ਯਾਦਦਾਸ਼ਤ ਘਟਣ ਦੀ ਬਿਮਾਰੀ ਦਾ ਵਿਗਿਆਨੀਆਂ ਨੇ ਕੱਢਿਆ ਤੋੜ, ਪਰ ਇਹ ਇਲਾਜ ਕਿੰਨਾ ਕਾਰਗਰ

    • ਲੇਖਕ, ਜੇਮਜ਼ ਗੈਲਾਗਰ
    • ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ

ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਉਹ ਬਿਜਲੀ ਨਾਲ ਦਿਮਾਗ਼ ਦੇ ਕੁਝ ਹਿੱਸਿਆਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਉਤੇਜਿਤ ਕਰ ਕੇ ਲੋਕਾਂ ਦੀ ਯਾਦਦਾਸ਼ਤ ਨੂੰ ਘੱਟ ਤੋਂ ਘੱਟ ਇੱਕ ਮਹੀਨੇ ਤੱਕ ਵਧਾ ਸਕਦੇ ਹਨ।

ਮਾਹਰਾਂ ਨੇ ਦੇਖਿਆ ਕਿ ਵਲੰਟੀਅਰਾਂ ਨੇ ਸ਼ਬਦ ਯਾਦ ਕਰਨ ਵਾਲੀਆਂ ਖੇਡਾਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ।

ਜਿਸ ਨੇ ਉਨ੍ਹਾਂ ਦੀ ਤੁਰੰਤ "ਕਾਰਜਸ਼ੀਲ" ਮੈਮੋਰੀ ਅਤੇ ਉਨ੍ਹਾਂ ਦੀ ਲੰਬੀ ਮਿਆਦ ਦੀ ਯਾਦਦਾਸ਼ਤ ਦੋਵਾਂ ਨੂੰ ਪਰਖਿਆ।

ਰੋਜ਼ਾਨਾ ਜੀਵਨ ਲਈ ਇਨ੍ਹਾਂ ਨਤੀਜਿਆਂ ਦਾ ਅਸਲ ਵਿੱਚ ਕੀ ਅਰਥ ਹੈ, ਇਹ ਅਜੇ ਵੀ ਸਪੱਸ਼ਟ ਨਹੀਂ ਹੈ।

ਇਸ ਵਿਚਾਰ ਦਾ ਮਕਸਦ ਬਜ਼ੁਰਗਾਂ ਦੀ ਯਾਦਦਾਸ਼ਤ ਘਟਣ, ਬਿਮਾਰੀ ਦੇ ਇਲਾਜ ਅਤੇ ਪ੍ਰੀਖਿਆ ਦੀ ਤਿਆਰੀ ਵਿੱਚ ਸਹਾਇਤਾ ਕਰਨਾ ਹੈ।

ਬੋਸਟਨ ਯੂਨੀਵਰਸਿਟੀ ਦੇ ਡਾ. ਰਾਬਰਟ ਰੇਨਹਾਰਟ ਨੇ ਉਤੇਜਨਾ ਤਕਨੀਕ ਨੂੰ "ਦਿਮਾਗ਼ ਦੇ ਹਿੱਸਿਆਂ ਨੂੰ ਅਲੱਗ ਕਰਨ ਅਤੇ ਵਧਾਉਣ ਲਈ ਇੱਕ ਪੂਰੀ ਤਰ੍ਹਾਂ ਨਾਲ ਵੱਖਰੀ ਪਹੁੰਚ" ਵਜੋਂ ਵਰਣਨ ਕੀਤਾ।

ਜਿਸ ਨੇ "ਸੰਭਾਵੀ ਇਲਾਜ ਬਦਲਾਂ ਦਾ ਬਿਲਕੁਲ ਨਵਾਂ ਖੇਤਰ" ਪੇਸ਼ ਕੀਤਾ। ਪ੍ਰੀਖਣ ਵਿੱਚ ਮੌਜੂਦ ਲੋਕਾਂ ਨੇ ਇਲੈੱਕਟ੍ਰੋਡ ਨਾਲ ਭਰੀ ਟੋਪੀ ਪਹਿਨੀ ਹੋਈ ਸੀ।

ਇੱਕ ਨਿਯੰਤਰਿਤ ਬਿਜਲੀ ਕਰੰਟ ਦੀ ਵਰਤੋਂ ਦਿਮਾਗ਼ ਦੇ ਟੀਚਾਗਤ ਖੇਤਰਾਂ ਵਿੱਚ ਦਿਮਾਗ਼ ਦੀਆਂ ਤਰੰਗਾਂ ਨੂੰ ਸਹੀ ਰੂਪ ਵਿੱਚ ਬਦਲਣ ਲਈ ਕੀਤੀ ਗਈ। ਟੋਪੀ ਦਾ ਬਿਜਲਈ ਕਰੰਟ ਖੁਜਲੀ ਜਾਂ ਝਰਨਾਹਟ ਵਰਗਾ ਮਹਿਸੂਸ ਹੁੰਦਾ ਹੈ।

ਵਲੰਟੀਅਰਾਂ ਦੀ ਲਗਾਤਾਰ ਚਾਰ ਦਿਨਾਂ ਲਈ ਰੋਜ਼ਾਨਾ 20 ਮਿੰਟ ਦੀ ਉਤੇਜਨਾ ਕੀਤੀ। ਪੂਰੇ ਅਧਿਐਨ ਦੌਰਾਨ ਉਨ੍ਹਾਂ ਨੂੰ ਸ਼ਬਦਾਂ ਦੀ ਸੂਚੀ ਯਾਦ ਕਰਨੀ ਪਈ, ਜੋ ਉਨ੍ਹਾਂ ਨੂੰ ਇੱਕ ਮਹੀਨੇ ਬਾਅਦ ਪੁੱਛੀ ਗਈ।

ਡਾ. ਰੇਨਹਾਰਟ ਨੇ ਕਿਹਾ ਕਿ ਇਲਾਜ "ਚੋਣਵੇਂ ਮੈਮੋਰੀ ਸੁਧਾਰ ਦਾ ਕਾਰਨ ਬਣ ਸਕਦਾ ਹੈ, ਜੋ ਘੱਟੋ ਘੱਟ ਇੱਕ ਮਹੀਨੇ ਤੱਕ ਰਹਿੰਦਾ ਹੈ।''

ਨੇਚਰ ਨਿਊਰੋਸਾਇੰਸ ਜਰਨਲ ਵਿੱਚ ਪ੍ਰਕਾਸ਼ਿਤ ਨਤੀਜਿਆਂ ਤੋਂ ਪਤਾ ਲੱਗਿਆ ਕਿ ਪ੍ਰਯੋਗ ਦੀ ਸ਼ੁਰੂਆਤ ਵਿੱਚ ਮੈਮੋਰੀ ਗੇਮਾਂ ਨਾਲ ਜੂਝ ਰਹੇ ਵਾਲੰਟੀਅਰਾਂ ਵਿੱਚੋਂ ਉਹ ਸਨ, ਜਿਨ੍ਹਾਂ ਦੀ ਯਾਦਦਾਸ਼ਤ ਵਿੱਚ ਸਭ ਤੋਂ ਵੱਧ ਸੁਧਾਰ ਹੋਇਆ।

ਇਹ ਵੀ ਪੜ੍ਹੋ-

ਮੈਮੋਰੀ ਕਿਵੇਂ ਕੰਮ ਕਰਦੀ ਹੈ

ਬਿਜਲਈ ਸਿਗਨਲਾਂ ਨੇ ਟੀਚਾਗਤ ਖੇਤਰਾਂ ਵਿੱਚ ਦਿਮਾਗ਼ ਦੀ ਗਤੀਵਿਧੀ -ਯਾਨੀ ਦਿਮਾਗੀ ਤਰੰਗਾਂ (ਬ੍ਰੇਨਵੇਵਜ਼) ਦੀ ਤਾਲ ਨੂੰ ਬਦਲ ਦਿੱਤਾ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਉਤੇਜਨਾ ਦੇ ਚਾਰ ਗੇੜਾਂ ਨੇ ਉਨ੍ਹਾਂ ਪੈਟਰਨਾਂ ਨੂੰ ਹੋਰ ਮਜ਼ਬੂਤ ਕੀਤਾ ਅਤੇ ਦਿਮਾਗ਼ ਦੇ ਅਨੁਕੂਲ ਹੋਣ ਅਤੇ ਆਪਣੇ ਆਪ ਨੂੰ ਮੁੜ ਸਥਾਪਿਤ ਕਰਨ ਦੇ ਨਾਲ-ਨਾਲ ਨਿਊਰੋਪਲਾਸਟਿਕਟੀ ਦੇ ਰੂਪ ਵਿੱਚ ਜਾਣਿਆ ਜਾਣ ਵਾਲਾ ਸੁਧਾਰ ਹੋਇਆ।

ਡਾ. ਰੇਨਹਾਰਟ ਨੇ ਕਿਹਾ, "ਇਹ ਦਿਮਾਗ਼ ਦੀ ਭਾਸ਼ਾ ਨਾਲ ਜੁੜਨ ਵਰਗਾ ਹੈ, ਜੋ ਆਪਣੇ ਆਪ ਨਾਲ ਗੱਲ ਕਰਦੀ ਹੈ ਅਤੇ ਬਿਜਲਈ ਪ੍ਰਭਾਵ ਰਾਹੀਂ ਆਪਣੇ ਆਪ ਨਾਲ ਸੰਚਾਰ ਕਰਦੀ ਹੈ।"

ਹਾਲਾਂਕਿ, ਵੱਖ-ਵੱਖ ਕਿਸਮਾਂ ਦੀ ਯਾਦਦਾਸ਼ਤ ਨੂੰ ਵਧਾਉਣ ਲਈ ਵੱਖ-ਵੱਖ ਕਿਸਮ ਦੀਆਂ ਉਤੇਜਨਾਵਾਂ ਦੀ ਲੋੜ ਹੁੰਦੀ ਹੈ:

  • ਵਰਕਿੰਗ ਮੈਮੋਰੀ ਜੋ ਹੁਣ ਲਈ ਹੀ ਹੈ। ਇਹ ਇਸ ਤਰ੍ਹਾਂ ਹੈ ਕਿ ਤੁਸੀਂ ਆਪਣੇ ਦਿਮਾਗ਼ ਵਿੱਚ ਜਾਣਕਾਰੀ ਨੂੰ ਕਿਵੇਂ ਬਰਕਰਾਰ ਰੱਖਦੇ ਹੋ- ਜਿਵੇਂ ਕਿ ਕਲਾਸ ਵਿੱਚ ਨੋਟਸ ਲੈਣਾ ਅਤੇ ਸਮੱਸਿਆ ਹੱਲ ਕਰਨ ਅਤੇ ਫੈਸਲੇ ਲੈਣ ਵਿੱਚ ਮਹੱਤਵਪੂਰਨ ਹੁੰਦੀ ਹੈ।
  • ਇਸ ਨੂੰ ਹੁਲਾਰਾ ਦੇਣ ਲਈ ਦਿਮਾਗ਼ ਦੇ ਅਗਲੇ ਪਾਸੇ ਪ੍ਰੀਫਰੰਟਲ ਕਾਰਟੈਕਸ ਦੀ ਘੱਟ-ਆਵਿਰਤੀ ਵਾਲੀ ਉਤੇਜਨਾ ਦੀ ਲੋੜ ਹੁੰਦੀ ਹੈ।
  • ਲੰਬੇ ਸਮੇਂ ਦੀ ਯਾਦਦਾਸ਼ਤ ਉਹ ਹੈ ਜਿੱਥੇ ਅਸੀਂ ਜਾਣਕਾਰੀ ਸਟੋਰ ਕਰਦੇ ਹਾਂ; ਇਸ ਤਰ੍ਹਾਂ ਅਸੀਂ ਆਪਣੇ ਸਕੂਲ ਜਾਂ ਵਿਆਹ ਦੇ ਪਹਿਲੇ ਦਿਨ ਨੂੰ ਯਾਦ ਕਰ ਸਕਦੇ ਹਾਂ।
  • ਇਸ ਨੂੰ ਵਧਾਉਣ ਲਈ ਦਿਮਾਗ਼ ਦੇ ਪਿਛਲੇ ਪਾਸੇ ਪੈਰੀਟਲ ਕਾਰਟੈਕਸ ਦੀ ਉੱਚ-ਆਵਿਰਤੀ ਉਤੇਜਨਾ ਦੀ ਲੋੜ ਹੁੰਦੀ ਹੈ।
  • ਵਰਡ ਗੇਮਜ਼ ਵਿੱਚ ਸ਼ੁਰੂਆਤ ਵਿੱਚ ਲੋਕਾਂ ਨੂੰ ਦਿੱਤੀਆਂ ਗਈਆਂ ਯਾਦਾਂ ਨੂੰ ਯਾਦ ਕਰਨ ਨਾਲ ਲੰਬੇ ਸਮੇਂ ਦੀ ਯਾਦਦਾਸ਼ਤ ਦੀ ਜਾਂਚ ਹੁੰਦੀ ਹੈ, ਜਦਕਿ ਇੱਕ ਮਹੀਨੇ ਬਾਅਦ ਯਾਦ ਕਰਨਾ ਕਾਰਜਸ਼ੀਲ ਮੈਮੋਰੀ ਦੀ ਜਾਂਚ ਕਰਨਾ ਹੁੰਦਾ ਹੈ।

ਪ੍ਰੀਖਣ ਵਿੱਚ ਭਾਗ ਲੈਣ ਵਾਲੇ ਸਾਰੇ 150 ਲੋਕ ਸਿਹਤਮੰਦ ਸਨ ,ਜਿਨ੍ਹਾਂ ਦੀ ਕੋਈ ਬੋਧਾਤਮਕ (ਕੋਗਨੀਟਿਵ) ਕਮਜ਼ੋਰੀ ਨਹੀਂ ਸੀ ਅਤੇ ਉਨ੍ਹਾਂ ਦੀ ਉਮਰ 65 ਅਤੇ 88 ਸਾਲਾਂ ਦੇ ਵਿਚਕਾਰ ਸੀ।

ਜ਼ਿਆਦਾ ਭੁਲੱਕੜ ਹੋਣਾ ਅਕਸਰ ਵਧਦੀ ਉਮਰ ਦਾ ਸੰਕੇਤ ਹੁੰਦਾ ਹੈ, ਪਰ ਵਰਡ ਗੇਮਜ਼ ਤੋਂ ਪਰੇ, ਕੀ ਇਸ ਤਰ੍ਹਾਂ ਦੀ ਉਤੇਜਨਾ ਅਸਲ ਦੁਨੀਆ ਵਿੱਚ ਉਮਰ ਵਧਣ ਨਾਲ ਦਿਮਾਗ਼ ਦੀ ਮਦਦ ਕਰ ਸਕਦੀ ਹੈ, ਇਹ ਅਜੇ ਵੀ ਅਸਪੱਸ਼ਟ ਪਹਿਲੂ ਹੈ।

ਅਲਜ਼ਾਈਮਰ ਰੋਗ ਸਮੇਤ ਡਿਮੈਂਸ਼ੀਆ, ਰੋਗ ਗ੍ਰਸਤ ਦਿਮਾਗ਼ ਕਾਰਨ ਹੁੰਦਾ ਹੈ। ਜਿਸ ਵਿੱਚ ਦਿਮਾਗ਼ ਦੇ ਸੈੱਲ ਮਰ ਜਾਂਦੇ ਹਨ, ਜਿਸ ਨਾਲ ਯਾਦਦਾਸ਼ਤ ਦੀਆਂ ਸਮੱਸਿਆਵਾਂ ਹੁੰਦੀਆਂ ਹਨ।

ਖੋਜਕਰਤਾ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਅਲਜ਼ਾਈਮਰ ਰੋਗ ਵਿੱਚ ਬਚੇ ਹੋਏ ਦਿਮਾਗ਼ ਦੇ ਸੈੱਲਾਂ ਦੇ ਨਾਲ-ਨਾਲ ਸ਼ਿਜ਼ੋਫਰੇਨੀਆ ਅਤੇ ਅਣਨਿਯੰਤਰਿਤ ਜਨੂੰਨੀ ਵਿਕਾਰ (obsessive compulsive disorder) ਨੂੰ ਉਤੇਜਿਤ ਕਰਨ ਲਈ ਇਸ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਅਲਜ਼ਾਈਮਰ ਰਿਸਰਚ ਯੂਕੇ ਦੇ ਖੋਜ ਨਿਰਦੇਸ਼ਕ ਡਾ. ਸੂਸਨ ਕੋਹਲਹਾਸ ਨੇ ਕਿਹਾ, "ਅਸੀਂ ਨਹੀਂ ਜਾਣਦੇ ਕਿ ਦਿਮਾਗ਼ੀ ਉਤੇਜਨਾ ਤਕਨੀਕਾਂ ਵਿੱਚ ਡਿਮੈਂਸੀਆ ਵਾਲੇ ਲੋਕਾਂ ਦੀ ਮਦਦ ਕਰਨ ਦੀ ਸਮਰੱਥਾ ਹੈ ਜਾਂ ਨਹੀਂ, ਪਰ ਇਸ ਖੇਤਰ ਵਿੱਚ ਖੋਜ ਚੱਲ ਰਹੀ ਹੈ।"

ਵਰਤਮਾਨ ਵਿੱਚ ਉਪਯੋਗ ਕੀਤੀ ਜਾਣ ਵਾਲੀ ਉਤੇਜਨਾ ਵਿਧੀ 'ਟ੍ਰਾਂਸਕ੍ਰਾਨਿਅਲ ਅਲਟਰਨੇਟਿੰਗ ਕਰੰਟ ਸਿਟੂਮਲੇਸ਼ਨ' ਸਿਰਫ਼ ਖੋਜ ਪ੍ਰਯੋਗਸ਼ਾਲਾਵਾਂ ਵਿੱਚ ਹੀ ਸੰਭਵ ਹੈ।

ਇਸ ਲਈ ਜਦੋਂ ਤੁਸੀਂ ਕਿਸੇ ਇਮਤਿਹਾਨ ਜਾਂ ਸਿਰਫ਼ ਇੱਕ ਪੱਬ ਕੁਇਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਬੋਧਾਤਮਕ ਸੁਧਾਰ ਦੀ ਵਰਤੋਂ ਕਰਨ ਬਾਰੇ ਸੋਚੋਗੇ ਤਾਂ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਰੇਲੂ ਐਪਲੀਕੇਸ਼ਨਾਂ ਦੂਰ ਦੇ ਭਵਿੱਖ ਲਈ ਹਨ।

ਥਿੰਕਿੰਗ ਕੈਪਸ ਅਤੇ ਸੁਪਰਬ੍ਰੇਨ

ਹਾਲਾਂਕਿ, ਖੋਜਕਰਤਾ ਸ਼੍ਰੇਏ ਗਰੋਵਰ ਨੇ ਕਿਹਾ ਕਿ ਉਹ ਆਖਰਕਾਰ ਉਨ੍ਹਾਂ ਨੂੰ ਹੋਰ ਪਰੰਪਰਾਗਤ ਤਰੀਕਿਆਂ ਨਾਲ ਉਪਯੋਗ ਕਰਦੇ ਹੋਏ ਦੇਖ ਸਕਦੇ ਹਨ ਜਿਨ੍ਹਾਂ ਦਾ ਉਪਯੋਗ ਲੋਕ ਆਪਣੇ ਦਿਮਾਗ਼ ਨੂੰ ਤੇਜ਼ ਰੱਖਣ ਲਈ ਕਰਦੇ ਹਨ, ਜਿਵੇਂ ਕਿ ਕ੍ਰਾਸਵਰਡਸ ਅਤੇ ਸੁਡੋਕੁ।

"ਬੋਧਾਤਮਕ ਤੌਰ 'ਤੇ ਰੁੱਝੇ ਰਹਿਣ ਦੇ ਕਿਸੇ ਵੀ ਯਤਨ ਦਾ ਹਮੇਸ਼ਾ ਸਵਾਗਤ ਹੈ, ਇਸ ਤਰ੍ਹਾਂ ਦੀ ਪਹੁੰਚ ਸ਼ਾਇਦ ਕੁਝ ਅਜਿਹੀ ਹੈ ਜਿਸ ਨੂੰ ਉਨ੍ਹਾਂ ਚੀਜ਼ਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜੋ ਲੋਕ ਪਹਿਲਾਂ ਤੋਂ ਹੀ ਕਰ ਰਹੇ ਹਨ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)