ਸਾਕਸ਼ੀ ਮਲਿਕ ਦੇ ਸਨਮਾਨ 'ਤੇ ਕਿਸਨੇ ਖ਼ਰਚ ਕੀਤੇ ਪੈਸੇ?

ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ ਹਰਿਆਣਾ ਦੇ ਖੇਡ ਮੰਤਰੀ ਇਸ ਵਾਰ ਮਹਿਲਾ ਪਹਿਲਵਾਨ ਦੀ ਜਿੱਤ 'ਤੇ ਮਨਾਏ ਗਏ ਜਸ਼ਨ ਦੇ ਖ਼ਰਚੇ ਦਾ ਬਿੱਲ ਕਲੀਅਰ ਨਾ ਕਰਨ ਦੇ ਮੁੱਦੇ ਕਰਕੇ ਚਰਚਾ ਵਿੱਚ ਹਨ।

ਭਾਰਤ ਦੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ 2016 ਦੀਆਂ ਓਲੰਪਿਕ ਖੇਡਾਂ 'ਚ 58 ਕਿੱਲੋ ਭਾਰ ਵਰਗ 'ਚ ਕਾਂਸੇ ਦਾ ਤਮਗਾ ਜਿੱਤ ਕੇ ਹਰਿਆਣਾ ਹੀ ਨਹੀਂ ਪੂਰੇ ਮੁਲਕ ਦਾਂ ਨਾਂ ਰੌਸ਼ਨ ਕੀਤਾ ਸੀ।

ਇਸ ਦੇ ਨਾਲ ਹੀ ਉਹ ਉਲੰਪਿਕ ਵਿੱਚ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਏ ਸਨ।

ਹਰਿਆਣਾ ਦੇ ਰੋਹਤਕ ਜ਼ਿਲੇ ਦੇ ਪਿੰਡ ਮੋਖੜਾ ਨਾਲ ਸਬੰਧ ਰੱਖਣ ਵਾਲੀ ਸਾਕਸ਼ੀ ਮਲਿਕ ਦੇ ਉਲੰਪਿਕ 'ਚ ਮੈਡਲ ਜਿੱਤਣ ਤੋਂ ਬਾਅਦ ਪੂਰੇ ਮੁਲਕ 'ਚ ਜਸ਼ਨ ਦਾ ਮਾਹੌਲ ਸੀ।

ਪਿਛਲੇ ਸਾਲ 3 ਸੰਤਬਰ ਨੂੰ ਰੋਹਤਕ ਦੇ ਸਰ ਛੋਟੂਰਾਮ ਸਟੇਡੀਅਮ ਵਿੱਚ ਸਾਕਸ਼ੀ ਮਲਿਕ ਦੇ ਜਿੱਤ ਦਾ ਜਸ਼ਨ ਮਨਾਉਣ ਲਈ ਇੱਕ ਸਮਾਗਮ ਹੋਇਆ ਸੀ।

ਇਸ ਦੌਰਾਨ ਸੂਬੇ ਦੇ ਖੇਡ ਮੰਤਰੀ ਅਨਿਲ ਵਿਜ ਨੇ ਵੀ ਸ਼ਿਰਕਤ ਕੀਤੀ ਸੀ।

ਹੁਣ ਉਸ ਸਮਾਗਮ 'ਤੇ ਆਏ 4 ਲੱਖ ਤੋਂ ਵੀ ਵੱਧ ਦੇ ਬਿੱਲ ਨੂੰ ਕਲੀਅਰ ਕਰਨ ਤੋਂ ਹਰਿਆਣਾ ਦੇ ਖੇਡ ਮੰਤਰੀ ਨੇ ਇਨਕਾਰ ਕੀਤਾ ਹੈ।

ਇਸ ਸਬੰਧੀ ਬੀਬੀਸੀ ਨਾਲ ਗੱਲ ਕਰਦਿਆਂ ਅਨਿਲ ਵਿਜ ਨੇ ਕਿਹਾ ਕਿ, ''ਸਾਡੇ ਕੋਲ ਇਸ ਸਮਾਗਮ ਸਬੰਧੀ ਕੋਈ ਮੰਜੂਰੀ ਨਹੀਂ ਲਈ ਗਈ ਸੀ ਅਤੇ ਸਾਨੂੰ ਤਾਂ ਸਾਕਸ਼ੀ ਮਲਿਕ ਦੇ ਪਰਿਵਾਰ ਨੇ ਹੀ ਸੱਦਾ ਦਿੱਤਾ ਸੀ ਕਿ ਤੁਸੀਂ ਆਉਣਾ ਹੈ ਅਤੇ ਸਾਰਾ ਪਿੰਡ ਇਸ ਸਮਾਗਮ ਵਿੱਚ ਸ਼ਾਮਿਲ ਹੋ ਰਿਹਾ ਹੈ। ਇਹ ਉਨ੍ਹਾਂ ਦਾ ਨਿੱਜੀ ਸਮਾਗਮ ਸੀ।''

ਉਧਰ ਦੂਜੇ ਪਾਸੇ ਸਾਕਸ਼ੀ ਮਲਿਕ ਦੀ ਮਾਂ ਸੁਦੇਸ਼ ਮਲਿਕ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, ''ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਸਾਕਸ਼ੀ ਦੇ ਸਨਮਾਨ ਲਈ ਸਮਾਗਮ ਰੱਖਿਆ ਗਿਆ ਹੈ ਅਤੇ ਮੰਤਰੀ ਜੀ ਅਨਿਲ ਵਿਜ ਵੀ ਆ ਰਹੇ ਹਨ ਤੇ ਤੁਸੀਂ ਵੀ ਆਉਣਾ ਹੈ।''

ਬਿੱਲ ਸਬੰਧੀ ਅਨਿਲ ਵਿਜ ਕਹਿੰਦੇ ਹਨ, ''ਜਾਂਚ ਕਰਵਾਉਣਗੇ ਅਤੇ ਪਤਾ ਕਰਨਗੇ ਕੀ ਇਹ ਸਮਾਗਮ ਕਿਸ ਵੱਲੋਂ ਕਰਵਾਇਆ ਗਿਆ ਸੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)