ਮੈਂ ਤਾਂ ਬੋਲਾਂਗੀ- 4: 'ਉਸ ਨੇ ਇੱਕ ਰਾਤ ਮੈਨੂੰ 3000 ਮੈਸੇਜ ਭੇਜੇ...'

ਚੰਗਾ ਲਗਦਾ ਹੈ ਜਦੋਂ ਕੋਈ ਤੁਹਾਨੂੰ ਅਟੈਨਸ਼ਨ ਦਿੰਦਾ ਹੈ, ਤੁਹਾਨੂੰ ਜਾਨਣ ਵਿੱਚ ਦਿਲਚਸਪੀ ਦਿਖਾਉਂਦਾ ਹੈ। ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਦਿਲਚਸਪੀ ਇੰਨੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ।

ਮੇਰਾ ਕਾਲਜ ਵਿੱਚ ਪਹਿਲਾ ਸਾਲ ਸੀ। ਮੈਂ ਇੱਕ ਮੁੰਡੇ ਨਾਲ ਗੱਲ ਕਰਨੀ ਸ਼ੁਰੂ ਕੀਤੀ। ਉਹ ਮੈਨੂੰ ਫੇਸਬੁੱਕ 'ਤੇ ਮਿਲਿਆ ਸੀ ਅਤੇ ਉਸ ਨੇ ਦੱਸਿਆ ਕਿ ਉਹ ਪਹਿਲਾਂ ਮੇਰੇ ਗੁਆਂਢ ਵਿੱਚ ਰਹਿੰਦਾ ਸੀ।

ਮੈਨੂੰ ਇਹ ਪਤਾ ਨਹੀਂ ਲੱਗਿਆ ਕਿ ਕਦੋਂ ਉਹ ਮੈਨੂੰ ਇੱਕ ਗਰਲਫਰੈਂਡ ਦੀ ਤਰ੍ਹਾਂ ਸਮਝਣ ਲੱਗਾ। ਉਸ ਨੇ ਮੇਰੇ 'ਤੇ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ।

ਜੇ ਕਦੇ ਮੈਂ ਉਸ ਦਾ ਫੋਨ ਨਾ ਸੁਣਦੀ ਜਾਂ ਮੈਸੇਜ ਦਾ ਜਵਾਬ ਨਾ ਦਿੰਦੀ ਤਾਂ ਉਹ ਖਿੱਜ ਜਾਂਦਾ।

'ਉਹ ਸਾਰੀ ਰਾਤ ਮੈਸੇਜ ਭੇਜਦਾ'

ਸਾਰਾ ਦਿਨ ਕਾਲਜ ਵਿੱਚ ਕੰਮ ਕਰਨ ਤੋਂ ਬਾਅਦ ਜੇ ਮੈਂ ਛੇਤੀ ਸੌਂ ਜਾਂਦੀ ਤਾਂ ਉਹ ਸਾਰੀ ਰਾਤ ਮੈਸੇਜ ਭੇਜਦਾ ਰਹਿੰਦਾ....ਕਈ ਵਾਰ ਤਾਂ ਇੱਕ ਰਾਤ ਵਿੱਚ ਹਜ਼ਾਰਾਂ ਮੈਸੇਜ।

ਇੱਕ ਰਾਤ ਉਸ ਨੇ ਮੈਨੂੰ ਤਿੰਨ ਹਜ਼ਾਰ ਮੈਸੇਜ ਭੇਜੇ। ਮੈਸੇਜ ਵਿੱਚ ਮੈਨੂੰ ਇੰਨੀਆਂ ਗਾਲਾਂ ਕੱਢਦਾ ਸੀ ਕਿ ਮੈਂ ਬਿਆਨ ਵੀ ਨਹੀਂ ਸਕਦੀ।

ਸਵੇਰੇ ਉੱਠਦੇ ਸਾਰ ਉਸ ਦੇ ਮੈਸੇਜ ਪੜ੍ਹ ਕੇ ਮੇਰਾ ਦਿਨ ਖਰਾਬ ਹੋ ਜਾਂਦਾ ਸੀ। ਮੈਂ ਸੋਚਦੀ ਸੀ ਕਿ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਕਿਵੇਂ ਲਿੱਖ ਸਕਦਾ ਹੈ।

ਮੈਨੂੰ ਲਗਣ ਲਗ ਗਿਆ ਕਿ ਉਹ ਸਹੀ ਇਨਸਾਨ ਨਹੀਂ ਹੈ। ਮੈਨੂੰ ਇਸ ਤਰ੍ਹਾਂ ਲਗਦਾ ਕਿ ਉਹ ਮੈਨੂੰ ਨਹੀਂ ਮੇਰੇ ਸਰੀਰ ਨੂੰ ਪਿਆਰ ਕਰਦਾ ਹੈ।

ਉਹ ਹਮੇਸ਼ਾਂ ਮੈਨੂੰ ਮਿਲਣ ਲਈ ਜ਼ਿੱਦ ਕਰਦਾ। ਮੈਨੂੰ ਇਸ ਸਭ ਤੋਂ ਘ੍ਰਿਣਾ ਆਉਣ ਲੱਗ ਗਈ।

'ਦੂਰੀ ਬਣਾਉਣ 'ਤੇ ਹੋਰ ਤੰਗ ਕਰਦਾ'

ਕੁਝ ਸਮੇਂ ਬਾਅਦ ਉਸਦਾ ਵਿਆਹ ਹੋ ਗਿਆ। ਮੈਂ ਉਸ ਤੋਂ ਦੂਰੀ ਬਣਾਉਣੀ ਠੀਕ ਸਮਝੀ। ਉਸ ਨੂੰ ਮਿਲਣਾ ਬੰਦ ਕਰ ਦਿੱਤਾ।

ਮੈਂ ਉਸਦਾ ਫੋਨ ਵੀ ਨਹੀਂ ਚੁੱਕਦੀ ਸੀ ਅਤੇ ਨਾ ਹੀ ਮੈਸੇਜ ਦਾ ਜਵਾਬ ਦਿੰਦੀ ਸੀ। ਪਰ ਉਸਨੇ ਮੈਨੂੰ ਤੰਗ ਕਰਨਾ ਬੰਦ ਨਹੀਂ ਕੀਤਾ।

ਉਹ ਦੇਰ ਰਾਤ ਮੇਰੇ ਘਰ ਦੇ ਬਾਹਰ ਆ ਕੇ ਪੱਥਰ ਮਾਰਦਾ ਰਹਿੰਦਾ ਸੀ। ਕਈ ਵਾਰੀ ਘਰ ਦੇ ਬਾਹਰ ਖੜੇ ਹੋ ਕੇ ਗੱਡੀ ਦਾ ਹਾਰਨ ਵਜਾਉਂਦਾ ਸੀ। ਮੇਰੇ ਗੁਆਂਢੀ ਵੀ ਇਸ ਤੋਂ ਤੰਗ ਆ ਗਏ ਸੀ।

ਮੈਂ ਆਪਣੇ ਪਰਿਵਾਰ ਨੂੰ ਵੀ ਇਹ ਸਭ ਨਹੀਂ ਦੱਸ ਸਕਦੀ ਸੀ। ਮੈਨੂੰ ਪਤਾ ਸੀ ਕਿ ਉਹ ਮੇਰੀ ਹੀ ਗਲਤੀ ਕੱਢਣਗੇ। ਇੱਕ ਵਾਰੀ ਪਹਿਲਾਂ ਵੀ ਐਸਾ ਹੀ ਹੋਇਆ ਸੀ।

ਜਦੋਂ ਮੈਂ ਦਸਵੀਂ ਕਲਾਸ ਵਿੱਚ ਸੀ ਇੱਕ ਵਾਰੀ ਇੱਕ ਮੁੰਡੇ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।

ਮੈ ਆਪਣੇ ਪਰਿਵਾਰ ਨੂੰ ਜਦੋਂ ਇਹ ਦੱਸਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਗਲਤੀ ਤੇਰੀ ਹੀ ਹੋਵੇਗੀ।

ਉਸ ਤੋਂ ਬਾਅਦ ਮੈਂ ਇਹ ਜਾਣ ਗਈ ਕਿ ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਦੱਸ ਸਕਦੀ।

'ਪੁਲਿਸ ਵਾਲੇ ਬੁਰੇ ਢੰਗ ਨਾਲ ਪੇਸ਼ ਆਏ'

ਮੈਂ ਤਿੰਨ ਸਾਲ ਤਕ ਇਹ ਸਭ ਸਹਿੰਦੀ ਰਹੀ ਪਰ ਹੁਣ ਮੇਰੇ ਵਿੱਚ ਇਹ ਸਹਿਣ ਦੀ ਹੋਰ ਸ਼ਕਤੀ ਨਹੀਂ ਸੀ।

ਮੈਂ ਆਪਣੀ ਕਾਲਜ ਦੀ ਟੀਚਰ ਨੂੰ ਇਹ ਸਾਰਾ ਕੁਝ ਦੱਸਣ ਦਾ ਫੈਸਲਾ ਕੀਤਾ। ਉਨ੍ਹਾਂ ਨਾਲ ਗੱਲ ਕਰ ਕੇ ਮੈਂ ਪੁਲਿਸ ਨੂੰ ਸ਼ਿਕਾਇਤ ਦੇਣ ਦਾ ਇਰਾਦਾ ਬਣਾਇਆ।

ਜਦੋਂ ਮੈਂ ਥਾਣੇ ਪਹੁੰਚੀ ਤਾਂ ਐਸੱਐਚੱਓ ਉੱਥੇ ਨਹੀਂ ਸੀ। ਜੋ ਪੁਲਿਸ ਵਾਲੇ ਥਾਣੇ ਵਿੱਚ ਸੀ ਉਹ ਬਹੁਤ ਬੁਰੇ ਢੰਗ ਨਾਲ ਪੇਸ਼ ਆਏ। ਮੈਂ ਆਪਣੀ ਸ਼ਿਕਾਇਤ ਦਰਜ ਨਾ ਕਰਵਾ ਸਕੀ।

ਮੈਂ ਆਪਣੇ ਗੁਆਂਢ ਵਿੱਚ ਰਹਿੰਦੇ ਇੱਕ ਬੰਦੇ ਨੂੰ, ਜਿਸ ਨੂੰ ਮੈਂ ਭਰਾ ਮੰਨਦੀ ਹਾਂ, ਇਹ ਗੱਲ ਦੱਸੀ। ਉਸ ਮੁੰਡੇ ਨੇ ਉਨ੍ਹਾਂ ਨਾਲ ਵੀ ਬਦਤਮੀਜ਼ੀ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਕੇਸ ਦਰਜ ਕਰਵਾਇਆ। ਹੁਣ ਮੈਂ ਇਸ ਸਾਰੇ ਮਾਮਲੇ 'ਚੋਂ ਬਾਹਰ ਆ ਗਈ ਹਾਂ।

ਬਚਪਨ ਤੋਂ ਕੁੜੀਆਂ ਨੂੰ ਸਿਖਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਪੇਸ਼ ਆਉਣਾ ਹੈ, ਕੀ ਕਰਨਾ ਉਨ੍ਹਾਂ ਲਈ ਸਹੀ ਹੈ।

'ਮਾਪੇ ਕੁੜੀਆਂ ਦਾ ਸਾਥ ਦੇਣ'

ਜੋ ਸਾਡੀਆਂ ਮਾਵਾਂ ਨੂੰ ਸਿਖਾਇਆ ਗਿਆ ਸੀ ਉਹ ਸਾਨੂੰ ਉਹੀ ਚੀਜ਼ ਸਿਖਾ ਰਹੀਆਂ ਹਨ। ਇਸ ਤਰ੍ਹਾਂ ਲਗਦਾ ਹੈ ਜਿਵੇਂ ਸਾਡੀ ਆਪਣੀ ਪਛਾਣ ਦੇ ਕੇਈ ਮਾਅਨੇ ਹੀ ਨਹੀਂ ਹਨ।

ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦਾ ਮਾਹੌਲ ਘਰ ਵਿੱਚ ਬਣਾਉਣ ਜਿੱਥੇ ਕੁੜੀਆਂ ਖੁੱਲ੍ਹ ਕੇ ਗੱਲ ਕਰ ਸਕਣ। ਤਾਂ ਹੀ ਸਮਾਜ ਵਿੱਚ ਕੁਝ ਤਬਦੀਲੀ ਆ ਸਕੇਗੀ।

ਹੁਣ ਮੈਂ ਆਪਣੇ ਕਾਲਜ ਵਿੱਚ ਆਪਣੀ ਟੀਚਰਾਂ ਤੇ ਹੋਰ ਵਿਦਿਆਰਥਣਾਂ ਨਾਲ ਮਿਲ ਕੇ ਉਨ੍ਹਾਂ ਕੁੜੀਆਂ ਦੀ ਮਦਦ ਕਰਦੀ ਹਾਂ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਹਨ।

ਅਸੀਂ ਮਿਲ-ਜੁਲ ਕੇ ਉਨ੍ਹਾਂ ਦੀਆਂ ਔਕੜਾਂ ਦਾ ਹਲ ਲਭਣ ਦੀ ਕੋਸ਼ਿਸ਼ ਕਰਦੇ ਹਾਂ।

(ਚੰਡੀਗੜ੍ਹ ਰਹਿਣ ਵਾਲੀ ਇੱਕ ਵਿਦਿਆਰਥਣ ਨੇ ਆਪਣੀ ਹੱਡਬੀਤੀ ਬੀਬੀਸੀ ਪੱਤਰਕਾਰ ਖ਼ੁਸ਼ਬੂ ਸੰਧੂ ਦੇ ਨਾਲ ਸਾਂਝੀ ਕੀਤੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)