You’re viewing a text-only version of this website that uses less data. View the main version of the website including all images and videos.
ਮੈਂ ਤਾਂ ਬੋਲਾਂਗੀ-10: 'ਔਰਤਾਂ ਨੂੰ ਜ਼ਿੰਮੇਵਾਰੀ ਨਹੀਂ, ਮੌਕਾ ਸਮਝਿਆ ਜਾਂਦਾ ਹੈ'
- ਲੇਖਕ, ਦਲੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਬੀਬੀਸੀ ਪੰਜਾਬੀ ਦੀ ਖ਼ਾਸ ਲੜੀ 'ਮੈਂ ਤਾਂ ਬੋਲਾਂਗੀ' ਤਹਿਤ ਔਰਤਾਂ ਖ਼ਿਲਾਫ਼ ਹੁੰਦੇ ਅਪਰਾਧ ਅਤੇ ਵਖਰੇਵੇਂ ਬਾਰੇ ਮਰਦਾਂ ਦਾ ਨਜ਼ਰੀਆ ਜਾਣਨ ਦੀ ਕੋਸ਼ਿਸ਼ ਕੀਤੀ ਗਈ।
ਇਸਦੇ ਤਹਿਤ ਬੀਬੀਸੀ ਪੱਤਰਕਾਰ ਦਲੀਪ ਸਿੰਘ ਨੇ ਮਰਦਾਂ ਨਾਲ ਗੱਲਬਾਤ ਕਰ ਕੁੜੀਆਂ ਦੇ ਹੁੰਦੇ ਸ਼ੋਸ਼ਣ ਬਾਰੇ ਉਨ੍ਹਾਂ ਦੇ ਵਿਚਾਰ ਜਾਣੇ।
ਹੁਸ਼ਿਆਰਪੁਰ ਦੇ ਨਵਪ੍ਰੀਤ ਸਿੰਘ ਪਿਛਲੇ ਪੰਜ ਸਾਲਾਂ ਤੋਂ ਕੌਮੀ ਰਾਜਧਾਨੀ ਦਿੱਲੀ ਵਿੱਚ ਰਹਿੰਦੇ ਹਨ। ਪ੍ਰਾਈਵੇਟ ਨੌਕਰੀ ਕਰਦੇ ਹਨ ਪਰ ਨਾਲ ਨਾਲ ਹੀ ਉਹ ਸਰਕਾਰੀ ਨੌਕਰੀ ਲਈ ਪ੍ਰੀਖਿਆ ਦੀ ਤਿਆਰੀ ਵੀ ਕਰ ਰਹੇ ਹਨ।
ਨਵਪ੍ਰੀਤ ਕਹਿੰਦੇ ਹਨ, ''ਸਾਡੀ ਸ਼ੁਰੂ ਤੋਂ ਹੀ ਇਹ ਮਾਨਸਿਕਤਾ ਰਹਿੰਦੀ ਹੈ ਕਿ ਮੁੰਡਿਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਵੇ ਤੇ ਕੁੜੀਆਂ ਨੂੰ ਘੱਟ। ਕੁੜੀ ਨਾਲ ਕੋਈ ਮਾੜੀ ਗੱਲ ਵਾਪਰਦੀ ਹੈ ਤਾਂ ਮੰਨ ਲਿਆ ਜਾਂਦਾ ਹੈ ਕਿ ਗਲਤੀ ਕੁੜੀ ਦੀ ਹੀ ਹੋਵੇਗੀ।''
ਦਿੱਲੀ ਦੇ ਰਹਿਣ ਵਾਲੇ ਰਮਨਦੀਪ ਸਿੰਘ ਪੇਸ਼ੇ ਤੋਂ ਟੀਚਰ ਹਨ। ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਔਰਤਾਂ ਪ੍ਰਤੀ ਜ਼ਿਆਦਾਤਰ ਲੋਕਾਂ ਵਿੱਚ ਜ਼ਿੰਮੇਵਾਰੀ ਦੀ ਘਾਟ ਹੈ।
ਰਮਨਦੀਪ ਮੁਤਾਬਕ, ''ਕਈ ਮੁੰਡੇ ਅੱਜਕੱਲ ਕੁੜੀਆਂ ਨੂੰ ਰਿਸਪੌਂਸਿਬਿਲਿਟੀ ਨਹੀਂ ਸਮਝਦੇ ਸਗੋਂ ਔਪਰਚਿਊਨਿਟੀ ਸਮਝ ਲੈਂਦੇ ਹਨ।''
ਉਨ੍ਹਾਂ ਅੱਗੇ ਕਿਹਾ ਕਿ ਮਾਪਿਆਂ ਨੂੰ ਆਪਣੇ ਮੁੰਡਿਆਂ ਤੇ ਕੁੜੀਆਂ ਨੂੰ ਬਰਾਬਰ ਸਵਾਲ ਪੁੱਛਣੇ ਚਾਹੀਦੇ ਹਨ।
ਅਰਵਿੰਦਰ ਸਿੰਘ ਦੀ ਉਮਰ ਤਕਰੀਬਨ 50 ਸਾਲ ਤੋਂ ਉੱਪਰ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਨੇ ਮਰਦ ਅਤੇ ਔਰਤਾਂ ਵਿੱਚ ਕੋਈ ਫ਼ਰਕ ਨਹੀਂ ਕੀਤਾ ਤਾਂ ਅਸੀਂ ਕੌਣ ਹੁੰਦੇ ਹਾਂ।
ਉਨ੍ਹਾਂ ਮੁਤਾਬਕ, ''ਕੁੜੀਆਂ ਦੇਰੀ ਨਾਲ ਘਰ ਆਉਂਦੀਆਂ ਹਨ ਤਾਂ ਘਬਰਾਹਟ ਮਹਿਸੂਸ ਹੁੰਦੀ ਹੈ। ਬਾਕੀ ਮੁੰਡਿਆਂ ਨੂੰ ਕੁੜੀਆਂ ਵਰਗਾ ਖ਼ਤਰਾ ਨਹੀਂ ਪਰ ਉਨ੍ਹਾਂ ਨੂੰ ਵੀ ਸਮੇਂ ਸਿਰ ਘਰ ਆਉਣ ਚਾਹੀਦਾ ਹੈ।''
ਅਰਵਿੰਦਰ ਅੱਗੇ ਕਹਿੰਦੇ ਹਨ ਕਿ ਮਾਪੇ ਕੁੜੀਆਂ ਨੂੰ ਖਰਚੇ ਦੇ ਡਰਦਿਆਂ ਘਰ ਬਿਠਾ ਦਿੰਦੇ ਹਨ ਅਤੇ ਮੁੰਡਿਆਂ ਨੂੰ ਬਾਹਰ ਭੇਜਦੇ ਹਨ ਕਿਉਂਕੀ ਉਹ ਸੋਚਦੇ ਹਨ ਕਿ ਮੁੰਡਿਆਂ ਨੇ ਸਾਰੀ ਜ਼ਿੰਦਗੀ ਉਨ੍ਹਾਂ ਨਾਲ ਹੀ ਰਹਿਣਾ ਹੈ।
ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਦਾ ਨਵਾਂ-ਨਵਾਂ ਵਿਆਹ ਹੋਇਆ ਹੈ।
ਗੁਰਿੰਦਰ ਦਾ ਮੰਨਣਾ ਹੈ ਕਿ ਮੁੰਡੇ-ਕੁੜੀ ਦੋਹਾਂ ਤੋਂ ਮਾਪਿਆਂ ਵੱਲੋਂ ਬਰਾਬਰ ਦੀ ਜਵਾਬਦੇਹੀ ਲੈਣੀ ਬਣਦੀ ਹੈ।
ਗੁਰਿੰਦਰ ਮੁਤਾਬਕ, ''ਤਕਨੀਕ ਦੇ ਦੌਰ ਵਿੱਚ ਬੱਚਿਆਂ 'ਤੇ ਪਕੜ ਜ਼ਰੂਰ ਹੋਣੀ ਚਾਹੀਦੀ ਹੈ। ਮੁੰਡਾ ਹੋਵੇ ਜਾਂ ਕੁੜੀਂ ਦੋਹਾਂ ਦੀ ਜਵਾਬ ਦੇਹੀ ਤੈਅ ਹੋਵੇ।''