ਆਈਫੋਨ 14: ਐਪਲ ਨੇ ਦਿਖਾਈ ਨਵੇਂ ਫੋਨ ਦੀ ਝਲਕ, ਕਾਰ ਐਕਸੀਡੈਂਟ ਦਾ ਪਤਾ ਲਗਾਉਣ ਸਮੇਤ ਹੋਰ ਕੀ ਹੈ ਖ਼ਾਸ

    • ਲੇਖਕ, ਸ਼ਿਓਨਾ ਮੈਕਲਮ
    • ਰੋਲ, ਤਕਨਾਲੋਜੀ ਰਿਪੋਰਟਰ

ਐਪਲ ਨੇ ਆਪਣੇ ਆਈਫੋਨ 14, ਐਪਲ ਵਾਚ ਸੀਰੀਜ਼ 8 ਅਤੇ ਨਵੇਂ ਏਅਰਪੌਡਜ਼ ਦੇ ਫ਼ੀਚਰ ਜਨਤਕ ਕਰ ਦਿੱਤੇ ਹਨ।

ਯੂਐੱਸ ਵਿੱਚ ਲਾਂਚਿੰਗ ਇਵੈਂਟ ਦੌਰਾਨ ਕੰਪਨੀ ਨੇ ਦੱਸਿਆ ਕਿ ਨਵੇਂ ਮੋਬਾਈਲ ਵਿੱਚ ਐਮਰਜੈਂਸੀ ਸੈਟੇਲਾਈਟ ਕਨੈਕਟੀਵਿਟੀ ਅਤੇ ਕਾਰ ਐਕਸੀਡੈਂਟ ਦਾ ਪਤਾ ਲਗਾਉਣ ਦੀ ਤਕਨਾਲੋਜੀ ਵੀ ਮੌਜੂਦ ਹੈ।

ਅਗਲੀ ਪੀੜ੍ਹੀ ਦੇ (ਨੈਕਸਟ ਜੈਨਰੇਸ਼ਨ) ਆਈਫੋਨ, ਘੜੀ ਅਤੇ ਏਅਰਪੌਡ 'ਤੇ ਕੇਂਦਰਿਤ ਇਸ ਪ੍ਰੋਗਰਾਮ ਵਿੱਚ ਕੰਪਨੀ ਨੇ ਆਪਣੇ ਕੂਪਰਟੀਨੋ ਹੈੱਡਕੁਆਰਟਰ ਵਿਖੇ ਨਵੇਂ ਹੈਂਡਸੈੱਟ ਦੇ ਚਾਰ ਸੰਸਕਰਣਾਂ ਬਾਰੇ ਜਾਣਕਾਰੀ ਦਿੱਤੀ।

ਆਓ ਜਾਣਦੇ ਹਾਂ ਕਿ ਐਪਲ ਦੇ ਆਈਫੋਨ 14, ਐਪਲ ਵਾਚ ਸੀਰੀਜ਼ 8 ਅਤੇ ਆਈਪੌਡਸ ਵਿੱਚ ਕੀ ਹੈ ਖਾਸ

ਆਈਫੋਨ 14

  • ਕੰਪਨੀ ਆਈਫੋਨ 14 ਨੂੰ ਦੋ ਆਕਾਰਾਂ, ਆਈਫੋਨ 14 ਅਤੇ ਆਈਫੋਨ 14 ਪਲੱਸ ਵਿੱਚ ਜਾਰੀ ਕਰਨ ਜਾ ਰਹੀ ਹੈ।
  • ਇਨ੍ਹਾਂ ਨਵੇਂ ਹੈਂਡਸੈੱਟਾਂ ਦਾ ਖਾਸ ਫੀਚਰ ਇਹ ਹੋ ਕਿ ਇਨ੍ਹਾਂ ਨਾਲ ਮੁਸੀਬਤ ਦੇ ਸਮੇਂ ਮਦਦ ਲਈ ਸੈਟੇਲਾਈਟ ਰਾਹੀਂ ਐਮਰਜੈਂਸੀ ਕਾਲ ਭੇਜੀ ਜਾ ਸਕਦੀ ਹੈ।
  • ਇਹ ਫੋਨ ਤੁਹਾਡੀ ਮੌਜੂਦਾ ਸਥਿਤੀ ਉੱਪਰੋਂ ਲੰਘਣ ਵਾਲੇ ਸੈਟੇਲਾਈਟਾਂ ਦੀ ਜਾਣਕਾਰੀ ਦੇਵੇਗਾ ਅਤੇ ਇਹ ਦਰਸਾਏਗਾ ਕਿ ਫੋਨ ਨੂੰ ਉਨ੍ਹਾਂ 'ਤੇ ਸਹੀ ਢੰਗ ਨਾਲ ਕਿਵੇਂ ਪੁਆਇੰਟ ਕਰਨਾ ਹੈ।
  • ਇੱਕ ਬੁਨਿਆਦੀ ਸੁਨੇਹਾ ਭੇਜਣ ਵਿੱਚ ਇਸ ਨੂੰ 15 ਸਕਿੰਟਾਂ ਤੋਂ ਲੈ ਕੇ ਕੁਝ ਮਿੰਟ ਲੱਗ ਸਕਦੇ ਹਨ।
  • ਸੀਸੀਐੱਸ ਇਨਸਾਈਟ ਦੇ ਮੁੱਖ ਵਿਸ਼ਲੇਸ਼ਕ ਬੇਨ ਵੁੱਡ ਨੇ ਕਿਹਾ, "ਸੈਟੇਲਾਈਟ ਸਮਰੱਥਾ ਨੂੰ ਜੋੜਨ ਲਈ ਕੀਤੇ ਗਏ ਨਿਵੇਸ਼ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ।"
  • "ਸੈਟੇਲਾਈਟ ਪ੍ਰਦਾਤਾ ਗਲੋਬਲਸਟਾਰ ਨਾਲ ਵਪਾਰਕ ਸਮਝੌਤਾ, ਐਮਰਜੈਂਸੀ ਸੇਵਾਵਾਂ ਨੂੰ ਸੰਦੇਸ਼ ਭੇਜਣ ਲਈ ਲੋੜੀਂਦੇ ਬੁਨਿਆਦੀ ਢਾਂਚਾ ਬਣਾਉਣ ਸਮੇਤ, ਇਸ ਸਭ ਨੂੰ ਕਰਨ ਲਈ ਐਪਲ ਨੂੰ ਕਈ ਸਾਲ ਲੱਗ ਗਏ ਹੋਣਗੇ।"
  • ਤਕਨੀਕੀ ਵਿਸ਼ਲੇਸ਼ਕ ਪਾਓਲੋ ਪੇਸਕਾਟੋਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਨਵੀਂ ਖੋਜ 'ਮੁਸ਼ਕਿਲ ਪਹੁੰਚ ਵਾਲੇ ਖੇਤਰ' ਦੇ ਉਪਭੋਗਤਾਵਾਂ ਲਈ ਚੰਗੀ ਹੈ।

ਆਈਫ਼ੋਨ 14 ਕੈਮਰਾ

  • ਆਈਫ਼ੋਨ 14 ਵਿੱਚ 12-ਮੈਗਾਪਿਕਸਲ ਦਾ ਕੈਮਰਾ ਹੈ ਜੋ ਕਿ ਤੇਜ਼ੀ ਨਾਲ ਚੱਲ ਰਹੀਆਂ ਜਾਂ ਹਿੱਲ ਰਹੀਆਂ ਚੀਜ਼ਾਂ ਦੀਆਂ ਫੋਟੋਆਂ ਲੈਣ ਦੇ ਸਮਰੱਥ ਹੈ।
  • ਇਸ ਦੇ ਨਾਲ ਹੀ ਕੰਪਨੀ ਦਾ ਦਾਅਵਾ ਹੈ ਕਿ ਘੱਟ ਰੋਸ਼ਨੀ ਵਿੱਚ ਵੀ ਤਸਵੀਰ ਦੀ ਗੁਣਵੱਤਾ 'ਚ 49% ਸੁਧਾਰ ਕੀਤਾ ਗਿਆ ਹੈ।
  • ਸੈਲਫੀ ਨੂੰ ਬਿਹਤਰ ਬਣਾਉਣ ਲਈ, ਫਰੰਟ ਕੈਮਰੇ ਵਿੱਚ ਪਹਿਲੀ ਵਾਰ ਆਟੋ-ਫੋਕਸ ਵੀ ਸ਼ਾਮਲ ਕੀਤਾ ਗਿਆ ਹੈ।
  • ਐਪਲ ਦੇ ਅਨੁਸਾਰ, ਆਈਫੋਨ ਉਪਭੋਗਤਾਵਾਂ ਨੇ ਪਿਛਲੇ 12 ਮਹੀਨਿਆਂ ਵਿੱਚ ਤਿੰਨ ਖਰਬ ਤੋਂ ਵੱਧ ਫੋਟੋਆਂ ਖਿੱਚੀਆਂ ਹਨ।
  • ਆਈਫ਼ੋਨ 14 ਦੀ ਕੀਮਤ 799 ਅਮਰੀਕੀ ਡਾਲਰ, 849 ਪਾਊਂਡ ਤੋਂ ਸ਼ੁਰੂ ਹੁੰਦੀ ਹੈ।

ਆਈਫੋਨ 14 ਪ੍ਰੋ

  • ਆਈਫੋਨ 14 ਪ੍ਰੋ ਅਤੇ ਆਈਫੋਨ 14 ਪ੍ਰੋ ਮੈਕਸ ਦੇ ਡਿਜ਼ਾਈਨ ਵਿੱਚ ਸਭ ਤੋਂ ਵੱਡਾ ਬਦਲਾਅ ਸਕ੍ਰੀਨ ਦਾ ਸਿਖਰ ਹੈ ਜੋ ਕਿ ਪਿਲ ਸ਼ੇਪਡ ਕੱਟ ਵਾਲਾ ਹੈ।
  • ਬਲੈਕ ਨੌਚ ਦੀ ਥਾਂ ਇੱਕ ਨਵਾਂ ਫ਼ੀਚਰ ਡਾਇਨਾਮਿਕ ਆਈਲੈਂਡ ਰੱਖਿਆ ਗਿਆ ਹੈ ਕਿਉਂਕਿ ਬਲੈਕ ਨੌਚ ਬਾਰੇ ਬਹੁਤ ਸਾਰੇ ਆਈਫੋਨ ਉਪਭੋਗਤਾ ਸ਼ਿਕਾਇਤ ਕਰ ਰਹੇ ਸਨ।
  • ਇਹ ਨਵਾਂ ਫ਼ੀਚਰ ਸੂਚਨਾਵਾਂ ਦੇ ਆਧਾਰ 'ਤੇ ਸ਼ੇਪ (ਆਕਾਰ) ਬਦਲ ਸਕਦਾ ਹੈ।
  • ਇੱਕ ਹੋਰ ਵੱਡੀ ਤਬਦੀਲੀ ਇਹ ਹੈ ਕਿ ਹੈਂਡਸੈੱਟ ਹਮੇਸ਼ਾ ਚਾਲੂ ਰਹਿ ਸਕਦਾ ਹੈ। ਜਦੋਂ ਫ਼ੋਨ ਵਰਤੋਂ ਵਿੱਚ ਨਹੀਂ ਹੋਵਗਾ ਤਾਂ ਸਕ੍ਰੀਨ ਮੱਧਮ ਹੋ ਜਾਵੇਗੀ ਅਤੇ ਰਿਫ੍ਰੇਸ਼ ਰੇਟ ਘਟ ਜਾਵੇਗਾ।
  • ਇਹ ਫ਼ੋਨ ਗਹਿਰੇ ਜਾਮਨੀ, ਕਾਲੇ, ਸਿਲਵਰ ਅਤੇ ਗੋਲਡਨ ਰੰਗਾਂ ਵਿੱਚ ਮਿਲੇਗਾ।
  • ਆਈਫ਼ੋਨ 14 ਪ੍ਰੋ ਦੀ ਕੀਮਤ ਅਮਰੀਕਾ ਵਿੱਚ 999 ਡਾਲਰ ਅਤੇ ਯੂਕੇ ਵਿੱਚ 1099 ਪਾਊਂਡ ਰੱਖੀ ਗਈ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਇਹ ਵੀ ਪੜ੍ਹੋ-

ਐਪਲ ਵਾਚ ਸੀਰੀਜ਼ 8

  • ਐਪਲ ਵਾਚ ਸੀਰੀਜ਼ 8 ਵਿੱਚ ਕਈ ਨਵੀਆਂ ਵਿਸ਼ੇਸ਼ਤਾਵਾਂ ਹਨ। ਇਸ ਵਿੱਚ ਕਾਰ ਦੁਰਘਟਨਾ ਦਾ ਪਤਾ ਲਗਾਉਣਾ, ਓਵੂਲੇਸ਼ਨ ਚੱਕਰ ਨੂੰ ਟਰੈਕ ਕਰਨ ਲਈ ਤਾਪਮਾਨ ਸੈਂਸਰ ਅਤੇ ਇੱਕ ਨਵਾਂ ਘੱਟ-ਪਾਵਰ ਮੋਡ ਵਿਕਲਪ ਸ਼ਾਮਲ ਹਨ।
  • ਅਮਰੀਕਾ ਵਿੱਚ ਗਰਭਪਾਤ ਕਾਨੂੰਨ ਵਿੱਚ ਬਦਲਾਅ ਕੀਤੇ ਜਾਣ ਤੋਂ ਬਾਅਦ ਲੋਕ ਮਾਹਵਾਰੀ ਟ੍ਰੈਕਰਾਂ ਨੂੰ ਲੈ ਕੇ ਸਾਵਧਾਨ ਹੋ ਰਹੇ ਹਨ। ਇਹ ਚਿੰਤਾਵਾਂ ਵੀ ਹਨ ਕਿ ਮਾਹਵਾਰੀ ਬਾਰੇ ਡੇਟਾ ਨੂੰ ਕਾਨੂੰਨ ਦੁਆਰਾ ਟਰੈਕ ਕੀਤਾ ਜਾਂ ਇਸਤੇਮਾਲ ਕੀਤਾ ਜਾ ਸਕਦਾ ਹੈ।
  • ਹਾਲਾਂਕਿ, ਐਪਲ ਦਾ ਕਹਿਣਾ ਹੈ ਕਿ ਉਸ ਦੇ ਡਿਵਾਈਸਾਂ 'ਤੇ ਡੇਟਾ ਨੂੰ ਐਨਕ੍ਰਿਪਟ ਕੀਤਾ ਜਾਵੇਗਾ ਅਤੇ ਸਿਰਫ ਪਾਸਕੋਡ ਜਾਂ ਬਾਇਓਮੈਟ੍ਰਿਕਸ ਰਾਹੀਂ ਹੀ ਇਸ ਤੱਕ ਪਹੁੰਚ ਸੰਭਵ ਹੋ ਸਕੇਗੀ।
  • ਐਪਲ ਦੇ ਮੁੱਖ ਸੰਚਾਲਨ ਅਧਿਕਾਰੀ ਜੇਫ ਵਿਲੀਅਮਜ਼ ਨੇ ਕਿਹਾ, "ਅਸੀਂ ਔਰਤਾਂ ਦੀ ਸਿਹਤ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਵੀ ਅੱਗੇ ਲਿਜਾ ਰਹੇ ਹਾਂ।"
  • ਐਪਲ ਮੁਤਾਬਕ, ਇੱਕ ਨਵੀਂ ਆਟੋਮੈਟਿਕ ਰੀਟਰੋਸਪੈਕਟਿਵ ਓਵੂਲੇਸ਼ਨ ਨੋਟੀਫਿਕੇਸ਼ਨ ਉਨ੍ਹਾਂ ਲੋਕਾਂ ਲਈ ਮਦਦਗਾਰ ਸਾਬਿਤ ਹੋ ਸਕਦੀ ਹੈ ਜੋ ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
  • ਐਕਟੀਵੇਟ ਕਰਨ 'ਤੇ ਨਵੀਂ ਘੜੀ ਹਰ ਪੰਜ ਸਕਿੰਟਾਂ ਵਿੱਚ ਸਰੀਰ ਦੇ ਤਾਪਮਾਨ ਦੀ ਨਿਗਰਾਨੀ ਕਰ ਸਕਦੀ ਹੈ ਅਤੇ ਛੋਟੀਆਂ ਤਬਦੀਲੀਆਂ ਦਾ ਪਤਾ ਲਗਾ ਸਕਦੀ ਹੈ, ਜੋ ਓਵੂਲੇਸ਼ਨ ਦਾ ਸੰਕੇਤ ਦਿੰਦਿਆਂ ਹੋਣ।
  • ਇੱਕ ਹੋਰ ਨਵੀਂ ਵਿਸ਼ੇਸ਼ਤਾ ਕਾਰ ਹਾਦਸੇ ਦਾ ਪਤਾ ਲਗਾਉਣਾ ਹੈ।
  • ਸੈਂਸਰਾਂ ਦੇ ਇਸਤੇਮਾਲ ਨਾਲ ਘੜੀ ਗੰਭੀਰ ਹਾਦਸੇ ਦੀ ਪਛਾਣ ਕਰ ਸਕਦੀ ਹੈ ਅਤੇ ਆਪਣੇ ਪਹਿਨਣ ਵਾਲੇ ਨੂੰ ਐਮਰਜੈਂਸੀ ਸੇਵਾਵਾਂ ਨਾਲ ਆਪਣੇ ਆਪ ਜੋੜ ਦਿੰਦੀ ਹੈ, ਫਿਰ ਉਨ੍ਹਾਂ ਦੀ ਸਹੀ ਸਥਿਤੀ ਦੀ ਜਾਣਕਾਰੀ ਦੇ ਕੇ ਐਮਰਜੈਂਸੀ ਸੰਪਰਕਾਂ ਨੂੰ ਸੂਚਿਤ ਕਰਦੀ ਹੈ।
  • ਸੀਰੀਜ਼ 8 ਵਿੱਚ ਇੱਕ ਘੱਟ ਪਾਵਰ ਮੋਡ ਵੀ ਹੈ, ਜਿਸ ਵਿੱਚ ਪੂਰੀ ਤਰ੍ਹਾਂ ਚਾਰਜ ਹੋਣ 'ਤੇ ਇਹ ਘੜੀ 36 ਘੰਟਿਆਂ ਤੱਕ ਬੈਟਰੀ ਚੱਲਣ ਦਾ ਵਾਅਦਾ ਕਰਦੀ ਹੈ।
  • ਐਪਲ ਵਾਚ ਸੀਰੀਜ਼ 8 ਦੀ ਕੀਮਤ ਅਮਰੀਕਾ ਵਿੱਚ 399 ਡਾਲਰ ਤੋਂ ਅਤੇ ਯੂਕੇ ਵਿੱਚ 419 ਪਾਊਂਡ ਤੋਂ ਸ਼ੁਰੂ ਹੈ।

ਐਪਲ ਵਾਚ ਅਲਟਰਾ

  • ਐਪਲ ਦੀ ਇਹ ਇਹ ਘੜੀ ਸਵਿਮ ਪਰੂਫ, ਡਸਟ ਪਰੂਫ ਅਤੇ ਕ੍ਰੈਕ ਰੋਧਕ ਹੈ, ਇਸ ਦਾ ਮਤਲਬ ਹੈ ਕਿ ਇਸ ਨੂੰ ਤੈਰਦੇ ਸਮੇਂ ਪਹਿਨਿਆ ਜਾ ਸਕਦਾ ਹੈ, ਇਸ 'ਤੇ ਧੂੜ-ਮਿੱਟੀ ਨਾਲ ਅਸਰ ਨਹੀਂ ਹੋਵੇਗਾ ਅਤੇ ਇਸ ਦੀ ਸਕ੍ਰੀਨ 'ਤੇ ਤਰੇੜ ਨਹੀਂ ਆਵੇਗੀ।
  • ਸਾਰੀਆਂ ਅਲਟਰਾ ਘੜੀਆਂ ਵਿੱਚ ਇੱਕ ਵਾਰ ਚਾਰਜ ਕਰਨ 'ਤੇ 36 ਘੰਟੇ ਤੱਕ ਦੀ ਬੈਟਰੀ ਲਾਈਫ ਅਤੇ 60 ਘੰਟਿਆਂ ਦੀ ਵਧੀ ਹੋਈ ਬੈਟਰੀ ਲਾਈਫ ਹੈ।
  • ਐਪਲ ਨੇ ਆਪਣੇ ਗਾਹਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਹ ਤੈਰਾਕੀ, ਸਾਈਕਲਿੰਗ ਅਤੇ ਦੌੜਨ ਵਾਲਿਆਂ ਲਈ ਬਹੁਤ ਮਦਦਗਾਰ ਰਹੇਗੀ।
  • ਐਪਲ ਵਾਚ ਅਲਟਰਾ ਦੀ ਕੀਮਤ ਅਮਰੀਕਾ ਵਿੱਚ 799 ਡਾਲਰ ਤੋਂ ਅਤੇ ਯੂਕੇ ਵਿੱਚ 849 ਪਾਊਂਡ ਤੋਂ ਸ਼ੁਰੂ ਹੈ।

ਏਅਰਪੌਡਜ਼

  • ਪਹਿਲਾਂ ਜੇ ਏਅਰਪੌਡ ਗੁਆਚ ਜਾਂਦਾ ਸੀ ਤਾਂ ਉਸ ਨੂੰ ਲੱਭਣਾ ਔਖਾ ਹੁੰਦਾ ਸੀ ਪਰ ਏਅਰਪੌਡਜ਼ ਪ੍ਰੋ ਨੂੰ ਲੱਭਣਾ ਸੌਖਾ ਹੈ।
  • ਨਵੇਂ ਏਅਰਪੌਡਸ ਦੇ ਹਰੇਕ ਜੋੜੇ ਵਿੱਚ ਇੱਕ ਖ਼ਾਸ ਸਿਸਟਮ ਹੈ ਜੋ ਇਅਰਫ਼ੋਨ ਦੇ ਗੁਆਚ ਜਾਣ 'ਤੇ ਉਸ ਨੂੰ ਲੱਭਣ ਵਿੱਚ ਬਹੁਤ ਮਦਦ ਕਰਦਾ ਹੈ, ਖ਼ਾਸ ਕਰਕੇ ਉਦੋਂ ਜਦੋਂ ਇਅਰਫ਼ੋਨ ਆਪਣੇ ਕੇਸ ਤੋਂ ਕਿਤੇ ਬਾਹਰ ਡਿੱਗ ਜਾਂ ਗੁਆਚ ਜਾਵੇ।
  • ਇਸ ਤੋਂ ਇਲਾਵਾ ਕੇਸ ਦਾ ਆਪਣਾ ਵੀ ਇੱਕ ਸਪੀਕਰ ਹੈ, ਜੋ ਫਾਈਂਡ ਮਾਈ ਐਪ ਦੁਆਰਾ ਪੁੱਛੇ ਜਾਣ 'ਤੇ ਉੱਚੀ ਆਵਾਜ਼ ਵਿੱਚ ਪ੍ਰਤੀਕਿਰਿਆ ਦਿੰਦਾ ਹੈ।
  • ਨਵੇਂ ਏਅਰਪੌਡਜ਼ ਦੀ ਕੀਮਤ 249 ਅਮਰੀਕੀ ਡਾਲਰ, ਯੂਕੇ ਵਿੱਚ 249 ਪਾਊਂਡ ਹੈ।

ਇਹ ਵੀ ਪੜ੍ਹੋ :

ਇਹ ਵੀਡੀਓ ਵੀ ਦੇਖੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)