ਅੰਮ੍ਰਿਤਸਰ ਰੇਲ ਹਾਦਸਾ : ਮਰੀਜ਼ ਇਲਾਜ ਤੋਂ ਬਾਅਦ ਵੀ ਘਰ ਜਾਣ ਲਈ ਰਾਜ਼ੀ ਨਹੀਂ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਪੱਤਰਕਾਰ ਬੀਬੀਸੀ

ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਵਿੱਚ ਦਸਹਿਰਾ ਦੇਖਣ ਗਏ ਜੱਗੂ ਨੰਦਨ ਦੀ ਜ਼ਿੰਦਗੀ ਦੀ ਰਫ਼ਤਾਰ ਰੁੱਕ ਗਈ ਹੈ। ਰੇਲ ਹਾਦਸੇ ਤੋਂ ਬਾਅਦ ਜੱਗੂ ਨੂੰ ਗੁਰੂ ਨਾਨਕ ਹਸਪਤਾਲ ਲਿਆਂਦਾ ਗਿਆ ਸੀ।

ਇੱਥੇ ਜੱਗੂ ਦੀਆਂ ਕਈ ਸਰਜਰੀਆਂ ਹੋਈਆਂ ਅਤੇ ਡਾਕਟਰ ਨੇ ਉਸ ਨੂੰ ਤਿੰਨ ਮਹੀਨਿਆਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਜੱਗੂ ਉਨ੍ਹਾਂ ਕਈ ਮਰੀਜ਼ਾਂ ਵਿੱਚੋਂ ਹੈ, ਜੋ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਨਹੀਂ ਜਾਣਾ ਚਾਹੁੰਦੇ।

ਦਰਅਸਲ ਜੱਗੂ ਦਿਹਾੜੀ ਉੱਤੇ ਕੰਮ ਕਰਦਾ ਹੈ ਅਤੇ ਉਸ ਨੂੰ ਆਪਣੀ ਮਾਂ, ਪਤਨੀ ਅਤੇ ਤਿੰਨ ਬੱਚਿਆਂ ਦੀ ਫਿਕਰ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਜੱਗੂ ਨੇ ਕਿਹਾ, "ਉਨ੍ਹਾਂ ਸਾਰਿਆਂ ਨੂੰ ਅਗਲੇ ਤਿੰਨ ਮਹੀਨਿਆਂ ਤੱਕ ਕੌਣ ਪਾਲੇਗਾ ਅਤੇ ਮੇਰੇ ਲਈ ਦਵਾਈਆਂ ਕਿਵੇਂ ਆਉਣਗੀਆਂ।"

ਇਹ ਵੀ ਪੜ੍ਹੋ:

ਤੁਹਾਨੂੰ ਦੱਸ ਦੇਈਏ ਕਿ ਸੂਬਾ ਸਰਕਾਰ ਨੇ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ ਪਰ ਜ਼ਖਮੀਆਂ ਦੇ ਲਈ ਕੋਈ ਐਲਾਨ ਨਹੀਂ ਹੋਇਆ ਹੈ।

ਹਾਲਾਂਕਿ ਪੰਜਾਬ ਸਰਕਾਰ ਨੇ ਇੰਨਾ ਜ਼ਰੂਰ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਇਲਾਜ ਦਾ ਖਰਚਾ ਸੂਬਾ ਸਰਕਾਰ ਚੁੱਕੇਗੀ। ਕੇਂਦਰ ਸਰਕਾਰ ਵੱਲੋਂ ਐਲਾਨੇ 50,000 ਰੁਪਏ ਦੇ ਮੁਆਵਜ਼ਾ ਹਾਲੇ ਮਰੀਜ਼ਾਂ ਨੂੰ ਨਹੀਂ ਮਿਲਿਆ ਹੈ।

14 ਵਿੱਚੋਂ 4 ਹੀ ਘਰ ਜਾਣ ਲਈ ਤਿਆਰ

ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਤੋਂ ਇਲਾਜ ਤੋਂ ਬਾਅਦ 14 ਵਿੱਚੋਂ ਸਿਰਫ਼ ਚਾਰ ਹੀ ਮਰੀਜ਼ ਅਜਿਹੇ ਹਨ, ਜੋ ਕਿ ਘਰ ਜਾਣ ਲਈ ਤਿਆਰ ਹਨ।

ਤਿੰਨ ਬੱਚਿਆਂ ਦੇ ਪਿਤਾ ਪਰਸ਼ੂ ਰਾਮ ਦਾ ਕਹਿਣਾ ਹੈ, "ਡਾਕਟਰਾਂ ਨੇ ਘਰ ਜਾਣ ਲਈ ਕਿਹਾ ਹੈ ਪਰ ਹੋਰ ਇਲਾਜ ਦੇ ਲਈ ਮੈਨੂੰ ਸ਼ਾਇਦ ਖੁਦ ਹੀ ਖਰਚਾ ਚੁੱਕਣਾ ਪਏ। ਕੀ ਪਤਾ ਦੁਬਾਰਾ ਆਉਣ ਤੋਂ ਬਾਅਦ ਮੇਰਾ ਮੁੜ ਮੁਫ਼ਤ ਇਲਾਜ ਹੋਵੇਗਾ ਜਾਂ ਨਹੀਂ।"

ਸਬਜ਼ੀ ਵੇਚਣ ਵਾਲੇ ਪਰਸ਼ੂ ਰਾਮ ਨੇ ਡਰ ਜ਼ਾਹਿਰ ਕੀਤਾ ਕਿ ਸ਼ਾਇਦ ਜ਼ਖਮੀ ਲੋਕਾਂ ਨੂੰ ਮਿਲਣ ਵਾਲਾ ਮੁਆਵਜ਼ਾ ਵੀ ਨਾ ਮਿਲੇ।

ਪੇਸ਼ੇ ਤੋਂ ਪੇਂਟਰ ਕ੍ਰਿਸ਼ਨਾ ਦੈ ਕਹਿਣਾ ਹੈ ਕਿ ਡਾਕਟਰ ਦੀ ਸਲਾਹ ਦੇ ਬਾਵਜੂਦ ਉਹ ਘਰ ਜਾਣ ਲਈ ਰਾਜ਼ੀ ਨਹੀਂ ਹਨ।

ਕ੍ਰਿਸ਼ਨਾ ਦਾ ਕਹਿਣਾ ਹੈ, "ਇਹ ਮੇਰੇ ਕੰਮ ਦਾ ਸਭ ਤੋਂ ਵਧੀਆ ਸਮਾਂ ਹੈ। ਮੈਨੂੰ ਨਹੀਂ ਲਗਦਾ ਕਿ ਮੈਂ ਕੁਝ ਹੋਰ ਦਿਨ ਕੰਮ ਸਕਾਗਾਂ ਇਸ ਲਈ ਬਿਹਤਰ ਹੋਵੇਗਾ ਕਿ ਮੈਂ ਕੁਝ ਹੋਰ ਦਿਨ ਹਸਪਤਾਲ ਵਿੱਚ ਰਹਾਂ। ਇੱਥੇ ਘੱਟੋ-ਘੱਟ ਸਾਡਾ ਧਿਆਨ ਰੱਖਣ ਅਤੇ ਚੰਗਾ ਭੋਜਨ ਦੇਣ ਲਈ ਲੋਕ ਹਨ।"

ਇਹ ਵੀ ਪੜ੍ਹੋ:

ਸਿਵਲ ਹਸਪਤਾਲ ਦੇ ਡਾਕਟਰ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਕਈ ਮਰੀਜ਼ਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਫਿਰ ਉਹ ਘਰ ਜਾਣ ਲਈ ਰਾਜ਼ੀ ਨਹੀਂ ਹਨ।

ਡਾ. ਭੁਪਿੰਦਰ ਅਨੁਸਾਰ, "ਉਨ੍ਹਾਂ ਨੂੰ ਸ਼ਾਇਦ ਡਰ ਲਗਦਾ ਹੈ ਕਿ ਛੁੱਟੀ ਮਿਲਣ ਤੋਂ ਬਾਅਦ ਸ਼ਾਇਦ ਕੇਂਦਰ ਸਰਕਾਰ ਵੱਲੋਂ ਐਲਾਨਿਆ ਮੁਆਵਜ਼ਾ ਉਨ੍ਹਾਂ ਨੂੰ ਨਾ ਮਿਲੇ।"

ਇਹ ਵੀ ਪੜ੍ਹੋ:

ਅਸਿਸਟੈਂਟ ਡਿਪਟੀ ਕਮਿਸ਼ਨਰ, ਜਨਰਲ ਡਾ. ਸ਼ਿਵਰਾਜ ਬਲ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲੇ ਤੱਕ 71 ਵਿੱਚੋਂ 46 ਮਰੀਜ਼ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਹਾਲੇ ਦਾਖਿਲ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)