BBC EXCLUSIVE: ਪਹਿਲਾ ਗੇੜ ਹਾਰਨ ਤੋਂ ਬਾਅਦ ਕਿਵੇਂ ਜਿੱਤੀ ਨਵਜੋਤ ਨੇ ਚੈਂਪੀਅਨਸ਼ਿਪ

    • ਲੇਖਕ, ਪ੍ਰਿਅੰਕਾ ਧੀਮਾਨ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੀ ਧੀ ਨਵਜੋਤ ਕੌਰ ਨੇ ਦੇਸ ਦੀ ਝੋਲੀ ਵਿੱਚ ਸੋਨ ਤਗਮਾ ਪਾਇਆ ਹੈ। ਨਵਜੋਤ ਕੌਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਹੈ।

ਨਵਜੋਤ ਕੌਰ ਨੇ ਆਪਣੇ ਸਫ਼ਰ ਬਾਰੇ ਬੀਬੀਸੀ ਪੰਜਾਬੀ ਨਾਲ ਆਪਣੀਆਂ ਨਿੱਜੀ ਜ਼ਿੰਦਗੀ ਦੀਆਂ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ।

ਨਵਜੋਤ ਕੌਰ ਜ਼ਿਲ੍ਹਾ ਤਰਨਤਾਰਨ ਦੇ ਛੋਟੇ ਜਿਹੇ ਪਿੰਡ ਬਾਗੜੀਆਂ ਦੀ ਰਹਿਣ ਵਾਲੀ ਹੈ।

ਨਵਜੋਤ ਕੌਰ ਨੇ ਦੱਸਿਆ,''ਕਿਸੇ ਵੀ ਕੁੜੀ ਲਈ ਇੱਕ ਛੋਟੇ ਜਿਹੇ ਪਿੰਡ ਵਿੱਚੋਂ ਨਿਕਲ ਕੇ ਇੱਥੇ ਪਹੁੰਚਣਾ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਮੈਂ ਬਹੁਤ ਕਿਸਮਤ ਵਾਲੀ ਹਾਂ ਜੋ ਮੇਰੇ ਪਰਿਵਾਰ ਨੇ ਮੇਰਾ ਐਨਾ ਸਾਥ ਦਿੱਤਾ।''

''ਪਿੰਡ ਦੇ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਪਰ ਮੇਰੇ ਮਾਪਿਆਂ ਨੇ ਕਦੇ ਮੈਨੂੰ ਨਹੀਂ ਦੱਸਿਆ ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ।ਉਨ੍ਹਾਂ ਨੇ ਮੇਰੇ 'ਤੇ ਭਰੋਸਾ ਕਰਕੇ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ।''

ਨਵਜੋਤ ਕੌਰ ਨੇ ਦੱਸਿਆ,''ਮੈਨੂੰ ਬਚਪਨ ਤੋਂ ਹੀ ਜਹਾਜ਼ ਵਿੱਚ ਚੜ੍ਹਨ ਦਾ ਬਹੁਤ ਸ਼ੌਕ ਸੀ। ਮੈਨੂੰ ਕਿਸੇ ਨੇ ਦੱਸਿਆ ਸੀ ਕਿ ਖਿਡਾਰੀਆਂ ਨੂੰ ਹਮੇਸ਼ਾਂ ਜਹਾਜ਼ ਵਿੱਚ ਚੜ੍ਹਨ ਦਾ ਮੌਕਾ ਮਿਲਦਾ ਹੈ। ਉਸ ਤੋਂ ਬਾਅਦ ਮੈਂ ਮਨ ਬਣਾ ਲਿਆ ਕਿ ਮੈਂ ਜਹਾਜ਼ ਵਿੱਚ ਚੜ੍ਹਨਾ ਹੈ। ਭਾਵੇਂ ਉਸ ਲਈ ਕਿੰਨੀ ਵੀ ਮਿਹਨਤ ਕਿਉਂ ਨਾ ਕਰਨੀ ਪਵੇ।''

'ਕੁੜੀਆਂ ਕਹਿੰਦੀਆਂ ਸੀ ਪਾਗਲ ਹੋ ਜਾਵਾਂਗੀ'

''ਮੈਂ 8ਵੀਂ ਕਲਾਸ ਤੋਂ ਹੀ ਕੁਸ਼ਤੀ ਖੇਡਣੀ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਲਈ ਦਿਨ-ਰਾਤ ਮਿਹਨਤ ਕਰਦੀ ਸੀ। ਮੇਰੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਮੇਰੀ ਭੈਣ ਨੂੰ ਕਹਿੰਦੀਆਂ ਸੀ ਕਿ ਇਹ ਪਾਗਲ ਹੋ ਜਾਵੇਗੀ। ਸਾਰਾ ਦਿਨ ਕੁਸ਼ਤੀ ਦੀ ਹੀ ਪ੍ਰੈਕਟਿਸ ਕਰਦੀ ਰਹਿੰਦੀ ਹੈ ਪਰ ਮੈਨੂੰ ਜਨੂੰਨ ਸੀ ਕਿ ਮੈਂ ਕੁਝ ਕਰਨਾ ਹੈ।''

ਨਵਜੋਤ ਕੌਰ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ। ਉਨ੍ਹਾਂ ਦਾ ਆਖ਼ਰੀ ਮੁਕਾਬਲਾ ਜਪਾਨੀ ਪਹਿਲਵਾਨ ਨਾਲ ਹੋਇਆ।

ਨਵਜੋਤ ਨੇ ਦੱਸਿਆ,'' ਜਪਾਨ ਨਾਲ ਇਹ ਮੁਕਾਬਲਾ ਬਹੁਤ ਔਖਾ ਸੀ ਪਰ ਕਾਫ਼ੀ ਦਿਲਚਸਪ ਵੀ ਸੀ। ਜਪਾਨ ਦੀ ਖਿਡਾਰਨ ਕਾਫ਼ੀ ਮਜ਼ਬੂਤ ਸੀ, ਉਸ ਨਾਲ ਇੱਕ ਬਾਊਟ ਮੈਂ ਪਹਿਲਾਂ ਹੀ ਲੂਜ਼ ਕਰ ਚੁੱਕੀ ਸੀ ਪਰ ਜਦੋਂ ਦੂਜਾ ਬਾਊਟ ਆਇਆ ਤਾਂ ਕੋਚ ਨੇ ਮੇਰੀ ਬਹੁਤ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਕਿਵੇਂ ਮੈਂ ਆਪਣੀ ਲੱਤ ਨੂੰ ਡਿਫੈਂਸ ਕਰਨਾ ਹੈ।''

''ਉਸ ਤੋਂ ਬਾਅਦ ਮੇਰੇ 2 ਅਟੈਕ ਬਹੁਤ ਚੰਗੇ ਲੱਗੇ ਅਤੇ ਮੇਰੇ 4 ਪੁਆਇੰਟ ਹੋ ਗਏ। ਇਸ ਨਾਲ ਮੇਰਾ ਹੌਸਲਾ ਹੋਰ ਵਧ ਗਿਆ ਅਤੇ ਮੈਂ ਸੋਚ ਲਿਆ ਕਿ ਹੁਣ ਲੀਡ ਲੈਣੀ ਹੈ।

'2020 ਓਲਪਿੰਕਸ ਹੈ ਅਸਲਸੁਫ਼ਨਾ'

ਭਾਰਤ ਦਾ ਰਾਸ਼ਟਰੀ ਗੀਤ ਵਾਰ-ਵਾਰ ਮੇਰੇ ਦਿਮਾਗ ਵਿੱਚ ਗੂੰਜ ਰਿਹਾ ਸੀ ਤੇ ਮੈਂ ਜੋਸ਼ ਨਾਲ ਭਰ ਜਾਂਦੀ ਸੀ। ਉਦੋਂ ਮੈਂ ਸੋਚ ਲਿਆ ਕਿ ਦੇਸ ਦਾ ਝੰਡਾ ਲਹਿਰਾ ਕੇ ਹੀ ਜਾਣਾ ਹੈ।''

ਨਵਜੋਤ ਨੇ ਕਿਹਾ ਕਿ,''ਪਹਿਲਾਂ ਲੋਕ ਬਹੁਤ ਗੱਲਾਂ ਕਰਦੇ ਸੀ ਪਰ ਜਦੋਂ ਮੈਂ ਮੈਡਲ ਜਿੱਤਣੇ ਸ਼ੁਰੂ ਕੀਤੇ ਤਾਂ ਪਿੰਡ ਦੇ ਲੋਕਾਂ ਦੀ ਸੋਚ ਵੀ ਬਦਲਣ ਲੱਗੀ ਅਤੇ ਮੈਨੂੰ ਉਨ੍ਹਾਂ ਦਾ ਵੀ ਸਮਰਥਨ ਮਿਲਣ ਲੱਗ ਪਿਆ।''

''ਹੌਲੀ-ਹੌਲੀ ਪੂਰੇ ਪੰਜਾਬ ਦਾ ਅਤੇ ਹੁਣ ਪੂਰੇ ਦੇਸ ਦਾ ਥਾਪੜਾ ਮਿਲ ਰਿਹਾ ਹੈ। ਭਾਰਤ ਨੇ ਮੇਰੇ 'ਤੇ ਉਮੀਦਾਂ ਰੱਖੀਆਂ ਅਤੇ ਮੈਂ ਉਨ੍ਹਾਂ ਤੇ ਖਰੀ ਉਤਰੀ।''

ਨਵਜੋਤ ਕੌਰ ਦਾ ਕਹਿਣਾ ਹੈ ਕਿ ਇਸ ਸਾਲ ਹੁਣ ਮੇਰਾ ਪੂਰਾ ਧਿਆਨ ਏਸ਼ੀਅਨ ਗੇਮਜ਼ ਵੱਲ ਰਹੇਗਾ ਅਤੇ ਉਸ ਤੋਂ ਬਾਅਦ ਟਾਰਗੇਟ 2020 ਦੀਆਂ ਓਲਪਿੰਕਸ ਹੈ, ਜੋ ਜਪਾਨ ਵਿੱਚ ਹੋਣੀਆਂ ਹਨ। ਓਲਪਿੰਕਸ ਵਿੱਚ ਮੈਡਲ ਜਿੱਤਣਾ ਮੇਰਾ ਅਸਲ ਸੁਪਨਾ ਹੈ।

ਕੁਸ਼ਤੀ ਵਿੱਚ ਬਹੁਤ ਸਾਰੇ ਖਿਡਾਰੀ ਆਪਣੀ ਤਕਨੀਕ ਲਈ ਜਾਣੇ ਜਾਂਦੇ ਹਨ। ਨਵਜੋਤ ਕੌਰ ਨੇ ਵੀ ਆਪਣੀ ਤਕਨੀਕ ਸਾਂਝੀ ਕੀਤੀ ਉਨ੍ਹਾਂ ਨੇ ਕਿਹਾ,'' ਜਦੋਂ ਮੈਂ ਕੁਸ਼ਤੀ ਖੇਡਣੀ ਸ਼ੁਰੂ ਕੀਤੀ ਉਦੋਂ ਤੋਂ ਹੀ ਕਾਊਂਟਰ ਅਟੈਕ ਮੇਰਾ ਪਸੰਦੀਦਾ ਦਾਅ ਸੀ।''

''ਜਦੋਂ ਵੀ ਕੋਈ ਤੁਹਾਡੀ ਲੱਤ 'ਤੇ ਅਟੈਕ ਕਰਦਾ ਹੈ ਤਾਂ ਤੁਸੀਂ ਉਸ 'ਤੇ ਅਟੈਕ ਕਰਦੇ ਹੋ, ਉਸ ਨੂੰ ਕਾਊਂਟਰ ਅਟੈਕ ਕਿਹਾ ਜਾਂਦਾ ਹੈ। ਮੇਰੀ ਇਸੇ ਤਕਨੀਕ ਨੇ ਮੈਨੂੰ ਗੋਲਡ ਮੈਡਲ ਜਿਤਾਇਆ।''

ਨਵਜੋਤ ਨੂੰ ਕੁਸ਼ਤੀ ਖੇਡਣ ਦੀ ਪ੍ਰੇਰਨਾ ਉਨ੍ਹਾਂ ਦੀ ਭੈਣ ਤੋਂ ਮਿਲੀ। ਨਵਜੋਤ ਨੇ ਦੱਸਿਆ,'' ਮੇਰੀ ਵੱਡੀ ਭੈਣ ਕੁਸ਼ਤੀ ਲੜਦੀ ਸੀ, ਉਨ੍ਹਾਂ ਨੂੰ ਦੇਖ ਕੇ ਮੈਂ ਖੇਡਦੀ ਸੀ ਪਰ ਮੇਰੀ ਭੈਣ ਦੀ ਲੱਤ 'ਤੇ ਸੱਟ ਲੱਗ ਗਈ ਤੇ ਉਹ ਇਸ ਲਾਈਨ ਵਿੱਚ ਅੱਗੇ ਨਾ ਵਧ ਸਕੀ। ਮੇਰੀ ਭੈਣ ਨੇ ਮੈਨੂੰ ਇਸ ਲਈ ਉਤਸ਼ਾਹਿਤ ਕੀਤਾ।''

''ਹੌਲੀ-ਹੌਲੀ ਮੇਰੀ ਦਿਲਚਸਪੀ ਵਧਦੀ ਗਈ। ਮੈਂ ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਦੀਪਿਕਾ ਜਾਖੜ, ਅਲਕਾ ਤੋਮਰ ਤੋਂ ਵੀ ਮੈਂ ਬਹੁਤ ਪ੍ਰੇਰਿਤ ਹੋਈ।''

ਨਵਜੋਤ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਉਨ੍ਹਾਂ ਦੇ ਪਰਿਵਾਰ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਨਵਜੋਤ ਮੁਤਾਬਿਕ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਲਈ ਬਹੁਤ ਸਾਰਾ ਕਰਜ਼ਾ ਚੁੱਕਿਆ।

ਪਿਤਾ ਨੇ ਚੁੱਕਿਆ ਕਰਜ਼ਾ

''ਰੈਸਲਿੰਗ ਦੀ ਪ੍ਰੈਕਟਿਸ ਲਈ ਵਰਤੀਆਂ ਜਾਂਦੀਆਂ ਚੀਜ਼ਾਂ ਬਹੁਤ ਮਹਿੰਗੀਆਂ ਸੀ ਪਰ ਮੈਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਈ। ਉਧਾਰ ਚੁੱਕ ਕੇ ਮੇਰੇ ਪਿਤਾ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ। ਉਹ ਇੱਕ ਹੀ ਗੱਲ ਕਹਿੰਦੇ ਸੀ ਇੱਕ ਵਾਰ ਮੈਡਲ ਆ ਜਾਵੇ।''

'' ਉਨ੍ਹਾਂ ਨੇ ਮੈਨੂੰ ਕਦੇ ਪਤਾ ਨਹੀਂ ਲੱਗਣ ਦਿੱਤਾ ਕਿ ਉਨ੍ਹਾਂ ਨੇ ਮੇਰੇ ਲਈ ਕਰਜ਼ਾ ਚੁੱਕਿਆ ਹੈ। ਮੈਨੂੰ ਕਾਫ਼ੀ ਸਮੇਂ ਬਾਅਦ ਮੇਰੀ ਭੈਣ ਤੋਂ ਇਸ ਬਾਰੇ ਪਤਾ ਲੱਗਿਆ।''

''ਮੈਂ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰਨਾ ਚਾਹੁੰਦੀ ਸੀ। ਹਮੇਸ਼ਾ ਇਹੀ ਸੋਚ ਮੇਰੇ ਦਿਮਾਗ ਵਿੱਚ ਸੀ ਕਿ ਮੈਂ ਆਪਣੇ ਮਾਤਾ ਪਿਤਾ ਲਈ ਕੁਝ ਕਰਨਾ ਹੈ।''

''2014 ਵਿੱਚ ਮੈਡਲ ਜਿੱਤਣ ਤੋਂ ਬਾਅਦ ਮੈਨੂੰ ਰੇਲਵੇ ਵਿੱਚ ਨੌਕਰੀ ਮਿਲ ਗਈ ਅਤੇ ਮੈਂ ਆਪਣਾ ਖ਼ਰਚਾ ਚੁੱਕਣਾ ਸ਼ੁਰੂ ਕੀਤਾ।''

ਨਵਜੋਤ ਮੁਤਾਬਿਕ ਉਨ੍ਹਾਂ ਨੂੰ ਸਰਕਾਰ ਤੋਂ ਬਹੁਤੀ ਮਦਦ ਨਹੀਂ ਮਿਲੀ। ਨਵਜੋਤ ਕਹਿੰਦੀ ਹੈ,''ਹਰਿਆਣਾ ਵਿੱਚ ਖਿਡਾਰੀਆਂ ਨੂੰ ਸਰਕਾਰੀ ਮਦਦ ਮਿਲਦੀ ਹੈ, ਜਿਸ ਨਾਲ ਉਨ੍ਹਾਂ ਨੂੰ ਅੱਗੇ ਵਧਣ ਵਿੱਚ ਉਤਸ਼ਾਹ ਮਿਲਦਾ ਹੈ।''

'' ਪੰਜਾਬ ਵਿੱਚ ਖਿਡਾਰੀਆਂ ਨੂੰ ਜ਼ਿਆਦਾ ਤਵੱਜੋ ਨਹੀਂ ਮਿਲਦੀ। ਖਿਡਾਰੀਆਂ ਲਈ ਪੰਜਾਬ ਸਰਕਾਰ ਨੂੰ ਵੀ ਹਰਿਆਣਾ ਸਰਕਾਰ ਦੀ ਤਰਜ਼ 'ਤੇ ਕੰਮ ਕਰਨਾ ਚਾਹੀਦਾ ਹੈ।''

'ਸਰਕਾਰ ਖਿਡਾਰੀਆਂ ਲਈ ਕੁਝ ਕਰੇ'

ਨਵਜੋਤ ਕੌਰ ਨੇ ਕਿਹਾ,''ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਖਿਡਾਰੀ ਹਨ ਜਿਹੜੇ ਗ਼ਰੀਬੀ ਵਿੱਚ ਜੀਅ ਰਹੇ ਹਨ। ਮੇਰੀ ਸਰਕਾਰ ਨੂੰ ਅਪੀਲ ਹੈ ਕਿ ਸਰਕਾਰ ਆਪਣੇ ਖਿਡਾਰੀਆਂ ਦੀ ਮਦਦ ਕਰੇ। ਖਿਡਾਰੀਆਂ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ ਜਾਂ ਫਿਰ ਉਨ੍ਹਾਂ ਨੂੰ ਅਜਿਹਾ ਰੁਜ਼ਗਾਰ ਦਿੱਤਾ ਜਾਣਾ ਚਾਹੀਦਾ ਹੈ ਜਿਸ ਨਾਲ ਉਹ ਘੱਟੋ-ਘੱਟ 2 ਡੰਗ ਦੀ ਰੋਟੀ ਖਾ ਸਕਣ।''

ਨਵਜੋਤ ਕਹਿੰਦੀ ਹੈ,''ਮੈਂ ਚਾਹੁੰਦੀ ਹਾਂ ਕਿ ਪੰਜਾਬ ਦੀਆਂ ਕੁੜੀਆਂ ਰੈਸਲਿੰਗ ਵਿੱਚ ਅੱਗੇ ਆਉਣ। ਮੈਂ ਲਖਨਊ ਕੈਂਪ ਵਿੱਚ ਪਿਛਲੇ 4 ਸਾਲਾਂ ਤੋਂ ਹਾਂ ਪਰ ਉੱਥੇ ਮੇਰੇ ਤੋਂ ਇਲਾਵਾ ਪੰਜਾਬ ਦੀ ਕੋਈ ਕੁੜੀ ਨਹੀਂ ਪਹੁੰਚੀ। ਹੋਰ ਬਹੁਤ ਸਾਰੇ ਸੂਬਿਆਂ ਦੀਆਂ ਕੁੜੀਆਂ ਹਨ।''

''ਹਰਿਆਣਾ ਦੀਆਂ ਜ਼ਿਆਦਾ ਖਿਡਾਰਨਾਂ ਹਨ ਅਤੇ ਉਨ੍ਹਾਂ ਨਾਲ ਰਹਿੰਦੇ-ਰਹਿੰਦੇ ਮੈਂ ਹਰਿਆਣਵੀ ਸਿੱਖ ਗਈ ਹਾਂ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਹੈ ਕਿ ਖੇਡ ਵਿੱਚ ਪੰਜਾਬ ਦੀਆਂ ਕੁੜੀਆਂ ਬਹੁਤ ਪਿੱਛੇ ਹਨ।''

ਨਵਜੋਤ ਨੇ ਦੱਸਿਆ 2009 ਵਿੱਚ ਉਨ੍ਹਾਂ ਨੇ ਜੂਨੀਅਰ ਏਸ਼ੀਆ ਵਿੱਚ ਗੋਲਡ, 2009 ਵਿੱਚ ਹੀ ਵਰਲਡ ਗੇਮਜ਼ ਵਿੱਚ ਤਾਂਬੇ ਦਾ ਤਗਮਾ, 2011 ਦੀਆਂ ਜੂਨੀਅਰ ਗੇਮਜ਼ ਵਿੱਚ ਬਰੋਨਜ਼ ਮੈਡਲ, 2012 ਦੀਆਂ ਸੀਨੀਅਰ ਗੇਮਜ਼ ਵਿੱਚ ਪੰਜਵੇਂ ਨੰਬਰ 'ਤੇ ਆਈ।

2013 ਦੀਆਂ ਸੀਨੀਅਰ ਮਹਿਲਾ ਗੇਮਜ਼ ਵਿੱਚ ਸਿਲਵਰ ਮੈਡਲ ਜਿੱਤਿਆ।

ਨਵਜੋਤ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਏਸ਼ੀਆਈ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਤਾਂ ਉਨ੍ਹਾਂ ਨੂੰ ਬਹੁਤ ਵਧਾਈਆਂ ਮਿਲੀਆਂ।

ਉਨ੍ਹਾਂ ਨੇ ਕਿਹਾ,'' ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਵਧਾਈ ਨਾਲ ਮੈਨੂੰ ਬਹੁਤ ਖੁਸ਼ੀ ਮਿਲੀ।''

'' ਸਭ ਤੋਂ ਵੱਧ ਖੁਸ਼ੀ ਮੈਨੂੰ ਉਦੋਂ ਹੋਈ ਜਦੋਂ ਅਮਿਤਾਭ ਬੱਚਨ ਨੇ ਮੈਨੂੰ ਵਧਾਈ ਦਿੱਤੀ ਕਿਉਂਕਿ ਉਹ ਮੈਨੂੰ ਬਹੁਤ ਪਸੰਦ ਹਨ।''

'ਸੋਸ਼ਲ ਮੀਡੀਆ ਲਈ ਸਮਾਂ ਨਹੀਂ ਮਿਲਿਆ'

ਨਵਜੋਤ ਨੇ ਆਪਣੇ ਨਿੱਜੀ ਸ਼ੌਕ ਦੱਸਿਆ,''ਮੈਨੂੰ ਨੱਚਣ ਦਾ ਬਹੁਤ ਸ਼ੌਕ ਹੈ ਪਰ ਆਉਂਦਾ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਮੈਨੂੰ ਫ਼ਿਲਮਾਂ ਦੇਖਣ ਦਾ ਬਹੁਤ ਸ਼ੌਕ ਹੈ।''

ਸੋਸ਼ਲ ਮੀਡੀਆ 'ਤੇ ਐਕਟਿਵ ਨਾ ਹੋਣ ਬਾਰੇ ਪੁੱਛੇ ਸਵਾਲ 'ਤੇ ਨਵਜੋਤ ਨੇ ਕਿਹਾ ਕਿ ਉਹ ਕੁਸ਼ਤੀ ਦੀ ਪ੍ਰੈਕਟਿਸ ਵਿੱਚ ਐਨੀ ਰੁੱਝੀ ਰਹਿੰਦੀ ਸੀ ਕਿ ਕਦੀ ਸਮਾਂ ਹੀ ਨਹੀਂ ਲੱਗਿਆ ਪਰ ਹੁਣ ਲੋਕ ਮੈਨੂੰ ਸੋਸ਼ਲ ਮੀਡੀਆ ਤੇ ਦੇਖਣਾ ਚਾਹੰਦੇ ਹਨ ਇਸ ਲਈ ਮੈਂ ਐਕਟਿਵ ਹੋਵਾਂਗੀ।

ਨਵਜੋਤ ਨੇ ਕਿਹਾ ਮੈਂ ਹਾਲ ਹੀ ਵਿੱਚ ਫੇਸਬੁੱਕ 'ਤੇ ਆਪਣਾ ਅਕਾਊਂਟ ਬਣਾਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)