ਮੈਂ ਤਾਂ ਬੋਲਾਂਗੀ - 9 : ਕੁੜੀਆਂ ਸਰੀਰਕ ਸ਼ੋਸ਼ਣ ਦਾ ਮੁਕਾਬਲਾ ਪਹਿਲਵਾਨਾਂ ਵਾਂਗ ਕਰਨ - ਨਵਜੋਤ ਕੌਰ

ਏਸ਼ੀਆ ਪੱਧਰ 'ਤੇ ਕੁਸ਼ਤੀ ਵਿੱਚ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਨਵਜੋਤ ਕੌਰ ਦਾ ਮੰਨਣਾ ਹੈ ਕਿ ਕੁੜੀਆਂ ਨੂੰ ਸਰੀਰਕ ਸ਼ੋਸ਼ਣ ਦਾ ਸਾਹਮਣਾ ਇੱਕ ਪਹਿਲਵਾਨ ਵਾਲੀ ਹਿੰਮਤ ਵਾਂਗ ਕਰਨਾ ਚਾਹੀਦਾ ਹੈ।

ਕੁੜੀਆਂ ਨਾਲ ਹੁੰਦੀਆਂ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਬਾਰੇ ਨਵਜੋਤ ਕੌਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ।

ਕੁੜੀਆਂ ਦੇ ਹੁੰਦੇ ਜਿਨਸੀ ਸ਼ੋਸ਼ਣ ਬਾਰੇ ਨਵਜੋਤ ਨੇ ਕਿਹਾ, "ਕਦੇ-ਕਦੇ ਖ਼ਬਰਾਂ ਆਉਂਦੀਆਂ ਹਨ ਕਿ ਗੇਮ ਦੌਰਾਨ ਕਿਸੇ ਕੁੜੀ ਨਾਲ ਕੁਝ ਗਲਤ ਹੋਇਆ, ਤਾਂ ਅਜਿਹਾ ਸੁਣ ਕੇ ਬੁਰਾ ਲਗਦਾ ਹੈ।''

''ਮੇਰੇ ਪਿਤਾ ਜੀ ਨੇ ਮੈਨੂੰ ਇਕੱਲੇ ਘਰ ਤੋਂ ਬਾਹਰ ਭੇਜਿਆ ਪਰ ਕਦੇ ਮੇਰੀ ਗੇਮ ਕੁਸ਼ਤੀ ਵਿੱਚ ਇਸ ਤਰੀਕੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ।''

ਜਦੋਂ ਨਵਜੋਤ ਨੂੰ ਪੁੱਛਿਆ ਕਿ ਤੁਹਾਡੇ ਨਾਲ ਸਰੀਰਕ ਸ਼ੋਸ਼ਣ ਦੀ ਘਟਨਾ ਨਾ ਹੋਣ ਦੀ ਵਜ੍ਹਾ ਕੀ ਤੁਹਾਡੀ ਪਹਿਲਵਾਨੀ ਹੈ ਤਾਂ ਨਵਜੋਤ ਨੇ ਕਿਹਾ, ''ਹਾਂ ਹੋ ਸਕਦਾ ਹੈ, ਲੋਕ ਪਹਿਲਵਾਨਾਂ ਤੋਂ ਡਰਦੇ ਹਨ ਸ਼ਾਇਦ ਇਸ ਲਈ ਮੇਰੇ ਨਾਲ ਸ਼ਾਇਦ ਕੁਝ ਅਜਿਹੀ ਘਟਨਾ ਨਹੀਂ ਵਾਪਰੀ।''

''ਕੁੜੀਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ। ਹਰ ਕਿਸੇ ਇਨਸਾਨ ਦੀ ਅੱਖ ਨਾਲ ਹੀ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਮਨ ਵਿੱਚ ਕਿਸ ਤਰੀਕੇ ਦੀ ਭਾਵਨਾ ਹੈ।''

ਨਵਜੋਤ ਨੇ ਕਿਹਾ, ''ਜੇ ਕੋਈ ਸ਼ਖਸ ਕਿਸੇ ਕੁੜੀ ਨਾਲ ਗਲਤ ਕਰਦਾ ਹੈ ਤਾਂ ਕੁੜੀ ਨੂੰ ਮਜ਼ਬੂਤੀ ਨਾਲ ਜਵਾਬ ਦੇਣਾ ਚਾਹੀਦਾ ਹੈ। ਮੈਨੂੰ ਲਗਦਾ ਹੈ ਕਿ ਜੇ ਕਰੜਾ ਜਵਾਬ ਕੁੜੀ ਪਾਸਿਓਂ ਮਿਲੇਗਾ ਤਾਂ ਅਗਲੀ ਵਾਰ ਕਿਸੇ ਵੀ ਸ਼ਖਸ ਦੀ ਦੁਬਾਰਾ ਅਜਿਹੀ ਹਰਕਤ ਕਰਨ ਦੀ ਹਿੰਮਤ ਨਹੀਂ ਪਵੇਗੀ।''

ਕੁੜੀਆਂ ਲਈ ਸਵੈ ਰੱਖਿਆ ਦੀ ਟਰੇਨਿੰਗ ਦੀ ਜ਼ਰੂਰਤ ਬਾਰੇ ਨਵਜੋਤ ਕੌਰ ਨੇ ਕਿਹਾ, ''ਕੁੜੀਆਂ ਲਈ ਸਵੈ ਰੱਖਿਆ ਦੀ ਟਰੇਨਿੰਗ ਲੈਣਾ ਬਹੁਤ ਜ਼ਰੂਰੀ ਹੈ। ਮੈਂ ਕੁੜੀਆਂ ਨੂੰ ਕਹਿਣਾ ਚਾਹਵਾਂਗੀ ਕਿ ਉਨ੍ਹਾਂ ਨੂੰ ਆਪਣੀ ਰੱਖਿਆ ਕਰਨ ਲਈ ਕਿਸੇ ਵੀ ਤਰੀਕੇ ਦੀ ਸਿਖਲਾਈ ਲੈਣੀ ਚਾਹੀਦੀ ਹੈ।

''ਅਜਿਹੀ ਟਰੇਨਿੰਗ ਲੈਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ। ਕੁੜੀਆਂ ਲਈ ਕੋਈ ਵੀ ਕੰਮ ਔਖਾ ਨਹੀਂ ਹੈ।''

ਜਦੋਂ ਨਵਜੋਤ ਤੋਂ ਪੁੱਛਿਆ ਕਿ ਔਰਤਾਂ ਕੰਮਕਾਜ ਦੇ ਦੌਰਾਨ ਹੁੰਦੇ ਜਿਨਸੀ ਸ਼ੋਸ਼ਣ ਦਾ ਮੁਕਾਬਲਾ ਕਿਸ ਤਰ੍ਹਾਂ ਕਰਨ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਦਾ ਮਰਦਾਂ ਨੂੰ ਅਜਿਹੀਆਂ ਹਰਕਤਾਂ ਕਰਨੀਆਂ ਹੀ ਨਹੀਂ ਚਾਹੀਦੀਆਂ।

ਨਵਜੋਤ ਨੇ ਕਿਹਾ, "ਮਰਦਾਂ ਨੂੰ ਵੀ ਖੁਦ ਅਜਿਹਾ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਇਸਦੇ ਨਾਲ ਹੀ ਕੁੜੀਆਂ ਨੂੰ ਆਪਣੇ ਕੋਲ ਸਵੈ ਰੱਖਿਆ ਲਈ ਪੈਪਰ ਸਪ੍ਰੇ ਵਰਗੀਆਂ ਚੀਜ਼ਾਂ ਜ਼ਰੂਰ ਰੱਖਣੀਆਂ ਚਾਹੀਦੀਆਂ ਹਨ। ਜੇ ਕੋਈ ਅਜਿਹੀ ਹਰਕਤ ਹੋਵੇ ਤਾਂ ਉਸ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਜਿਵੇਂ ਇੱਕ ਪਹਿਲਵਾਨ ਕਰਦਾ ਹੈ।''

ਨਵਜੋਤ ਵਰਗਾ ਬਣਨ ਲਈ ਕੁੜੀਆਂ ਨੂੰ ਕੀ ਕਰਨਾ ਪਵੇਗਾ? ਉਨ੍ਹਾਂ ਕਿਹਾ, ''ਜੋ ਮੈਂ ਕੀਤਾ ਉਹ ਹਰ ਕੁੜੀ ਕਰ ਸਕਦੀ ਹੈ, ਹਰ ਕੁੜੀ ਵਿੱਚ ਉਹ ਹਿੰਮਤ ਤੇ ਜਜ਼ਬਾ ਹੈ ਬਸ ਪ੍ਰੇਰਨਾ ਦੀ ਲੋੜ ਹੈ।''

ਕੁੜੀਆਂ ਵੀ ਅੱਗੇ ਆਉਣ

''ਮੈਂ ਉਮੀਦ ਕਰਦੀ ਹਾਂ ਕਿ ਪੰਜਾਬ ਦੀਆਂ ਕੁੜੀਆਂ ਅੱਗੇ ਆਉਣ, ਖੇਡਾਂ ਵਿੱਚ ਹਿੱਸਾ ਲੈਣ ਜਾਂ ਕਿਸੇ ਵੀ ਖੇਤਰ ਵਿੱਚ ਅੱਗੇ ਜਾਣ। ਪੰਜਾਬ ਦੀਆਂ ਕੁੜੀਆਂ ਵਿੱਚ ਕਾਫੀ ਹੁਨਰ ਹੈ ਪਰ ਉਸ ਨੂੰ ਇੱਕ ਚਿੰਗਾਰੀ ਦੇਣ ਦੀ ਲੋੜ ਹੈ।''

ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਖੁਦ ਬੁਰਾ ਮਹਿਸੂਸ ਹੁੰਦਾ ਹੈ ਕਿ ਪ੍ਰੈਕਟਿਸ ਲਈ ਲਾਏ ਇੰਡੀਆ ਕੈਂਪ ਵਿੱਚ ਮੇਰੇ ਨਾਲ ਕੋਈ ਕੁੜੀ ਨਹੀਂ ਸੀ।

ਉਨ੍ਹਾਂ ਕਿਹਾ, ''ਇਸ ਵਾਰ ਮੇਰੇ ਨਾਲ ਦੋ ਕੁੜੀਆਂ ਹਨ। ਕਈ ਵਾਰ ਉਹ ਮੈਨੂੰ ਕਹਿੰਦੀਆਂ ਹਨ, ਅੱਜ ਪ੍ਰੈਕਟਿਸ ਨਹੀਂ ਕਰਨੀ ਜਾਂ ਅੱਜ ਮੂਡ ਨਹੀਂ ਹੋ ਰਿਹਾ। ਮੈਂ ਉਨ੍ਹਾਂ ਨੂੰ ਅਭਿਆਸ ਕਰਨ ਵਾਸਤੇ ਪ੍ਰੇਰਿਤ ਕਰਦੀ ਹਾਂ।''

"ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਜੇ ਇੱਕ ਦਿਨ ਵੀ ਪ੍ਰੈਕਟਿਸ ਛੱਡੋਗੇ ਤਾਂ ਤੁਸੀਂ ਪਿੱਛੇ ਚਲੇ ਜਾਓਗੇ। ਮੈਂ ਚਾਹੁੰਦੀ ਹਾਂ ਕਿ ਪੰਜਾਬ ਤੇ ਪੂਰੇ ਭਾਰਤ ਦੀਆਂ ਕੁੜੀਆਂ ਅੱਗੇ ਆਉਣ ਤੇ ਸਾਬਿਤ ਕਰਨ ਕਿ ਅਸੀਂ ਸਭ ਤੋਂ ਮਜ਼ਬੂਤ ਕੁੜੀਆਂ ਹਾਂ।''

(ਐੱਨਸੀਆਰਬੀ ਮੁਤਾਬਕ, 2016 ਵਿੱਚ ਪੰਜਾਬ 'ਚ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ 325 ਕੇਸ ਦਰਜ ਕੀਤੇ ਗਏ। ਜਿਨਸੀ ਸ਼ੋਸ਼ਣ ਦੇ ਇਰਾਦੇ ਨਾਲ ਔਰਤਾਂ 'ਤੇ ਹਮਲੇ ਦੇ 1025 ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ ਬਲਾਤਕਾਰ ਦੇ 838ਅਤੇ ਪਿੱਛਾ ਕਰਨ ਦੇ 99 ਕੇਸ ਦਰਜ ਕੀਤੇ ਗਏ। ਬੀਬੀਸੀ ਦੀ ਖ਼ਾਸ ਲੜੀ ਵਿੱਚ ਅਸੀਂ ਕੁਝ ਔਰਤਾਂ ਦੀਆਂ ਕਹਾਣੀਆਂ ਲੈ ਕੇ ਆਏ ਹਾਂ ਜੋ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਅਤੇ ਉਨ੍ਹਾਂ ਨੇ ਡੱਟ ਕੇ ਇਸ ਦਾ ਮੁਕਾਬਲਾ ਕੀਤਾ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)