ਸ਼੍ਰੀਲੰਕਾ ਸੰਕਟ: 9 ਸਵਾਲਾਂ ਦੇ ਜਵਾਬਾਂ ਰਾਹੀਂ ਜਾਣੋ ਅੱਗੇ ਕੀ ਹੋ ਸਕਦਾ ਹੈ

    • ਲੇਖਕ, ਐਮ ਮਣੀਕੰਦਨ
    • ਰੋਲ, ਪੱਤਰਕਾਰ, ਬੀਬੀਸੀ ਤਮਿਲ ਸੇਵਾ

ਸ਼੍ਰੀਲੰਕਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕ ਰਾਸ਼ਟਰਪਤੀ ਭਵਨ ਅਤੇ ਪੀਐੱਮ ਦੇ ਨਿੱਜੀ ਘਰ ਅੰਦਰ ਵੀ ਵੜ ਆਏ ਅਤੇ ਦੋਵਾਂ ਹੀ ਇਮਾਰਤਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਸ਼ਨੀਵਾਰ ਦੁਪਹਿਰ ਵੇਲੇ, ਮੁਜ਼ਾਹਰਾਕਾਰੀਆਂ ਦੇ ਰਾਸ਼ਟਰਪਤੀ ਭਵਨ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਰਾਸ਼ਟਰਪਤੀ ਭਵਨ ਛੱਡ ਦਿੱਤਾ ਸੀ। ਉਹ ਫਿਲਹਾਲ ਕਿੱਥੇ ਹਨ, ਇਸ ਦੀ ਕੋਈ ਜਾਣਕਾਰੀ ਅਜੇ ਤੱਕ ਨਹੀਂ ਹੈ।

ਜਦੋਂ ਮੁਜ਼ਾਹਰਾਕਾਰੀ ਪੀਐੱਮ ਦੇ ਨਿੱਜੀ ਘਰ ਵਿੱਚ ਦਾਖ਼ਲ ਹੋਏ ਤਾਂ ਉੱਥੇ ਵੀ ਕੋਈ ਨਹੀਂ ਸੀ।

ਰਿਪੋਰਟ ਲਿਖਣ ਵੇਲੇ ਤੱਕ ਬੀਬੀਸੀ ਪੱਤਰਕਾਰਾਂ ਮੁਤਾਬਕ, ਰਾਸ਼ਟਰਪਤੀ ਭਵਨ ਵਿੱਚ ਅਜੇ ਵੀ ਮੁਜ਼ਾਹਰਾਕਾਰੀ ਮੌਜੂਦ ਹਨ।

ਇਸ ਕਾਰਨ ਰਾਸ਼ਟਰਪਤੀ ਦਫ਼ਤਰ ਵਿੱਚ ਕੋਈ ਅਧਿਕਾਰਤ ਕੰਮ ਨਹੀਂ ਹੋ ਸਕਦਾ ਹੈ, ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਨੇ ਵੀ ਸ਼ਨੀਵਾਰ ਨੂੰ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਅਸਤੀਫ਼ਾ ਦੇਣ ਲਈ ਤਿਆਰ ਹਨ।

ਅਜਿਹੇ ਵਿੱਚ ਸਵਾਲ ਹੁਣ ਦੇਸ਼ ਦੀ ਅਗਵਾਈ ਨੂੰ ਲੈ ਕੇ ਪੈਦਾ ਹੋ ਗਿਆ ਹੈ। ਇਸ ਗੱਲ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ ਕਿ ਦੇਸ਼ ਦੀ ਅਗਵਾਈ ਕਿਸ ਦੇ ਕੋਲ ਹੋਵੇਗੀ?

ਸ਼੍ਰੀਲੰਕਾ ਦਾ ਅੱਗੇ ਸਿਆਸੀ ਭਵਿੱਖ ਕੀ ਹੋਵੇਗਾ, ਇਹ ਇੱਕ ਵੱਡਾ ਸਵਾਲ ਹੈ।

ਖ਼ਾਸ ਤੌਰ 'ਤੇ ਜਦੋਂ ਦੇਸ਼ ਇਤਿਹਾਸਕ ਆਰਥਿਕ ਸੰਕਟ ਦੇ ਦੌਰ 'ਚੋਂ ਲੰਘ ਰਿਹਾ ਹੈ। ਲੋਕਾਂ ਨੂੰ ਖਾਣ-ਪੀਣ ਦੀ ਕਿੱਲਤ ਹੈ, ਈਂਧਨ ਨਹੀਂ ਮਿਲ ਰਿਹਾ ਹੈ ਹੋਰ ਤਾਂ ਹੋਰ ਦਵਾਈਆਂ ਲੈਣੀਆਂ ਵੀ ਸੌਖੀਆਂ ਨਹੀਂ ਹਨ।

ਇਹ ਵੀ ਪੜ੍ਹੋ-

1. ਗੋਟਾਬਾਇਆ ਰਾਜਪਕਸ਼ੇ ਹੁਣ ਕੀ ਕਰਨਗੇ?

ਗੋਟਾਬਾਇਆ ਰਾਜਪਕਸ਼ੇ ਫਿਲਹਾਲ ਆਪਣੇ ਸਰਕਾਰੀ ਘਰ ਵਿੱਚ ਨਹੀਂ ਹਨ।

ਉਨ੍ਹਾਂ ਦਾ ਦਫ਼ਤਰ ਵੀ ਮੁਜ਼ਾਹਰਾਕਾਰੀਆਂ ਦੇ ਕਬਜ਼ੇ ਵਿੱਚ ਹੈ। ਇਸ ਕਾਰਨ ਰਾਸ਼ਟਰਪਤੀ ਕੋਈ ਵੀ ਆਧਿਕਾਰਤ ਕੰਮ ਕਰਨ ਵਿੱਚ ਅਸਮਰਥ ਹਨ।

ਸ਼੍ਰੀਲੰਕਾ ਦੀ ਸਿਆਸਤ ਨੂੰ ਨੇੜਿਓਂ ਜਾਨਣ ਵਾਲੇ ਸਿਆਸੀ ਵਿਸ਼ਲੇਸ਼ਕ ਨਿਕਸਨ ਕਹਿੰਦੇ ਹਨ, "ਹੁਣ ਉਨ੍ਹਾਂ ਕੋਲ ਇੱਕਲੌਤਾ ਬਦਲ ਬਚ ਗਿਆ ਹੈ ਅਤੇ ਉਹ ਹੈ ਅਸਤੀਫ਼ਾ ਦੇਣਾ।"

2. ਪਰ ਗੋਟਾਬਾਇਆ ਦੇ ਅਸਤੀਫ਼ੇ ਨਾਲ ਕੀ ਹੋਵੇਗਾ ?

ਸ਼੍ਰੀਲੰਕਾ ਦੇ ਸੰਵਿਧਾਨ ਮੁਤਾਬਕ, "ਜੇਕਰ ਰਾਸ਼ਟਰਪਤੀ ਅਸਤੀਫ਼ਾ ਦਿੰਦੇ ਹਨ ਤਾਂ ਪ੍ਰਧਾਨ ਮੰਤਰੀ ਅੰਤਰਿਮ ਰਾਸ਼ਟਰਪਤੀ ਵਜੋਂ ਕਾਰਜਕਾਲ ਸੰਭਾਲਣਗੇ।

ਪਰ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇਣ ਲਈ ਸੰਸਦ ਨੂੰ ਇੱਕ ਮਹੀਨੇ ਦੇ ਅੰਦਰ ਬੈਠਕ ਕਰਨੀ ਲਾਜ਼ਮੀ ਹੈ, ਨਹੀਂ ਤਾਂ ਉਹ ਅਹੁਦੇ 'ਤੇ ਕਾਇਮ ਨਹੀਂ ਰਹਿ ਸਕਦੇ।

3. ਕੀ ਰਨਿਲ ਵਿਕਰਮਾਸਿੰਘੇ ਨੂੰ ਸੰਸਦ ਵਿੱਚ ਸਮਰਥਨ ਮਿਲ ਸਕੇਗਾ?

ਨਿਕਸਨ ਕਹਿੰਦੇ ਹਨ, "ਸੰਸਦ ਵਿੱਚ ਉਹ ਆਪਣੀ ਪਾਰਟੀ ਦੇ ਇੱਕਲੌਤੇ ਮੈਂਬਰ ਹਨ। ਉੱਥੇ ਹੀ ਵਿਰੋਧੀ ਪਾਰਟੀਆਂ ਉਨ੍ਹਾਂ ਖ਼ਿਲਾਫ਼ ਹਨ।''

''ਵਿਰੋਧੀ ਦਲ ਦੀ ਅਗਵਾਈ ਸਜਿਥ ਪ੍ਰੇਮਦਾਸਾ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸੰਸਦ ਦੇ 225 ਸੰਸਦ ਮੈਂਬਰਾਂ ਵਿੱਚੋਂ ਉਨ੍ਹਾਂ ਨੂੰ 113 ਦਾ ਸਮਰਥਨ ਹਾਸਿਲ ਹੈ।"

ਸ਼੍ਰੀ ਲੰਕਾ ਦੀ ਆਰਥਿਕ ਸੰਕਟ

  • ਲੋਕਾਂ ਵਿੱਚ ਦੇਸ਼ 'ਚ ਲਗਾਤਾਰ ਵੱਧ ਰਹੀ ਮਹਿੰਗਾਈ, ਖਾਣ ਵਾਲੀਆਂ ਚੀਜ਼ਾਂ, ਪੈਟਰੋਲ-ਡੀਜ਼ਲ ਅਤੇ ਦਵਾਈਆਂ ਦੀ ਕਮੀ ਕਾਰਨ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।
  • ਸ਼ਹਿਰਾਂ ਵਿੱਚ ਈਂਧਨ ਲਈ ਵੱਡੀਆਂ-ਵੱਡੀਆਂ ਕਤਾਰਾਂ ਪੂਰੇ ਉਪਨਗਰਾਂ ਦੇ ਆਲੇ-ਦੁਆਲੇ ਘੁੰਮਦੀਆਂ ਨਜ਼ਰ ਆ ਰਹੀਆਂ ਹਨ।
  • ਭੋਜਨ, ਰਸੋਈ ਗੈਸ, ਕੱਪੜਿਆਂ, ਟਰਾਂਸਪੋਰਟ ਦੀ ਕੀਮਤਾਂ ਅਸਮਾਨ ਛੂਹ ਰਹੀਆਂ ਸਨ।
  • ਇੱਥੇ ਕਿਸੇ ਸਮੇਂ ਤਾਜ਼ੀ ਮੱਛੀ ਭਰਪੂਰ ਮਿਲਦੀ ਸੀ। ਪਰ ਹੁਣ ਕਿਸ਼ਤੀਆਂ ਸਮੁੰਦਰ ਵਿੱਚ ਨਹੀਂ ਜਾ ਸਕਦੀਆਂ ਕਿਉਂਕਿ ਡੀਜ਼ਲ ਨਹੀਂ ਹੈ।
  • ਜ਼ਿਆਦਾਤਰ ਬੱਚਿਆਂ ਨੂੰ ਹੁਣ ਲਗਭਗ ਬਿਨਾਂ ਪ੍ਰੋਟੀਨ ਵਾਲੀ ਖੁਰਾਕ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

4. ਜੇਕਰ ਰਨਿਲ ਵਿਕਰਮਾਸਿੰਘੇ ਰਾਸ਼ਟਰਪਤੀ ਨਹੀਂ ਬਣ ਸਕੇ ਤਾਂ ਕੀ ਹੋਵੇਗਾ?

ਸੰਵਿਧਾਨ ਮੁਤਾਬਕ, ਪੀਐੱਮ ਤੋਂ ਬਾਅਦ ਸਪੀਕਰ ਨੂੰ ਰਾਸ਼ਟਰਪਤੀ ਬਣਾਏ ਜਾਣ ਦਾ ਐਲਾਨ ਕੀਤਾ ਜਾ ਸਕਦਾ ਹੈ।

ਉਹ ਕਹਿੰਦੇ ਹਨ, "ਸੰਸਦ ਵਿੱਚ ਉਹ ਆਪਣੀ ਪਾਰਟੀ ਦੇ ਇੱਕਲੌਤੇ ਮੈਂਬਰ ਹਨ। ਉਹੀ ਵਿਰੋਧੀ ਪਾਰਟੀਆਂ ਉਨ੍ਹਾਂ ਖ਼ਿਲਾਫ਼ ਹਨ। ਵਿਰੋਧੀ ਦਲ ਦੀ ਅਗਵਾਈ ਸਜਿਥ ਪ੍ਰੇਮਦਾਸਾ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸੰਸਦ ਦੇ 225 ਸੰਸਦ ਮੈਂਬਰਾਂ ਵਿੱਚੋਂ ਉਨ੍ਹਾਂ ਨੂੰ 113 ਦਾ ਸਮਰਥਨ ਹਾਸਿਲ ਹੈ।"

ਮੌਜੂਦਾ ਸਮੇਂ ਵਿੱਚ ਮਹਿੰਦਾ ਯਾਪਾ ਅਭੇਵਰਧਨਾ ਸਪੀਕਰ ਦੇ ਅਹੁਦੇ 'ਤੇ ਹਨ। ਉਹ ਗੋਟਾਬਾਇਆ ਦੀ ਪਾਰਟੀ ਵਿੱਚੋਂ ਹੀ ਹਨ। ਅਜਿਹੇ ਵਿੱਚ ਇਸ ਗੱਲ ਦੀ ਉਮੀਦ ਫਿੱਕੀ ਪੈ ਜਾਂਦੀ ਹੈ ਕਿ ਵਿਰੋਧੀ ਦਲ ਦੇ ਆਗੂ ਸਮਰਥਨ ਵਿੱਚ ਜਾਣਗੇ।

ਹਾਲਾਂਕਿ, ਸੰਵਿਧਾਨ ਮੁਤਾਬਕ, ਸਪੀਕਰ ਤੋਂ ਬਾਅਦ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੀ ਰਾਸ਼ਟਰਪਤੀ ਬਣ ਸਕਦੇ ਹਨ। ਪਰ ਇਸ ਲਈ ਵੀ ਸੰਸਦ ਨੂੰ ਪ੍ਰਸਤਾਵ ਪਾਸ ਕਰਨਾ ਪਵੇਗਾ। ਅਜਿਹੇ ਵਿੱਚ ਵਿਰੋਧੀ ਦਲਾਂ ਦਾ ਸਹਿਯੋਗ ਮਿਲਣਾ ਜ਼ਰੂਰੀ ਹੋ ਜਾਵੇਗਾ।

5. ਵਿਰੋਧੀ ਧਿਰ ਦੀ ਕੀ ਯੋਜਨਾ ਹੈ?

ਸਜਿਥ ਪ੍ਰੇਮਾਦਾਸਾ ਦੀ ਐੱਸਜੇਪੀ ਅਤੇ ਜੇਵੀਪੀ ਨੇ ਸਾਂਝੇ ਤੌਰ 'ਤੇ ਬਿਆਨ ਜਾਰੀ ਕਰ ਕੇ ਐਲਾਨ ਕੀਤਾ ਹੈ ਕਿ ਉਹ ਸਰਕਾਰ ਬਣਾ ਸਕਦੇ ਹਨ।

ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ 113 ਲੋਕਾਂ ਦਾ ਸਮਰਥਨ ਹੈ। ਉਨ੍ਹਾਂ ਦੀ ਇਹ ਵੀ ਮੰਗ ਹੈ ਕਿ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਆਪਣੇ-ਆਪਣੇ ਅਹੁੱਦਿਆਂ ਤੋਂ ਅਸਤੀਫ਼ਾ ਦੇਣ।

ਸ਼੍ਰੀਲੰਕਾ ਵਿੱਚ ਸ਼ਨੀਵਾਰ ਨੂੰ ਹੋਈ ਹਿੰਸਾ ਦੇ ਵੀਡੀਓਜ਼

6. ਕੀ ਹੋਵੇਗਾ ਜੇਕਰ ਗੋਟਾਬਾਇਆ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦੇਣ ?

ਨਿਕਸਨ ਕਹਿੰਦੇ ਹਨ, "ਅਜਿਹੇ ਹਾਲਾਤ ਵਿੱਚ ਸਿਆਸੀ ਸੰਕਟ ਵਧੇਗਾ ਪਰ ਜੇਕਰ ਉਹ ਅਹੁਦਾ ਛੱਡ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਤਾਂ ਕੁਝ ਨਹੀਂ ਕੀਤਾ ਜਾ ਸਕਦਾ ਹੈ।"

"ਸਮੱਸਿਆ ਇਹ ਵੀ ਹੈ ਕਿ ਉਹ ਰਾਸ਼ਟਰਪਤੀ ਅਹੁਦੇ 'ਤੇ ਰਹਿੰਦੇ ਹੋਏ ਕੋਈ ਕੰਮ ਵੀ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦਾ ਦਫ਼ਤਰ ਤਾਂ ਮੁਜ਼ਾਹਰਾਕਾਰੀਆਂ ਦੇ ਕਬਜ਼ੇ ਵਿੱਚ ਹਨ।"

ਨਿਕਸਨ ਸੱਤਾ ਵਿੱਚ ਕਾਇਮ ਰਹਿਣ ਲਈ ਫੌਜ ਦੀ ਮਦਦ ਲੈਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕਰਦੇ ਹਨ।

7. ਕੀ ਸਰਬਦਲੀ ਸਰਕਾਰ ਬਣਨ ਦੀ ਸੰਭਾਵਨਾ ਹੈ?

ਇਹ ਵੀ ਪੂਰੀ ਤਰ੍ਹਾਂ ਨਾਲ ਵਿਰੋਧੀ ਦਲਾਂ ਦੇ ਹੱਥ ਵਿੱਚ ਹੈ ਕਿਉਂਕਿ ਵਿਰੋਧ ਦਲਾਂ ਨੇ ਪਹਿਲਾਂ ਬੁਲਾਈਆਂ ਗਈਆਂ ਸਾਰੀਆਂ ਸਰਬਦਲੀ ਬੈਠਕਾਂ ਵਿੱਚ ਹਿੱਸਾ ਨਹੀਂ ਲਿਆ।

ਹਾਲਾਂਕਿ, ਉਹ ਇਸ ਗੱਲ ਨੂੰ ਲੈ ਕੇ ਬਹੁਤ ਗੰਭੀਰ ਹਨ ਕਿ ਉਨ੍ਹਾਂ ਦੀ ਅਗਵਾਈ ਵਿੱਚ ਸਰਕਾਰ ਦਾ ਗਠਨ ਹੋਣਾ ਚਾਹੀਦਾ ਹੈ।

8. ਕੀ ਚੋਣਾਂ ਦੇ ਐਲਾਨ ਦੀ ਕੋਈ ਸੰਭਾਵਨਾ ਹੈ?

ਫਿਲਹਾਲ ਅਜਿਹੀ ਕੋਈ ਵੀ ਸੰਭਾਵਨਾ ਬਣਦੀ ਨਹੀਂ ਨਜ਼ਰ ਨਹੀਂ ਆ ਰਹੀ ਹੈ।

ਦਰਅਸਲ, ਸ਼੍ਰੀਲੰਕਾ ਪਹਿਲਾਂ ਤੋਂ ਹੀ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਸਰਕਾਰ ਕੋਲ ਚੋਣ ਕਰਵਾਉਣ ਲਈ ਪੈਸੇ ਨਹੀਂ ਹਨ। ਅਜਿਹੇ ਵਿੱਚ ਚੋਣਾਂ ਦੀ ਸੰਭਾਵਨਾ ਬਿਲਕੁਲ ਨਹੀਂ ਹੈ।

9. ਰਾਸ਼ਟਰਪਤੀ ਬਦਲਣ ਨਾਲ ਕੀ ਆਰਥਿਕ ਸੰਕਟ ਦਾ ਹਲ ਨਿਕਲ ਸਕੇਗਾ?

ਫਿਲਹਾਲ ਤਾਂ ਸਰਕਾਰ ਕੋਲ ਜ਼ਰੂਰੀ ਸੇਵਾਵਾਂ ਅਤੇ ਸੁਵਿਧਾਵਾਂ ਲਈ ਪੈਸੇ ਨਹੀਂ ਹਨ। ਹਸਪਤਾਲਾਂ ਵਿੱਚ ਦਵਾਈਆਂ ਨਹੀਂ ਹਨ।

ਈਂਧਨ ਦੀ ਘਾਟ ਹੈ। ਖਾਣ-ਪੀਣ ਦੀਆਂ ਵਸਤਾਂ ਦੀ ਕਮੀ ਹੈ, ਹਾਲਾਤ ਇੰਨੇ ਮਾੜੇ ਹਨ ਕਿ ਸਰਕਾਰ ਨੂੰ ਦਫ਼ਤਰ, ਸਕੂਲ ਬੰਦ ਕਰਨ ਪਏ ਹਨ।

ਅਜਿਹੇ ਵਿੱਚ ਕੀ ਫਰਕ ਪੈਂਦਾ ਹੈ ਕਿ ਸ਼੍ਰੀਲੰਕਾ ਦਾ ਰਾਸ਼ਟਰਪਤੀ ਕੌਣ ਬਣਦਾ ਹੈ।

ਨਿਕਸਨ ਕਹਿੰਦੇ ਹਨ, "ਸ਼੍ਰੀਲੰਕਾ ਦੀ ਆਰਥਿਕ ਸਥਿਤੀ "ਤੁਰੰਤ ਬਦਲਣ ਦੀ ਸੰਭਾਵਨਾ ਨਹੀਂ ਹੈ।"

ਉਹ ਕਹਿੰਦੇ ਹਨ, "ਜੇਕਰ ਸਿਆਸੀ ਸੰਕਟ ਕਾਇਮ ਰਹਿੰਦਾ ਹੈ ਤਾਂ ਆਈਐੱਮਐੱਫ ਸਣੇ ਵਿੱਤੀ ਸੰਸਥਾਨਾਂ ਤੋਂ ਵਿੱਤੀ ਸਹਾਇਤਾ ਮਿਲਣਾ ਵੀ ਮੁਸ਼ਕਿਲ ਹੋਵੇਗੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)