ਸ਼੍ਰੀਲੰਕਾ ਐਮਰਜੈਂਸੀ: ਮੁਜ਼ਾਹਰਾਕਾਰੀ ਪੀਐੱਮ ਦਫ਼ਤਰ 'ਚ ਵੜੇ, ਫੌਜ ਨੇ ਜਨਤਾ ਨੂੰ ਕੀਤੀ ਸ਼ਾਂਤੀ ਦੀ ਅਪੀਲ

ਜੇਕਰ ਤੁਸੀਂ ਹੁਣ-ਹੁਣੇ ਸਾਡੇ ਨਾਲ ਜੁੜੇ ਹੋ, ਤਾਂ ਇਹ ਪੇਜ ਅਸੀਂ ਸ਼੍ਰੀਲੰਕਾ ਵਿੱਚ ਚੱਲ ਰਹੇ ਸਿਆਸੀ ਅਤੇ ਆਰਥਿਕ ਸੰਕਟ ਬਾਰੇ ਚਲਾ ਰਹੇ ਹਾਂ। ਹੁਣ ਤੱਕ ਦੇ ਇਹ ਅਪਡੇਟ ਹਨ।

  • ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਸੰਸਦ ਦੇ ਸਪੀਕਰ ਨੂੰ ਫੋਨ ਉੱਤੇ ਜਾਣਕਾਰੀ ਦਿੱਤੀ ਕਿ ਉਹ ਅੱਜ ਆਪਣੇ ਅਸਤੀਫ਼ਾ ਭੇਜਣ ਦਾ ਪ੍ਰਬੰਧ ਕਰ ਰਹੇ ਹਨ।
  • ਗੋਟਾਬਾਇਆ ਰਾਜਪਕਸ਼ੇ ਨੇ ਅੱਜ ਅਸਤੀਫ਼ਾ ਦੇਣਾ ਸੀ ਪਰ ਉਹ ਰਾਤੋਂ-ਰਾਤ ਗੁਆਂਢੀ ਆਈਲੈਂਡ ਮਾਲਦੀਵ ਭੱਜ ਗਏ ਹਨ ਅਤੇ ਉਨ੍ਹਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਜਾਂ ਤਾਂ ਉਹ ਦੁਬਈ ਜਾਂ ਸਿੰਗਾਪੁਰ ਚਲੇ ਗਏ ਹਨ। ।
  • ਰਾਜਧਾਨੀ ਕੋਲੰਬੋ ਅਤੇ ਹੋਰ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਹੋਣ ਕਾਰਨ ਦੇਸ਼ ਵਿੱਚ ਨੈਸ਼ਨਲ ਐਮਰਜੈਂਸੀ ਅਤੇ ਖੇਤਰੀ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ।
  • ਹੁਣ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਹੈ।
  • ਮੁਜ਼ਹਰਾਕਾਰੀਆਂ ਦੀ ਵੱਡੀ ਭੀੜ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਦਾਖ਼ਲ ਹੋ ਗਈ ਹੈ।
  • ਵਿਰੋਧ-ਪ੍ਰਦਰਸ਼ਨਾਂ ਵਿਚਾਲੇ ਸ਼੍ਰੀਲੰਕਾ ਦੇ ਰਾਸ਼ਟਰੀ ਟੈਲੀਵਿਜ਼ਨ ਚੈਨਲ ਰੂਪਵਿਹਿਨੀ ਸਣੇ ਇੱਕ ਹੋਰ ਟੈਲੀਵਿਜ਼ਨ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ।
  • ਕੋਲੰਬੋ ਵਿੱਚ ਅਮਰੀਕੀ ਦੂਤਾਵਾਸ ਨੇ ਦੋ ਦਿਨਾਂ ਲਈ ਆਪਣੀ ਕੰਮਕਾਜ ਰੱਦ ਕਰ ਦਿੱਤਾ ਹੈ।

ਕੋਲੰਬੋ ਤੋਂ ਟੇਸਾ ਵੋਂਗ ਦੀ ਰਿਪੋਰਟ ਮੁਤਾਬਕ ਮੁਜ਼ਾਹਕਾਰੀਆਂ ਨੇ ਪ੍ਰਧਾਨ ਮੰਤਰੀ ਦਫ਼ਤਰ ਉੱਤੇ ਕਬਜ਼ਾ ਕਰ ਲਿਆ ਹੈ।

ਕਬਜ਼ਾ ਕਰਨ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਸੈਲਫ਼ੀਆਂ ਲੈ ਕੇ, ਢੋਲ ਵਜਾ ਕੇ ਅਤੇ ਚੀਕਾਂ ਮਾਰਦੇ ਹੋਏ ਰਨਿਲ ਵਿਕਰਮਾਸਿੰਘੇ ਖ਼ਿਲਾਫ਼ ਨਾਅਰੇ ਲਗਾਏ।

ਦੂਜੀ ਮੰਜ਼ਿਲ ਦੀ ਬਾਲਕਨੀ 'ਤੇ, "ਪ੍ਰਧਾਨ ਮੰਤਰੀ ਦਫ਼ਤਰ" ਦੇ ਇੱਕ ਚਿੰਨ੍ਹ ਦੇ ਉੱਤੇ ਮੁਜ਼ਾਹਰਾਕਾਰੀਆਂ ਨੇ ਸ਼੍ਰੀਲੰਕਾ ਦਾ ਝੰਡਾ ਲਹਿਰਾਇਆ।

ਅਮਰੀਕੀ ਦੂਤਾਵਾਸ ਨੇ ਦੋ ਦਿਨਾਂ ਲਈ ਕੰਮਕਾਜ ਕੀਤਾ ਰੱਦ

ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਥਿਤ ਅਮਰੀਕੀ ਦੂਤਾਵਾਸ ਨੇ ਬੁੱਧਵਾਰ ਦੁਪਹਿਰ ਤੋਂ ਸਾਰੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਹਨ। ਅਮਰੀਕੀ ਦੂਤਾਵਾਸ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਦੂਤਾਵਾਸ ਨੇ ਲਿਖਿਆ ਹੈ ਕਿ ਵੀਰਵਾਰ ਨੂੰ ਵੀ ਸਾਰੀਆਂ ਕੌਂਸਲਰ ਸੇਵਾਵਾਂ ਨੂੰ ਰੱਦ ਕਰ ਦਿੱਤੀਆਂ ਗਈਆਂ ਹਨ। ਦੂਤਾਵਾਸ ਨੇ ਅਸੁਵਿਧਾਵਾਂ ਲਈ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਸਾਰੀਆਂ ਅਪਵਾਇੰਟਮੈਂਟਸ ਲਈ ਨਵਾਂ ਸਮਾਂ ਦਿੱਤਾ ਜਾਵੇਗਾ।

ਗੋਟਾਬਾਇਆ ਰਾਜਪਕਸ਼ੇ ਨੇ ਸ਼੍ਰੀਲੰਕਾ ਵਿੱਚ ਸੰਸਦ ਦੇ ਸਪੀਕਰ ਨੂੰ ਦੱਸਿਆ, ਉਹ ਕਦੋਂ ਦੇਣਗੇ ਅਸਤੀਫ਼ਾ

ਗੋਟਾਬਾਇਆ ਰਾਜਪਕਸ਼ੇ ਨੇ ਸ਼੍ਰੀਲੰਕਾ ਵਿੱਚ ਸੰਸਦ ਦੇ ਸਪੀਕਰ ਨੂੰ ਦੱਸਿਆ, ਉਹ ਕਦੋਂ ਦੇਣਗੇ ਅਸਤੀਫ਼ਾ। ਸ਼੍ਰੀਲੰਕਾ ਦੀ ਸੰਸਦ ਨੇ ਸਪੀਕਰ ਨੇ ਐਲਾਨ ਕੀਤਾ ਹੈ ਕਿ ਰਾਸ਼ਟਰਪਤੀ ਆਪਣੇ ਅਸਤੀਫ਼ੇ ਨੂੰ ਅੱਜ ਭੇਜਣ ਦੀ ਵਿਵਸਥਾ ਕਰ ਰਹੇ ਹਨ।

ਸਪੀਕਰ ਨੇ ਕਿਹਾ ਹੈ ਕਿ ਗੋਟਾਬਾਇਆ ਨੇ ਉਨ੍ਹਾਂ ਨੂੰ ਫੋਨ ਕੀਤਾ ਹੈ ਅਤੇ ਦੱਸਿਆ ਹੈ ਕਿ ਉਹ ਅੱਜ ਹੀ ਆਪਣਾ ਅਧਿਕਾਰਤ ਅਸਤੀਫ਼ਾ ਭੇਜ ਦੇਣਗੇ।

ਗੋਟਾਬਾਇਆ ਨੇ ਵਾਅਦਾ ਕੀਤਾ ਸੀ ਕਿ ਉਹ ਬੁੱਧਵਾਰ ਨੂੰ ਅਸਤੀਫਾ ਦੇ ਦੇਣਗੇ ਪਰ ਉਹ ਦੇਸ਼ ਛੱਡੇ ਕੇ ਰਾਤੋਂ-ਰਾਤ ਭੱਜ ਗਏ ਸਨ।

ਫੌਜ ਅਤੇ ਪੁਲਿਸ ਸੰਭਾਲੇ ਦੇਸ਼ ਦੇ ਹਾਲਾਤ: ਰਨਿਲ ਵਿਕਰਮਾਸਿੰਘੇ

ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਤੋਂ ਬਾਅਦ ਕਾਰਜਕਾਰੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਨੇ ਟੀਵੀ 'ਤੇ ਦਿੱਤੇ ਇੱਕ ਬਿਆਨ ਵਿੱਚ ਫੌਜ ਅਤੇ ਪੁਲਿਸ ਨੂੰ ਸ਼੍ਰੀਲੰਕਾ ਦੀ ਸਥਿਤੀ ਸਾਂਭਣ ਦੇ ਨਿਰਦੇਸ਼ ਦਿੱਤੇ ਹਨ।

ਕਾਰਜਕਾਰੀ ਰਾਸ਼ਟਰਪਤੀ ਰਨਿਲ ਵਿਕਰਮਾਸਿੰਘੇ ਨੇ ਕਿਹਾ ਹੈ ਕਿ ਚੀਫ ਡਿਫੈਂਸ ਸਟਾਫ, ਟ੍ਰਾਈ-ਫੋਰਸੇਜ਼ ਕਮਾਂਡਰਾਂ ਅਤੇ ਇੰਸਪੈਕਟਰ ਜਨਰਲ ਪੁਲਿਸ (ਆਈਜੀਪੀ) ਦੀ ਇੱਕ ਕਮੇਟੀ ਬਣਾਈ ਗਈ ਹੈ, ਜਿਸ ਦੀ ਜ਼ਿੰਮੇਵਾਰੀ ਸ਼੍ਰੀਲੰਕਾ ਵਿੱਚ ਸੁਰੱਖਿਆ ਬਹਾਲ ਕਰਨ ਅਤੇ ਹਾਲਾਤ ਸੁਧਾਰਨ ਦੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਫੌਜ ਅਤੇ ਪੁਲਿਸ ਨੂੰ ਸ਼੍ਰੀਲੰਕਾ ਦੇ ਮੌਜੂਦਾ ਹਾਲਾਤ 'ਤੇ ਕਾਬੂ ਪਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਰਨਿਲ ਵਿਕਰਮਾਸਿੰਘੇ ਨੇ ਇੱਕ ਵਿਸ਼ੇਸ਼ ਵੀਡੀਓ ਬਿਆਨ ਵਿੱਚ ਕਿਹਾ ਹੈ ਕਿ ਇਸ ਕਮੇਟੀ ਨੂੰ ਸਾਰੇ ਨਾਗਰਿਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਅਤੇ ਵਿਵਸਥਾ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜਦੋਂ ਰਾਸ਼ਟਰਪਤੀ ਦੇ ਮੁਲਕ ਛੱਡਣ ਮਗਰੋਂ ਸੜਕਾਂ 'ਤੇ ਆਏ ਲੋਕ- ਵੀਡੀਓ

ਪ੍ਰਧਾਨ ਮੰਤਰੀ ਦਫਤਰ ਦੇ ਅੰਦਰ ਵੜ ਲੋਕਾਂ ਨੇ ਇਹ ਕੁਝ ਕੀਤਾ

ਬਾਰ ਐਸੋਸੀਏਸ਼ਨ ਦੀ ਅਪੀਲ: 'ਮੁਜ਼ਹਰਾਕਾਰੀ ਪ੍ਰਧਾਨ ਮੰਤਰੀ ਦਫ਼ਤਰ ਛੱਡਣ"

ਸ਼੍ਰੀਲੰਕਾ ਦੀ ਬਾਰ ਐਸੋਸੀਏਸ਼ਨ ਨੇ ਮੁਜ਼ਾਹਰਾਕਾਰੀਆਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਖਾਲੀ ਕਰਨ ਦੀ ਅਪੀਲ ਕੀਤੀ ਹੈ।

ਦਿ ਬਾਰ ਐਸੋਸੀਏਸ਼ਨ ਆਫ ਸ਼੍ਰੀਲੰਕਾ (ਬੀਏਐੱਸਐੱਲ) ਅਜੇ ਤੱਕ ਮੁਜ਼ਾਹਰਾਕਾਰੀਆਂ ਦਾ ਸਮਰਥਨ ਕਰਦੀ ਰਹੀ ਹੈ ਅਤੇ ਗ੍ਰਿਫ਼ਤਾਰ ਮੁਜ਼ਹਰਾਕਾਰੀਆਂ ਦੇ ਕੇਸ ਲੜਦੀ ਰਹੀ ਹੈ।

ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਬੀਏਐੱਸਐੱਲ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਦਫ਼ਤਰ 'ਤੇ ਮੁਜ਼ਹਰਾਕਾਰੀਆਂ ਦੇ ਕਬਜ਼ੇ ਨਾਲ ਚਿੰਤਤ ਹਨ।

ਉਨ੍ਹਾਂ ਨੇ ਮੁਜ਼ਹਾਰਕਾਰੀਆਂ ਨੂੰ ਦਫ਼ਤਰ ਤੁਰੰਤ ਪ੍ਰਸ਼ਾਸਨ ਨੂੰ ਸੌਂਪਣ ਦੀ ਅਪੀਲ ਕੀਤੀ ਹੈ।

ਆਪਣੇ ਬਿਆਨ ਵਿੱਚ ਬੀਏਐੱਸਐੱਲ ਨੇ ਕਿਹਾ ਕਿ ਬੀਏਐੱਸਐੱਲ ਸ਼ਾਂਤੀਪੂਰਨ ਮੁਜ਼ਾਹਰਾਕਾਰੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਦੀ ਰਹੇਗੀ ਹਾਲਾਂਕਿ, ਉਹ ਅਰਾਜਕਤਾ ਅਤੇ ਅਪ੍ਰਬੰਧਨ ਦਾ ਸਮਰਥਨ ਨਹੀਂ ਕਰਨਗੇ ਜੋ ਕਿ ਅਸੰਵਿਧਾਨਕ ਹੈ।

ਸੰਸਥਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸਰਕਾਰੀ ਦਫ਼ਤਰ 'ਤੇ ਕਬਜ਼ਾ ਕਰਨਾ ਅਤੇ ਜਾਇਦਾਦਾਂ ਦਾ ਨੁਕਸਾਨ ਕਰਨਾ ਸ਼ਾਂਤੀਪੂਰਨ ਮੁਜ਼ਾਹਰੇ ਵਿੱਚ ਨਹੀਂ ਆਉਂਦਾ ਹੈ।

ਫੌਜ ਦੇ ਕਮਾਂਡਰਾਂ ਨੇ ਜਨਤਾ ਨੂੰ ਕੀਤੀ ਸ਼ਾਂਤੀ ਦੀ ਅਪੀਲ

ਸ਼੍ਰੀਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਰਨਿਲ ਵਿਕਰਮਾਸਿੰਘੇ ਨੇ ਦੇਸ਼ ਦੀ ਫੌਜ ਅਤੇ ਪੁਲਿਸ ਨੂੰ ਹਾਲਾਤ ਸੰਭਾਲਣ ਦੇ ਹੁਕਮ ਦਿੱਤੇ ਹਨ।

ਰਨਿਲ ਵਿਕਰਮਾਸਿੰਘੇ ਨੇ ਕਿਹਾ ਹੈ ਕਿ ਫੌਜ ਅਤੇ ਪੁਲਿਸ ਨੂੰ ਦੇਸ਼ ਵਿੱਚ ਸ਼ਾਂਤੀ ਬਹਾਲ ਕਰਨ ਲਈ ਹਰ ਜ਼ਰੂਰੀ ਕਦਮ ਚੁੱਕਣਾ ਚਾਹੀਦਾ ਹੈ।

ਇਸੇ ਵਿਚਾਲੇ ਸ਼੍ਰੀਲੰਕਾ ਦੀ ਫੌਜ ਨੇ ਲੋਕਾਂ ਨੂੰ ਫੌਜ ਦਾ ਸਹਿਯੋਗ ਕਰਨ ਅਪੀਲ ਕੀਤੀ ਹੈ।

ਸ਼੍ਰੀਲੰਕਾ ਇਸ ਵੇਲੇ ਗੰਭੀਰ ਆਰਥਿਕ ਅਤੇ ਸਿਆਸੀ ਸੰਕਟ ਵਿੱਚ ਫਸਿਆ ਹੈ ਅਤੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਬੁੱਧਵਾਰ ਸਵੇਰੇ ਦੇਸ਼ ਛੱਡ ਕੇ ਮਾਲਦੀਪ ਚਲੇ ਗਏ ਹਨ।

ਸ਼੍ਰੀਲੰਕਾ ਦੀ ਫੌਜ ਦੇ ਮੁਖੀ ਜਨਰਲ ਸ਼ਾਵੇਂਦਰ ਸਿਲਵਾ ਨੇ ਲੋਕਾਂ ਨੂੰ ਤਿੰਨਾਂ ਸੈਨਾਵਾਂ ਅਤੇ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਸ਼ਾਵੇਂਦਰ ਸਿਲਵਾ ਨੇ ਕਿਹਾ ਹੈ ਕਿ ਰਾਸ਼ਟਰਪਤੀ ਦੇ ਅਸਤੀਫ਼ੇ ਅਤੇ ਨਵੇਂ ਰਾਸ਼ਟਰਪਤੀ ਦੇ ਚੁਣੇ ਜਾਣ ਤੱਕ ਦੇਸ਼ ਦੀ ਜਨਤਾ ਤਿੰਨਾ ਸੈਨਾਵਾਂ ਅਤੇ ਪੁਲਿਸ ਦੀ ਦੇਸ਼ ਵਿੱਚ ਸੁਰੱਖਿਆ ਵਿਵਸਥਾ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਮਦਦ ਕਰੇ।

ਸੈਨਾ ਮੁਖੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਜਾਂ ਨਿੱਜੀ ਜਾਇਦਾਦਾਂ ਨੂੰ ਨੁਕਸਾਨ ਨਾ ਪਹੁੰਚਾਉਣ।

ਰਾਸ਼ਟਰਪਤੀ ਗੋਟਾਬਾਇਆ ਨੇ ਦੇਸ਼ ਛੱਡਣ ਬਾਅਦ ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੁਜ਼ਹਰਾਕਾਰੀਆਂ ਦਾ ਜਸ਼ਨ

ਕੋਲੰਬੋ ਤੋਂ ਟੇਸਾ ਵੋਂਗ ਦੀ ਰਿਪੋਰਟ ਮੁਤਾਬਕ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਵੜੇ ਮੁਜ਼ਹਰਾਕਾਰੀ ਹਰ ਥਾਂ ਸੈਲਫੀ ਵੀ ਲੈ ਰਹੇ ਹਨ। ਉਹ ਸੋਫੇ ਉੱਤੇ ਲੈਟੇ ਹੋਏ ਹਨ।

ਜਿੱਥੇ ਪ੍ਰਧਾਨ ਮੰਤਰੀ ਦੁਨੀਆਂ ਭਰ ਤੋਂ ਆਏ ਨੇਤਾਵਾਂ ਨਾਲ ਮੀਟਿੰਗਾਂ ਕਰਦੇ ਸਨ, ਹੁਣ ਉਹ ਕਮਰਾ ਮੁਜ਼ਹਰਾਕਾਰੀਆਂ ਨਾਲ ਭਰਿਆ ਹੋਇਆ ਹੈ।

ਮੁਜ਼ਹਰਾਕਾਰੀ ਕੁਰਸੀਆਂ 'ਤੇ ਡੈਸਕ 'ਤੇ ਖੜ੍ਹੇ ਹਨ ਅਤੇ ਸ਼੍ਰੀਲੰਕਾ ਦਾ ਝੰਡਾ ਲਹਿਰਾ ਰਹੇ ਹਨ। ਉਤਸ਼ਾਹਿਤ ਮੁਜ਼ਹਰਾਕਾਰੀ ਨਾਅਰੇ ਲਗਾ ਰਹੇ ਹਨ, "ਅਸੀਂ ਪਹਿਲਾਂ ਹੀ ਕਿਹਾ ਸੀ ਕਿ ਸਾਡੇ ਨਾਲ ਪੰਗਾ ਨਾ ਲਓ।"

ਇਸ ਕਮਰੇ ਦੇ ਬਾਹਰ ਹਥਿਆਰਬੰਦ ਸੈਨਿਕ ਖੜ੍ਹੇ ਹਨ ਅਤੇ ਜਸ਼ਨ ਮਨਾਉਣ ਵਾਲੇ ਲੋਕਾਂ ਨੂੰ ਦੇਖ ਰਹੇ ਹਨ।

ਵਿਰੋਧੀ ਚੁੱਕ ਰਹੇ ਹਨ ਰਨਿਲ ਵਿਕਰਮਾਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਉਣ 'ਤੇ ਸਵਾਲ

ਸ਼੍ਰੀਲੰਕਾ ਵਿੱਚ ਵਿਰੋਧੀ ਨੇਤਾ ਸਜਿਥ ਪ੍ਰੇਮਦਾਸਾ ਨੇ ਰਨਿਲ ਵਿਕਰਮਾਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਏ ਜਾਣ 'ਤੇ ਸਵਾਲ ਚੁੱਕੇ ਹਨ।

ਪਹਿਲਾਂ ਤਾਂ ਉਨ੍ਹਾਂ ਨੇ ਇਸ ਦੀ ਵੈਧਤਾ ਨੂੰ ਹੀ ਚੁਣੌਤੀ ਦਿੱਤੀ ਸੀ।

ਨਵੇਂ ਟਵੀਟ ਵਿੱਚ ਸਜਿਥ ਪ੍ਰੇਮਦਾਸਾ ਨੇ ਕਿਹਾ ਹੈ ਕਿ ਇੱਕ ਸੀਟ ਵਾਲੇ ਸੰਸਦ ਮੈਂਬਰ ਨੂੰ ਪਹਿਲਾਂ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਅਤੇ ਹੁਣ ਉਸੇ ਵਿਅਕਤੀ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਇਹ ਲੋਕਚੰਤਰ ਦੀ ਰਾਜਪਕਸ਼ੇ ਸ਼ੈਲੀ ਹੈ। ਇਹ ਕਿੰਨੀ ਵੱਡੀ ਤਰਾਸਦੀ ਹੈ।

ਇਸ ਨਾਲ ਪਹਿਲਾਂ ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਸੀ ਕਿ ਪੀਐੱਮ ਉਸੇ ਹਾਲਾਤ ਵਿੱਚ ਕਾਰਜਕਾਰੀ ਰਾਸ਼ਟਰਪਤੀ ਬਣਦਾ ਹੈ, ਜਦੋਂ ਰਾਸ਼ਟਰਪਤੀ ਉਸ ਨੂੰ ਨਿਯੁਕਤ ਕਰਦਾ ਹੈ ਜਾਂ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੁੰਦਾ ਹੈ ਜਾਂ ਫਿਰ ਮੁੱਖ ਜਸਟਿਸ ਸਪੀਕਰ ਦੇ ਨਾਲ ਮਿਲ ਕੇ ਇਹ ਤੈਅ ਕਰਦਾ ਹੈ ਕਿ ਰਾਸ਼ਟਰਪਤੀ ਕੰਮ ਕਰਨ ਵਿੱਚ ਸਮਰੱਥ ਨਹੀਂ ਹੈ।

ਉਨ੍ਹਾਂ ਨੇ ਅੱਗੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਹਾਲਾਤ ਤੋਂ ਵੱਖ ਪੀਐੱਮ ਰਾਸ਼ਟਰਪਤੀ ਦੇ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦਾ ਹੈ।

ਉਹ ਨਾ ਕਰਫਿਊ ਲਗਾ ਸਕਦਾ ਹੈ ਅਤੇ ਨਾ ਹੀ ਐਮਰਜੈਂਸੀ ਲਾਗੂ ਕਰ ਸਕਦਾ ਹੈ।

ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਅੱਜ ਸ਼੍ਰੀਲੰਕਾ ਛੱਡ ਕੇ ਮਾਲਦੀਵ ਚਲੇ ਗਏ ਹਨ। ਜਿਸ ਤੋਂ ਬਾਅਦ ਵਿਕਰਮਾਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਇਆ ਗਿਆ ਹੈ।

ਰਨਿਲ ਵਿਕਰਮਾਸਿੰਘੇ ਕਾਰਜਕਾਰੀ ਰਾਸ਼ਟਰਪਤੀ ਬਣਾਏ ਗਏ

ਸ਼੍ਰੀਲੰਕਾ ਦੀ ਸੰਸਦ ਦੇ ਸਪੀਕਰ ਮੁਤਾਬਕ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੂੰ ਮੁਲਕ ਦਾ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਹੈ।

ਸਪੀਕਰ ਦਾ ਕਹਿਣਾ ਹੈ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਉਨ੍ਹਾਂ ਨੂੰ ਸ਼੍ਰੀਲੰਕਾ ਦੇ ਸੰਵਿਧਾਨ ਦੀ ਧਾਰਾ 37.1 ਦੇ ਤਹਿਤ ਨਿਯੁਕਤੀ ਬਾਰੇ ਸੂਚਿਤ ਕੀਤਾ ਸੀ। ਹਾਲਾਂਕਿ ਰਾਜਪਕਸ਼ੇ ਵੱਲੋਂ ਖੁਦ ਕੋਈ ਸਿੱਧਾ ਬਿਆਨ ਸਾਹਮਣੇ ਨਹੀਂ ਆਇਆ ਹੈ।

ਹਾਲ ਹੀ ਦੇ ਦਿਨਾਂ ਵਿੱਚ ਸਾਰੇ ਐਲਾਨ ਸੰਸਦ ਦੇ ਸਪੀਕਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਆ ਰਹੇ ਹਨ।

ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਮੁਲਕ ਛੱਡਣ ਤੋਂ ਬਾਅਦ ਮੁਜ਼ਾਹਰਾਕਰੀ ਇੱਕ ਵਾਰ ਫੇਰ ਸੜਕਾਂ ਉੱਤੇ ਮੁੜ ਉਤਰੇ ਹੋਏ ਹਨ।

ਇਸ ਤੋਂ ਪਹਿਲਾਂ ਸ਼੍ਰੀਲੰਕਾ ਵਿੱਚ ਸਿਆਸੀ ਸੰਕਟ, ਅਸਥਿਰਤਾ ਅਤੇ ਗੜਬੜ ਦੇ ਵਿਚਕਾਰ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਐਮਰਜੈਂਸੀ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਸੀ।

ਪ੍ਰਧਾਨ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਪੱਛਮੀ ਸੂਬੇ ਵਿੱਚ ਵੀ ਕਰਫਿਊ ਲਗਾ ਦਿੱਤਾ ਗਿਆ ਹੈ। ਰਾਜਧਾਨੀ ਕੋਲੰਬੋ ਵੀ ਇਸ ਸੂਬੇ ਦਾ ਹੀ ਹਿੱਸਾ ਹੈ।

ਗੌਰਤਲਬ ਹੈ ਕਿ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇਸ਼ ਛੱਡ ਕੇ ਮਾਲਦੀਵ ਚਲੇ ਗਏ ਹਨ।

ਉਨ੍ਹਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ 13 ਜੁਲਾਈ ਨੂੰ ਅਸਤੀਫਾ ਦੇ ਦੇਣਗੇ, ਪਰ ਸੰਸਦ ਦੇ ਸਪੀਕਰ ਨੇ ਅਜੇ ਤੱਕ ਅਸਤੀਫ਼ਾ ਨਾ ਮਿਲਣ ਦੀ ਗੱਲ ਕਹੀ ਸੀ।

ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਵੀ ਸਰਬਦਲੀ ਸਰਕਾਰ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਉਹ ਅਸਤੀਫਾ ਦੇਣ ਲਈ ਤਿਆਰ ਹਨ।

ਇਸੇ ਦੌਰਾਨ ਮੁਲਕ ਦੀ ਰਾਜਧਾਨੀ ਕੋਲੰਬੋ ਵਿੱਚ ਮੁਜ਼ਾਹਰਾਕਾਰੀ ਡਟੇ ਹੋਏ ਹਨ। ਉਨ੍ਹਾਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਵਧਣ ਦੀ ਕੋਸਿਸ਼ ਕੀਤੀ ਅਤੇ ਉਨ੍ਹਾਂ ਨੂੰ ਰੋਕਣ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਵੀ ਛੱਡਣੇ ਪਏ।

ਜਿੱਥੇ ਲੋਕ ਰਾਸਟਰਪਤੀ ਦੇ ਮੁਲਕ ਛੱਡਣ ਤੋਂ ਖੁਸ਼ ਹਨ, ਉੱਥੇ ਉਨ੍ਹਾਂ ਵਲੋਂ ਅਹੁਦੇ ਤੋਂ ਅਸਤੀਫ਼ਾ ਨਾ ਦੇਣ ਕਾਰਨ ਲੋਕ ਗੁੱਸੇ ਵਿਚ ਹਨ।

ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੁਜ਼ਾਹਰਾਕਾਰੀਆਂ ਦੇ ਕਬਜ਼ੇ ਦੀਆਂ ਤਸਵੀਰਾਂ

ਜਦੋਂ ਪ੍ਰਦਰਸ਼ਨਕਾਰੀ ਪੀਐੱਮ ਦਫਤਰ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸਨ

ਸਾਡੇ ਰਿਪੋਰਟਰ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਬਾਹਰ ਬਹੁਤ ਤੇਜ਼ ਪ੍ਰਦਰਸ਼ਨ ਹੁੰਦੇ ਹੋਏ ਦੇਖ ਰਹੇ ਹਨ। ਕੁਝ ਲੋਕ ਦਫ਼ਤਰ ਦੇ ਗੇਟਾਂ ਨਾਲ ਝੂਲ ਕੇ ਉਨ੍ਹਾਂ ਨੂੰ ਪੁੱਟਣ ਦੀ ਕੋਸ਼ਿਸ਼ ਕਰ ਰਹੇ ਸਨ।

ਕੁਝ ਹੋਰ ਪ੍ਰਦਰਸ਼ਨਕਾਰੀ ਬੋਤਲਾਂ ਸੁੱਟ ਰਹੇ ਸਨ ਜਦਕਿ ਸੁਰੱਖਿਆ ਅਤੇ ਪੁਲਿਸ ਕਰਮੀ ਖੜ੍ਹੇ ਦੇਖ ਰਹੇ ਸਨ।

ਫਿਰ ਵੀ ਇਮਾਰਤ ਦੇ ਬਾਹਰ ਕਰੜੇ ਸੁਰੱਖਿਆ ਬੰਦੋਬਸਤ ਹਨ ਅਤੇ ਸੁਰੱਖਿਆ ਕਰਮੀਆਂ ਦੀ ਇੱਕ ਪੂਰੀ ਪੰਕਤੀ ਉਸ ਦੀ ਰੱਖਿਆ ਵਿੱਚ ਖੜ੍ਹੀ ਹੈ।

ਹਾਲਾਂਕਿ, ਦਫ਼ਤਰ ਦੇ ਬਾਹਰ ਲੋਕਾਂ ਦਾ ਇਕੱਠ ਵਧਦਾ ਹੀ ਜਾ ਰਿਹਾ ਹੈ।

ਪੁਲਿਸ ਵੱਲੋਂ ਜਦੋਂ ਇਹ ਪ੍ਰਦਰਸ਼ਨਕਾਰੀ ਪੀਐਮ ਦਫ਼ਤਰ ਵੱਲ ਵਧ ਰਹੇ ਸਨ ਤਾਂ ਰੋਕਣ ਲਈ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ ਗਈ।

ਅੱਗੇ ਕੀ ਹੋ ਸਕਦਾ ਹੈ?

ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਹੁਣ ਸ਼੍ਰੀਲੰਕਾ ਵਿੱਚ ਕੀ ਹੋਵੇਗਾ।

ਨਵਾਂ ਰਾਸ਼ਟਰਪਤੀ ਉਦੋਂ ਤੱਕ ਸਹੁੰ ਨਹੀਂ ਚੁੱਕ ਸਕਦਾ ਜਦੋਂ ਤੱਕ ਕਿ ਪੁਰਾਣੇ ਨੇ ਅਸਤੀਫਾ ਨਾ ਦੇ ਦਿੱਤਾ ਹੋਵੇ। ਇਸ ਦਾ ਮਤਲਬ ਹੈ ਕਿ ਰਾਜਪਕਸ਼ੇ ਵੱਲੋਂ ਅਧਿਕਾਰਿਤ ਤੌਰ 'ਤੇ ਅਸਤੀਫਾ ਦਿੱਤਾ ਜਾਣਾ ਬਾਕੀ ਹੈ।

ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਅਸਤੀਫਾ ਲਿਖਿਆ ਜਾ ਚੁੱਕਿਆ ਹੈ ਪਰ ਇਹ ਉਦੋਂ ਤੱਕ ਜਾਰੀ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਕਿ ਰਾਸ਼ਟਰਪਤੀ ਆਪਣੀ ਤੈਅ ਮੰਜ਼ਿਲ ਉੱਪਰ ਨਹੀਂ ਪਹੁੰਚ ਜਾਂਦੇ।

ਰਾਸ਼ਟਰਪਤੀ ਰਾਜਪਕਸ਼ੇ ਬੁੱਧਵਾਰ ਤੜਕੇ ਮਾਲਦੀਵ ਪਹੁੰਚੇ ਹਨ। ਇੱਥੋਂ ਉਹ ਅੱਗੇ ਆਪਣੀ ਤੈਅ ਮੰਜ਼ਿਲ ਲਈ ਰਵਾਨਾ ਹੋਣਗੇ।

ਹਾਲਾਂਕਿ ਉਹ ਕਿੱਥੇ ਹਨ ਅਤੇ ਕਿਸ ਹਾਲਤ ਵਿੱਚ ਹਨ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਗੋਟਾਬਾਇਆ ਨੇ ਫੌਜੀ ਜੈੱਟ ਵਿੱਚ ਮੁਲਕ ਛੱਡਿਆ

ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਦੇਸ਼ ਛੱਡਣ ਤੋਂ ਬਾਅਦ ਸ਼੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਟਵਿੱਟਰ 'ਤੇ ਇੱਕ ਬਿਆਨ ਜਾਰੀ ਕੀਤਾ ਹੈ।

ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇਸ਼ ਵਿੱਚ ਵਿਆਪਕ ਵਿੱਤੀ ਸੰਕਟ ਅਤੇ ਜਾਰੀ ਧਰਨੇ- ਮੁਜ਼ਾਹਰਿਆਂ ਦੇ ਦੌਰਾਨ ਇੱਕ ਮਿਲਟਰੀ ਜੈੱਟ ਵਿੱਚ ਦੇਸ ਛੱਡ ਕੇ ਭੱਜ ਗਏ ਹਨ।

ਬੀਬੀਸੀ ਦੀ ਰਿਪੋਰਟ ਮੁਤਾਬਕ ਉਹ ਸਥਾਨਕ ਸਮੇਂ ਅਨੁਸਾਰ ਸਵੇਰੇ ਤਿੰਨ ਵਜੇ ਮਾਲਦੀਵ ਦੀ ਰਾਜਧਾਨੀ ਮਾਲੇ ਪਹੁੰਚੇ ਹਨ।

ਰਾਜਾਪਾਕਸ਼ੇ ਦੇ ਦੇਸ ਛੱਡਣ ਨਾਲ ਦੇਸ ਦੀ ਸੱਤਾ ਉੱਪਰ ਕਈ ਦਹਾਕਿਆਂ ਤੱਕ ਕਾਬਜ਼ ਰਹੇ ਰਾਜਪਕਸ਼ੇ 'ਰਾਜ' ਪਰਿਵਾਰ ਦਾ ਅੰਤ ਹੋ ਗਿਆ ਹੈ।

ਸ਼ਨਿੱਚਰਵਾਰ ਨੂੰ ਵਧੀ ਹੋਈ ਮਹਿੰਗਾਈ ਅਤੇ ਆਰਥਿਕ ਸੰਕਟ ਦੇ ਵਿਰੋਧ ਵਿੱਚ ਵੱਡੀ ਗਿਣਤੀ ਲੋਕ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੋ ਗਏ ਸਨ। ਰਾਜਪਕਸ਼ੇ ਉਦੋਂ ਤੋਂ ਹੀ ਆਪਣੀ ਜਾਨ ਬਚਾਉਂਦੇ ਲੁਕਦੇ ਫਿਰ ਰਹੇ ਸਨ।

  • ਸ਼੍ਰੀਲੰਕਾ ਵਿੱਚ ਲਗਭਗ ਤਿੰਨ ਮਹੀਨੇ ਤੋਂ ਆਰਥਿਕ ਸੰਕਟ ਚੱਲ ਰਿਹਾ ਹੈ।
  • ਦੇਸ ਭਰ ਵਿੱਚ ਲੋਕ ਸੜਕਾਂ ਉੱਪਰ ਹਨ ਅਤੇ ਦੇਸ ਦੀ ਸੱਤਾ ਉੱਪਰ ਦਹਾਕਿਆਂ ਤੋਂ ਕਾਬਜ਼ ਰਾਜਪਕਸ਼ੇ ਪਰਿਵਾਰ ਨੂੰ ਲਾਂਭੇ ਹੋਣ ਲਈ ਕਹਿ ਰਹੇ ਹਨ।
  • ਸ਼ਨਿੱਚਰਵਾਰ ਅਤੇ ਐਤਵਾਰ ਨੂੰ ਵੀ ਬਹੁਤ ਸਾਰੇ ਲੋਕ ਦੇਸ ਦੀ ਸਭ ਤੋਂ ਮਹਿਫ਼ੂਜ਼ ਸਮਝੀ ਜਾਂਦੀ ਥਾਂ ਰਾਸ਼ਟਰਪਤੀ ਭਵਨ ਵਿੱਚ ਗਏ ਅਤੇ ਉੱਥੇ ਮਨਮਰਜ਼ੀਆਂ ਕੀਤੀਆਂ।
  • ਮਹਿੰਗਾਈ ਦਰ 50% ਤੋਂ ਟੱਪ ਗਈ ਹੈ, ਲੋਕਾਂ ਨੂੰ ਬਿਜਲੀ, ਦਵਾਈਆਂ ਦੀ ਕਮੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
  • ਦੇਸ਼ ਵਿੱਚ ਮੈਡੀਕਲ ਲੋੜਾਂ ਲਈ ਬੱਸਾਂ, ਰੇਲ ਗੱਡੀਆਂ ਅਤੇ ਵਾਹਨਾਂ ਲਈ ਕੋਈ ਬਾਲਣ ਨਹੀਂ ਬਚਿਆ ਹੈ।
  • ਅਧਿਕਾਰੀਆਂ ਦਾ ਕਹਿਣਾ ਹੈ ਕਿ ਦਰਾਮਦ ਲਈ ਲੋੜੀਂਦਾ ਵਿਦੇਸ਼ੀ ਮੁਦਰਾ ਭੰਡਾਰ ਨਹੀਂ ਬਚਿਆ ਹੈ।
  • ਮੰਨਿਆ ਜਾ ਰਿਹਾ ਹੈ ਕਿ 70 ਦੇ ਦਹਾਕੇ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ।
  • ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਸਪਲਾਈ ਬਚਾਉਣ ਲਈ ਘਰੇਲੂ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ।

ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਭਰਾ ਸਾਬਕਾ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਵੀ ਦੇਸ ਛੱਡ ਕੇ ਅਮਰੀਕਾ ਚਲੇ ਗਏ ਹਨ।

ਜਿਵੇਂ ਹੀ ਰਾਸ਼ਟਰਪਤੀ ਦੇ ਭੱਜਣ ਦੀ ਖ਼ਬਰ ਫੈਲੀ ਤਾਂ ਰਾਜਪਕਸ਼ੇ ਪਰਿਵਾਰ ਦੇ ਸ਼ਾਸਨ ਖਿਲਾਫ਼ ਜਾਰੀ ਪ੍ਰਦਰਸ਼ਨ ਦੀ ਮੁੱਖ ਥਾਂ ਗਾਲੇ ਫੇਸ ਗਰੀਨ ਵਿੱਚ ਪ੍ਰਦਰਸ਼ਨਕਾਰੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਜਸ਼ਨ ਮਨਾਏ ਜਾਣ ਲੱਗੇ।

ਮੰਗਲਵਾਰ ਨੂੰ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਉਡੀਕ ਵਿੱਚ ਪਹਿਲਾਂ ਤੋਂ ਹੀ ਹਜ਼ਾਰਾਂ ਲੋਕਾਂ ਦਾ ਇੱਕਠ ਉੱਥੇ ਹੋਣ ਲੱਗਿਆ ਸੀ।

'ਅਸੀਂ ਸ਼੍ਰੀਲੰਕਾ ਦੇ ਲੋਕਾਂ ਦੇ ਨਾਲ ਹਾਂ'

ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਦੇਸ਼ ਛੱਡਣ ਤੋਂ ਬਾਅਦ ਸ਼੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਟਵਿੱਟਰ 'ਤੇ ਇੱਕ ਬਿਆਨ ਜਾਰੀ ਕੀਤਾ ਹੈ।

ਬਿਆਨ ਵਿੱਚ ਹਾਈ ਕਮਿਸ਼ਨ ਨੇ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਭਾਰਤ ਨੇ ਗੋਟਾਬਾਇਆ ਰਾਜਪਕਸ਼ੇ ਅਤੇ ਸਾਬਕਾ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਨੂੰ ਸ਼੍ਰੀਲੰਕਾ ਤੋਂ ਬਾਹਰ ਭੇਜਣ ਵਿੱਚ ਮਦਦ ਕੀਤੀ ਹੈ।

ਹਾਈ ਕਮਿਸ਼ਨ ਨੇ ਆਪਣੇ ਬਿਆਨ ਵਿੱਚ ਸ੍ਰੀਲੰਕਾ ਦੇ ਲੋਕਾਂ ਦਾ ਸਮਰਥਨ ਕਰਨ ਦੀ ਆਪਣੀ ਗੱਲ ਨੂੰ ਦੁਹਰਾਇਆ ਹੈ।

ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਭਾਰਤ ''ਜਦੋਂ ਸ਼੍ਰੀਲੰਕਾ ਦੇ ਲੋਕ ਤਰੱਕੀ ਅਤੇ ਉਨਤੀ ਲਈ ਆਪਣੀਆਂ ਇਛਾਵਾਂ ਨੂੰ ਸਾਕਾਰ ਕਰਨ ਲਈ ਲੋਕਤੰਤਰੀ ਵਸੀਲਿਆਂ ਅਤੇ ਕਦਰਾਂ-ਕੀਮਤਾਂ ਰਾਹੀਂ ਸਾਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਅਸੀਂ ਉਨ੍ਹਾਂ ਦੇ ਨਾਲ ਹਾਂ।''

ਇਸ ਤੋਂ ਪਹਿਲਾਂ 10 ਜੁਲਾਈ ਨੂੰ ਹਾਈ ਕਮਿਸ਼ਨ ਨੇ ਇਕ ਬਿਆਨ ਜਾਰੀ ਕਰਕੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਖ਼ਬਰਾਂ ਦਾ ਖੰਡਨ ਕੀਤਾ ਸੀ, ਜਿਸ 'ਚ ਕਿਹਾ ਜਾ ਰਿਹਾ ਸੀ ਕਿ ਭਾਰਤ ਆਪਣੀ ਫ਼ੌਜ ਸ਼੍ਰੀਲੰਕਾ ਭੇਜ ਰਿਹਾ ਹੈ।

ਸ਼੍ਰੀਲੰਕਾ ਸੰਕਟ

ਸ਼੍ਰੀਲੰਕਾ ਵਾਸੀ ਦੇਸ ਦੀ ਅਜ਼ਾਦੀ ਤੋਂ ਬਾਅਦ ਆਏ ਸਭ ਤੋਂ ਵੱਡੇ ਸਿਆਸੀ ਸੰਕਟ ਲਈ ਸਰਕਾਰ ਦੀਆਂ ਨੀਤੀਆਂ ਅਤੇ ਭ੍ਰਿਸ਼ਟਾਚਾਰ ਨੂੰ ਜ਼ਿੰਮੇਵਾਰ ਮੰਨਦੇ ਹਨ।

ਸਰਕਾਰ ਜਿਸ ਉੱਪਰ ਕਈ ਦਹਾਕਿਆਂ ਤੋਂ ਦੋ ਭਰਾਵਾਂ ਦੇ ਰਾਜਪਕਸ਼ੇ ਪਰਿਵਾਰ ਦਾ ਦਬਦਬਾ ਹੈ।

ਇਹ ਵੀ ਪੜ੍ਹੋ:

ਸ਼੍ਰੀਲੰਕਾ ਵਾਸੀ ਪਿਛਲੇ ਕਈ ਮਹੀਨਿਆਂ ਤੋਂ ਜ਼ਿੰਦਗੀਆਂ ਦੀਆਂ ਬੁਨਿਆਦੀ ਲੋੜਾਂ ਲਈ ਸੰਘਰਸ਼ ਕਰ ਰਹੇ ਹਨ। ਮਹਿੰਗਾਈ ਪਿਛਲੇ 70 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਉੱਪਰ ਹੈ।

ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਹੁੰਦਿਆਂ ਰਾਜਪਕਸ਼ੇ ਨੂੰ ਮੁੱਕਦਮਾ ਚੱਲਣ ਤੋਂ ਸੁਰੱਖਿਆ ਹਾਸਲ ਸੀ।

ਇਸ ਲਈ ਅਸਤੀਫ਼ਾ ਦੇਣ ਤੋਂ ਬਾਅਦ ਕਿਸੇ ਕਾਨੂੰਨੀ ਪੇਚੀਦਗੀ ਤੋਂ ਬਚਣ ਲਈ ਉਹ ਦੇਸ ਛੱਡ ਕੇ ਚਲੇ ਗਏ ਹਨ।

ਹੁਣ ਤੱਕ ਸ਼੍ਰੀਲੰਕਾ ਵਿੱਚ ਕੀ-ਕੀ ਹੋਇਆ ਹੈ

  • ਸ਼ਨੀਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਕੋਲੰਬੋ ਵਿੱਚ ਸਥਿਤ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਸਰਕਾਰੀ ਅਵਾਸ ਵਿੱਚ ਵੜ ਗਏ।
  • ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਹਵਾਈ ਫਾਇਰ ਕੀਤੇ ਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ, ਕਈਆਂ ਨੂੰ ਹਸਪਤਾਲ ਵੀ ਭਰਤੀ ਕਰਵਾਉਣਾ ਪਿਆ।
  • ਵੱਡੀ ਗਿਣਤੀ ਵਿੱਚ ਲੋਕ ਪ੍ਰਧਾਨ ਮੰਤਰੀ ਰਾਨਿਲ ਵਿਕਰਮਾ ਸਿੰਘੇ ਦੇ ਘਰ ਵੀ ਵੜ ਗਏ ਤੇ ਉੱਥੇ ਅੱਗ ਲਗਾ ਦਿੱਤੀ।
  • ਸਿਆਸੀ ਪਾਰਟੀਆਂ ਦੀ ਐਮਰਜੈਂਸੀ ਮੀਟਿੰਗ ਸੱਦੀ ਤੇ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਦਨਾ ਨੂੰ ਸਰਬਸੰਮਤੀ ਨਾਲ ਅਸਥਾਈ ਰਾਸ਼ਟਰਪਤੀ ਐਲਾਨਿਆ ਗਿਆ।
  • ਮੌਜੂਦਾ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾ ਸਿੰਘੇ ਹੁਣ ਅਸਤੀਫ਼ਾ ਦੇਣਗੇ।
  • ਇਸ ਤੋਂ ਪਹਿਲਾਂ ਮਈ ਮਹੀਨੇ ਇਸ ਤੋਂ ਪਹਿਲਾਂ ਰਹੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅਸਤੀਫਾ ਦਿੱਤਾ ਸੀ।
  • ਸੰਕਟ ਪੈਦਾ ਹੋਣ ਬਾਅਦ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਦੇਸ਼ ਦੀ ਸਮੁੱਚੀ ਕੈਬਨਿਟ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।
  • ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਲਗਾਤਾਰ ਹੁੰਦੇ ਰਹੇ।
  • ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ, ਦੇਸ਼ ਵਿੱਚ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਪਾਬੰਦੀ ਲਗਾਈ ਗਈ ਤੇ ਕਰਫਿਊ ਵੀ ਲਗਾਇਆ ਜਾਂਦਾ ਰਿਹਾ।
  • 31 ਮਾਰਚ ਨੂੰ ਰਾਸ਼ਟਰਪਤੀ ਰਾਜਪਕਸ਼ੇ ਦੇ ਵਿਰੋਧ ਵਿੱਚ ਕਈ ਜਗ੍ਹਾ ਧਰਨਾ ਪ੍ਰਦਰਸ਼ਨ ਕੀਤੇ ਗਏ ਸਨ ਅਤੇ ਕਈ ਗੱਡੀਆਂ ਦੀ ਸਾੜ-ਫੂਕ ਵੀ ਕੀਤੀ ਗਈ ਸੀ। ਇਸ ਤੋਂ ਇੱਕ ਦਿਨ ਬਾਅਦ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ।

ਸ਼੍ਰੀਲੰਕਾ ਬਾਰੇ ਮੁੱਢਲੀ ਜਾਣਕਾਰੀ

ਭਾਰਤ ਦੇ ਦੱਖਣ ਵਿੱਚ ਹਿੰਦ ਮਹਾਂਸਾਗਰ ਵਿੱਚ ਵਸਿਆ ਇੱਕ ਟਾਪੂ ਦੇਸ। ਸਾਲ 1948 ਵਿੱਚ ਬ੍ਰਿਟਿਸ਼ ਰਾਜ ਤੋਂ ਅਜ਼ਾਦ ਹੋਇਆ।

ਇੱਥੇ ਮੁੱਖ ਤੌਰ ਤੇ ਤਿੰਨ ਸਿੰਨਹਾਲਾ (ਸਿੰਘਲਾ), ਤਾਮਿਲ ਅਤੇ ਮੁਸਲਿਮ ਭਾਈਚਾਰਿਆਂ ਦਾ ਅਬਾਦੀ ਹੈ। ਦੇਸ ਦੀ ਕੁੱਲ ਅਬਾਦੀ 2.20 ਕਰੋੜ ਹੈ।

ਖੂਨੀ ਗ੍ਰਹਿਯੁੱਧ ਤੋਂ ਵਿੱਚ ਤਾਮਿਲ ਵੱਖਵਾਦੀਆਂ ਨੂੰ ਹਰਾਉਣ ਤੋਂ ਬਾਅਦ ਸਾਲ 2009 ਵਿੱਚ ਮਹਿੰਦਾ ਰਾਜਪਕਸ਼ੇ ਬਹੁਗਿਣਤੀ ਸਿਨਹਾਲਾ ਭਾਈਚਾਰੇ ਵਿੱਚ ਨਾਇਕ ਵਜੋਂ ਉੱਭਰੇ।

ਗੋਟਾਬਾਇਆ ਰਾਜਪਕਸ਼ੇ ਜੋ ਕਿ ਹੁਣ ਦੇਸ ਦੇ ਰਾਸ਼ਟਰਪਤੀ ਹਨ ਸਾਲ 2009 ਵਿੱਚ ਦੇਸ ਦੇ ਰੱਖਿਆ ਮੰਤਰੀ ਸਨ।

ਸ਼੍ਰੀਲੰਕਾ ਇੱਕ ਲੋਕਤੰਤਰੀ ਗਣਰਾਜ ਹੈ ਜਿਸ ਦਾ ਸੰਵਿਧਾਨਿਕ ਮੁਖੀ ਰਾਸ਼ਟਰਪਤੀ ਹੈ ਪਰ ਸੰਸਦ ਵਿੱਚ ਸਰਕਾਰ ਦੀ ਅਗਵਾਈ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)