ਭਾਰਤ ਦੀਆਂ ਮਾਨਿਸਕ ਬਿਮਾਰ ਔਰਤਾਂ ਨੂੰ ਇਸ ਲਈ ਛੱਡ ਦਿੰਦੇ ਪਰਿਵਾਰ

“ਜਦੋਂ ਲੋਕੀਂ ਕਹਿੰਦੇ ਹਨ ਕਿ ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਸ ਦੇ ਬਿਨਾਂ ਰਹਿ ਨਹੀਂ ਸਕਦੇ ਤਾਂ ਇਸ ਬਾਰੇ ਬਿਲਕੁਲ ਸਮਝ ਨਹੀਂ ਆਉਂਦੀ।”

ਰਮਾ ਨੇ ਦੱਸਿਆ, "ਮੇਰਾ ਵਿਆਹ ਉਥਲ ਪੁਥਲ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਪੁੱਤਰ ਕਦੇ ਉਸ ਨਾਲ ਕਦੇ ਮੋਹ ਨਹੀਂ ਸੀ ਜਤਾਉਂਦੇ।"

ਮਾਨਸਿਕ ਸਿਹਤ ਭਾਰਤ ਵਿੱਚ ਇੱਕ ਅਣਗੌਲਿਆ ਵਿਸ਼ਾ ਹੈ। ਇਸ ਨੂੰ ਬਹੁਤ ਸਾਰੀਆਂ ਗਲਤਫਹਿਮੀਆਂ ਨੇ ਘੇਰਿਆ ਹੋਇਆ ਹੈ।

ਲੇਖਕ ਰਕਸ਼ਾ ਕੁਮਾਰ ਇਸ ਲੇਖ ਵਿੱਚ ਲਿਖ ਰਹੇ ਹਨ ਕਿ ਭਾਰਤ ਵਿੱਚ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੀਆਂ ਬਹੁਤੀਆਂ ਔਰਤਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਤਿਆਗ ਦਿੰਦੇ ਹਨ।

45 ਸਾਲਾ ਰਮਾ ਨੂੰ ਆਪਣੀ ਪਿਛਲੀ ਜ਼ਿੰਦਗੀ ਵਿੱਚੋਂ ਆਪਣਾ ਪਿਛਲਾ ਜਨਮ ਦਿਨ ਹੀ ਯਾਦ ਹੈ। ਉਸ ਸਮੇਂ ਰਮਾ ਆਪਣੇ ਪਤੀ ਅਤੇ ਦੋ ਪੁੱਤਰਾਂ ਨਾਲ ਮੁੰਬਈ ਵਿੱਚ ਰਹਿੰਦੀ ਸੀ।

ਜਦੋਂ ਰਮਾ ਤੀਹ ਸਾਲ ਦੀ ਹੋਈ ਤਾਂ ਇੱਕ ਦਿਨ ਉਸਦਾ ਪਤੀ ਉਸ ਨੂੰ ਮੁੰਬਈ ਦੇ ਨਾਲ ਲਗਦੇ ਥਾਣੇ ਦੇ ਇੱਕ ਹਸਪਤਾਲ ਵਿੱਚ ਲੈ ਕੇ ਗਿਆ। ਰਮਾ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਸ ਨੂੰ 'ਬਾਈਪੋਲਰ ਅਫੈਕਟਿਵ ਡਿਸਆਰਡਰ' ਹੈ ਜਿਸ ਵਿੱਚ ਮੂਡ ਵਾਰ-ਵਾਰ ਬਦਲਦਾ ਰਹਿੰਦਾ ਹੈ।

ਰਮਾ ਨੇ ਦੱਸਿਆ ਕਿ ਉਸਦਾ "ਪਤੀ ਮੈਨੂੰ ਹਸਪਤਾਲ ਵਿੱਚ ਬਿਠਾ ਕੇ ਦਵਾਈ ਲੈਣ ਗਿਆ ਅਤੇ ਕਦੇ ਵਾਪਸ ਨਹੀਂ ਆਇਆ।

ਇਹ ਵੀ ਪੜ੍ਹੋ

ਮਾਨਸਿਕ ਸਿਹਤ ਮਾਹਿਰਾਂ ਮੁਤਾਬਕ ਭਾਰਤ ਵਿੱਚ ਮਾਨਸਿਕ ਬਿਮਾਰੀਆਂ ਦੀਆਂ ਮਰੀਜ਼ ਔਰਤਾਂ ਨੂੰ ਘਰ ਵਾਲਿਆਂ ਵੱਲੋਂ ਛੱਡ ਦਿੱਤੇ ਜਾਣਾ ਇੱਕ ਆਮ ਗੱਲ ਹੈ।

ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਈਂਸ (ਨਿਮਹਾਂਸ) ਵੱਲੋਂ 2016 ਵਿੱਚ ਛਾਪੇ ਇੱਕ ਅਧਿਐਨ ਮੁਤਾਬਕ, ਲਗਪਗ 14 ਫੀਸਦੀ ਭਾਰਤੀ ਕਿਸੇ ਨਾ ਕਿਸੇ ਮਾਨਸਿਕ ਬਿਮਾਰੀ ਤੋਂ ਪੀੜਤ ਹਨ। ਇਨ੍ਹਾਂ ਵਿੱਚੋਂ 10 ਫੀਸਦ ਨੂੰ ਫੌਰੀ ਇਲਾਜ ਦੀ ਲੋੜ ਹੈ।

ਸਾਲ 2017 ਵਿੱਚ ਵਿਸ਼ਵ ਸਿਹਤ ਸੰਗਠਨ ਨੇ ਅਨੁਮਾਨ ਲਾਇਆ ਕਿ 20 ਫੀਸਦ ਭਾਰਤੀਆਂ ਨੂੰ ਜੀਵਨ ਵਿੱਚ ਕਦੇ ਨਾ ਕਦੇ ਡਿਪਰੈਸ਼ਨ ਜ਼ਰੂਰ ਹੋਇਆ ਹੋਵੇਗਾ।

ਇਸ ਦੇ ਬਾਵਜੂਦ ਮਾਨਸਿਕ ਸਿਹਤ ਨਾਲ ਜੁੜੀਆਂ ਸਮਾਜਿਕ ਗਲਤ ਧਾਰਨਾਵਾਂ ਕਰਕੇ ਇਨ੍ਹਾਂ ਵਿੱਚੋਂ ਬਹੁਤ ਥੋੜੇ ਹੀ ਡਾਕਟਰੀ ਸਹਾਇਤਾ ਲਈ ਪਹੁੰਚਦੇ ਹਨ।

ਭਾਰਤ ਵਿੱਚ ਔਰਤਾਂ ਦੀ ਮਾਨਸਿਕ ਸਿਹਤ ਉੱਪਰ ਖੋਜ ਕਰਨ ਵਾਲੀ ਰੇਨੀ ਥੌਮਸ ਨੇ ਦੱਸਿਆ, "ਜੇ ਮਰੀਜ਼ ਕੋਈ ਪੁਰਸ਼ ਹੋਵੇ ਤਾਂ ਆਮ ਕਰਕੇ ਉਸਦੀ ਮਾਂ, ਪਤਨੀ ਜਾਂ ਭੈਣ ਉਸਦੀ ਸੰਭਾਲ ਲਈ ਹਾਜ਼ਰ ਰਹਿੰਦੀਆਂ ਹਨ।"

"ਪਰ ਬਹੁਤ ਸਾਰੀਆਂ ਮਾਨਸਿਕ ਬਿਮਾਰੀਆਂ ਵਾਲੀਆਂ ਔਰਤਾਂ ਘਰ ਦੇ ਕਿਸੇ ਕੰਮ ਦੀਆਂ ਨਹੀਂ ਰਹਿੰਦੀਆਂ। ਸਗੋਂ ਆਪਣੇ ਪਰਿਵਾਰ ਉੱਪਰ ਬੋਝ ਬਣ ਜਾਂਦੀਆਂ ਹਨ।"

ਜਿੱਥੇ ਕੁਝ ਔਰਤਾਂ ਨੂੰ ਕਿਸੇ ਨਾ ਕਿਸੇ ਮਾਨਸਿਕ ਬਿਮਾਰੀ ਦੀ ਵਜ੍ਹਾ ਕਰਕੇ ਤਿਆਗ ਦਿੱਤਾ ਜਾਂਦਾ ਹੈ। ਉੱਥੇ ਹੀ ਕੁਝ ਔਰਤਾਂ ਤਿਆਗੇ ਜਾਣ ਮਗਰੋਂ ਸੜਕਾਂ 'ਤੇ ਰਹਿਣ ਲਈ ਮਜਬੂਰ ਹੋਣ ਕਰਕੇ ਮਾਨਸਿਕ ਰੋਗੀਆਂ ਵਾਲੇ ਲੱਛਣ ਵਿਕਸਿਤ ਕਰ ਲੈਂਦੀਆਂ ਹਨ।

ਡਾ਼ ਕੇ ਵੀ ਕਿਸ਼ੋਰ, ਇੱਕ ਸਵੈ-ਸੇਵੀ ਸੰਸਥਾ ਚਲਾਉਂਦੇ ਹਨ। ਉਨ੍ਹਾਂ ਦੱਸਿਆ, "ਇਸ ਕੇਸ ਵਿੱਚ ਹਰ ਵਾਰ ਪਰਿਵਾਰ ਹੀ ਖਲਨਾਇਕ ਦੀ ਭੂਮਿਕਾ ਵਿੱਚ ਨਹੀਂ ਹੁੰਦੇ।"

ਉਨ੍ਹਾਂ ਦੱਸਿਆ," ਸਰਾਕਾਰੀ ਤੰਤਰ ਨੇ ਪਰਿਵਾਰ ਨੂੰ ਨਾਕਾਮ ਕਰ ਦਿੱਤਾ ਹੈ ਜਿਸ ਕਰਕੇ ਪਰਿਵਾਰ ਨੇ ਔਰਤ ਨੂੰ ਨਾਕਾਮ ਕਰ ਦਿੱਤਾ ਹੈ।"

ਉਨ੍ਹਾਂ ਕਿਹਾ ਕਿ ਪਰਿਵਾਰਕ ਇਮਦਾਦ ਤਾਂ ਹੀ ਮਿਲੇਗੀ ਜੇ ਲੋਕਾਂ ਕੋਲ ਰੁਜ਼ਗਾਰ ਦੇ ਢੁਕਵੇਂ ਮੌਕੇ ਮਿਲਣਗੇ ਅਤੇ ਮਾਨਸਿਕ ਸਹਿਤ ਨਾਲ ਜੁੜੀਆਂ ਸਹੂਲਤਾਂ ਦੀ ਪਹੁੰਚ ਸੁਖਾਲੀ ਹੋਵੇਗੀ।

ਇਹ ਵੀ ਪੜ੍ਹੋ

ਮਿਸਾਲ ਵਜੋਂ ਰਮਾ ਮੁੰਬਈ ਸ਼ਹਿਰ ਦੇ ਇੱਕ ਝੁੱਗੀ-ਝੌਂਪੜੀ ਇਲਾਕੇ ਵਿੱਚ ਰਹਿੰਦੀ ਸੀ ਜਿੱਥੇ ਉਹ ਆਲੇ-ਦੁਆਲੇ ਦੇ ਘਰਾਂ ਵਿੱਚ ਘਰੇਲੂ ਕਾਮੇ ਵਜੋਂ ਕੰਮ ਕਰਦੀ ਸੀ।

ਜਦੋਂ ਵੀ ਉਹ ਹਸਪਤਾਲ ਜਾਂਦੀ ਉਸਦੀ ਅੱਧੇ ਦਿਨ ਦੀ ਤਨਖ਼ਾਹ ਕੱਟੀ ਜਾਂਦੀ। ਸਗੋਂ ਉਸ ਨੂੰ ਆਉਣ-ਜਾਣ ਦਾ ਖਰਚਾ ਵੀ ਮੁਸ਼ਕਿਲ ਨਾਲ ਕੀਤੀ ਬਚਤ ਵਿੱਚੋਂ ਹੀ ਕਰਨਾ ਪੈਂਦਾ।

ਔਰਤਾਂ ਬਾਰੇ ਕੌਮੀ ਕਮਿਸ਼ਨ ਦੀ 2016 ਵਿੱਚ ਛਪੀ ਰਿਪੋਰਟ ਮੁਤਾਬਕ ਪਰਿਵਾਰ ਜ਼ਿਆਦਾਤਰ ਮਾਨਸਿਕ ਬਿਮਾਰੀ ਵਾਲੀਆਂ ਔਰਤਾਂ ਨੂੰ ਸਮਾਜਿਕ ਕਲੰਕ ਕਰਕੇ ਤਿਆਗ ਦਿੰਦੇ ਹਨ।

ਦੂਜਾ ਕਾਰਨ ਘਰ ਵਿੱਚ ਥਾਂ ਦੀ ਘਾਟ, ਧਿਆਨ ਰੱਖਣ ਵਾਲਿਆਂ ਦੀ ਵਧੇਰੇ ਉਮਰ ਅਤੇ ਔਰਤਾਂ ਦੀ ਆਪਣੀ ਹਿਫਾਜ਼ਤ ਵੀ ਇਸ ਦੀ ਇੱਕ ਵਜ੍ਹਾ ਬਣ ਜਾਂਦੀ ਹੈ।

ਮਿਸ ਥੌਮਸ ਨੇ ਦੱਸਿਆ, "ਇਨ੍ਹਾਂ ਵਿੱਚੋਂ ਬਹੁਤੇ ਕਾਰਨ ਲਿੰਗਕ ਹਨ। ਬਹੁਤ ਘੱਟ ਪੁਰਸ਼ਾਂ ਨੂੰ ਘਰਾਂ ਵਿੱਚ ਥਾਂ ਦੀ ਘਾਟ ਜਾਂ ਸੁਰੱਖਿਆ ਦੀ ਫਿਕਰ ਕਰਕੇ ਆਸ਼ਰਮਾਂ ਵਿੱਚ ਛੱਡਿਆ ਜਾਂਦਾ ਹੈ।"

ਸਾਲ 2014 ਵਿੱਚ ਮਨੁੱਖੀ ਹੱਕਾਂ ਬਾਰੇ ਨਿਗਰਾਨੀ ਰੱਖਣ ਵਾਲੇ ਇੱਕ ਗਰੁੱਪ ਨੇ ਮਨੋਵਿਗਿਆਨਕ ਅਤੇ ਬੌਧਿਕ ਅਪੰਗਤਾ ਵਾਲੀਆਂ ਔਰਤਾਂ ਦੇ ਸ਼ੋਸ਼ਣ ਬਾਰੇ ਇੱਕ ਰਿਪੋਰਟ ਛਾਪੀ।

ਇਸ ਰਿਪੋਰਟ ਵਿੱਚ ਕਿਹਾ ਗਿਆ ਕਿ ਹਸਪਤਾਲ ਵਿੱਚ ਜਾਣ ਮਗਰੋਂ ਵੀ ਔਰਤਾਂ ਦਾ ਕਈ ਕਿਸਮ ਦਾ ਸ਼ੋਸ਼ਣ ਹੁੰਦਾ ਹੈ। ਉਨ੍ਹਾਂ ਨੂੰ ਵੱਖਰਿਆਂ ਰੱਖਿਆ ਜਾਂਦਾ ਹੈ, ਹਸਪਤਾਲ ਵਿੱਚ ਸਫ਼ਾਈ ਦੀ ਕਮੀ, ਅਣਗਹਿਲੀ ਅਤੇ ਉਹ ਹਿੰਸਾ ਦੀ ਸ਼ਿਕਾਰ ਹੁੰਦੀਆਂ ਹਨ।

ਰਮਾ ਕਦੇ ਬੰਗਲੌਰ ਦੇ ਇੱਕ ਆਸ਼ਰਮ ਵਿੱਚ ਰਹਿੰਦੀ ਸੀ। ਹੁਣ ਉਹ ਇਹ ਨਹੀਂ ਜਾਣਦੀ ਕਿ ਉਹ ਉੱਥੇ ਕਿਵੇਂ ਪਹੁੰਚੀ ਸੀ।

ਸ਼ਹਿਰ ਵਿੱਚ ਮਾਨਸਿਕ ਰੋਗੀ ਔਰਤਾਂ ਲਈ ਦੋ ਹੀ ਸਰਕਾਰੀ ਆਸ਼ਰਮ ਹਨ ਜਿਨ੍ਹਾਂ ਦੀ ਕੁੱਲ ਸਮੱਰਥਾ 220 ਮਰੀਜ਼ ਹੈ ਪਰ ਅਗਸਤ 2018 ਤੱਕ ਇਨ੍ਹਾਂ ਵਿੱਚ 300 ਦੇ ਲਗਪਗ ਮਰੀਜ਼ ਰਹਿ ਰਹੀਆਂ ਸਨ।

ਹਾਲਾਂਕਿ ਇਹ ਆਸ਼ਰਮ ਬੇਘਰ ਔਰਤਾਂ ਲਈ ਹਨ, ਜਿਨ੍ਹਾਂ ਵਿੱਚੋਂ ਕੁਝ ਨੌਕਰੀ ਵੀ ਕਰਦੀਆਂ ਹਨ। ਪਰ ਪਿਛਲੇ ਸਮੇਂ ਦੌਰਾਨ ਇਹ ਸ਼ੈਲਟਰ ਜਾਂ ਆਸ਼ਰਮ ਮਾਨਸਿਕ ਰੋਗੀ ਔਰਤਾਂ ਲਈ ਵੀ ਇੱਕ ਪਨਾਹਗਾਹ ਬਣ ਗਏ ਹਨ।

ਅਜਿਹੇ ਜ਼ਿਆਦਾਤਰ ਸ਼ੈਲਟਰਾਂ ਦੇ ਸਟਾਫ ਨੂੰ ਮਾਨਿਸਕ ਬਿਮਾਰਾਂ ਨੂੰ ਸੰਭਾਲਣ ਦੀ ਕੋਈ ਸਿਖਲਾਈ ਨਹੀਂ ਮਿਲੀ ਹੁੰਦੀ।

ਨਿਮਹਾਂਸ ਦੀ ਇੱਕ ਖੋਜੀ ਫੈਬਿਨਾ ਮੂਰਕਾਥ ਮੁਤਾਬਕ ਇਨ੍ਹਾਂ ਸ਼ੈਲਟਰਾਂ ਵਿੱਚ ਮਾਨਸਿਕ ਬਿਮਾਰੀ ਵਾਲੀਆਂ ਔਰਤਾਂ ਨੂੰ ਵੀ ਤੰਦਰੁਸਤ ਔਰਤਾਂ ਦੇ ਨਾਲ ਹੀ ਰੱਖਿਆ ਜਾਂਦਾ ਹੈ।

ਡਾ਼ ਕੁਮਾਰ ਦੇ ਅੰਦਾਜ਼ੇ ਮੁਤਾਬਕ 40 ਫੀਸਦ ਮਰੀਜ਼ ਹੀ ਆਪਣੀ ਇੱਛਾ ਨਾਲ ਇਲਾਜ਼ ਲਈ ਪਹੁੰਚਦੀਆਂ ਹਨ। ਜਦਕਿ ਦੂਸਰੀਆਂ ਨੂੰ ਪੁਲਿਸ ਵੱਲੋਂ ਇੱਥੇ ਲਿਆਂਦਾ ਜਾਂਦਾ ਹੈ।

ਕਿਉਂਕਿ "ਇਹ ਔਰਤਾਂ ਆਪਣੇ ਅਤੇ ਹੋਰਾਂ ਲਈ ਵੀ ਇੱਕ ਖ਼ਤਰਾ ਬਣ ਜਾਂਦੀਆਂ ਹਨ।"

ਇਨ੍ਹਾਂ ਕੇਸਾਂ ਵਿੱਚ ਵੀ ਪੁਲਿਸ ਵਧੇਰੇ ਕਰਕੇ ਮੁਟਿਆਰ ਕੁੜੀਆਂ ਅਤੇ ਔਰਤਾਂ ਨੂੰ ਹੀ ਲਿਆਉਂਦੀ ਹੈ। ਪੁਰਸ਼ਾਂ ਬਾਰੇ ਸਮਝਿਆ ਜਾਂਦਾ ਹੈ ਕਿ ਉਹ ਆਪਣਾ ਧਿਆਨ ਰੱਖ ਲੈਣਗੇ।

ਇਸ ਦੇ ਉਲਟ ਇਹ ਸਮਝਿਆ ਜਾਂਦਾ ਹੈ ਕਿ ਔਰਤਾਂ ਨੂੰ ਹਿਫਾਜ਼ਤ ਦੀ ਲੋੜ ਰਹਿੰਦੀ ਹੈ। ਮਿਸ ਥੌਮਸ ਮੁਤਾਬਕ "ਦੁੱਖ ਦੀ ਗੱਲ ਤਾਂ ਇਹ ਹੈ ਕਿ ਕਈ ਮਾਮਲਿਆਂ ਵਿੱਚ ਇਹ ਧਾਰਨਾ ਸੱਚ ਵੀ ਹੈ।"

ਭਾਰਤ ਨੇ ਸਾਲ 2017 ਵਿੱਚ ਮਾਨਸਿਕ ਸਿਹਤ ਹੈਲਥਕੇਅਰ ਐਕਟ ਪਾਸ ਕੀਤਾ। ਇਸ ਕਾਨੂੰਨ ਮੁਤਾਬਕ ਮਰੀਜ਼ਾਂ ਦੀ ਮਰਜ਼ੀ ਦੇ ਬਿਨਾਂ ਜਦੇਂ ਤੱਕ ਕਿ ਉਹ ਆਪਣੇ-ਆਪ ਜਾਂ ਹੋਰਾਂ ਲਈ ਖ਼ਤਰਾ ਨਾ ਹੋਣ ਹਸਪਤਾਲ/ ਪਾਗਲਖਾਨੇ ਵਿੱਚ ਨਹੀਂ ਰੱਖਿਆ ਜਾ ਸਕਦਾ।

ਪਰੰਤੂ ਨਿਮਹਾਂਸ ਦੀ ਡਾ਼ ਪ੍ਰਤਿਮਾ ਮੁਰਥੀ ਮੁਤਾਬਕ ਅਜਿਹੇ ਕਾਨੂੰਨਾਂ ਦੀ ਔਰਤਾਂ ਦੇ ਖਿਲਾਫ ਵੀ ਵਰਤੋਂ ਹੋ ਸਕਦੀ ਹੈ। ਕਿਉਂਕਿ "ਕਈ ਵਾਰ ਮਰੀਜ਼ ਇੱਥੇ ਆਪਣੇ ਪਰਿਵਾਰਾਂ ਨਾਲ ਆਉਂਦੀਆਂ ਹਨ ਪਰ ਉਹ ਇੱਥੇ ਰਹਿਣਾ ਨਹੀਂ ਚਾਹੁੰਦੀਆਂ।"

ਇਲਾਜ ਅਤੇ ਦੇਖ ਭਾਲ ਨਾਲ ਕਈ ਔਰਤਾਂ ਠੀਕ ਹੋ ਜਾਂਦੀਆਂ ਹਨ ਪਰ ਉਨ੍ਹਾਂ ਵਿੱਚ ਮੁੜ ਤੋਂ ਬਾਹਰੀ ਦੁਨੀਆਂ ਵਿੱਚ ਜਾਣ ਦਾ ਹੌਂਸਲਾ ਨਹੀਂ ਰਹਿੰਦਾ।

ਨਿਮਹਾਂਸ ਕੋਲ ਅਜਿਹੀਆਂ ਔਰਤਾਂ ਨੂੰ ਦੂਸਰੇ ਸਰਕਾਰੀ ਜਾਂ ਨਿੱਜੀ ਸ਼ੈਲਟਰਾਂ ਵਿੱਚ ਭੇਜਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ।

ਇਹ ਵੀ ਪੜ੍ਹੋ

ਰਮਾ ਵੀ ਕਿਸੇ ਸਮੇਂ ਸ਼ੈਲਟਰ ਛੱਡ ਕੇ ਜਾਣਾ ਚਾਹੁੰਦੀ ਸੀ ਪਰ ਨਾਲ ਹੀ ਉਹ ਕਿਸੇ ਅਜਿਹੇ ਹਸਪਤਾਲ ਦੇ ਕੋਲ ਵੀ ਰਹਿਣਾ ਚਾਹੁੰਦੀ ਸੀ ਜਿੱਥੋਂ ਉਸਨੂੰ ਲੋੜੀਂਦੀਆਂ ਦਵਾਈਆਂ ਵੀ ਮਿਲ ਸਕਣ।

ਰਮਾ ਨੇ ਦੱਸਿਆ ਕਿ ਫਿਰ. "ਆਖੀਰ ਮੈਂ ਆਪਣਾ ਮਨ ਬਣਾਇਆ ਅਤੇ ਇੱਕ ਸਹੇਲੀ ਨਾਲ ਕੱਪੜਿਆਂ ਦੀ ਫੈਕਟਰੀ ਵਿੱਚ ਚਲੀ ਗਈ ਜਿੱਥੇ ਅਗਲੇ ਹੀ ਦਿਨ ਮੈਨੂੰ ਨੌਕਰੀ ਮਿਲ ਗਈ।"

ਰਮਾ ਮੁਤਾਬਕ ਨੌਕਰੀ ਮਿਲਣ ਨਾਲ ਉਸਨੂੰ ਨਵੀਂ ਜ਼਼ਿੰਦਗੀ ਮਿਲ ਗਈ। ਹੁਣ ਉਹ ਦਿਨ ਵਿੱਚ ਦਸ ਘੰਟੇ ਕੰਮ ਕਰਦੀ ਹੈ।

ਉਸ ਕੋਲ ਇੱਕ ਕਮਰੇ ਦਾ ਘਰ(ਅਪਾਰਟਮੈਂਟ) ਹੈ ਅਤੇ ਆਪਣਾ ਠੀਕ-ਠਾਕ ਨਿਰਵਾਹ ਕਰ ਰਹੀ ਹੈ। ਜਦੋਂ ਕਦੇ ਰਮਾ ਕੋਲ ਕੁਝ ਪੈਸੇ ਹੁੰਦੇ ਹਨ ਤਾਂ ਉਹ ਆਂਢ-ਗੁਆਂਢ ਵਿੱਚ ਰਹਿੰਦੇ ਬੱਚਿਆਂ ਨੂੰ ਚਾਕਲੇਟ ਵੰਡ ਦਿੰਦੀ ਹੈ।

"ਮੈਂ ਯਕੀਨ ਕਰਨਾ ਚਾਹੁੰਦੀ ਹਾਂ ਕਿ ਜੇ ਮੇਰੇ ਪਤੀ ਨੇ ਮੇਰੇ ਪੁੱਤਾਂ ਨੂੰ ਰੋਕਿਆ ਨਾ ਹੁੰਦਾ ਤਾਂ ਉਹ ਮੈਨੂੰ ਜ਼ਰੂਰ ਮਿਲਣ ਆਉਂਦੇ। ਮੇਰੇ ਦਿਲ ਵਿੱਚ ਉਨ੍ਹਾਂ ਖਿਲਾਫ਼ ਕੋਈ ਗਿਲਾ ਨਹੀਂ ਹੈ।"

(ਇਹ ਖ਼ਬਰ ਲਈ ਔਰਤਾਂ ਦੀਆਂ ਕਹਾਣੀਆਂ ਲਈ 'ਇੰਟਰਨੈਸ਼ਨਲ ਵੁਮਿਨਜ਼ ਮੀਡੀਆ ਰਿਪੋਰਟਿੰਗ ਗ੍ਰਾਂਟਸ' ਵੱਲੋਂ ਜਾਰੀ ਕੀਤੀ ਜਾਂਦੀ ਵਿੱਤੀ ਗ੍ਰਾਂਟ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ।)

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ