 ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਸਾਲ 1987 ਵਿਚ ਕਾਨੂੰਨ ਲਿਆਂਦਾ ਗਿਆ ਸੀ।
ਨਵੇਂ ਕਾਨੂੰਨ ਤਹਿਤ ਕੇਂਦਰ ਸਰਕਾਰ ਨੇ ਮਾਨਸਿਕ ਤੌਰ 'ਤੇ ਬਿਮਾਰ ਵਿਅਕਤੀਆਂ ਨੂੰ ਅਧਿਕਾਰ ਦੇਣ ਦੀ ਗੱਲ ਕਹੀ ਹੈ। ਪਹਿਲਾਂ ਖੁਦਕੁਸ਼ੀ ਨੂੰ ਅਪਰਾਧ ਮੰਨਿਆ ਜਾਂਦਾ ਸੀ।
ਨਵੇਂ ਕਾਨੂੰਨ ਤਹਿਤ ਇਸ ਨੂੰ ਅਪਰਾਧ ਦੇ ਦਾਇਰੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਸਾਰੇ ਪੀੜਤਾਂ ਨੂੰ ਇਲਾਜ ਦਾ ਅਧਿਕਾਰ ਦਿੱਤਾ ਗਿਆ ਹੈ।
ਕੌਮੀ ਅਤੇ ਖੇਤਰੀ ਪੱਧਰਾਂ 'ਤੇ ਮਾਨਸਿਕ ਸਿਹਤ ਅਥਾਰਟੀ ਦੇ ਗਠਨ ਦਾ ਵੀ ਪ੍ਰਬੰਧ ਹੈ।
ਡਾ. ਨੀਮਿਸ਼ ਦੇਸਾਈ ਦਾ ਕਹਿਣਾ ਹੈ ਕਿ ਕਾਨੂੰਨੀ ਤਬਦੀਲੀਆਂ ਸਵਾਗਤਯੋਗ ਹਨ ਪਰ ਉਹ ਵਧੇਰੇ ਪ੍ਰਭਾਵਸ਼ਾਲੀ ਹੋ ਸਕਦੀਆਂ ਸਨ। ਇਨ੍ਹਾਂ ਵਿੱਚ ਪੱਛਮੀ ਦੇਸ਼ਾਂ ਦੀ ਨਕਲ ਵਧੇਰੇ ਹੈ, ਜਦਕਿ ਭਾਰਤ ਵਿੱਚ ਮੈਂਟਲ ਹੈਲਥ ਦੀ ਸਮੱਸਿਆ ਉਸ ਤਰ੍ਹਾਂ ਦੀ ਨਹੀਂ ਹੈ ਜਿਵੇਂ ਦੀ ਪੱਛਮੀ ਦੇਸ਼ਾਂ ਵਿੱਚ ਹੈ।
ਮਾਨਸਿਕ ਸਿਹਤ ਨਾਲ ਨਜਿੱਠਣ ਲਈ ਕੀ ਹੋਵੇ?
ਭਾਰਤ ਦਾ ਸਮਾਜਿਕ ਅਤੇ ਪਰਿਵਾਰਕ ਢਾਂਚਾ ਇਸ ਸਮੱਸਿਆ ਨਾਲ ਨਜਿੱਠਣ ਵਿਚ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ।
ਪਰ ਮੈਂਟਲ ਹੈਲਥ ਪ੍ਰੋਫੈਸ਼ਨਲਜ਼ ਭਾਵ ਮਨੋਵਿਗਿਆਨਕਾਂ ਅਤੇ ਮਨੋਚਿਕਿਤਸਕਾਂ ਦੀ ਜ਼ਰੂਰਤ ਬਾਰੇ ਕੋਈ ਸ਼ੱਕ ਨਹੀਂ ਹੈ।
ਜਦਕਿ ਅਮਰੀਕਾ ਵਿਚ 60-70 ਹਜ਼ਾਰ ਮਨੋਵਿਗਿਆਨਕ ਹਨ, ਉੱਥੇ ਹੀ ਭਾਰਤ ਵਿੱਚ ਇਹ ਗਿਣਤੀ 4 ਹਜ਼ਾਰ ਤੋਂ ਵੀ ਘੱਟ ਹੈ। ਇਸ ਸਮੇਂ ਭਾਰਤ ਵਿੱਚ ਘੱਟੋ-ਘੱਟ 15,000-20,000 ਮਨੋਵਿਗਿਆਨਕਾਂ ਦੀ ਜ਼ਰੂਰਤ ਹੈ।
ਦੇਸ਼ ਵਿੱਚ ਇਸ ਸਮੇਂ 43 ਮੈਂਟਲ ਹਸਪਤਾਲ ਹਨ, ਜਿਨ੍ਹਾਂ ਵਿੱਚੋਂ 2-3 ਬਿਹਤਰ ਪੱਧਰ ਦੀਆਂ ਸੁਵਿਧਾਵਾਂ ਲਈ ਜਾਣੇ ਜਾਂਦੇ ਹਨ, 10-12 ਵਿਚ ਸੁਧਾਰ ਹੋ ਰਿਹਾ ਹੈ, ਜਦਕਿ 10-15 ਅਜੇ ਵੀ ਕਸਟੋਡਿਅਲ ਮੈਂਟਲ ਹਸਪਤਾਲ ਬਣੇ ਹੋਏ ਹਨ।
ਦੂਜੇ ਪਾਸੇ, ਡਾਕਟਰ ਇਹ ਵੀ ਮੰਨਦੇ ਹਨ ਕਿ ਐਮਬੀਬੀਐਸ ਦੀ ਪੜ੍ਹਾਈ ਦੌਰਾਨ ਮਨੋਰੋਗ ਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਦੂਜੇ ਪਾਸੇ ਮਾਨਸਿਕ ਸਮੱਸਿਆ ਦੇ ਪੀੜਤਾਂ ਦੀ ਪਛਾਣ ਲਈ ਵਿਆਪਕ ਜਾਂਚ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜੇ ਇਸ ਨੂੰ ਜਲਦੀ ਕਾਬੂ ਨਹੀਂ ਕੀਤਾ ਗਿਆ ਤਾਂ ਇਹ ਇਕ ਦਹਾਕੇ ਵਿੱਚ ਮਹਾਂਮਾਰੀ ਦਾ ਰੂਪ ਲੈ ਸਕਦੀ ਹੈ।
ਇਹ ਵੀ ਪੜ੍ਹੋ ;
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ