You’re viewing a text-only version of this website that uses less data. View the main version of the website including all images and videos.
ਮੈਂ ਤਾਂ ਬੋਲਾਂਗੀ - 5: 'ਉਸ ਨੇ ਆਪਣੀਆਂ ਨੰਗੀਆਂ ਤਸਵੀਰਾਂ ਮੈਨੂੰ ਭੇਜੀਆਂ'
ਭਾਵੇਂ ਕੋਈ ਬਜ਼ਾਰ ਹੋਵੇ, ਕੋਈ ਧਾਰਮਿਕ ਥਾਂ ਜਾਂ ਉਹ ਸਕੂਲ-ਕਾਲਜ ਦੇ ਬਾਹਰ ਖੜੀਆਂ ਹੋਣ, ਕੁੜੀਆਂ ਜਿਨਸੀ ਸ਼ੋਸ਼ਣ ਤੋਂ ਕਿਤੇ ਵੀ ਸੁਰੱਖਿਅਤ ਨਹੀਂ।
ਮੇਰੇ ਨਾਲ ਦੋ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਨ੍ਹਾਂ ਕਰ ਕੇ ਮੈਨੂੰ ਬਹੁਤ ਘ੍ਰਿਣਾ ਮਹਿਸੂਸ ਹੋਈ।
ਅੱਜ-ਕੱਲ੍ਹ ਸਭ ਦੇ ਫੇਸਬੁੱਕ ਦੇ ਅਕਾਊਂਟ ਹਨ। ਮੇਰਾ ਵੀ ਹੈ। ਪਰ ਮੈਂ ਅਣਜਾਣੇ ਲੋਕਾਂ ਦੇ ਮੈਸੇਜ ਦਾ ਜਵਾਬ ਨਹੀਂ ਦਿੰਦੀ। ਸਿਰਫ ਆਪਣੇ ਦੋਸਤਾਂ ਨਾਲ ਗੱਲ ਕਰਦੀ ਹਾਂ।
ਪਿਛਲੇ ਸਾਲ ਦੀ ਗੱਲ ਹੈ ਜਦੋਂ ਮੈਂ ਐਮ.ਏ. ਦੇ ਪਹਿਲੇ ਸਾਲ ਵਿੱਚ ਪੜ੍ਹ ਰਹੀ ਸੀ।
ਇੱਕ ਮੁੰਡੇ ਨੇ ਮੈਨੂੰ ਫੇਸਬੁੱਕ ਤੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਮੈਂ ਉਸ ਨੂੰ ਜਾਣਦੀ ਨਹੀਂ ਸੀ ਇਸ ਲਈ ਮੈਂ ਉਸ ਦੇ ਮੈਸੇਜ ਦਾ ਜਵਾਬ ਨਹੀਂ ਦਿੰਦੀ ਸੀ।
ਮਈ ਦੇ ਮਹੀਨੇ ਵਿੱਚ ਮੇਰੇ ਫਾਈਨਲ ਇਮਤਿਹਾਨ ਹੋਣੇ ਸੀ। ਇਮਤਿਹਾਨ ਤੋਂ ਪਹਿਲਾਂ ਮੈਂ ਫੇਸਬੁੱਕ ਖੋਲਿਆ ਤੇ ਵੇਖਿਆ ਕਿ ਉਸ ਮੁੰਡੇ ਦਾ ਮੈਸਜ ਆਇਆ ਹੋਇਆ ਸੀ।
ਉਸ ਨੇ ਮੈਨੂੰ ਆਪਣੇ ਗੁਪਤ ਅੰਗਾਂ ਦੀਆਂ ਫੋਟੋਆਂ ਭੇਜੀਆਂ ਹੋਈਆਂ ਸੀ।
ਪੁਲਿਸ ਵਿੱਚ ਸ਼ਿਕਾਇਤ ਦੇਣ ਦਾ ਫੈਸਲਾ
ਮੈਂ ਇਹ ਦੇਖ ਕੇ ਇੱਕ ਦਮ ਘਬਰਾ ਗਈ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੋਈ ਇਸ ਤਰ੍ਹਾਂ ਦੀਆਂ ਤਸਵੀਰਾਂ ਕਿਸੇ ਨੂੰ ਕਿਵੇਂ ਭੇਜ ਸਕਦਾ ਹੈ।
ਮੈਨੂੰ ਬਹੁਤ ਗੁੱਸਾ ਆਇਆ ਅਤੇ ਬੁਰਾ ਵੀ ਲੱਗਿਆ। ਮੈਂ ਸੋਚਿਆ ਇਹ ਮੈਨੂੰ ਕੀ ਦਿਖਾਉਣਾ ਚਾਹੁੰਦਾ ਹੈ।
ਇਸ ਤੋਂ ਬਾਅਦ ਮੈਂ ਉਸ ਨੂੰ ਮੈਸੇਜ ਕੀਤਾ ਕਿ ਇਹ ਤਸਵੀਰਾਂ ਉਹ ਆਪਣੀ ਮਾਂ ਜਾਂ ਭੈਣ ਨੂੰ ਦਿਖਾਏ।
ਮੈਂ ਲਿਖਿਆ ਕਿ ਤੇਰੀ ਹਿੰਮਤ ਕਿਵੇਂ ਹੋਈ ਇਸ ਤਰ੍ਹਾਂ ਦੀਆਂ ਫੋਟੋਆਂ ਭੇਜਣ ਦੀ। ਮੈਂ ਉਸ ਨੂੰ ਕਿਹਾ ਕਿ ਮੈਂ ਤੇਰੀ ਪੁਲਿਸ ਵਿੱਚ ਸ਼ਿਕਾਇਤ ਕਰ ਦੇਵਾਂਗੀ।
ਉਸ ਨੇ ਮੈਨੂੰ ਕਿਹਾ ਕਿ ਉਸ ਨੇ ਗਲਤੀ ਨਾਲ ਇਹ ਫੋਟੋਆਂ ਮੈਨੂੰ ਭੇਜ ਦਿੱਤੀਆਂ। ਮੈਂ ਉਸ ਤੋਂ ਬਾਅਦ ਉਸ ਦੀ ਪ੍ਰੋਫਾਈਲ ਚੈਕ ਕੀਤੀ ਤੇ ਉਹ ਕੋਈ ਮਾਡਲ ਲਗ ਰਿਹਾ ਸੀ।
ਮੈਂ ਆਪਣੀ ਭੈਣ ਨਾਲ ਗੱਲ ਕੀਤੀ ਅਤੇ ਅਸੀਂ ਇਹ ਫੈਸਲਾ ਕੀਤਾ ਕਿ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰਾਂਗੀ।
ਪਰ ਇਸ ਤੋਂ ਪਹਿਲਾਂ ਹੀ ਉਸ ਮੁੰਡੇ ਨੇ ਮੈਨੂੰ ਫੇਸਬੁੱਕ 'ਤੇ ਬਲਾਕ ਕਰ ਦਿੱਤਾ। ਉਸ ਮੁੰਡੇ ਲਈ ਭਾਵੇਂ ਇਹ ਛੋਟੀ ਜਿਹੀ ਗੱਲ ਹੋਵੇ, ਪਰ ਇਸ ਨੇ ਮੈਨੂੰ ਕਈ ਦਿਨ ਤਕ ਪਰੇਸ਼ਾਨ ਕੀਤਾ।
'ਦੋ ਮੁੰਡਿਆਂ ਨੇ ਮੇਰਾ ਦੁੱਪਟਾ ਖੋਹਣ ਦੀ ਕੋਸ਼ਿਸ਼ ਕੀਤੀ'
ਘਰ ਦੇ ਬਾਹਰ ਨਿਕਲਣਾ ਤਾਂ ਕੁੜੀਆਂ ਲਈ ਔਖਾ ਹੈ ਹੀ। ਮੈਨੂੰ ਯਾਦ ਹੈ ਮੈਂ ਦਸਵੀਂ ਕਲਾਸ ਵਿੱਚ ਸੀ ਅਤੇ ਸਕੂਲ ਤੋਂ ਘਰ ਵੱਲ ਜਾ ਰਹੀ ਸੀ।
ਗਰਮੀਆਂ ਦੇ ਦਿਨ ਸੀ ਅਤੇ ਸੜਕ 'ਤੇ ਕੋਈ ਨਹੀਂ ਸੀ। ਮੈਂ ਇਕੱਲੀ ਜਾ ਰਹੀ ਸੀ।
ਮੈਂ ਸਕੂਲ ਦੀ ਵਰਦੀ ਪਾਈ ਹੋਈ ਸੀ - ਸਲਵਾਰ-ਕਮੀਜ਼ ਤੇ ਦੁਪੱਟਾ। ਸਾਈਕਲ 'ਤੇ ਜਾਂਦੇ ਦੋ ਮੁੰਡਿਆਂ ਨੇ ਮੇਰਾ ਦੁਪੱਟਾ ਖਿੱਚਣ ਦੀ ਕੋਸ਼ਿਸ਼ ਕੀਤੀ ਅਤੇ ਉਹ ਖੁੱਲ੍ਹ ਗਿਆ।
ਮੈਨੂੰ ਬੁਰਾ ਲੱਗਿਆ ਅਤੇ ਮੈਂ ਉਨ੍ਹਾਂ 'ਤੇ ਗੁੱਸਾ ਕੀਤਾ। ਪਰ ਉਹ ਭੱਜ ਗਏ।
ਹੁਣ ਮੈਂ ਧਿਆਨ ਰਖਦੀ ਹਾਂ ਕਿ ਜਦੋਂ ਵੀ ਮੈਂ ਸੜਕ 'ਤੇ ਹਾਂ, ਪੂਰੇ ਆਤਮਵਿਸ਼ਵਾਸ ਨਾਲ ਤੁਰਾਂ।
ਮੇਰੇ ਹਾਵ-ਭਾਵ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਮੁੰਡਿਆਂ ਨੂੰ ਪਤਾ ਲੱਗ ਜਾਵੇ ਕਿ ਜੇ ਇਸ ਕੁੜੀ ਨੂੰ ਕੁਝ ਕਿਹਾ ਤੇ ਕਰਾਰਾ ਜਵਾਬ ਮਿਲੇਗਾ। ਮੈਂ ਕਦੇ ਵੀ ਮੂੰਹ ਨੀਵਾਂ ਕਰ ਕੇ ਨਹੀਂ ਤੁਰਦੀ।
ਇਹ ਕਹਿਣਾ ਬਿਲਕੁਲ ਗਲਤ ਹੈ ਕਿ ਕੁੜੀਆਂ ਨੂੰ ਚੰਗਾ ਲਗਦਾ ਹੈ ਜਦੋਂ ਮੁੰਡੇ ਉਨ੍ਹਾਂ ਨੂੰ ਛੇੜਦਾ ਹੈ।
'ਕੁੜੀਆਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ'
ਜੇ ਕਿਸੇ ਕੁੜੀ ਨੂੰ ਕੋਈ ਮੁੰਡਾ ਚੰਗਾ ਲਗਦਾ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਉਸ ਨਾਲ ਗੱਲ ਕਰਦੀ ਹੈ ਤਾਂ ਠੀਕ ਹੈ।
ਪਰ ਜਦੋਂ ਅਣਜਾਣ ਮੁੰਡੇ ਸੜਕਾਂ 'ਤੇ ਗਲਤ ਇਸ਼ਾਰੇ ਕਰਦੇ ਹਨ ਜਾਂ ਸਾਡਾ ਰਸਤਾ ਰੋਕ ਕੇ ਪ੍ਰਪੋਜ਼ ਕਰਦੇ ਹਨ ਤਾਂ ਸਾਨੂੰ ਬਹੁਤ ਬੁਰਾ ਲਗਦਾ ਹੈ।
ਪੂਰੀ ਰਾਤ ਨੀਂਦ ਨਹੀਂ ਆਉਂਦੀ। ਇੰਨਾਂ ਬੁਰਾ ਲਗਦਾ ਹੈ ਕਿ ਇਹ ਸਾਡੇ ਬਾਰੇ ਸੋਚ ਕੀ ਰਿਹਾ ਹੈ।
ਕੀ ਉਨ੍ਹਾਂ ਨੂੰ ਇਹ ਲਗਦਾ ਹੈ ਕਿ ਉਹ ਸਾਨੂੰ ਇਸ਼ਾਰੇ ਕਰੇਗਾ ਤੇ ਸਾਨੂੰ ਚੰਗਾ ਲਗੇਗਾ? ਕੀ ਉਨ੍ਹਾਂ ਨੂੰ ਆਪਣੇ ਆਪ ਨੂੰ ਬੁਰਾ ਨਹੀਂ ਲਗਦਾ?
ਮੇਰਾ ਮੰਨਣਾ ਹੈ ਕਿ ਕੁੜੀਆਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਜਦੋਂ ਕੋਈ ਉਨ੍ਹਾਂ ਨੂੰ ਛੇੜ ਰਿਹਾ ਹੈ। ਉਨ੍ਹਾਂ ਨੂੰ ਉਸੇ ਸਮੇ ਜਵਾਬ ਦੇਣਾ ਚਾਹੀਦਾ ਹੈ।
(ਚੰਡੀਗੜ੍ਹ ਦੀ ਤਲਵਿੰਦਰ ਨੇ ਆਪਣੀ ਹੱਡਬੀਤੀ ਬੀਬੀਸੀ ਪੱਤਰਕਾਰ ਖ਼ੁਸ਼ਬੂ ਸੰਧੂ ਨਾਲ ਸਾਂਝੀ ਕੀਤੀ)