ਸੋਮਾਲੀਆ ਦੇ ਹਯਾਤ ਹੋਟਲ ਉੱਤੇ ਅੱਤਾਵਦੀ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੀ ਜਥੇਬੰਦੀ ਅਲ-ਸ਼ਬਾਬ ਕੌਣ ਹੈ

ਪੁਲਿਸ ਮੁਤਾਬਕ ਅੱਤਵਾਦੀਆਂ ਵੱਲੋਂ ਪਹਿਲਾਂ ਹੋਟਲ ਦੇ ਬਾਹਰ ਦੋ ਧਮਾਕੇ ਕੀਤੇ ਗਏ

ਤਸਵੀਰ ਸਰੋਤ, HAYAT HOTEL

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ ਅੱਤਵਾਦੀਆਂ ਵੱਲੋਂ ਪਹਿਲਾਂ ਹੋਟਲ ਦੇ ਬਾਹਰ ਦੋ ਧਮਾਕੇ ਕੀਤੇ ਗਏ

ਸੋਮਾਲੀ ਸੁਰੱਖਿਆ ਏਜੰਸੀਆਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਹੋਟਲ ਵਿੱਚ ਦਾਖ਼ਲ ਹੋਏ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਇਹ ਆਪ੍ਰੇਸ਼ਨ ਖਤਮ ਹੋ ਗਿਆ ਹੈ।

ਤਕਰੀਬਨ 30 ਘੰਟੇ ਚੱਲੇ ਇਸ ਅਪਰੇਸ਼ਨ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋਈ ਹੈ ਜਦੋਂ ਕਿ ਸਥਾਨਕ ਮੀਡੀਆ ਰਿਪੋਰਟਾਂ ਦਾ ਦਾਅਵਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ।

ਸ਼ੁੱਕਰਵਾਰ ਨੂੰ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਹਯਾਤ ਹੋਟਲ ਵਿਖੇ ਅੱਤਵਾਦੀ ਦਾਖ਼ਲ ਹੋਏ ਸਨ। ਉਨ੍ਹਾਂ ਨੇ ਹੋਟਲ ਦੇ ਕਈ ਮਹਿਮਾਨਾਂ ਨੂੰ ਵੀ ਬੰਧਕ ਬਣਾਇਆ ਸੀ।

ਇਸ ਆਪ੍ਰੇਸ਼ਨ ਦੌਰਾਨ ਹੋਟਲ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਹੈ।

ਇਸਲਾਮੀ ਕੱਟੜਪੰਥੀ ਸਮੂਹ ਅਲ-ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਇਸ ਖ਼ਬਰ ਏਜੰਸੀ ਏਐਫਪੀ ਮੁਤਾਬਕ," ਸੁਰੱਖਿਆ ਬਲਾਂ ਮੁਤਾਬਕ ਇਸ ਅਪਰੇਸ਼ਨ ਦਾ ਅੰਤ ਹੋ ਗਿਆ ਹੈ ਅਤੇ ਸਾਰੇ ਅੱਤਵਾਦੀ ਮਾਰੇ ਗਏ ਹਨ।ਫਿਲਹਾਲ ਹੋਟਲ ਦੇ ਅੰਦਰੋਂ ਹੋਰ ਕੋਈ ਗੋਲੀਬਾਰੀ ਨਹੀਂ ਹੋ ਰਹੀ।"

ਬੀਬੀਸੀ ਵੱਲੋਂ ਸੁਤੰਤਰ ਤੌਰ 'ਤੇ ਇਸ ਆਪ੍ਰੇਸ਼ਨ ਦੇ ਖ਼ਤਮ ਹੋਣ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ। ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਇੱਕ ਹੋਟਲ ਵਿੱਚ ਅਲ-ਸ਼ਬਾਬ ਦੇ ਅੱਤਵਾਦੀਆਂ ਨੇ ਇੱਕ ਹੋਟਲ ਵਿਚ 10 ਲੋਕਾਂ ਨੂੰ ਮਾਰ ਦਿੱਤਾ। ਸੁਰੱਖਿਆ ਅਧਿਕਾਰੀਆਂ ਮੁਤਾਬਕ ਇਹ ਹਮਲਾ ਹੋਟਲ ਹਯਾਤ ਉਪਰ ਹੋਇਆ ਹੈ।

ਹੋਟਲ ਹਯਾਤ

ਤਸਵੀਰ ਸਰੋਤ, Abdirahin Mohd

ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ ਉੱਪਰ ਵੀ ਅਜਿਹੀਆਂ ਤਸਵੀਰਾਂ ਘੁੰਮ ਰਹੀਆਂ ਹਨ ਜਿਥੇ ਹੋਟਲ ਦੀ ਇਮਾਰਤ ਵਿੱਚੋਂ ਧੂੰਆਂ ਨਜ਼ਰ ਆ ਰਿਹਾ ਹੈ

ਪੁਲਿਸ ਮੁਤਾਬਕ ਅੱਤਵਾਦੀਆਂ ਵੱਲੋਂ ਪਹਿਲਾਂ ਹੋਟਲ ਦੇ ਬਾਹਰ ਦੋ ਧਮਾਕੇ ਕੀਤੇ ਗਏ ਅਤੇ ਉਸ ਤੋਂ ਬਾਅਦ ਹੋਟਲ ਦੇ ਅੰਦਰ ਜਾ ਕੇ ਗੋਲੀਆਂ ਚਲਾਈਆਂ ਗਈਆਂ।

ਅਜਿਹੀ ਜਾਣਕਾਰੀ ਮਿਲ ਰਹੀ ਹੈ ਕਿ ਇਹ ਹਮਲਾਵਰ ਹੋਟਲ ਹਯਾਤ ਦੇ ਸਭ ਤੋਂ ਉਪਰਲੀ ਮੰਜ਼ਿਲ 'ਤੇ ਕਈ ਘੰਟੇ ਮੌਜੂਦ ਰਹੇ।

ਪੁਲਿਸ ਦੀ ਇੱਕ ਟੁਕੜੀ ਨੇ ਦਰਜਨਾਂ ਮਹਿਮਾਨਾਂ ਅਤੇ ਸਟਾਫ ਨੂੰ ਹੋਟਲ ਵਿੱਚੋਂ ਬਚਾਇਆ ਹੈ।

ਇਸ ਤੋਂ ਪਹਿਲਾਂ ਇੱਕ ਵੈੱਬਸਾਈਟ ਜੋ ਅਲ ਸ਼ਬਾਬ ਨਾਲ ਸਬੰਧਿਤ ਹੈ, ਨੇ ਆਖਿਆ ਕਿ ਕੁਝ ਅੱਤਵਾਦੀ ਧੱਕੇ ਨਾਲ ਹੋਟਲ ਦੇ ਅੰਦਰ ਗਏ ਹਨ ਜਿਨ੍ਹਾਂ ਨੇ ਲੋਕਾਂ ਉੱਪਰ ਗੋਲੀਆਂ ਚਲਾਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਹੋਟਲ ਹਯਾਤ ਵਿੱਚ ਅਕਸਰ ਸਰਕਾਰੀ ਅਧਿਕਾਰੀਆਂ ਦੀਆਂ ਬੈਠਕਾਂ ਵੀ ਹੁੰਦੀਆਂ ਹਨ।

ਬੀਬੀਸੀ

ਇਹ ਵੀ ਪੜ੍ਹੋ-

ਖ਼ਬਰ ਏਜੰਸੀ ਰਾਇਟਰਜ਼ ਨੂੰ ਅਬਦੁਲ ਕਾਦਿਰ ਅਬਦੁਲ ਰਹਿਮਾਨ ਨੇ ਦੱਸਿਆ ਕਿ ਘੱਟੋ ਘੱਟ 9 ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਹੈ। ਉਹ ਰਾਜਧਾਨੀ ਵਿਖੇ ਇੱਕ ਐਂਬੂਲੈਂਸ ਸਰਵਿਸ ਦੇ ਮੁਖੀ ਹਨ।

ਸੋਸ਼ਲ ਮੀਡੀਆ ਉੱਪਰ ਵੀ ਅਜਿਹੀਆਂ ਤਸਵੀਰਾਂ ਘੁੰਮ ਰਹੀਆਂ ਹਨ ਜਿਥੇ ਹੋਟਲ ਦੀ ਇਮਾਰਤ ਵਿੱਚੋਂ ਧੂੰਆਂ ਨਜ਼ਰ ਆ ਰਿਹਾ ਹੈ ਅਤੇ ਪਿੱਛੇ ਗੋਲੀਆਂ ਦੀਆਂ ਆਵਾਜ਼ਾਂ ਵੀ ਸੁਣੀਆਂ ਜਾ ਰਹੀਆਂ ਹਨ। ਬੀਬੀਸੀ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ ਹੈ।

'ਦੋ ਕਾਰਾਂ ਨੇ ਹੋਟਲ ਦੀ ਇਮਾਰਤ ਨੂੰ ਬਣਾਇਆ ਨਿਸ਼ਾਨਾ'

ਇੱਕ ਪੁਲਿਸ ਅਧਿਕਾਰੀ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕੀ ਦੋ ਕਾਰ ਧਮਾਕਿਆਂ ਨੇ ਹੁਣ ਹਯਾਤ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।

"ਇੱਕ ਕਾਰ ਨੇ ਹੋਟਲ ਦੇ ਨਜ਼ਦੀਕ ਟੱਕਰ ਮਾਰੀ ਜਦੋਂ ਕਿ ਦੂਸਰੀ ਘਰ ਨੇ ਹੋਟਲ ਦੇ ਗੇਟ ਨੂੰ ਟੱਕਰ ਮਾਰੀ ਸਾਨੂੰ ਲੱਗਦਾ ਹੈ ਕਿ ਹਾਲੇ ਵੀ ਕੁਝ ਅੱਤਵਾਦੀ ਅੰਦਰ ਹਨ।"

ਅਲਕਾਇਦਾ ਨਾਲ ਸਬੰਧਤ ਅਲ ਸ਼ਬਾਬ ਪਿਛਲੇ ਕਈ ਸਮੇਂ ਤੋਂ ਸੋਮਾਲੀਆ ਸਰਕਾਰ ਦਾ ਵਿਰੋਧ ਕਰ ਰਿਹਾ ਹੈ।

ਦੇਸ਼ ਦੀ ਰਾਜਧਾਨੀ ਮੋਗਾਦਿਸ਼ੂ

ਤਸਵੀਰ ਸਰੋਤ, Getty Images

ਦੇਸ਼ ਦੇ ਦੱਖਣੀ ਅਤੇ ਮੱਧ ਸੋਮਾਲੀਆ ਉਪਰ ਇਨ੍ਹਾਂ ਦਾ ਕਬਜ਼ਾ ਹੈ ਪਰ ਹੁਣ ਦੇਸ਼ ਦੀ ਰਾਜਧਾਨੀ ਮੋਗਾਦਿਸ਼ੂ ਨੂੰ ਵੀ ਇਨ੍ਹਾਂ ਦੇ ਨਿਸ਼ਾਨੇ 'ਤੇ ਲਿਆ ਹੈ।

ਪਿਛਲੇ ਕਈ ਹਫ਼ਤਿਆਂ ਵਿੱਚ ਇਨ੍ਹਾਂ ਸਮੂਹਾਂ ਨੇ ਸੋਮਾਲੀਆ ਇਥੋਪੀਆ ਦੀ ਸਰਹੱਦ ’ਤੇ ਵੀ ਹਮਲੇ ਕੀਤੇ ਹਨ ਜਿਸ ਤੋਂ ਬਾਅਦ ਅਲ ਸ਼ਬਾਬ ਦੀ ਨਵੀਂ ਰਣਨੀਤੀ ਬਾਰੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ।

ਹੋਟਲ ਹਯਾਤ ਉੱਪਰ ਹੋਏ ਹਮਲੇ ਨੂੰ ਇਸ ਕਰਕੇ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਦੇਸ਼ ਦੇ ਨਵੇਂ ਰਾਸ਼ਟਰਪਤੀ ਹਸਨ ਸ਼ੇਖ ਮੁਹੰਮਦ ਦੀ ਚੋਣ ਤੋਂ ਬਾਅਦ ਇਹ ਪਹਿਲਾ ਵੱਡਾ ਹਮਲਾ ਹੈ। ਉਨ੍ਹਾਂ ਨੇ ਮਈ ਵਿੱਚ ਦੇਸ਼ ਦੀ ਕਮਾਨ ਸਾਂਭੀ ਸੀ।

ਕੌਣ ਹਨ ਅਲ-ਸ਼ਬਾਬ?

ਸੋਮਾਲੀਆ

ਤਸਵੀਰ ਸਰੋਤ, AFP

ਅਲ ਸ਼ਬਾਬ ਦਾ ਅਰਬੀ ਵਿੱਚ ਅਰਥ ਹੈ, ਨੌਜਵਾਨ।

ਸਾਲ 2006 ਵਿੱਚ ਇਥੋਪੀਆ ਦੀਆਂ ਫ਼ੌਜਾਂ ਵੱਲੋਂ ਖਦੇੜੇ ਜਾਣ ਤੱਕ ਸੋਮਾਲੀਆ ਯੂਨੀਅਨ ਆਫ਼ ਇਸਲਾਮਿਕ ਕੋਰਟਸ ਨੂੰ ਮੋਗਾਡਿਸ਼ੂ ਵੱਲੋਂ ਕੰਟਰੋਲ ਕੀਤਾ ਜਾਂਦਾ ਸੀ।

ਉਸ ਤੋਂ ਬਾਅਦ ਸੋਮਾਲੀਆ ਯੂਨੀਅਨ ਆਫ਼ ਇਸਲਾਮਿਕ ਕੋਰਟਸ ਦੀ ਨੌਜਵਾਨ ਇਕਾਈ ਵਜੋਂ ਅਲ-ਸ਼ਬਾਬ ਦਾ ਉਭਾਰ ਹੋਇਆ।

ਮੰਨਿਆਂ ਜਾਂਦਾ ਹੈ ਕਿ ਗਰੁੱਪ ਕੋਲ 7000 ਤੋਂ ਨੌਂ ਹਜ਼ਾਰ ਤੱਕ ਲੜਾਕੇ ਹਨ।

ਗਰੁੱਪ ਉੱਪਰ ਅਮਰੀਕਾ ਅਤੇ ਬ੍ਰਿਟੇਨ ਵੱਲੋਂ ਦਹਿਸ਼ਤਗਰਦ ਸੰਗਠਨ ਕਹਿੰਦੇ ਹੋਏ ਪਾਬੰਦੀ ਲਗਾਈ ਗਈ ਹੈ।

ਰਿਪੋਰਟਾਂ ਮੁਤਾਬਕ ਅਲ-ਸ਼ਬਾਬ ਨੂੰ ਵਿਦੇਸ਼ਾਂ ਤੋਂ ਵੀ ਮਦਦ ਮਿਲਦੀ ਹੈ ਅਤੇ ਯੂਰਪ ਅਤੇ ਅਮਰੀਕਾ ਸਮੇਤ ਕਈ ਦੇਸਾਂ ਤੋਂ ਲੜਾਕੇ ਉੱਥੇ ਪਹੁੰਚਦੇ ਹਨ।

ਅਲ-ਸ਼ਬਾਬ ਸਾਊਦੀ ਤੋਂ ਪ੍ਰੇਰਿਤ ਇਸਲਾਮ ਦੇ ਵਹਾਬੀ ਰੂਪ ਦਾ ਪੱਖਧਰ ਹੈ ਜਦਕਿ ਸੋਮਾਲੀਆ ਦੀ ਜ਼ਿਆਦਾਤਰ ਵਸੋਂ ਸੂਫ਼ੀਆਂ ਦੀ ਹੈ।

ਆਪਣੇ ਅਧਿਕਾਰ ਹੇਠਲੇ ਇਲਾਕਿਆਂ ਵਿੱਚ ਸੰਗਠਨ ਸੁੰਨੀ ਵਿਚਾਰਧਾਰਾ ਨੂੰ ਲਾਗੂ ਕਰਦਾ ਹੈ। ਇਸ ਵਿੱਚ ਕਥਿਤ ਵਿਭਚਾਰੀ ਔਰਤਾਂ ਨੂੰ ਸੰਗਸਾਰ ਕਰਨਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)