ਡੈਨਮਾਰਕ ਦੇ ਸ਼ੌਪਿੰਗ ਮਾਲ ਵਿੱਚ ਗੋਲੀਬਾਰੀ ’ਚ 3 ਦੀ ਮੌਤ, ਚਸ਼ਮਦੀਦਾਂ ਨੇ ਕੀ ਦੱਸਿਆ

ਪੁਲਿਸ ਮੁਤਾਬਕ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿੱਚ ਇੱਕ ਸ਼ੌਪਿੰਗ ਸੈਂਟਰ ਵਿੱਚ ਗੋਲੀਬਾਰੀ ਹੋਈ ਹੈ।

ਦੇਸ਼ ਦੇ ਸਭ ਤੋਂ ਵੱਡੇ ਸ਼ਾਪਿੰਗ ਸੈਂਟਰ ਵਿਚੋਂ ਇੱਕ 'ਫੀਲਡਜ਼ ਮੌਲ' ਉੱਪਰ ਹੋਈ ਇਸ ਗੋਲੀਬਾਰੀ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਪੁਲਿਸ ਮੁਤਾਬਕ ਤਿੰਨ ਲੋਕਾਂ ਦੀ ਹਾਲਤ ਗੰਭੀਰ ਹੈ।

ਪੁਲਿਸ ਨੇ ਇੱਕ 22 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਸੋਮਵਾਰ ਨੂੰ ਉਸ ਨੂੰ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ।

ਪੁਲਿਸ ਮੁਖੀ ਮੁਤਾਬਕ ਇਸ ਨੂੰ ਅੱਤਵਾਦੀ ਹਮਲੇ ਵਜੋਂ ਨਕਾਰਿਆ ਨਹੀਂ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਮੈਟ ਫਰੈਡਰਿਕਸਨ ਨੇ ਇਸ ਹਮਲੇ ਦੀ ਨਿਖੇਧੀ ਕਰਦੇ ਹੋਏ ਆਖਿਆ ਹੈ ਕਿ ਡੈਨਮਾਰਕ ਭਿਆਨਕ ਹਮਲੇ ਦਾ ਸ਼ਿਕਾਰ ਹੋਇਆ ਹੈ।

"ਬੇਕਸੂਰ ਮਾਸੂਮ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਸ਼ੌਪਿੰਗ ਅਤੇ ਖਾਣ ਪੀਣ ਲਈ ਬਾਹਰ ਆਏ ਸਨ। ਸਾਡੀ ਖ਼ੂਬਸੂਰਤ ਰਾਜਧਾਨੀ ਇੱਕ ਪਲ ਵਿੱਚ ਬਦਲ ਗਈ।"

ਦੇਸ਼ ਦੇ ਸ਼ਾਹੀ ਪਰਿਵਾਰ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ।

ਡੈਨਮਾਰਕ ਦੇ ਸ਼ਾਹੀ ਪਰਿਵਾਰ ਵੱਲੋਂ ਜਾਰੀ ਕੀਤੇ ਇੱਕ ਸਾਂਝੇ ਬਿਆਨ ਵਿੱਚ ਮਹਾਰਾਣੀ ਮਾਰਗ੍ਰੇਟ,ਰਾਜਕੁਮਾਰ ਫਰੈਡਰਿਕ ਅਤੇ ਰਾਜਕੁਮਾਰੀ ਮੈਰੀ ਵੱਲੋਂ ਆਖਿਆ ਗਿਆ ਹੈ,"ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ।ਇਹ ਸਾਫ਼ ਹੈ ਕਿ ਹਮਲੇ ਵਿੱਚ ਕਈ ਲੋਕਾਂ ਦੀ ਜਾਨ ਗਈ ਹੈ ਅਤੇ ਉਸ ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ।"

ਇਸ ਸ਼ਾਪਿੰਗ ਮਾਲ ਵਿੱਚ 140 ਤੋਂ ਵੱਧ ਦੁਕਾਨਾਂ ਅਤੇ ਰੈਸਟੋਰੈਂਟ ਹਨ। ਇਸ ਦੇ ਕੋਲ ਹੀ ਮੈਟਰੋ ਲਾਈਨ ਹੈ ਜੋ ਸ਼ਹਿਰ ਨੂੰ ਇਸ ਨਾਲ ਜੋੜਦੀ ਹੈ।

ਡੈਨਮਾਰਕ ਦੇ ਗੁਆਂਢੀ ਮੁਲਕਾਂ ਵੱਲੋਂ ਵੀ ਹਮਲੇ ਦੀ ਨਿਖੇਧੀ

ਹਾਦਸੇ ਵਾਲੀ ਜਗ੍ਹਾ ਤੋਂ ਕੁਝ ਹੀ ਦੂਰੀ 'ਤੇ ਬ੍ਰਿਟਿਸ਼ ਗਾਇਕ ਹੈਰੀ ਸਟਾਈਲਜ਼ ਵਲੋਂ ਇੱਕ ਸਮਾਗਮ ਕੀਤਾ ਜਾਣਾ ਸੀ। ਹਾਦਸੇ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।

ਉਨ੍ਹਾਂ ਨੇ ਸਨੈਪਚੈਟ 'ਤੇ ਲਿਖਿਆ ਹੈ,"ਮੈਂ ਤੇ ਮੇਰੀ ਟੀਮ ਇਸ ਹਾਦਸੇ ਵਿੱਚ ਜ਼ਖ਼ਮੀ ਅਤੇ ਮਾਰੇ ਗਏ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਾਂ।"

ਇਸ ਹਾਦਸੇ ਤੋਂ ਬਾਅਦ ਡੈਨਮਾਰਕ ਦੇ ਗੁਆਂਢੀ ਮੁਲਕਾਂ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ।

ਫਿਨਲੈਂਡ ਦੇ ਪ੍ਰਧਾਨਮੰਤਰੀ ਸਨਾ ਮਰੀਨ ਨੇ ਆਖਿਆ ਹੈ ਕਿ ਉਹ ਇਸ 'ਹਿੰਸਾ ਦੀ ਘਟਨਾ' ਤੋਂ ਹੈਰਾਨ ਹਨ।

ਆਇਰਲੈਂਡ ਵੱਲੋਂ ਵੀ ਇਸ ਹਾਦਸੇ ਵਿੱਚ ਮਾਰੇ ਗਏ ਜ਼ਖ਼ਮੀ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਗਈ ਹੈ। ਨਾਰਵੇ ਨੇ ਵੀ ਇਸ ਹਾਦਸੇ ਤੇ ਦੁੱਖ ਜ਼ਾਹਰ ਕੀਤਾ ਹੈ।

ਇੱਕ ਚਸ਼ਮਦੀਦ ਗਵਾਹ ਇਸਾਬੈੱਲ ਨੇ ਡੈਨਿਸ਼ ਮੀਡੀਆ ਨੂੰ ਦੱਸਿਆ," ਅਸੀਂ ਗੋਲੀ ਦੀਆਂ ਆਵਾਜ਼ਾਂ ਸੁਣੀਆਂ।ਘੱਟੋ ਘੱਟ ਦਸ ਫਾਇਰ ਕੀਤੇ ਗਏ ਅਤੇ ਅਸੀਂ ਭੱਜ ਕੇ ਲੁਕਣ ਦੀ ਕੋਸ਼ਿਸ਼ ਕੀਤੀ। ਇਕ ਛੋਟੇ ਜਿਹੇ ਟਾਇਲਟ ਵਿਚ ਅਸੀਂ 11 ਲੋਕਾਂ ਨੇ ਲੁਕ ਕੇ ਆਪਣੀ ਜਾਨ ਬਚਾਈ।"

ਉੱਥੇ ਬਹੁਤ ਗਰਮੀ ਸੀ ਅਤੇ ਇਹ ਬਹੁਤ ਭਿਆਨਕ ਤਜਰਬਾ ਹੈ।"

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਹਮਲਾਵਰ ਕੋਲ ਅਸਲਾ ਅਤੇ ਬੰਦੂਕ ਮੌਜੂਦ ਸੀ।

ਇਲਾਕੇ ਵੱਲ ਨੂੰ ਜਾਂਦੀਆਂ ਸਾਰੀਆਂ ਸੜਕਾਂ, ਮੈਟਰੋ ਦੀਆਂ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਸਨ।

ਦਮਕਲ ਵਿਭਾਗ ਦੀਆਂ ਗੱਡੀਆਂ ਅਤੇ ਐਂਬੂਲੈਂਸ ਮੌਕੇ ਉੱਪਰ ਪਹੁੰਚ ਚੁੱਕੇ ਸਨ।

ਚਸ਼ਮਦੀਦ ਐਮਿਲੀ ਜੋਸੇਫ਼ੀਨ ਨੇ ਜਾਈਵਲੈਂਡਸ ਅਖ਼ਬਾਰ ਨੂੰ ਦੱਸਿਆ, ''ਸਾਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਸੀ। ਅਚਾਨਕ ਭਗਦੜ ਮੱਚ ਗਈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)