You’re viewing a text-only version of this website that uses less data. View the main version of the website including all images and videos.
ਐੱਸਐੱਚਓ ਨੇ ਮੇਰੇ ਢਿੱਡ ’ਚ ਲੱਤਾਂ ਮਾਰੀਆਂ: 16 ਸਾਲਾ ਵਿਦਿਆਰਥਣ
- ਲੇਖਕ, ਸੁਖਚਰਨਪ੍ਰੀਤ
- ਰੋਲ, ਫਰੀਦਕੋਟ ਤੋਂ ਬੀਬੀਸੀ ਪੰਜਾਬੀ ਲਈ
ਜੈਤੋ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਡੀਐੱਸਪੀ ਬਲਜਿੰਦਰ ਸਿੰਘ ਸੰਧੂ ਵੱਲੋਂ ਕਥਿਤ ਖੁਦਕੁਸ਼ੀ ਦੀ ਘਟਨਾ ਤੋਂ ਬਾਅਦ 2 ਵਿਦਿਆਰਥਣਾਂ ਨੇ ਉਸ ਵੇਲੇ ਦੇ ਇਲਾਕੇ ਦੇ ਐੱਸਐੱਚਓ 'ਤੇ ਕੁੱਟਮਾਰ ਦੇ ਗੰਭੀਰ ਇਲਜ਼ਾਮ ਲਾਏ ਹਨ।
ਦੋਵੇਂ ਵਿਦਿਆਰਥਣਾਂ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਫਰੀਦਕੋਟ ਦੇ ਐੱਸਐੱਸਪੀ ਨਾਨਕ ਸਿੰਘ ਮੁਤਾਬਕ ਮਾਮਲੇ ਦੀ ਜਾਂਚ ਲਈ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਗਈ ਹੈ।
ਐੱਸਐੱਚਓ ਨੂੰ ਲਾਈਨ-ਹਾਜ਼ਿਰ ਕਰ ਦਿੱਤਾ ਗਿਆ ਹੈ। ਇਹ ਦੋਵੇਂ ਵਿਦਿਆਰਥਣਾਂ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰੇ ਵਿੱਚ ਸ਼ਾਮਲ ਸਨ।
ਇਸ ਮਾਮਲੇ ਬਾਰੇ ਜਦੋਂ ਪੁਲਿਸ ਤੋਂ ਤਫਸੀਲ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਫਰੀਦਕੋਟ ਜ਼ਿਲ੍ਹੇ ਦੇ ਐੱਸਐੱਸਪੀ ਨਾਨਕ ਸਿੰਘ ਨੇ ਸਿਰਫ ਇੰਨਾ ਕਿਹਾ, "ਦੋਸ਼ਾਂ ਦੇ ਘੇਰੇ ਵਿੱਚ ਆਏ ਐੱਸ.ਐੱਚ.ਓ. ਦੀ ਭੂਮਿਕਾ ਦੀ ਨਿਆਂਇਕ ਜਾਂਚ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਬੇਨਤੀ ਕੀਤੀ ਗਈ ਹੈ।''
'ਸਾਨੂੰ ਜ਼ਮੀਨ 'ਤੇ ਸੁੱਟ ਕੇ ਕੁੱਟਿਆ ਗਿਆ'
29 ਜਨਵਰੀ ਦੇ ਉਸ ਦਿਨ ਨੂੰ ਯਾਦ ਕਰਦਿਆਂ 16 ਸਾਲਾ ਸੁਮਨਪ੍ਰੀਤ ਕੌਰ ਨੇ ਦੱਸਿਆ, "ਡੀਐੱਸਪੀ ਸਾਹਿਬ ਦੇ ਖੁਦ ਨੂੰ ਗੋਲੀ ਮਾਰਨ ਤੋਂ ਬਾਅਦ ਐੱਸਐੱਚਓ ਗੁਰਮੀਤ ਸਿੰਘ ਮੌਕੇ 'ਤੇ ਪਹੁੰਚੇ। ਉਸ ਵੇਲੇ ਮੈਂ ਆਪਣੇ ਦੋ ਸਾਥੀਆਂ ਨਾਲ ਉੱਥੇ ਖੜ੍ਹੀ ਸੀ।''
ਸੁਮਨਪ੍ਰੀਤ ਨੇ ਇਲਜ਼ਾਮ ਲਾਇਆ, "ਐੱਸ ਐੱਚ ਓ ਗੁਰਮੀਤ ਸਿੰਘ ਨੇ ਸਾਨੂੰ ਤਿੰਨਾਂ ਨੂੰ ਜ਼ਮੀਨ 'ਤੇ ਸੁੱਟ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਮੇਰੀ ਪਿੱਠ 'ਤੇ ਡਾਂਗਾਂ ਤੇ ਢਿੱਡ 'ਚ ਲੱਤਾਂ ਮਾਰੀਆਂ। ਮੇਰੇ ਮੂੰਹ 'ਤੇ ਵੀ ਬੇਰਹਿਮੀ ਨਾਲ ਵਾਰ ਕੀਤੇ ਗਏ। ਉਨ੍ਹਾਂ ਨਾਲ ਕੋਈ ਮਹਿਲਾ ਪੁਲਿਸ ਮੁਲਾਜ਼ਮ ਨਹੀਂ ਸੀ।''
ਸੁਮਨਪ੍ਰੀਤ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਸਦੇ ਸਿਰ ਤੇ ਅੱਖਾਂ ਵਿੱਚ ਦਰਦ ਰਹਿੰਦਾ ਹੈ।
ਸੁਮਨਪ੍ਰੀਤ ਕੌਰ ਦੀ ਸਾਥੀ ਵਿਦਿਆਰਥਣ ਗੁਰਵੀਰ ਕੌਰ ਨੇ ਦੱਸਿਆ ਕਿ ਉਸ ਤੋਂ ਪਹਿਲਾਂ ਉੱਥੇ ਮੌਜੂਦ ਮੁੰਡਿਆਂ ਨੇ ਵੀ ਉਨ੍ਹਾਂ ਨੂੰ ਕੁੱਟਿਆ ਸੀ।
ਗੁਰਵੀਰ ਕੌਰ ਨੇ ਇਲਜ਼ਾਮ ਲਾਇਆ, "ਸਾਨੂੰ ਫਿਰ ਥਾਣੇ ਲੈ ਗਏ। ਉੱਥੇ ਲਿਜਾ ਕੇ ਵੀ ਸਾਨੂੰ ਬਹੁਤ ਕੁੱਟਿਆ। ਉਸੇ ਕੁੱਟਮਾਰ ਕਰਕੇ ਮੇਰਾ ਗੋਡਾ ਉੱਤਰ ਗਿਆ।''
"ਐੱਸਐੱਚਓ ਨੇ ਸਾਨੂੰ ਗੰਦੀਆਂ ਗਾਲ੍ਹਾਂ ਕੱਢੀਆਂ ਤੇ ਹਵਾਲਾਤ ਵਿੱਚ ਬੰਦ ਕਰ ਦਿੱਤਾ। ਸਾਨੂੰ ਪੀਣ ਨੂੰ ਸਿਰਫ਼ ਚਾਹ ਦਿੱਤੀ ਗਈ ਅਤੇ ਰਾਤ ਖਾਣ ਨੂੰ ਕੁਝ ਵੀ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਐੱਸਐੱਚਓ ਦੇ ਹੁਕਮਾਂ ਨਾਲ ਸਾਨੂੰ ਉਸ ਰਾਤ ਸੌਣ ਵੀ ਨਹੀਂ ਦਿੱਤਾ ਗਿਆ।''
ਗੁਰਵੀਰ ਕੌਰ ਨੇ ਅੱਗੇ ਦੱਸਿਆ ਕਿ ਹਵਾਲਾਤ ਵਿੱਚ ਉਨ੍ਹਾਂ ਨੂੰ ਠੰਢੇ ਫਰਸ਼ 'ਤੇ ਬਿਨਾਂ ਕਿਸੇ ਚਾਦਰ ਦੇ ਬਿਠਾਇਆ ਗਿਆ।
ਐੱਸਐੱਚਓ ਤੋਂ ਮੁਆਫੀ ਦੀ ਮੰਗ
ਗੁਰਵੀਰ ਦੇ ਇਲਜ਼ਾਮਾਂ ਮੁਤਾਬਕ ਉਸ ਨੂੰ ਤੇ ਉਸ ਦੀ ਸਾਥਣ ਨੂੰ ਅਗਲੇ ਦਿਨ ਵੀ ਸ਼ਾਮ ਤੱਕ ਕੁਝ ਖਾਣ ਨੂੰ ਨਹੀਂ ਦਿੱਤਾ ਗਿਆ ਤੇ ਉਨ੍ਹਾਂ ਦੇ ਸਾਥੀ ਜਸਪ੍ਰੀਤ ਤੋਂ ਵੀ ਉਨ੍ਹਾਂ ਨੂੰ ਵੱਖ ਰੱਖਿਆ ਗਿਆ।
ਜੈਤੋ ਦੀ ਸਥਾਨਕ ਵਿਦਿਆਰਥੀ ਜਥੇਬੰਦੀ ਦੇ ਆਗੂ ਗਗਨ ਆਜ਼ਾਦ ਨੇ ਦੱਸਿਆ, "ਸਾਨੂੰ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੀ ਜਾਂਚ ਡੀ ਸੀ ਫਰੀਦਕੋਟ ਵੱਲੋਂ ਕੀਤੀ ਜਾਵੇਗੀ।''
ਵਿਦਿਆਰਥੀ ਜਥੇਬੰਦੀ ਵੱਲੋਂ ਐੱਸ ਐੱਚ ਓ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਗਈ ਹੈ।
ਯੂਨੀਵਰਸਿਟੀ ਕਾਲਜ ਜੈਤੋ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਨੇ 29 ਜਨਵਰੀ ਨੂੰ ਵਾਪਰੀ ਘਟਨਾ ਬਾਰੇ ਕਿਹਾ, "ਉਸ ਵੇਲੇ ਮੈਂ ਕਾਲਜ ਵਿੱਚ ਮੌਜੂਦ ਸੀ ਪਰ ਮੈਨੂੰ ਇਸ ਬਾਰੇ ਪਤਾ ਨਹੀਂ ਲੱਗਿਆ ਤੇ ਨਾ ਹੀ ਮੈਨੂੰ ਫਾਇਰਿੰਗ ਦੀ ਆਵਾਜ਼ ਸੁਣੀ।''
ਕੀ ਸੀ ਪਹਿਲਾ ਮਾਮਲਾ?
ਜਨਵਰੀ 12 ਨੂੰ ਕਾਲਜ ਦੇ ਤਿੰਨ ਵਿਦਿਆਰਥੀ, ਜਿਨ੍ਹਾਂ 'ਚੋਂ ਇੱਕ ਕੁੜੀ ਸੀ, ਬੱਸ ਸਟਾਪ 'ਤੇ ਖੜੇ ਸੀ ਜਦੋਂ ਐੱਸਐੱਚਓ ਗੁਰਮੀਤ ਸਿੰਘ ਨੇ ਉਨ੍ਹਾਂ ਨੂੰ ਇਸ 'ਤੇ ਟੋਕਿਆ।
ਵਿਦਿਆਰਥੀਆਂ ਨੇ ਇਲਜ਼ਾਮ ਲਾਇਆ ਕਿ ਐੱਸਐੱਚਓ ਨੇ ਦੋਵਾਂ ਮੁੰਡਿਆਂ ਨੂੰ ਕੁੱਟਿਆ।
ਇਸ ਤੋਂ ਬਾਅਦ ਵਿਦਿਆਰਥੀਆਂ ਨੇ ਐੱਸਐੱਚਓ ਤੋਂ ਮੁਆਫੀ ਦੀ ਮੰਗ ਕੀਤੀ।
ਜਦੋਂ ਐੱਸਐੱਚਓ ਨੇ ਮੁਆਫ਼ੀ ਨਾ ਮੰਗੀ ਤੇ 29 ਜਨਵਰੀ ਨੂੰ ਵਿਦਿਆਰਥੀਆਂ ਨੇ ਇਸ ਦੇ ਵਿਰੋਧ 'ਚ ਕਾਲਜ ਵਿੱਚ ਮੁਜਾਹਰਾ ਕੀਤਾ।
ਇਸ ਦੌਰਾਨ ਡੀਐੱਸਪੀ ਬਲਜਿੰਦਰ ਸਿੰਘ ਸੰਧੂ ਨੇ ਖੁਦਕੁਸ਼ੀ ਕਰ ਲਈ।