ਆਪਣੇ ਪਿਤਾ ਦੇ ਸੁਪਨੇ ਪੂਰਾ ਕਰ ਰਿਹਾ ਅਭਿਸ਼ੇਕ

    • ਲੇਖਕ, ਰਵਿੰਦਰ ਸਿੰਘ ਰੋਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਪਰਿਵਾਰ ਲਈ ਬੇਹੱਦ ਮਾਣ ਵਾਲੀ ਘੜੀ ਸੀ, ਜਦੋਂ ਅਭਿਸ਼ੇਕ ਸ਼ਰਮਾ ਅੰਡਰ-19 ਵਿਸ਼ਵ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਕੇ ਆਪਣੇ ਪਿਤਾ ਰਾਜ ਕੁਮਾਰ ਦੇ ਸੁਪਨੇ ਨੂੰ ਪੂਰਾ ਕਰ ਰਿਹਾ ਸੀ।

ਅਭਿਸ਼ੇਕ ਦੇ ਪਿਤਾ ਰਾਜ ਕੁਮਾਰ ਵੀ ਭਾਰਤ ਦੀ ਅੰਡਰ-19 ਟੀਮ ਵਿੱਚ ਦੇਸ ਲਈ ਖੇਡ ਚੁੱਕੇ ਹਨ।

ਭਾਰਤ ਨੇ ਅੰਡਰ -19 ਵਿਸ਼ਵ ਕੱਪ ਦੇ ਫਾਇਨਾਲ ਵਿੱਚ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ ਸੀ।ਅੰਡਰ-19 ਵਿਸ਼ਵ ਕੱਪ ਵਿੱਚ ਅਭਿਸ਼ੇਕ ਸ਼ਰਮਾ ਨੇ 6 ਵਿਕਟਾਂ ਲਈਆਂ ਅਤੇ ਇੱਕ ਅਰਧ ਸੈਂਕੜਾਂ ਵੀ ਮਾਰਿਆ।

ਇਸ ਦੌਰਾਨ ਅੰਮ੍ਰਿਤਸਰ 'ਚ ਰਹਿੰਦੇ ਅਭਿਸ਼ੇਕ ਦੇ ਪਰਿਵਾਰਕ ਮੈਂਬਰ ਮੈਚ ਦੀ ਆਖ਼ਰੀ ਗੇਂਦ ਤੱਕ ਟੀਵੀ ਮੁਹਰੇ ਬੈਠੇ ਰਹੇ ਅਤੇ ਇਸ ਤੋਂ ਬਾਅਦ ਉਹ ਲੋਕਾਂ ਦੀਆਂ ਵਧਾਈਆਂ ਲੈਣ 'ਚ ਮਸ਼ਰੂਫ਼ ਰਹੇ।

4 ਸਤੰਬਰ 2000 ਨੂੰ ਜਨਮੇ ਅਭਿਸ਼ੇਕ ਨੇ ਆਪਣੇ ਪਿਤਾ ਦੇ ਬੱਲੇ ਨਾਲ ਕ੍ਰਿਕਟ ਖੇਡਣਾ ਸ਼ੁਰੂ ਕੀਤਾ। ਅਭਿਸ਼ੇਕ ਦੇ ਪਿਤਾ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਇੱਕ ਦਿਨ ਕ੍ਰਿਕਟ ਦੀ ਦੁਨੀਆਂ ਵਿੱਚ ਪਰਿਵਾਰ ਅਤੇ ਦੇਸ ਦਾ ਨਾਂ ਰੌਸ਼ਨ ਕਰੇਗਾ।

ਰਾਜ ਕੁਮਾਰ ਨੇ ਦੱਸਿਆ, "ਸਾਰੀ ਰੱਬ ਦੀ ਮਿਹਰ ਹੈ। ਉਸ ਵਿੱਚ ਬਚਪਨ ਤੋਂ ਕ੍ਰਿਕਟ ਲਈ ਜਨੂੰਨ ਸੀ ਅਤੇ ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਗਿਆ ਉਸ ਦਾ ਕ੍ਰਿਕਟ ਲਈ ਜਨੂੰਨ ਵੀ ਵਧਦਾ ਗਿਆ।"

ਅਭਿਸ਼ੇਕ ਦੇ ਪਿਤਾ ਦੱਸਦੇ ਹਨ , "ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਭਾਰਤੀ ਕ੍ਰਿਕਟ ਟੀਮ ਵਿੱਚ ਕੋਈ ਸਿਫਾਰਿਸ਼ ਨਹੀਂ ਬਲਕਿ ਸਖ਼ਤ ਮਿਹਨਤ ਅਤੇ ਪ੍ਰਦਰਸ਼ਨ ਬੋਲਦਾ ਹੈ।"

ਅਭਿਸ਼ੇਕ ਪੰਜਾਬ ਅੰਡਰ-16, ਅਤੇ ਪੰਜਾਬ ਅੰਡਰ-19 ਵੀ ਖੇਡ ਚੁੱਕੇ ਹਨ। ਉਸ ਨੇ ਅੰਡਰ-19 ਚੈਲੇਂਜਰ ਟਰਾਫੀ ਲਈ ਅਤੇ ਸ੍ਰੀਲੰਕਾ ਵਿੱਚ ਖੇਡੇ ਗਏ ਅੰਡਰ-19 ਏਸ਼ੀਆ ਕੱਪ ਲਈ ਟੀਮ ਦੀ ਕਪਤਾਨੀ ਵੀ ਕੀਤੀ ਹੈ।

ਆਈਪੀਐੱਲ ਲਈ ਦਿੱਲੀ ਡੇਅਰ ਡੇਵਿਲ ਦਾ ਹਿੱਸਾ

ਹਾਲ ਹੀ ਵਿੱਚ ਅਭਿਸ਼ੇਕ ਨੂੰ ਆਈਪੀਐੱਲ ਲਈ ਦਿੱਲੀ ਡੇਅਰ ਡੇਵਿਲ ਟੀਮ ਨੇ 55 ਲੱਖ ਰੁਪਏ ਵਿੱਚ ਸਾਈਨ ਕੀਤਾ ਹੈ।

ਭਾਰਤੀ ਟੀਮ ਦੀ ਜਿੱਤ ਦਾ ਜਸ਼ਨ ਮਨਾਉਂਦੀਆਂ ਅਭਿਸ਼ੇਕ ਦੀਆਂ ਦੋਵੇਂ ਵੱਡੀਆਂ ਭੈਣਾਂ (ਕੋਮਲ ਅਤੇ ਸੋਨੀਆ) ਕਹਿੰਦੀਆਂ ਹਨ, "ਜਦੋਂ ਅਭਿਸ਼ੇਕ ਛੋਟਾ ਸੀ ਤਾਂ ਉਸ ਨੂੰ ਸਿਰਫ਼ ਕ੍ਰਿਕਟ ਖੇਡਣ ਵਿੱਚ ਮਜ਼ਾ ਆਉਂਦਾ ਸੀ।"

ਦੋਵੇਂ ਭੈਣਾਂ ਅਭਿਸ਼ੇਕ ਦੀ ਕ੍ਰਿਕਟ ਕਿੱਟ ਪੈਕ ਕਰਦੀਆਂ ਅਤੇ ਉਸ ਦਾ ਧਿਆਨ ਰੱਖਦੀਆਂ ਹਨ। ਜਦੋਂ ਉਹ ਸਥਾਨਕ ਕ੍ਰਿਕਟ ਦੇ ਮੈਦਾਨ ਵਿੱਚ ਜਾਂਦਾ ਹੈ ਤਾਂ ਉਹ ਉਸ ਲਈ ਵਧੀਆ ਖਾਣਾ ਬਣਾ ਕੇ ਲੈ ਕੇ ਜਾਂਦੀਆਂ ਹਨ।

ਕੋਮਲ ਦੱਸਦੀ ਹੈ, "ਅਭਿਸ਼ੇਕ ਜ਼ਿਆਦਾਤਰ ਟੂਰ 'ਤੇ ਰਹਿੰਦਾ ਹੈ ਅਤੇ ਕਿਸੇ ਦੇ ਜਨਮ ਦਿਨ ਜਾਂ ਦਿਨ ਤਿਓਹਾਰ 'ਤੇ ਵੀ ਬਾਹਰ ਵੀ ਹੁੰਦਾ ਹੈ। ਇਸ ਦੌਰਾਨ ਉਸ ਦੀ ਬਹੁਤ ਯਾਦ ਆਉਂਦੀ ਹੈ।"

'ਦਾਦਾ ਜੀ ਦਾ ਅਸੀਸ'

ਸੋਨੀਆ ਦੱਸਦੀ ਹੈ, "ਸਾਨੂੰ ਉਸ ਤੇ ਮਾਣ ਹੈ। ਉਸ ਨੇ ਸਾਬਿਤ ਕਰ ਦਿੱਤਾ ਕਿ ਹੁਨਰ ਕਦੇ ਵੀ ਲੁਕਿਆ ਨਹੀਂ ਰਹਿੰਦਾ ਹੈ।"

ਅਭਿਸ਼ੇਕ ਦੀ ਦਾਦੀ ਵਿਮਲਾ ਰਾਣੀ ਰੱਬ ਦਾ ਸ਼ੁਕਰ ਕਰਦੇ ਹਨ ਅਤੇ ਦੱਸਦੇ ਹਨ ਕਿ ਅਭਿਸ਼ੇਕ ਦੇ ਦਾਦਾ ਜੀ ਨੇ ਉਸ ਨੂੰ ਅਸੀਸ ਦਿੱਤਾ ਸੀ ਅਤੇ ਅਭਿਸ਼ੇਕ ਦੇ ਪਿਤਾ ਰਾਜ ਕੁਮਾਰ ਨੂੰ ਕਿਹਾ ਸੀ ਕਿ ਅਭਿਸ਼ੇਕ ਪਰਿਵਾਰ ਅਤੇ ਦੇਸ ਦੀ ਸ਼ਲਾਘਾ ਕਰਵਾਏਗਾ।

ਪਰਿਵਾਰ ਅਭਿਸ਼ੇਕ ਦੀ ਪਰਾਪਤੀ ਨੂੰ ਡੂੰਘੀਆਂ ਭਾਵਨਾਵਾਂ ਨਾਲ ਪੇਸ਼ ਕਰਦਾ ਹੈ। ਪੂਰਾ ਘਰ ਟਰਾਫੀਆਂ ਅਤੇ ਉੱਘੇ ਖਿਡਾਰੀਆਂ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਬਿਸ਼ਨ ਸਿੰਘ ਬੇਦੀ, ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਕਈ ਹੋਰਨਾਂ ਨਾਲ ਖਿਚਵਾਈਆਂ ਉਸ ਦੀਆਂ ਤਸਵੀਰਾਂ ਨਾਲ ਭਰਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ