You’re viewing a text-only version of this website that uses less data. View the main version of the website including all images and videos.
ਗ੍ਰਾਊਂਡ ਰਿਪੋਰਟ: ਸ਼੍ਰੀਲੰਕਾ 'ਚ ਮੁਸਲਮਾਨਾਂ 'ਤੇ ਹਮਲੇ ਕਿਉਂ?
- ਲੇਖਕ, ਮੁਰਲੀਧਰਨ ਕਾਸੀ ਵਿਸ਼ਵਨਾਥਨ
- ਰੋਲ, ਬੀਬੀਸੀ ਤਾਮਿਲ ਪੱਤਰਕਾਰ
ਸ਼੍ਰੀਲੰਕਾ 'ਚ ਹਾਲ ਹੀ ਵਿੱਚ ਮੁਸਲਮਾਨਾਂ ਅਤੇ ਸਿਹਾਲਾ ਭਾਈਚਾਰੇ ਵਿਚਾਲੇ ਫਿਰਕੂ ਹਿੰਸਾ ਭੜਕ ਉੱਠੀ ਸੀ।
ਭਾਈਚਾਰਿਆਂ 'ਚ ਹਿੰਸਾ ਦੀਆਂ ਘਟਨਾਵਾਂ ਵਿਚਾਲੇ ਕਈ ਖ਼ਬਰਾਂ ਅਜਿਹੀਆਂ ਵੀ ਆਈਆਂ ਜਿਸ 'ਚ ਲੋਕ ਆਪਣੇ ਗੁਆਂਢੀਆਂ ਨੂੰ ਹਮਲਿਆਂ ਤੋਂ ਬਚਾਉਣ ਲਈ ਬਾਹਰ ਨਿਕਲੇ ਅਤੇ ਬੌਧੀਆਂ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ।
'ਗੁਆਂਡੀ ਕਿਸ ਲਈ ਹਨ?'
76 ਸਾਲਾ ਮੁਹੰਮਦ ਥਾਈਯੂਪ ਪੰਜ ਮਾਰਚ ਦੀ ਘਟਨਾ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, ''ਦੁਪਹਿਰ 2:30 ਵਜੇ ਤੋਂ 2:45 ਵਜੇ ਦੇ ਵਿਚਕਾਰ ਹਿੰਸਾ ਸ਼ੁਰੂ ਹੋਈ, ਉਹ ਮੁਸਲਮਾਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਸਨ, ਮੇਰਾ ਘਰ ਉਨ੍ਹਾਂ 'ਚੋਂ ਇੱਕ ਸੀ।''
ਥਾਈਯੂਪ ਦੀ ਦੁਕਾਨ ਸ਼੍ਰੀਲੰਕਾ ਦੇ ਕੈਂਡੀ ਜ਼ਿਲ੍ਹੇ ਦੇ ਦਿਗਾਨਾ ਵਿੱਚ ਹੈ।
ਹੱਥ 'ਚ ਕੱਚ ਦੀ ਟੁੱਟੀ ਬੋਤਲ ਅਤੇ ਡੰਡੇ ਲੈ ਕੇ ਭੀੜ ਨੇ ਉਨ੍ਹਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ।
11 ਮੈਂਬਰੀ ਉਨ੍ਹਾਂ ਦਾ ਪਰਿਵਾਰ ਦੁਕਾਨ ਅਤੇ ਆਪਣੇ ਡ੍ਰਾਈਵਰ ਪੁੱਤਰ ਦੀ ਕਮਾਈ 'ਤੇ ਨਿਰਭਰ ਕਰਦਾ ਹੈ।
ਉਨ੍ਹਾਂ ਕਿਹਾ, ''ਮੈਂ ਇੱਥੇ 36 ਸਾਲਾਂ ਤੋਂ ਰਹਿੰਦਾ ਹਾਂ, ਮੈਂ ਅੱਜ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦਾ ਕੁਝ ਹੁੰਦੇ ਨਹੀਂ ਦੇਖਿਆ।''
''ਸਥਾਨਕ ਸਿੰਹਲੀ ਲੋਕਾਂ ਦੀ ਮਦਦ ਦੇ ਬਿਨ੍ਹਾਂ ਅਜਿਹਾ ਕੁਝ ਵੀ ਕਰਨਾ ਅਸੰਭਵ ਹੈ, ਕਿਉਂਕਿ ਮੇਰੇ ਨਾਲ ਵਾਲੀ ਦੁਕਾਨ 'ਤੇ ਹਮਲੇ ਨਹੀਂ ਕੀਤੇ ਗਏ, ਕਿਉਂਕਿ ਉਹ ਇੱਕ ਸਿੰਹਲੀ ਵਿਅਕਤੀ ਦੀ ਦੁਕਾਨ ਹੈ। ਪਰ ਉਸ ਦੇ ਬਿਲਕੁਲ ਨਾਲ ਵਾਲੀ ਦੁਕਾਨ ਇੱਕ ਮੁਸਲਮਾਨ ਦੀ ਹੈ, ਉਸ 'ਤੇ ਵੀ ਹਮਲੇ ਕੀਤੇ ਗਏ।''
ਥਾਈਯੂਪ ਕਹਿੰਦੇ ਹਨ, ''ਕਿਉਂਕਿ ਹਮਲੇ ਦਾ ਮਕਸਦ ਮੁਸਲਮਾਨਾਂ ਦੇ ਘਰ ਅਤੇ ਦੁਕਾਨ ਸਨ, ਅਸੀਂ ਘਰ ਦੇ ਅੰਦਰ ਬੇਹੱਦ ਡਰੇ ਹੋਏ ਸੀ। ਇਸ ਦੇ ਬਾਵਜੂਦ, ਘਰ ਦੇ ਬਾਹਰ ਨਿਕਲਣ ਤੋਂ ਵੀ ਡਰ ਲੱਗ ਰਿਹਾ ਸੀ।''
''ਉਦੋਂ ਹੀ ਮੇਰੇ ਗੁਆਂਢੀ ਨਿਮਲ ਸਰਮਾਸਿੰਗੇ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਆਪਣੇ ਘਰ ਰਹਿਣ ਲਈ ਸੱਦਿਆ। ਸਾਡੇ ਪਰਿਵਾਰ 'ਚ 11 ਲੋਕ ਸੀ ਇਸ ਲਈ ਮੈਂ ਝਿਝਕ ਰਿਹਾ ਸੀ, ਪਰ ਉਨ੍ਹਾਂ ਨੇ ਆਪਣੀ ਰਾਏ ਨਾ ਬਦਲੀ।''
ਸ਼ਾਮ 7 ਵਜੇ ਦੇ ਬਾਅਦ ਥਾਈਯੂਪ ਦੇ ਘਰ 'ਤੇ ਪੱਥਰਬਾਜ਼ੀ ਸ਼ੁਰੂ ਹੋਈ। ਉਨ੍ਹਾਂ ਦਾ ਪਰਿਵਾਰ ਪੂਰੀ ਰਾਤ ਆਪਣੇ ਗੁਆਂਢੀ ਦੇ ਘਰ ਰੁਕਿਆ।
ਉਨ੍ਹਾਂ ਕਿਹਾ, ''ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਹਮਲੇ 'ਚ ਸਾਨੂੰ ਮਾਰ ਦਿੱਤਾ ਜਾਂਦਾ। ਪਰ, ਜਦੋਂ ਅਸੀਂ ਡਰੇ ਹੋਏ ਸੀ ਤਾਂ ਸਾਡੇ ਗੁਆਂਢੀ ਨੇ ਮਦਦ ਕੀਤੀ, ਇਹ ਦੱਸਣਾ ਜ਼ਿਆਦਾ ਜ਼ਰੂਰੀ ਹੈ।''
ਨਿਮਲ ਇੱਕ ਟੀਵੀ ਮਕੈਨਿਕ ਹਨ, ਉਨ੍ਹਾਂ ਕਿਹਾ, ''ਆਮ ਸਿੰਹਲੀ ਲੋਕਾਂ ਨੂੰ ਕਿਸੇ ਤੋਂ ਕੋਈ ਸਮੱਸਿਆ ਨਹੀਂ ਹੈ, ਮੈਨੂੰ ਲੱਗਦਾ ਹੈ ਕਿ ਹਮਲਾਵਰ ਸਥਾਨਕ ਲੋਕ ਸਨ।''
ਮਦਦ ਕਰਨ ਦੇ ਵਿਸ਼ੇ 'ਤੇ ਉਹ ਕਹਿੰਦੇ ਹਨ, ''ਅਸੀਂ ਇਸ ਨੂੰ ਵੱਡੀ ਗੱਲ ਨਹੀਂ ਮੰਨਦੇ, ਜੇਕਰ ਤੁਸੀਂ ਲੋੜ ਵੇਲੇ ਕੰਮ ਨਹੀਂ ਆਓਗੇ ਤਾਂ ਫਿਰ ਗੁਆਂਢੀ ਕਿਸ ਗੱਲ ਲਈ ਹਨ।''
ਥਾਈਯੂਪ ਨੇ ਹਮਲੇ 'ਚ ਤਬਾਹ ਹੋਈ ਆਪਣੀ ਦੁਕਾਨ 'ਤੇ ਹੁਣ ਤੱਕ ਕੰਮ ਸ਼ੁਰੂ ਨਹੀਂ ਕੀਤਾ, ਹਾਲੇ ਤੱਕ ਕੁਝ ਵੀ ਸਾਫ਼ ਨਹੀਂ ਕੀਤਾ ਗਿਆ ਹੈ।
ਉਹ ਕਹਿੰਦੇ ਹਨ, ''ਮੈਨੂੰ ਦੁਕਾਨ ਦੀ ਸਫਾਈ ਲਈ ਦੋ ਹਜ਼ਾਰ ਰੁਪਏ ਮਜਦੂਰੀ ਦੇਣੀ ਪਵੇਗੀ, ਮੇਰੇ ਕੋਲ ਇੱਕ ਪੈਸਾ ਵੀ ਨਹੀਂ ਹੈ, ਮੈਨੂੰ ਨਹੀਂ ਪਤਾ ਦੁਬਾਰਾ ਜ਼ਿੰਦਗੀ ਕਿਵੇਂ ਸ਼ੁਰੂ ਕਰਾਂ।''
ਬੌਧ ਭਿਕਸ਼ੂ ਜਿਸ ਨੇ ਸਮੇਂ ਤੇ ਕੰਮ ਕੀਤਾ
ਦਿਗਾਨਾ ਦੇ ਹਿਜਿਰਾ ਸ਼ਹਿਰ 'ਚ ਪੈਂਦੇ ਸ਼੍ਰੀ ਹਿੰਦੁਸਾਰਾ ਵਿਹਾਰਾਈ ਮੱਠ ਦੇ ਬੌਧ ਭਿਕਸ਼ੂ ਕਾਰਾਦਿਕਾਲਾ ਸੰਥਾਵਿਮਾਲਾ ਥੇਰੇਰਾ ਹਮਲੇ ਨੂੰ ਲੈ ਕੇ ਕਹਿੰਦੇ ਹਨ, ''ਇਹ ਚੰਗਾ ਨਹੀਂ ਹੈ, ਬੌਧ ਧਰਮ ਹਮੇਸ਼ਾ ਸਾਨੂੰ ਸ਼ਾਂਤੀ ਸਿਖਾਉਂਦਾ ਹੈ।''
ਹਥਿਆਰਾਂ ਨਾਲ ਲੈਸ ਅਤੇ ਗੁੱਸਾਈ ਭੀੜ ਨੇ ਜਦੋਂ ਉਨ੍ਹਾਂ ਦੇ ਇਲਾਕੇ 'ਚ ਇਕੱਠਾ ਹੋਣਾ ਸ਼ੁਰੂ ਕੀਤਾ, ਤਾਂ ਉਨ੍ਹਾਂ ਸਹਿਜਤਾ ਨਾਲ ਕੰਮ ਲਿਆ ਅਤੇ ਆਪਣੇ ਮੱਠ ਦੇ ਆਲੇ-ਦੁਆਲੇ ਕਈ ਮੁਸਲਮਾਨਾਂ ਨੂੰ ਬਚਾਇਆ।
ਸੰਥਾਵਿਮਾਲਾ ਯਾਦ ਕਰਦੇ ਹਨ, ''ਇਲਾਕੇ 'ਚ ਕਰੀਬ ਪੰਜ ਹਜ਼ਾਰ ਮੁਸਲਮਾਨ ਰਹਿੰਦੇ ਹਨ, ਮੈਂ ਤੁਰੰਤ ਮੱਠ ਪਹੁੰਚਿਆ ਅਤੇ ਸਿੰਹਲੀ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।''
ਉਨ੍ਹਾਂ ਕਈ ਸਿੰਹਲੀ ਲੋਕਾਂ ਨੂੰ ਇੱਕਠਾ ਕੀਤਾ ਤੇ ਮੁਸਲਮਾਨਾਂ ਦੀ ਸੁਰੱਖਿਆ ਯਕੀਨੀ ਕਰਨ ਨੂੰ ਕਿਹਾ। ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਮੁਸਲਮਾਨਾਂ ਨੂੰ ਚਾਰ ਦਿਨਾਂ ਤਕ ਸੁਰੱਖਿਆ ਮੁੱਹਈਆ ਕਰਵਾਈ।
ਉਨ੍ਹਾਂ ਕਿਹਾ ਕਿ ਉਹ ਕਥਿਤ ਹਮਲਾਵਰਾਂ ਦੇ ਵਿਸ਼ੇ ਬਾਰੇ ਕੁਝ ਨਹੀਂ ਜਾਣਦੇ।
ਉਨ੍ਹਾਂ ਵਾਂਗ ਹੀ, ਕੁਝ ਹੋਰ ਬੌਧ ਭਿਕਸ਼ੂਆਂ ਨੇ ਆਪਣੇ ਇਲਾਕੇ ਦੇ ਮੁਸਲਮਾਨਾਂ ਦੀ ਰੱਖਿਆ ਕੀਤੀ।
ਕੈਂਡੀ ਜ਼ਿਲੇ 'ਚ ਹੋਏ ਇਸ ਹਮਲੇ 'ਚ 150 ਤੋਂ ਵੱਧ ਦੁਕਾਨਾਂ, ਧਾਰਮਿਕ ਥਾਵਾਂ ਅਤੇ ਘਰਾਂ ਨੂੰ ਸਾੜ ਦਿੱਤਾ ਗਿਆ।
ਹਾਲਾਂਕਿ ਇਸ ਮਾਮਲੇ 'ਚ 150 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਇਸ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
20 ਫਰਵਰੀ ਨੂੰ, ਤੇਲਦੇਨਿਆ ਇਲਾਕੇ 'ਚ ਇੱਕ ਡ੍ਰਾਈਵਰ ਨੂੰ ਚਾਰ ਮੁਸਲਮਾਨਾਂ ਨੇ ਕੁੱਟਿਆ। ਇਹ ਡ੍ਰਾਈਵਰ ਸਿੰਹਲੀ ਭਾਈਚਾਰੇ ਨਾਲ ਸਬੰਧ ਰੱਖਦਾ ਸੀ ਅਤੇ ਇਸ ਦੀ ਕੁਝ ਦਿਨਾਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ।
ਸੰਭਵ ਹੈ, ਇਸ ਮਾਮਲੇ ਦੇ ਕਾਰਨ ਹੀ ਦਿਗਾਨਾ 'ਚ ਸੰਘਰਸ਼ ਦੀ ਸ਼ੁਰੂਆਤ ਹੋ ਸਕਦੀ ਹੈ ਕਿਉਂਕਿ ਇਨ੍ਹਾਂ ਵਿੱਚੋਂ ਇੱਕ ਮੁਸਲਮਾਨ ਵਿਅਕਤੀ ਦਿਗਾਨਾ ਦਾ ਰਹਿਣ ਵਾਲਾ ਸੀ।