ਅਰਬ ਦੇ ਨੌਜਵਾਨਾਂ ਵਿਚ ਨਾ-ਮਰਦਗੀ ਦੀਆਂ ਦਵਾਈਆਂ ਖਾਣ ਦਾ ਇੰਨਾ ਰੁਝਾਨ ਕਿਉਂ ਹੈ

    • ਲੇਖਕ, ਹੋਮਾਸ ਫ਼ਜ਼ੁੱਲਾ
    • ਰੋਲ, ਬੀਬੀਸੀ ਅਰਬੀ

ਮਿਸਰ ਦੀ ਰਾਜਧਾਨੀ ਕਾਹਿਰਾ ਦੇ ਕੇਂਦਰ 'ਚ ਇਤਿਹਾਸਕ ਬਾਬ ਅਲ-ਸ਼ਰੀਆ 'ਚ ਆਪਣੀ ਦਵਾਈਆਂ ਦੀ ਦੁਕਾਨ 'ਤੇ ਜੜੀਆਂ ਬੂਟੀਆਂ ਦੇ ਮਾਹਰ ਅਲ-ਹਬਾਸ਼ੀ ਦੱਸਦੇ ਹਨ ਕਿ ਉਹ ਆਪਣੇ ਜਾਦੂਈ ਘੋਲ ਨੂੰ ਕੀ ਕਹਿੰਦੇ ਹਨ।

ਹਬਾਸ਼ੀ ਨੇ ਮਿਸਰ ਦੀ ਰਾਜਧਾਨੀ ਕਾਹਿਰਾ 'ਚ ਕਾਮ ਉਤੇਜਨਾ ਅਤੇ ਜਿਨਸੀ ਇੱਛਾ ਵਧਾਉਣ ਦੇ ਕੁਦਰਤੀ ਉਪਾਵਾਂ ਨੂੰ ਵੇਚਣ ਵਾਲੇ ਦੁਕਾਨਦਾਰ ਵਜੋਂ 'ਚ ਆਪਣਾ ਨਾਮ ਬਣਾਇਆ ਹੈ।

ਹਾਲਾਂਕਿ, ਪਿਛਲੇ ਕੁਝ ਸਾਲਾਂ ਦੌਰਾਨ ਉਨ੍ਹਾਂ ਨੇ ਆਪਣੇ ਗਾਹਕਾਂ ਦੀਆਂ ਤਰਜੀਹਾਂ 'ਚ ਬਦਲਾਅ ਵੇਖਿਆ ਹੈ।

ਉਨ੍ਹਾਂ ਦਾ ਕਹਿਣਾ ਹੈ, "ਹੁਣ ਜ਼ਿਆਦਾਤਰ ਮਰਦ ਨੀਲੀਆਂ ਗੋਲੀਆਂ ਲੈ ਰਹੇ ਹਨ, ਜੋ ਕਿ ਪੱਛਮ ਦੀਆਂ ਕੰਪਨੀਆਂ ਤੋਂ ਆਉਂਦੀਆਂ ਹਨ।"

ਕਈ ਖੋਜਾਂ ਮੁਤਾਬਕ, ਅਰਬ ਦੇਸ਼ਾਂ 'ਚ ਨੌਜਵਾਨ ਸਿਲਡੇਨਾਫਿਲ (ਜੋ ਕਿ ਵਪਾਰਕ ਤੌਰ 'ਤੇ ਵਿਆਗਰਾ ਵਜੋਂ 'ਚ ਜਾਣੀ ਜਾਂਦੀ ਹੈ), ਵਾਰਡੇਨਾਫਿਲ (ਲੇਵੀਟਰਾ, ਸਟੈਕਸੀਨ) , ਅਤੇ ਤਾਡਾਲਾਫਿਲ (ਸੀਆਲਿਸ) ਵਰਗੀਆਂ ਦਵਾਈਆਂ ਦੀ ਵਰਤੋਂ ਕਰ ਰਹੇ ਹਨ।

ਸਬੂਤਾਂ ਦੇ ਬਾਵਜੂਦ, ਹੈਰਾਨੀਜਨਕ ਤੌਰ 'ਤੇ ਬੀਬੀਸੀ ਨੇ ਮਿਸਰ ਅਤੇ ਬਹਿਰੀਨ ਦੀਆਂ ਸੜਕਾਂ 'ਤੇ ਜਿਸ ਕਿਸੇ ਵੀ ਵਿਅਕਤੀ ਤੋਂ ਪੁੱਛਿਆ ਕਿ ਕੀ ਉਹ ਨਾਮਰਦੀ ਨਾਲ ਜੁੜੀਆਂ ਸਮੱਸਿਆਵਾਂ ਦੇ ਕਾਰਨ ਇਸ ਦਾ ਸੇਵਨ ਕਰ ਰਹੇ ਹਨ ਤਾਂ ਜ਼ਿਆਦਾਤਰ ਨੌਜਵਾਨਾਂ ਨੇ ਇਸ ਤੋਂ ਇਨਕਾਰ ਕੀਤਾ।

ਬਲਕਿ ਕਈਆਂ ਨੇ ਤਾਂ ਇਸ ਸਬੰਧੀ ਕੋਈ ਜਾਣਕਾਰੀ ਹੋਣ ਤੋਂ ਵੀ ਸਪੱਸ਼ਟ ਮਨ੍ਹਾਂ ਹੀ ਕਰ ਦਿੱਤਾ।

ਕਈਆਂ ਨੇ ਤਾਂ ਇਸ ਮੁੱਦੇ 'ਤੇ ਗੱਲ ਕਰਨ ਤੋਂ ਵੀ ਇਨਕਾਰ ਕੀਤਾ, ਕਿਉਂਕਿ ਉਹ ਇਸ ਨੂੰ ਸਮਾਜ ਦੀ ਨੈਤਿਕਤਾ ਦੇ ਵਿਰੁੱਧ ਸਮਝਦੇ ਹਨ।

ਇਹ ਵੀ ਪੜ੍ਹੋ-

ਸਾਊਦੀ ਅਰਬ ਇਸ ਸੂਚੀ 'ਚ ਸਭ ਤੋਂ ਉੱਪਰ

ਅਸਲ 'ਚ 2012 ਦੇ ਇੱਕ ਅਧਿਐਨ ਮੁਤਾਬਕ ਅਰਬ ਦੇਸ਼ਾਂ 'ਚ ਪ੍ਰਤੀ ਵਿਅਕਤੀ ਐਂਟੀ ਇੰਪੋਟੈਂਸੀ ਡਰੱਗ (ਨਾਮਰਦੀ ਦੀ ਦਵਾਈ) ਮਾਮਲੇ 'ਚ ਮਿਸਰ ਸਭ ਤੋਂ ਵੱਡਾ ਖ਼ਪਤਕਾਰ ਹੈ। ਸਾਊਦੀ ਅਰਬ ਇਸ ਸੂਚੀ 'ਚ ਸਭ ਤੋਂ ਉੱਪਰ ਹੈ।

ਇਸ ਰਿਪੋਰਟ ਨੂੰ ਪ੍ਰਕਾਸ਼ਿਤ ਕਰਨ ਵਾਲੇ ਸਾਊਦੀ ਅਖ਼ਬਾਰ ਅਲ-ਰਿਆਦ ਨੇ ਉਸ ਸਮੇਂ ਅੰਦਾਜ਼ਾਂ ਲਗਾਇਆ ਸੀ ।

ਜਿਸ ਮੁਤਾਬਕ ਸਾਊਦੀ ਅਰਬ ਵਿੱਚ ਜਿਨਸੀ ਇੱਛਾ ਉਤਸ਼ਾਹਿਤ ਕਰਨ ਵਾਲੀਆਂ ਗੋਲੀਆਂ 'ਤੇ ਸਾਲਾਨਾ 1.5 ਬਿਲੀਅਨ ਡਾਲਰ ਖਰਚ ਕੀਤਾ ਸੀ।

ਉਸ ਮੁਤਾਬਕ ਸਾਊਦੀ ਅਰਬ 'ਚ ਇਸ ਦੀ ਖ਼ਪਤ ਰੂਸ ਨਾਲੋਂ ਲਗਭਗ 10 ਗੁਣਾ ਸੀ, ਜਿੱਥੇ ਆਬਾਦੀ ਉਸ ਸਮੇਂ ਪੰਜ ਗੁਣਾ ਵੱਧ ਸੀ।

ਅਰਬ ਜਰਨਲ ਆਫ਼ ਯੂਰੋਲੋਜੀ ਦੀ ਇੱਕ ਤਾਜ਼ਾ ਖੋਜ ਦੇ ਅਨੁਸਾਰ, ਇਸ 'ਚ ਹਿੱਸਾ ਲੈਣ ਵਾਲੇ 40% ਸਾਊਦੀ ਨੌਜਵਾਨਾਂ ਨੇ ਆਪਣੀ ਜ਼ਿੰਦਗੀ 'ਚ ਕਦੇ ਨਾ ਕਦੇ ਵਿਆਗਰਾ ਵਰਗੀ ਦਵਾਈ ਦੀ ਵਰਤੋਂ ਕੀਤੀ ਹੈ।

ਮਿਸਰ ਅਜੇ ਵੀ ਸਿਖਰ 'ਤੇ ਕਾਬਜ਼ ਹੈ। 2021 ਦੇ ਅੰਕੜਿਆਂ ਦੇ ਅਨੁਸਾਰ, ਉੱਥੇ ਮਰਦਾਨਗੀ ਰੋਧਕ ਦਵਾਈਆਂ ਦੀ ਵਿਕਰੀ ਲਗਭਗ 127 ਮਿਲੀਅਨ ਡਾਲਰ ਪ੍ਰਤੀ ਸਾਲ ਹੈ।

ਜੋ ਕਿ ਪੂਰੇ ਮਿਸਰ ਦੇ ਫਾਰਮਾ ਬਾਜ਼ਾਰ ਦੇ 2.8% ਦੇ ਬਰਾਬਰ ਹੈ।

ਕੁਝ ਲੋਕ ਕਰ ਰਹੇ ਹਨ ਕਾਰਵਾਈ ਦੀ ਮੰਗ

ਨਾਮਰਦਗੀ ਨਾਲ ਜੁੜੀ ਅਲ-ਫੰਕੌਸ਼ ਨਾਮ ਦੀ ਇੱਕ ਦਵਾਈ 2014 'ਚ ਮਿਸਰ ਦੇ ਕਰਿਆਨੇ ਦੀਆਂ ਦੁਕਾਨਾਂ 'ਤੇ ਇੱਕ ਚਾਕਲੇਟ ਬਾਰ ਵਜੋਂ ਵਿਖਾਈ ਦਿੱਤੀ ਸੀ। ਇਸ ਦੀ ਕੀਮਤ ਮਿਸਰੀ ਪੌਂਡ ਦੇ ਬਰਾਬਰ ਸੀ।

ਅਲ-ਫੰਕੌਸ਼ ਦੇ ਬਾਜ਼ਾਰ 'ਚ ਆਉਣ ਤੋਂ ਕੁਝ ਦਿਨ ਬਾਅਦ ਹੀ ਜਦੋਂ ਸਥਾਨਕ ਮੀਡੀਆ 'ਚ ਵਿਖਾਇਆ ਗਿਆ ਕਿ ਇਸ ਨੂੰ ਬੱਚਿਆਂ 'ਚ ਵੇਚਿਆ ਗਿਆ ਹੈ ਤਾਂ ਇਸ ਦੇ ਨਿਰਮਾਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਨਪੁੰਸਕਤਾ ਵਿਰੋਧੀ ਦਵਾਈਆਂ ਦਾ ਰੁਝਾਨ ਨੌਜਵਾਨਾਂ ਦੇ ਮੁਕਾਬਲੇ ਵਡੇਰੀ ਉਮਰ ਦੇ ਲੋਕਾਂ 'ਚ ਵਧੇਰੇ ਪ੍ਰਚਲਿਤ ਹੈ।

ਯਮਨ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਇੱਥੇ 20 ਤੋਂ 45 ਸਾਲ ਦੀ ਉਮਰ ਦੇ ਲੋਕ ਸਭ ਤੋਂ ਵੱਧ ਇਸ ਦੀ ਵਰਤੋਂ ਕਰਦੇ ਹਨ।

ਸਥਾਨਕ ਰਿਪੋਰਟਾਂ ਦਰਸਾਉਂਦੀਆਂ ਹਨ ਕਿ 2015 'ਚ ਹੂਤੀ ਅੰਦੋਲਨ ਦੇ ਬਾਗ਼ੀਆਂ ਅਤੇ ਸਾਊਦੀ ਸਮਰਥਿਤ ਸਰਕਾਰ ਵਿਚਾਲੇ ਘਰੇਲੂ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ ਪਾਰਟੀਆਂ 'ਚ ਵਿਆਗਰਾ ਅਤੇ ਸਿਆਲਿਸ ਦੀ ਵਰਤੋਂ ਨੌਜਵਾਨਾਂ 'ਚ ਵੱਧ ਗਈ ਸੀ।

ਯੂਰੋਲੋਜੀ ਅਤੇ ਪ੍ਰਜਨਨ ਸਰਜਰੀ ਦੇ ਇੱਕ ਟਿਊਨੀਸ਼ੀਆਈ ਪ੍ਰੋਫੈਸਰ ਮੁਹੰਮਦ ਸਫ਼ਾਕਸੀ ਨੇ ਬੀਬੀਸੀ ਨਾਲ ਇੱਕ ਇੰਟਰਵਿਊ 'ਚ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦੀਆਂ ਦਵਾਈਆਂ ਉਤੇਜਨਾ ਨਹੀਂ ਵਧਾਉਂਦੀਆਂ ਹਨ ਅਤੇ ਜ਼ਿਆਦਾਤਰ ਮਾਮਲਿਆਂ 'ਚ ਇਹ ਬਜ਼ੁਰਗਾਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ।

ਇਸ ਦੌਰਾਨ ਮੱਧ ਪੂਰਬ 'ਚ ਲਿੰਗਤਾ ਦੇ ਮਾਹਰ ਦਾ ਕਹਿਣਾ ਹੈ ਕਿ ਮੌਜੂਦਾ ਸੱਭਿਆਚਾਰ ਦੇ ਕਾਰਨ ਅਰਬ ਨੌਜਵਾਨ ਇੰਨ੍ਹਾਂ ਦਵਾਈਆਂ ਦੀ ਵਰਤੋਂ ਕਰ ਰਹੇ ਹਨ।

ਸ਼ਰੀਨ ਅਲ ਫੇਕੀ, ਜੋ ਕਿ ਇੱਕ ਮਿਸਰੀ-ਯੂਕੇ ਪੱਤਰਕਾਰ ਹੈ ਅਤੇ ਸੈਕਸ ਐਂਡ ਦਿ ਸੀਟਾਡੇਲ: ਇੰਟੀਮੇਟ ਲਾਈਫ ਇਨ ਏ ਚੇਜਿੰਗ ਅਰਬ ਵਰਲਡ ਦੀ ਲੇਖਿਕਾ ਹਨ, ਉਨ੍ਹਾਂ ਅਨੁਸਾਰ, "ਇਸ ਦੇ ਪਿੱਛੇ ਕੋਈ ਵੱਡਾ ਕਾਰਨ ਹੋ ਸਕਦਾ ਹੈ।"

2017 'ਚ ਮੱਧ ਪੂਰਬੀ ਦੇਸ਼ਾਂ 'ਚ ਲਿੰਗ ਸਮਾਨਤਾ ਬਾਰੇ ਇੱਕ ਮਹੱਤਵਪੂਰਨ ਸੰਯੁਕਤ ਰਾਸ਼ਟਰ ਸਮਰਥਿਤ ਸਰਵੇਖਣ ਦੇ ਨਤੀਜਿਆਂ 'ਤੇ ਪ੍ਰਤੀਕਿਰਿਆ ਦਿੰਦਿਆਂ ਅਲ-ਫੇਕੀ ਦੱਸਦੀ ਹੈ, "ਇਸ ਸਰਵੇਖਣ 'ਚ ਹਿੱਸਾ ਲੈਣ ਵਾਲੇ ਲਗਭਗ ਸਾਰੇ ਹੀ ਭਾਗੀਦਾਰ ਭਵਿੱਖ ਨੂੰ ਲੈ ਕੇ ਡਰੇ ਹੋਏ ਸਨ।"

"ਕਈ ਲੋਕਾਂ ਨੇ ਇੱਕ ਮਰਦ ਹੋਣ ਦੇ ਦਬਾਅ ਬਾਰੇ ਵੀ ਦੱਸਿਆ, ਉੱਥੇ ਹੀ ਔਰਤਾਂ ਨੇ ਦੱਸਿਆ ਕਿ ਕਿਵੇਂ ਅੱਜ ਦੇ ਮਰਦਾਂ ਦੀ ਮਰਦਾਨਗੀ ਖ਼ਤਮ ਹੋ ਰਹੀ ਹੈ।"

ਉਨ੍ਹਾਂ ਦਾ ਕਹਿਣਾ ਹੈ ਕਿ ਸੈਕਸ ਦੌਰਾਨ ਸਾਰਿਆਂ ਦਾ ਜ਼ੋਰ ਪ੍ਰਦਰਸ਼ਨ 'ਤੇ ਸੀ।

ਇਤਿਹਾਸਕ ਧਾਰਨਾਵਾਂ

ਅਰਬ ਮੁਲਕਾਂ 'ਚ ਜਿਨਸੀ ਲੋੜਾਂ ਦੇ ਲਈ ਦਵਾਈਆਂ ਦੀ ਵਰਤੋਂ ਇੱਕ ਨਵਾਂ ਆਧੁਨਿਕ ਵਰਤਾਰਾ ਮੰਨਿਆ ਜਾ ਸਕਦਾ ਹੈ, ਪਰ ਕਾਮਉਤੇਜਕ ਦਾ ਸੇਵਨ ਅਰਬ ਇਤਿਹਾਸ 'ਚ ਪ੍ਰਸਿੱਧ ਸੱਭਿਆਚਾਰ ਦਾ ਹਿੱਸਾ ਰਿਹਾ ਹੈ।

14ਵੀਂ ਸਦੀ ਦੇ ਮਸ਼ਹੂਰ ਮੁਸਲਿਮ ਵਿਦਵਾਨ ਅਤੇ ਲੇਖਕ ਇਬਨ ਕਯੂਮ ਅਲ-ਜੌਜਿਆ ਨੇ ਜਿਨਸੀ ਇੱਛਾ ਵਧਾਉਣ ਦੇ ਉਦੇਸ਼ ਨਾਲ ਆਪਣੀ ਕਿਤਾਬਾਂ ਦੀ ਲੜੀ ਪ੍ਰੋਵੀਜ਼ਨਜ਼ ਫ਼ਾਰ ਦਿ ਹੇਅਰ ਆਫਟਰ, ਹਰਬਲ ਪਕਵਾਨਾਂ ਦਾ ਸੰਗ੍ਰਹਿ 'ਚ ਇਸ ਬਾਰੇ ਲਿਖਿਆ ਹੈ।

ਸ਼ਰੀਨ ਅਲ-ਫੇਕੀ ਦਾ ਕਹਿਣਾ ਹੈ ਕਿ ਅਰਬ ਪਰੰਪਰਾ ਅਤੇ ਇਸਲਾਮੀ ਰੀਤੀ ਰਿਵਾਜਾਂ ਅਨੁਸਾਰ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਵਧੇਰੇ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਜਿਨਸੀ ਇੱਛਾਵਾਂ ਵਾਲੀ ਦੱਸਿਆ ਗਿਆ ਹੈ।

ਜਦਕਿ ਮਰਦ ਆਪਣੇ ਜਿਨਸੀ ਪ੍ਰਦਰਸ਼ਨ ਨੂੰ ਕਾਇਮ ਰੱਖਣ ਲਈ ਇਸ 'ਚ ਸੁਧਾਰ ਦੀ ਲੋੜ ਮਹਿਸੂਸ ਕਰਦੇ ਹਨ।

ਇਹ ਧਾਰਨਾ ਓਟੋਮਨ ਸਾਮਰਾਜ ਦੇ ਦੌਰਾਨ ਲਿਖੀ ਗਈ ਕਿਤਾਬ 'ਚ ਮਿਲਦੀ ਹੈ। ਅਹਿਮਦ ਬਿਨ ਸੁਲੇਮਾਨ ਨੇ 1512 ਤੋਂ 1520 ਤੱਕ ਸ਼ਾਸਨ ਕਰਨ ਵਾਲੇ ਸੁਲਤਾਨ ਸੇਲਿਮ ਪਹਿਲੇ ਦੀ ਗੁਜ਼ਾਰਿਸ਼ 'ਤੇ ਆਪਣੀ ਕਿਤਾਬ 'ਸ਼ੇਖ ਰਿਟਰਨ ਟੂ ਯੂਥ' 'ਚ ਇਹ ਲਿਖਿਆ ।

ਇਹ ਕਿਤਾਬ ਜਿਨਸੀ ਰੋਗਾਂ ਦੇ ਇਲਾਜ ਦਾ ਇੱਕ ਵਿਆਪਕ ਸ਼ਬਦਕੋਸ਼ ਸੀ ਅਤੇ ਨਾਲ ਹੀ ਮਰਦਾਂ ਅਤੇ ਔਰਤਾਂ ਦੀਆਂ ਜਿਨਸੀ ਇੱਛਾਵਾਂ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਇਸ 'ਚ ਲਿਖਿਆ ਗਿਆ ਸੀ।

ਸੈਂਕੜੇ ਸਾਲਾਂ ਬਾਅਦ, ਅੱਜ ਵੀ ਕਈ ਅਰਬ ਨੌਜਵਾਨ ਇਲਾਜ ਵੱਲ ਮੁੜ ਰਹੇ ਹਨ ਅਤੇ ਬਾਜ਼ਾਰ ਉਨ੍ਹਾਂ ਲਈ ਜੀਵੰਤ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)