ਸ਼੍ਰੀ ਲੰਕਾ: ਆਮ ਲੋਕਾਂ ਨੇ ਜਦੋਂ ਰਾਸ਼ਟਰਪਤੀ ਦੀ ਆਲੀਸ਼ਾਨ ਰਿਹਾਇਸ਼ ’ਚ ਤਾਸ਼ ਖੇਡੀ, ਸੈਲਫੀਆਂ ਖਿੱਚੀਆਂ - ਗਰਾਊਂਡ ਰਿਪੋਰਟ

    • ਲੇਖਕ, ਅਨਬਰਸਨ ਏਥੀਰਾਜਨ
    • ਰੋਲ, ਬੀਬੀਸੀ ਪੱਤਰਕਾਰ, ਕੋਲੰਬੋ

ਸ਼੍ਰੀ ਲੰਕਾ ਦੀ ਰਸ਼ਮੀ ਕਵਿੰਧਿਆ ਕਹਿੰਦੀ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਰਾਸ਼ਟਰਪਤੀ ਭਵਨ ਵਿੱਚ ਪੈਰ ਰੱਖਣ ਦਾ ਸੁਪਨਾ ਨਹੀਂ ਲਿਆ ਸੀ।

ਦੇਸ਼ ਦੀਆਂ ਸਭ ਤੋਂ ਸੁਰੱਖਿਅਤ ਇਮਾਰਤਾਂ ਵਿੱਚ ਸ਼ਾਮਿਲ ਇਸ ਭਵਨ ਦੇ ਵਿਸ਼ਾਲ ਵਿਹੜੇ ਵਿੱਚ ਵੱਡੀ ਭੀੜ ਆ ਜਾਣ ਕਰਕੇ ਕਵਿੰਧਿਆ ਵਰਗੇ ਹਜ਼ਾਰਾਂ ਲੋਕ ਰਾਸ਼ਟਰਪਤੀ ਭਵਨ ਨੂੰ ਦੇਖਣ ਲਈ ਆ ਪਹੁੰਚੇ ਸਨ।

ਬਸਤੀਵਾਦੀ ਯੁੱਗ ਦੀ ਕਲ੍ਹਾ ਵਾਲੀ ਇਸ ਇਮਾਰਤ ਵਿੱਚ ਕਈ ਮੀਟਿੰਗਾਂ ਵਾਲੇ ਕਮਰੇ ਅਤੇ ਰਿਹਾਇਸ਼ੀ ਥਾਂ ਤੋਂ ਇਲਾਵਾ ਇੱਕ ਸਵੀਮਿੰਗ ਪੂਲ ਅਤੇ ਵੱਡਾ ਲਾਅਨ ਵੀ ਹੈ। ਸ਼ਨੀਵਾਰ ਨੂੰ ਹੋਈ ਨਾਟਕੀ ਘਟਨਾ ਤੋਂ ਬਾਅਦ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਭੱਜਣ ਲਈ ਮਜਬੂਰ ਹੋਣਾ ਪਿਆ ਸੀ।

ਆਪਣੇ ਚਾਰ ਬੱਚਿਆਂ ਨਾਲ ਪਹੁੰਚੀ ਰਸ਼ਮੀ ਕਵਿੰਧਿਆ ਕਹਿੰਦੀ ਹੈ, ''ਇੱਕ ਵਾਰ ਇਸ ਇਮਾਰਤ ਦੀ ਵਿਸ਼ਾਲਤਾ ਅਤੇ ਖ਼ੁਸ਼ਹਾਲੀ ਨੂੰ ਦੇਖੋ। ਅਸੀਂ ਆਪਣੇ ਪਿੰਡ ਦੇ ਨਿੱਕੇ ਜਿਹੇ ਘਰ ਵਿੱਚ ਰਹਿੰਦੇ ਹਾਂ। ਇਹ ਮਹਿਲ ਲੋਕਾਂ ਦਾ ਹੈ ਅਤੇ ਉਹਨਾਂ ਦੇ ਪੈਸਿਆਂ ਨਾਲ ਬਣਿਆ ਹੈ।''

ਇਹ ਵੀ ਪੜ੍ਹੋ:

ਰਾਸ਼ਟਰਪਤੀ ਭਵਨ ਵਿੱਚ ਐਤਵਾਰ ਨੂੰ ਵੀ ਹਜ਼ਾਰਾਂ ਮਰਦ, ਔਰਤਾਂ ਅਤੇ ਬੱਚੇ ਆ ਰਹੇ ਸੀ। ਵਿਰੋਧ ਪ੍ਰਦਰਸ਼ਨ ਕਰਨ ਵਾਲੇ ਲੋਕ ਉਥੇ ਆ ਰਹੀ ਭੀੜ ਨੂੰ ਕਾਬੂ ਕਰਨ ਕਰ ਰਹੇ ਸਨ। ਹਾਲਾਂਕਿ ਪੁਲਿਸ ਅਤੇ ਸਪੈਸ਼ਲ ਫੌਜੀ ਦਸਤੇ ਦੇ ਲੋਕ ਇੱਕ ਪਾਸੇ ਬੈਠੇ ਚੁੱਪਚਾਪ ਸਭ ਕੁਝ ਦੇਖ ਰਹੇ ਸਨ।

ਰਾਸ਼ਟਰਪਤੀ ਭਵਨ ਵਿੱਚ ਸੈਲਫ਼ੀਆਂ ਦਾ ਦੌਰ

ਲੋਕ ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਜਾ ਰਹੇ ਸਨ। ਉਹ ਸਾਗਵਾਨ ਦੇ ਬਣੇ ਫ਼ਰਨੀਚਰ ਅਤੇ ਉਥੇ ਲੱਗੀਆਂ ਤਸਵੀਰਾਂ ਸਾਹਮਣੇ ਘੁੰਮ-ਘੁੰਮ ਕੇ ਸੈਲਫ਼ੀਆਂ ਲੈ ਰਹੇ ਸਨ।

ਇਸ ਦੇ ਨਾਲ ਹੀ ਮਹਿਲ ਦੇ ਕਈ ਹਿੱਸਿਆਂ ਵਿਚ ਟੁੱਟੀਆਂ ਕੁਰਸੀਆਂ, ਖਿੜਕੀਆਂ ਦੇ ਜਿੰਦੇ ਅਤੇ ਭਾਂਡੇ ਖਿੰਡੇ ਪਏ ਸਨ। ਇਹ ਦ੍ਰਿਸ਼ ਉਸ ਹਫੜਾ-ਦਫੜੀ ਦੀ ਕਹਾਣੀ ਨੂੰ ਬਿਆਨ ਕਰ ਰਹੇ ਸਨ ਜੋ ਭੀੜ ਦੇ ਕੰਪਲੈਕਸ ਵਿਚ ਦਾਖਲ ਹੋਣ ਤੋਂ ਬਾਅਦ ਫੈਲੀ ਸੀ।

ਏ ਐੱਲ ਪ੍ਰੇਮਵਰਧਨੇ ਜੋ ਗਨੇਮੁੱਲਾ ਸ਼ਹਿਰ ਵਿੱਚ ਬੱਚਿਆਂ ਦੇ ਇੱਕ ਮਨੋਰੰਜਨ ਪਾਰਕ ਵਿੱਚ ਕੰਮ ਕਰਦੇ ਹਨ। ਉਹ ਕਹਿੰਦੇ ਹਨ, ''ਅਜਿਹੇ ਮਹਿਲ ਨੂੰ ਦੇਖਣਾ ਮੇਰੇ ਲਈ ਕਿਸੇ ਸੁਪਨੇ ਦਾ ਸੱਚ ਹੋਣਾ ਹੈ। ਅਸੀਂ ਕੈਰੋਸੀਨ ਦੇ ਤੇਲ, ਗੈਸ ਅਤੇ ਭੋਜਨ ਲਈ ਵੱਡੀਆਂ ਲਾਈਨਾਂ ਵਿੱਚ ਖੜੇ ਹੋ ਕੇ ਇੰਤਜ਼ਾਰ ਕਰਦੇ ਸੀ ਪਰ ਰਾਸ਼ਟਰਪਤੀ ਹੋਰ ਤਰ੍ਹਾਂ ਦੀ ਜ਼ਿੰਦਗੀ ਜਿਉਂਦਾ ਸੀ।''

ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਲੋਕ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਉਂਦੋ ਤੱਕ ਉਹਨਾਂ ਦੀ ਸਰਕਾਰੀ ਰਿਹਾਇਸ ਨਹੀਂ ਛੱਡਣਗੇ ਜਦੋਂ ਤੱਕ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਅਸਤੀਫ਼ਾ ਨਹੀਂ ਦਿੰਦੇ।

ਭਗਦੜ ਦੇ ਖ਼ਤਰੇ ਦੇ ਬਾਵਜੂਦ ਜਦੋਂ ਭੀੜ ਇਸ ਇਮਾਰਤ ਨੂੰ ਦੇਖਣ ਲਈ ਉੱਥੇ ਪਹੁੰਚ ਰਹੀ ਸੀ ਤਾਂ ਉਨ੍ਹਾਂ ਨੂੰ ਰੋਕਣ ਦੀ ਬਜਾਏ ਪੁਲਿਸ ਅਤੇ ਸੈਨਿਕ ਅਧਿਕਾਰੀ ਪਿੱਛੇ ਖੜ੍ਹੇ ਰਹੇ। ਪਰ ਅੰਦੋਲਨ ਦੇ ਵਲੰਟੀਅਰ ਉੱਥੇ ਭੀੜ ਨੂੰ ਸੰਭਾਲ ਰਹੇ ਸਨ।

ਸਵੀਮਿੰਗ ਪੂਲ 'ਤੇ ਆਇਆ ਲੋਕਾਂ ਦਾ ਦਿਲ

ਰਾਸ਼ਟਪਤੀ ਭਵਨ ਵਿੱਚ ਆਏ ਲੋਕਾਂ ਦਾ ਸਭ ਤੋਂ ਵੱਧ ਧਿਆਨ ਸਵੀਮਿੰਗ ਪੂਲ ਖਿੱਚ ਰਿਹਾ ਸੀ। ਉੱਥੇ ਖੜੇ ਲੋਕ ਸਵੀਮਿੰਗ ਪੂਲ ਨੂੰ ਨਿਹਾਰ ਰਹੇ ਸੀ। ਸ਼ਨੀਵਾਰ ਨੂੰ ਸਵੀਮਿੰਗ ਪੂਲ ਵਿੱਚ ਨਹਾਉਂਦੇ ਲੋਕਾਂ ਦੀਆਂ ਤਸਵੀਰਾਂ ਹਰ ਪਾਸੇ ਵਾਇਰਲ ਹੋ ਰਹੀਆਂ ਸਨ। ਜਦੋਂ ਇਸ ਸਵੀਮਿੰਗ ਪੂਲ ਵਿੱਚ ਇੱਕ ਨੌਜਵਾਨ ਨੇ ਛਾਲ ਮਾਰੀ ਤਾਂ ਲੋਕ ਤਾੜੀਆਂ ਮਾਰ ਰਹੇ ਸਨ।

ਆਪਣੀਆਂ ਦੋ ਜਵਾਨ ਕੁੜੀਆਂ ਨਾਸ ਆਏ ਨਿਰੋਸ਼ਾ ਸੁਦਰਸ਼ਿਨੀ ਹਚਿਨਸਨ ਨੇ ਕਿਹਾ, ''ਮੈਂ ਦੁੱਖੀ ਹਾਂ ਕਿ ਲੋਕਤੰਤਰਿਕ ਤਰੀਕੇ ਨਾਲ ਚੁਣੇ ਗਏ ਰਾਸ਼ਟਰਪਤੀ ਨੂੰ ਸ਼ਰਮਨਾਕ ਤਰੀਕੇ ਨਾਲ ਭਵਨ ਛੱਡਣਾ ਪਿਆ। ਹੁਣ ਸਾਨੂੰ ਸ਼ਰਮ ਆ ਰਹੀ ਹੈ ਕਿ ਅਸੀਂ ਇਹਨਾਂ ਨੂੰ ਵੋਟ ਪਾਈ ਸੀ। ਲੋਕ ਚਹੁੰਦੇ ਹਨ ਕਿ ਉਹਨਾਂ ਦੇ ਚੋਰੀ ਕੀਤੇ ਪੈਸੇ ਵਾਪਸ ਕਰ ਦਿੱਤੇ ਜਾਣ।''

ਇਸ ਮਹਿਲ ਵਿੱਚ ਚਾਰ ਵੱਡੇ ਬਿਸਤਰਿਆਂ ਉਪਰ ਨੌਜਵਾਨਾਂ ਦੇ ਗਰੁੱਪਾਂ ਨੂੰ ਲੇਟੇ ਹੋਏ ਦੇਖਿਆ ਗਿਆ। ਸ਼੍ਰੀ ਲੰਕਾ ਵਿੱਚ ਬੋਲੀਆਂ ਜਾਂਦੀਆਂ ਤਿੰਨ ਭਾਸ਼ਾਵਾਂ -ਸਿੰਹਾਲਾ, ਤਮਿਲ ਅਤੇ ਅੰਗਰੇਜੀ- ਦੀ ਗੂੰਜ ਨੂੰ ਉੱਥੇ ਅਰਾਮ ਨਾਲ ਸੁਣਿਆ ਜਾ ਸਕਦਾ ਸੀ। ਲੋਕਾਂ ਵਿੱਚ ਉਤਸ਼ਾਹ ਆਮ ਦੇਖਿਆ ਜਾ ਸਕਦਾ ਸੀ।

ਰਾਸ਼ਟਰਪਤੀ ਭਵਨ ਵਿੱਚ ਬੋਧ, ਹਿੰਦੂ ਅਤੇ ਇਸਾਈ ਧਰਮ ਦੇ ਸੈਕੜੇ ਲੋਕ ਇੱਕ ਦੂਜੇ ਨੂੰ ਮਿਲ ਰਹੇ ਸੀ। ਅਜਿਹੇ ਵਿੱਚ ਉੱਥੇ ਪਹੁੰਚਿਆ ਇੱਕ ਪਰਿਵਾਰ ਪਾਰਕ ਵਿੱਚ ਪਿਕਨਿਕ ਮਨਾ ਰਿਹਾ ਸੀ। ਪਰ 24 ਘੰਟੇ ਪਹਿਲਾਂ ਉਹਨਾਂ ਨੂੰ ਉੱਥੇ ਘੁੰਮਣ ਦੀ ਇਜਾਜ਼ਤ ਨਹੀਂ ਸੀ।

ਹੁਣ ਲੋਕਾਂ ਨੂੰ ਲੱਗ ਰਿਹਾ ਹੈ ਕਿ ਮਹੀਨਿਆਂ ਤੱਕ ਚੱਲੋ ਪ੍ਰਦਰਸ਼ਨਾਂ ਨੇ ਸੱਤਾਧਾਰੀਆਂ ਨੂੰ ਅਹੁੱਦਿਆਂ ਤੋਂ ਹਟਣ ਲਈ ਮਜਬੂਰ ਕੀਤਾ। ਲੋਕਾਂ ਦੀਆਂ ਨਜ਼ਰਾਂ ਵਿੱਚ ਇਹ ਨੇਤਾ ਹੀ ਦੇਸ਼ ਦੀ ਆਰਥਿਕ ਸਮੱਸਿਆ ਲਈ ਜਿੰਮੇਵਾਰ ਹਨ। ਆਪਣੇ ਨੇਤਾਵਾਂ ਦੀ ਆਲੀਸ਼ਾਨ ਜ਼ਿੰਦਗੀ ਨੂੰ ਦੇਖ ਕੇ ਤਾਂ ਉਹਨਾਂ ਨੂੰ ਹੋਰ ਵੀ ਗੁੱਸਾ ਆ ਰਿਹਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)