ਅਮਰੀਕਾ ’ਚ ਟਰਾਲੇ ਵਿੱਚ ਲਾਸ਼ਾਂ ਮਿਲਣ ਦਾ ਮਾਮਲਾ: ਹਾਲਾਤ ਜੋ ਖ਼ਤਰਾ ਲੈਣ ਨੂੰ ਮਜਬੂਰ ਕਰਦੇ

ਤਸਵੀਰ ਸਰੋਤ, Getty Images
- ਲੇਖਕ, ਵੈਲੰਟੀਨਾ ਓਰੋਪੇਜ਼ਾ ਅਤੇ ਕੋਲਮੈਨਰਸ
- ਰੋਲ, ਬੀਬੀਸੀ ਮੁੰਡੋ, ਮਿਆਮੀ ਤੋਂ
25 ਜੂਨ ਨੂੰ ਅਚਾਨਕ ਕੇਰੇਨ ਦਾ ਦਿਲ ਭਾਰੀ ਹੋਣ ਲੱਗਿਆ ਕਿਉਂਕਿ ਉਨ੍ਹਾਂ ਦਾ ਆਪਣੇ ਬੱਚਿਆਂ ਨਾਲ ਸੰਪਰਕ ਨਹੀਂ ਹੋ ਰਿਹਾ ਸੀ।
ਦੋ ਦਿਨਾਂ ਬਾਅਦ ਉਨ੍ਹਾਂ ਨੂੰ ਆਪਣੇ ਮੋਬਾਈਲ ਉੱਪਰ ਇੱਕ ਖ਼ਬਰ ਦੀ ਨੋਟੀਫਿਕੇਸ਼ਨ ਮਿਲੀ।
ਦਰਜਣਾ ਪਰਵਾਸੀ ਅਮਰੀਕਾ ਦੇ ਟੈਕਸਸ ਸੂਬੇ ਦੇ ਸ਼ਹਿਰ ਸੈਨ ਐਨਟੋਨੀਓ ਵਿੱਚ ਇੱਕ ਤਿਆਗੇ ਹੋਏ ਟਰਾਲੇ ਵਿੱਚ ਮ੍ਰਿਤ ਮਿਲੇ ਸਨ। ਇਹ ਟਰਾਲਾ ਅਮਰੀਕਾ-ਮੈਕਸੀਕੋ ਸਰਹੱਦ ਤੋਂ ਕੋਈ ਸੌ ਕਿੱਲੋਮੀਟਰ ਦੂਰ ਮਿਲਿਆ ਸੀ ਅਤੇ ਇਸ ਵਿੱਚ ਸਵਾਰ ਲੋਕਾਂ ਦੀ ਮੌਤ ਗਰਮੀ ਹੱਦ ਤੋਂ ਜ਼ਿਆਦਾ ਵਧ ਜਾਣ ਕਾਰਨ ਹੋਈ ਸੀ।
ਘਬਰਾਹਟ ਵਿੱਚ ਕੇਰੇਨ ਨੇ ਅਮਰੀਕਾ ਵਿੱਚ ਹੁੰਡਰੂਜ਼ ਦੇ ਕਾਊਂਸਲੇਟ, ਹਸਪਤਾਲਾਂ ਅਤੇ ਪੁਲਿਸ ਥਾਣਿਆਂ ਦੇ ਨੰਬਰਾਂ ਦੀ ਇੰਟਰਨੈਟ ਉੱਪਰ ਤਲਾਸ਼ ਕੀਤੀ। ਉਨ੍ਹਾਂ ਨੂੰ ਡਰ ਸੀ ਕਿ ਮਰਨ ਵਾਲਿਆਂ ਵਿੱਚ ਉਨ੍ਹਾਂ ਦਾ ਪੁੱਤਰ ਅਤੇ ਨੂੰਹ ਵੀ ਹੋ ਸਕਦੇ ਹਨ।
ਸਵੇਰ ਦੇ ਦੋ ਵੱਜੇ ਸਨ ਅਤੇ ਕੋਈ ਵੀ ਉਨ੍ਹਾਂ ਦੀਆਂ ਫ਼ੋਨ ਕਾਲਾਂ ਦਾ ਜਵਾਬ ਨਹੀਂ ਦੇ ਰਿਹਾ ਸੀ।
ਉਸ ਤੋਂ ਬਾਅਦ ਸਪਸ਼ਟ ਹੋ ਗਿਆ ਕਿ ਜਿਹੜੇ 62 ਜਣਿਆਂ ਨੂੰ ਟਰਾਲਾ ਮੈਕਸੀਕੋ, ਗੁਆਤੇਮਾਲਾ, ਐਲ ਸਲਵੇਡੋਰ ਅਤੇ ਹੁੰਡਰੂਜ਼ ਤੋਂ ਅਮਰੀਕਾ ਲਿਜਾ ਰਿਹਾ ਸੀ ਉਨ੍ਹਾਂ ਵਿੱਚੋਂ 53 ਪਰਵਾਸੀਆਂ ਦੀ ਮੌਤ ਹੋ ਗਈ ਸੀ।
ਵੀਡੀਓ: ਟਰਾਲੇ ਵਿੱਚੋਂ ਲਾਸ਼ਾਂ ਮਿਲਣ ਦਾ ਪੂਰਾ ਮਾਮਲਾ
ਖਦਸ਼ਾ ਇਹ ਵੀ ਸੀ ਕਿ ਇਨ੍ਹਾਂ 53 ਵਿੱਚ ਕੇਬਲੇਰੋ ਦੇ ਰਿਸ਼ਤੇਦਾਰ ਮਾਰੀਜ ਪਾਜ਼ ਗਰਾਜੇਰਾ (24), ਅਲੇਜੈਂਡਰੋ ਐਂਡੀਨੋ ਕੇਬਲੇਰੋ (23) ਅਥੇ ਫਰਨੈਂਡੋ ਰਿਡੋਂਡੋ ਕੇਬਲੇਰੋ (18) ਹੋ ਸਕਦੇ ਹਨ।
ਇਨ੍ਹਾਂ ਲੋਕਾਂ ਦੀ ਮੌਤ ਇੱਕ ਟਰਾਲੇ ਵਿੱਚ ਬੰਦ ਰਹਿਣ ਦੌਰਾਨ ਟਰਾਲੇ ਦਾ ਤਾਪਮਾਨ 100 ਡਿਗਰੀ ਸੈਲਸੀਅਸ ਤੱਕ ਵਧ ਜਾਣ ਕਾਰਨ ਹੋਈ।
ਬੀਬੀਸੀ ਨਾਲ ਗੱਲ ਕਰਦਿਆਂ ਕੇਬਲੇਰੋ ਨੇ ਪੁੱਛਿਆ, "ਆਪਣੇ ਬੱਚਿਆਂ ਦਾ ਬੇਤਹਾਸ਼ਾ ਧਿਆਨ ਰੱਖਣ ਵਾਲੀ ਮਾਂ ਵਜੋਂ ਮੈਂ ਆਪਣੇ ਬੱਚਿਆਂ ਨਾਲ ਇਹ ਕਿਵੇਂ ਹੋਣ ਦੇ ਸਕਦੀ ਹਾਂ? "
"ਜਦੋਂ ਉਹ ਰਾਤ ਨੂੰ ਅੱਠ ਵਜੇ ਤੱਕ ਘਰ ਵਾਪਸ ਨਹੀਂ ਆ ਜਾਂਦੇ ਸਨ ਤਾਂ ਮੈਂ ਉਨ੍ਹਾਂ ਨੂੰ ਲੱਭ ਕੇ ਘਰ ਵਾਪਸ ਲਿਆਉਣ ਦੇ ਸਮਰੱਥ ਸੀ। "
ਉਨ੍ਹਾਂ ਨੂੰ ਰਿਸ਼ਤੇਦਾਰਾਂ, ਦੋਸਤਾਂ ਅਤੇ ਪੱਤਰਕਾਰਾਂ ਦੇ ਇੰਨੇ ਫ਼ੌਨ ਆ ਰਹੇ ਸਨ ਕਿ ਉਨ੍ਹਾਂ ਨੂੰ ਰੋਣ ਦਾ ਵੀ ਸਮਾਂ ਨਹੀਂ ਮਿਲਿਆ।
ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ''ਇਸ ਮਾਂ ਨੂੰ ਦਰਦ ਨਹੀਂ ਹੁੰਦਾ'' ਤਾਂ ਉਹ ਗਲਤ ਹੈ।
''ਸਚਾਈ ਤਾਂ ਇਹ ਹੈ ਕਿ ਮੈਨੂੰ ਮਜ਼ਬੂਤ ਰਹਿਣਾ ਪਵੇਗਾ। ਮੈਨੂੰ ਇਸ ਦੀ ਤਹਿ ਤੱਕ ਜਾਣਾ ਹੈ। ਇੱਕ ਮਾਂ ਵਜੋਂ ਮੈਂ ਅਜੇ ਉਨ੍ਹਾਂ ਨੂੰ ਘਰ ਵਾਪਸ ਲਿਆਉਣਾ ਹੈ।''

ਤਸਵੀਰ ਸਰੋਤ, EPA
ਅਮਰੀਕੀ ਇਤਿਹਾਸ ਦੀ ਸਭ ਤੋਂ ਖੌਫ਼ਨਾਕ ਪਰਵਾਸੀ ਤਸਕਰੀ ਤ੍ਰਾਸਦੀ ਦੇ ਸਾਹਮਣੇ ਆਉਣ ਤੋਂ ਲੈਕੇ ਹੁਣ ਤੱਕ ਇਸ ਵਿੱਚ ਮਾਰੇ ਗਏ ਲੋਕਾਂ ਦੀਆਂ ਪਛਾਣਾਂ ਸਥਾਪਤ ਹੋਣੀਆਂ ਸ਼ੁਰੂ ਹੋ ਰਹੀਆਂ ਹਨ।
ਇਹ ਸਭ ਉਹ ਲੋਕ ਸਨ ਜੋ ਆਪੋ-ਆਪਣੇ ਖੇਤਰਾਂ ਤੋਂ ਅਮਰੀਕਾ ਵਿੱਚ ਇੱਕ ਚੰਗੀ ਜ਼ਿੰਦਗੀ ਦੀ ਭਾਲ ਅਤੇ ਸੰਭਾਵਨਾਵਾਂ ਦੀ ਤਲਾਸ਼ ਵਿੱਚ ਨਿਕਲੇ ਸਨ।
ਮੈਕਸੀਕੋ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਟਰਾਲੇ ਵਿੱਚ 67 ਪਰਵਾਸੀ ਸਨ। ਜਦਕਿ ਸੈਨ ਐਂਟੋਨੀ ਦੇ ਸਰਕਾਰੀ ਵਕੀਲਾਂ ਮੁਤਾਬਕ ਟਰਾਲੇ ਵਿੱਚ 64 ਜਣੇ ਸਨ।
ਬੁੱਧਵਾਰ ਨੂੰ ਬੈਕਸਰ ਕਾਊਂਟੀ ਦੇ ਮੈਡੀਕਲ ਐਗਜ਼ਾਮੀਨਰ ਨੇ ਕਿਹਾ ਕਿ ਉਨ੍ਹਾਂ ਕੋਲ 53 ਵਿੱਚੋਂ ਜ਼ਿਆਦਾਤਰ ਦੀ ਸੰਭਾਵਿਤ ਪਛਾਣ ਮੌਜੂਦ ਸੀ।
ਇਹ ਵੀ ਪੜ੍ਹੋ:
ਪੀੜਤਾਂ ਵਿੱਚ ਮੈਕਸੀਕੋ ਦੇ 27, ਹੁੰਡੂਰਸ ਦੇ 14, ਗੁਆਤੇਮਾਲਾ ਤੋਂ ਸੱਤ ਅਤੇ ਦੋ ਅਲ ਸਲਵੇਡੋਰ ਦੇ ਨਾਗਰਿਕ ਸ਼ਾਮਲ ਸਨ।
ਹਾਲਾਂਕਿ ਐਗਜ਼ਾਮੀਨਰ ਨੇ ਕਿਹਾ ਕਿ ਕਿਉਂਕਿ ਉਨ੍ਹਾਂ ਨੂੰ ਕਈ ਵਿਦੇਸ਼ੀ ਦਫ਼ਤਰਾਂ ਅਤੇ ਅਦਾਰਿਆਂ ਨਾਲ ਮਿਲ ਕੇ ਕੰਮ ਕਰਨਾ ਪੈ ਰਿਹਾ ਹੈ ਇਸ ਲਈ ਉਨ੍ਹਾਂ ਨੇ ਇਸ ਬਾਰੇ ਅਜੇ ਕੋਈ ਸਟੀਕ ਨਤੀਜਾ ਨਹੀਂ ਕੱਢਿਆ ਹੈ।
ਦਫ਼ਤਰ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, ''ਗਲਤ ਪਛਾਣ ਦੇ ਬੁਰੇ ਸਿੱਟੇ ਹੁੰਦੇ ਹਨ ਇਸ ਲਈ ਅਸੀਂ ਇਸ ਪ੍ਰਕਿਰਿਆ ਦਾ ਪੂਰਾ ਖਿਆਲ ਰੱਖ ਰਹੇ ਹਾਂ।''

ਤਸਵੀਰ ਸਰੋਤ, facebook
ਮਰਨ ਵਾਲਿਆਂ ਵਿੱਚੋਂ 40 ਪੁਰਸ਼ ਸਨ ਅਤੇ 14 ਔਰਤਾਂ।
ਕੇਬਲੇਰੋ ਦਾ ਪੁੱਤਰ ਐਲਜੈਂਡਰੋ ਉਸਦੀ ਪਤਨੀ ਮਾਰਗੀ ਆਪਣੇ ਭਰਾ ਫਰਨੈਂਡ਼ ਨਾਲ ਅਮਰੀਕਾ ਜਾਣ ਲਈ ਇਕੱਠੇ ਨਿਕਲੇ ਸਨ।
ਜੋੜੇ ਦੀ ਮੁਲਾਕਾਤ ਲਾਸ ਵੇਗਾਸ ਦੇ ਇੱਕ ਸਕੂਲ ਵਿੱਚ ਪੜ੍ਹਦਿਆਂ ਹੋਈ ਸੀ।
ਕੇਬਲੇਰੋ ਨੇ ਦੱਸਿਆ ਕਿ ਉਨ੍ਹਾਂ ਨੇ ''ਸਕੂਲ ਵੈਡਿੰਗ ਦੌਰਾਨ ਕਾਗਜ਼ ਦੀਆਂ ਮੁੰਦਰੀਆਂ ਨਾਲ ਵਿਆਹ ਕਰਵਾਇਆ ਸੀ ਜਦੋਂ ਉਹ 17 ਅਤੇ 18 ਸਾਲਾਂ ਦੇ ਸਨ।''
ਵਿਆਹ ਤੋਂ ਬਾਅਦ ਮਾਰਗੀ ਅਰਥਸ਼ਾਸਤਰ ਵਿੱਚ ਅਗਲੇਰੀ ਪੜ੍ਹਾਈ ਲਈ ਹੂੰਡਰੂਸ ਦੀ ਅਟੌਨਮਸ ਯੂਨੀਵਰਸਿਟੀ ਵਿੱਚ ਚਲੀ ਗਈ। ਜਦਕਿ ਐਲਜੈਂਡਰੋ ਮਾਰਕਿਟਿੰਗ ਦੀ ਪੜ੍ਹਾਈ ਲਈ ਯੂਨੀਵਰਸਿਟੀ ਆਫ਼ ਸੈਨ ਪੈਦਰੋ ਸੁਲਾ ਵਿੱਚ ਦਾਖਲ ਹੋ ਗਿਆ।
ਵੀਡੀਓ: ਮੈਕਸੀਕੋ ਤੋਂ ਅਮਰੀਕਾ ਪਰਵਾਸ ਦਾ ਸਿਲਸਿਲਾ
ਹਰ ਰੋਜ਼ ਉਹ ਪਹਿਲੀ ਕਲਾਸ ਸਮੇਂ ਸਿਰ ਲਗਾਉਣ ਲਈ ਦੋਵੇਂ ਜਣੇ ਆਪਣੇ ਪਿੰਡ ਤੋਂ ਸੈਨ ਪੈਦਰੋ ਸੁਲਾ ਲਗਭਗ 100 ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚਦੇ।
ਮਾਰਗੀ ਨੌਕਰੀ ਲੱਭਣ ਲਈ ਸੈਨ ਪੈਦਰੋ ਵਿੱਚ ਹੀ ਰੁਕ ਗਈ ਅਤੇ ਆਖਰ ਉਨ੍ਹਾਂ ਨੂੰ ਇੱਕ ਕਾਲ ਸੈਂਟਰ ਵਿੱਚ ਨੌਕਰੀ ਮਿਲ ਗਈ।
ਕੇਰੇਨ ਕੇਬਲੇਰੋ ਯਾਦ ਕਰਕੇ ਦੱਸਦੇ ਹਨ ਕਿ ਕਿਵੇਂ ਨਵੇਂ ਜੋੜੇ ਨੇ ਆਪਣੇ ਘਰ ਵਿੱਚ ਲਿਆਂਦੇ ਪਹਿਲੇ ਫਰਿੱਜ ਦਾ ਜਸ਼ਨ ਮਨਾਇਆ ਸੀ। ਕਿਵੇਂ ਘਰ ਵਿੱਚ ਲਿਆਂਦੇ ਹਰ ਸਮਾਨ ਤੋਂ ਉਹ ਮਹਿਸੂਸ ਕਰਦੇ ਸਨ ਕਿ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਉਨ੍ਹਾਂ ਦਾ ਫ਼ੈਸਲਾ ਸਹੀ ਸੀ। ਉਹ ਇੱਕ ਪੇਸ਼ਵਰ ਜ਼ਿੰਦਗੀ ਵਿਕਸਤ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰ ਚੁੱਕੇ ਸਨ।
ਕੇਰੇਨ ਕੇਬਲੇਰੋ ਦੱਸਦੇ ਹਨ ਕਿ ਹਾਲਾਂਕਿ ਕੋਵਿਡ-19 ਦੇ ਚਲਦਿਆਂ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਕਮੀ ਆਈ ਅਤੇ ਉਨ੍ਹਾਂ ਲਈ ਕਿਰਾਇਆ ਕੱਢਣਾ ਵੀ ਮੁਸ਼ਕਲ ਹੋ ਗਿਆ। ਉਨ੍ਹਾਂ ਨੇ ਇਕੱਠਿਆਂ ਸੁਫ਼ਨੇ ਦੇਖੇ ਸਨ ਪਰ ਆਪਣੀਆਂ ਡਿਗਰੀਆਂ ਦੇ ਬਾਵਜੂਦ ਉਹ ਨੌਕਰੀ ਨਹੀਂ ਲੱਭ ਸਕੇ।

ਤਸਵੀਰ ਸਰੋਤ, CUENTA PERSONAL EN FACEBOOK
ਪਰਿਵਾਰ ਦੀ ਵਿੱਤੀ ਸਥਿਤੀ ਲਗਾਤਾਰ ਨਿੱਘਰਦੀ ਜਾ ਰਹੀ ਸੀ ਅਤੇ ਕੇਰੇਨ ਦੇ ਨਿੱਕੇ ਪੁੱਤਰ ਨੂੰ ਆਪਣੀ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ।
ਉਸ ਨੇ ਆਪਣੀ ਮਾਂ ਨੂੰ ਕਿਹਾ ਸੀ, ''ਦੇਖੋ ਮਾਂ ਜੇ ਪੜ੍ਹਨ ਵਾਲਿਆਂ ਲਈ ਇੱਥੇ ਕੋਈ ਨੌਕਰੀਆਂ ਹੀ ਨਹੀਂ ਹਨ ਤਾਂ ਮੇਰੇ ਨਾ ਪੜ੍ਹਨ ਨਾਲ ਕੀ ਫਰਕ ਪਵੇਗਾ?''
ਉਸ ਨੇ ਇਰਦਾ ਕਰ ਲਿਆ ਸੀ ਕਿ ਉਹ ਅਮਰੀਕਾ ਜਾਵੇਗਾ। ਪਹਿਲਾਂ ਉਸ ਨੇ ਇਕੱਲਿਆਂ ਜਾਣਾ ਸੀ ਪਰ ਫਿਰ ਉਸ ਦੇ ਭਰਾ-ਭਰਜਾਈ ਵੀ ਨਾਲ ਜਾਣ ਨੂੰ ਤਿਆਰ ਹੋ ਗਏ।
ਇਹ ਵੀ ਪੜ੍ਹੋ:
ਉਨ੍ਹਾਂ ਕੋਲ ਕੋਈ ਵੀਜ਼ਾ ਨਹੀਂ ਸੀ ਇਸ ਲਈ ਉਹ ਪੈਸੇ ਇਕੱਠੇ ਕਰਕੇ ਅਜਿਹੇ ਲੋਕ ਲੱਭਣ ਲੱਗੇ ਜੋ ਉਨ੍ਹਾਂ ਨੂੰ ਅਮਰੀਕਾ ਭੇਜ ਸਕਣ। ਹਾਲਾਂਕਿ ਕੇਰੇਨ ਉਨ੍ਹਾਂ ਦੀ ਯੋਜਨਾ ਦੇ ਹੋਰ ਵੇਰਵੇ ਸਾਨੂੰ ਨਹੀਂ ਦਿੰਦੇ ਹਨ।
ਕੇਰੇਨ ਨੇ ਆਪਣੇ ਬੱਚਿਆਂ ਨੂੰ ਅਲਵਿਦਾ ਕਹਿਣ ਲਈ ਗੁਆਤੇਮਾਲਾ ਤੋਂ ਇੱਕ ਭਾੜੇ ਦੀ ਕਾਰ ਲਈ। ਪਰਿਵਾਰ ਨੇ ਮੈਕਸੀਕੋ ਲਈ ਰਵਾਨਾ ਹੋਣ ਤੋਂ ਪਹਿਲਾਂ ਐਂਟੀਗੁਆ ਸ਼ਹਿਰ ਦੀ ਸੈਰ ਵੀ ਕੀਤੀ।
ਤਿੰਨੇ ਜਣੇ 20 ਦਿਨਾਂ ਤੱਕ ਵਟਸਐਪ ਰਾਹੀਂ ਆਪਣੀ ਮਾਂ ਦੇ ਸੰਪਰਕ ਵਿੱਚ ਰਹੇ ਸਨ।
ਹਾਲਾਂਕਿ ਇਨ੍ਹਾਂ ਸਾਰਿਆਂ ਦੀ ਮੌਤ ਕਿੰਨ੍ਹਾਂ ਹਾਲਤਾਂ ਵਿੱਚ ਹੋਈ ਇਸ ਬਾਰੇ ਅਜੇ ਕਈ ਸਵਾਲ ਅਣਸੁਲਝੇ ਪਏ ਹਨ।
ਅਮਰੀਕਾ ਦੀ ਸੰਘੀ ਜਾਂਚ ਏਜੰਸੀ ਵੱਲੋਂ ਇਸ ਸੰਬੰਧ ਵਿੱਚ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images
ਮ੍ਰਿਤਕਾਂ ਵਿੱਚੋਂ ਜਿਸ ਇੱਕ ਹੋਰ ਮਹਿਲਾ ਦੀ ਪਛਾਣ ਆਰਜੀ ਤੌਰ 'ਤੇ ਸਥਾਪਿਤ ਕੀਤੀ ਗਈ ਹੈ, ਉਹ ਵੀ ਹੁੰਡੂਰਸ ਦਾ ਨਾਗਰਿਕ ਹੈ। ਉਸ ਦਾ ਨਾਮ ਹੈ ਅਬੇਲਾ ਬਿਟੂਲੀਆ ਰਮੀਰੇਜ਼ (28)। ਉਨ੍ਹਾਂ ਨੇ ਆਪਣੇ ਕਜ਼ਨ ਨਾਲ 26 ਮਈ ਨੂੰ ਓਮਾਓ ਕਸਬਾ ਛੱਡਿਆ ਸੀ।
ਬਿਟੂਲੀਆ ਨੇ ਲੌਸ ਐਂਜਲੇਸ ਜਾਣਾ ਸੀ ਜਿੱਥੇ ਉਨ੍ਹਾਂ ਦਾ ਮੰਗੇਤਰ, ਮਾਂ ਅਤੇ ਭੈਣ-ਭਰਾ ਰਹਿੰਦੇ ਹਨ।
ਬੁੱਧਵਾਰ ਨੂੰ ਗੁਆਤੇਮਾਲਾ ਸਰਕਾਰ ਨੇ ਕਿਹਾ ਕਿ ਗਾਇਬ ਹੋਣ ਵਾਲਿਆਂ ਵਿੱਚ 13 ਅਤੇ 14 ਸਾਲ ਦੇ ਦੋ ਮੁੰਡੇ ਵੀ ਸ਼ਾਮਲ ਸਨ।
ਪਾਸਕਲ ਮੈਲਵਿਨ ਗੁਆਸ਼ਿਕ ਅਤੇ ਜੁਆਨ ਵਿਲਮਰ ਤੁਲੁਲ ਆਪਸ ਵਿੱਚ ਕਜ਼ਨ ਸਨ। ਪਾਸਕਲ ਦੀ ਮਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਨ੍ਹਾਂ ਨੇ ਘਰ ਦੀ ਗਰੀਬੀ ਤੋਂ ਨਿਜਾਤ ਪਾਉਣ ਲਈ ਸਰਹੱਦ ਪਾਰ ਕਰਨ ਲਈ ਘਰ ਛੱਡਿਆ ਸੀ।
ਸੋਮਵਾਰ ਨੂੰ ਜਦੋਂ ਟਰਾਲਾ ਮਿਲਿਆ ਤਾਂ ਉਸ ਤੋਂ ਸਿਰਫ਼ ਚਾਰ ਘੰਟੇ ਪਹਿਲਾਂ ਇਨ੍ਹਾ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਦੱਸਿਆ ਸੀ ਕਿ ਉਹ ਸੈਨ ਐਂਟੋਨੀਓ ਜਾ ਰਹੇ ਸਨ।
ਇਸ ਹਾਦਸੇ ਵਿੱਚ ਕੁਝ ਲੋਕ ਬਚ ਵੀ ਗਏ ਹਨ।
ਇਨ੍ਹਾਂ ਵਿੱਚੋਂ ਇੱਕ ਸੀ 31 ਸਾਲ ਲੂਈਸ ਵੈਸਕੁਏਜ਼ ਗੁਜ਼ਮੈਨ ਜਿਸ ਨੇ ਅਮਰੀਕਾ ਦਾ ਆਪਣਾ ਸਫ਼ਰ ਮੈਕਸੀਕੋ ਦੇ ਇੱਕ ਦੂਰ-ਦੁਰਾਡੇ ਦੇ ਪਿੰਡ ਤੋਂ ਸ਼ੁਰੂ ਕੀਤਾ ਸੀ।
ਗੁਜ਼ਮੈਨ ਇੱਕ ਡੰਗਰਾਂ ਦੇ ਡਾਕਟਰ ਸਨ। ਉਨ੍ਹਾਂ ਵਿੱਚ ਪਾਣੀ ਦੀ ਗੰਭੀਰ ਕਮੀ ਹੋ ਗਈ ਸੀ ਅਤੇ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਉਨ੍ਹਾਂ ਦੇ ਸੂਬੇ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਗੁਜ਼ਮੈਨ ਦੀ ਮਾਂ ਲਈ ਮਨੁੱਖੀ ਅਧਾਰ ਉੱਪਰ ਵੀਜ਼ੇ ਦੀ ਮੰਗ ਕਰ ਰਹੇ ਹਨ। ਤਾਂ ਜੋ ਉਹ ਆਪਣੇ ਪੁੱਤਰ ਦੀ ਤੀਮਾਨਦਾਰੀ ਕਰ ਸਕੇ।
ਕਿਹਾ ਜਾ ਰਿਹਾ ਹੈ ਕਿ ਗੁਜ਼ਮੈਨ ਅਮਰੀਕਾ ਦੀ ਸਰਹੱਦ ਤੱਕ ਆਪਣੇ ਇੱਕ ਕਜ਼ਨ ਨਾਲ ਆਏ ਸਨ। ਉਹ ਕਜ਼ਨ ਵੀ ਅਜੇ ਲਾਪਤਾ ਹੈ।

ਤਸਵੀਰ ਸਰੋਤ, Handout
ਜਿਸ ਪਿੰਡ ( ਕੈਰੋ ਵਿਰਦੇ) ਤੋਂ ਇਹ ਦੋਵੇਂ ਸਨ ਉੱਥੇ ਟੈਲੀਫ਼ੋਨ ਪ੍ਰਣਾਲੀ ਨਾਂ ਦੇ ਬਰਾਬਰ ਹੈ। ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਸੰਬੰਧੀਆਂ ਦਾ ਹਾਲ ਜਾਨਣ ਲਈ ਘਰ ਤੋਂ 35 ਮੀਲ ਦੂਰ ਜਾਣਾ ਪੈਂਦਾ ਹੈ।
ਲੋਪੇਜ਼ ਨੇ 19 ਜੂਨ ਨੂੰ ਦੱਸਿਆ ਸੀ ਕਿ ਉਹ ਅਮਰੀਕਾ ਵਿੱਚ ਦਾਖਲ ਹੋ ਚੁੱਕੇ ਹਨ ਅਤੇ ਟੈਕਸਸ ਦੇ ਇੱਕ ਘਰ ਵਿੱਚ ਲੁਕੇ ਹੋਏ ਹਨ। ਪਰਿਵਾਰ ਨੂੰ ਉਨ੍ਹਾਂ ਬਾਰੇ ਉਸ ਤੋਂ ਬਾਅਦ ਕੋਈ ਜਾਣਕਾਰੀ ਨਹੀਂ ਹੈ।
'ਉਨ੍ਹਾਂ ਨੇ ਸਾਨੂੰ ਝੂਠ ਬੋਲਿਆ'
ਕੁਝ ਰਿਸ਼ਤੇਦਰਾਂ ਨੇ -ਸਰਹੱਦ ਪਾਰ ਕਰਨ ਦੇ ਰਾਹ ਦੇ ਖ਼ਤਰੇ ਜੋ ਕਿ ਲਗਭਗ ਸਭ ਨੂੰ ਪਤਾ ਹਨ- ਆਪਣੇ ਰਿਸ਼ਤੇਦਾਰਾਂ ਦੀ ਹੋਣੀ ਤੋਂ ਅਗਿਆਨਤਾ ਜਤਾਈ।
ਅਜਿਹੇ ਹੀ ਹਨ ਨੋਇਲ ਡਿਆਜ਼ ਜੋ ਕਿ ਮੈਕਸੀਕਨ ਨਾਗਰਿਕ ਹਨ ਅਤੇ ਅਮਰੀਕਾ ਵਿੱਚ ਰਹਿ ਰਹੇ ਹਨ। ਉਹ ਬੁੱਧਵਾਰ ਨੂੰ ਸੈਨ ਐਂਟੋਨੀਓ ਵਿੱਚ ਸਥਿਤ ਮੈਕਸੀਕਨ ਕਾਊਂਸਲੇਟ ਵਿੱਚ ਆਪਣੇ ਰਿਸ਼ਤੇਦਾਰ ਦੀ ਲਾਸ਼ ਓਕਾਸਕਾ ਲਿਜਾਣ ਲਈ ਭੱਜਦੌੜ ਕਰ ਰਹੇ ਸਨ
ਡਿਆਜ਼ ਨੇ ਅਲ ਯੂਨੀਵਰਸਨ ਖ਼ਬਰ ਅਦਾਰੇ ਨੂੰ ਦੱਸਿਆ ਕਿ ਜੋ ''ਲੋਕ ਉਸ ਨੂੰ ਲਿਆ ਰਹੇ ਸਨ ਉਨ੍ਹਾਂ ਨੇ ਸਾਨੂੰ ਝੂਠ ਬੋਲਿਆ।''
''ਉਨ੍ਹਾਂ ਨੇ ਨਹੀਂ ਦੱਸਿਆ ਕਿ ਉਹ ਟਰਾਲੇ ਵਿੱਚ ਸੀ ਹਾਲਾਂਕਿ ਖ਼ਬਰ ਤੋਂ ਅਸੀਂ ਇਸ ਦਾ ਅੰਦਾਜ਼ਾ ਲਗਾ ਲਿਆ ਸੀ। ਅਸੀਂ ਉਮੀਦ ਕਰ ਰਹੇ ਸਨ ਉਹ ਹੋਰ ਸੁਖਾਵੇਂ ਤਰੀਕੇ ਨਾਲ ਪਹੁੰਚੇਗਾ।''
ਮਰਨ ਵਾਲਾ ਆਪਣੇ ਪਿੱਛੇ ਇੱਕ ਪੁੱਤਰ ਅਤੇ ਪਤਨੀ ਛੱਡ ਗਿਆ ਹੈ।
ਕੇਰੇਨ ਕੇਬਲੇਰੋ ਨੂੰ ਅਜੇ ਵੀ ਨਹੀਂ ਪਤਾ ਕਿ ਉਨ੍ਹਾਂ ਨੂੰ ਆਪਣੇ ਪੁੱਤਰਾਂ ਅਤੇ ਨੂੰ ਦੀ ਲਾਸ਼ ਕਦੋਂ ਮਿਲੇਗੀ।
ਸਾਡੇ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਆਪਣੇ ਦੇਸ ਦੇ ਰਾਸ਼ਟਰਪਤੀ ਭਵਨ ਤੋਂ ਇੱਕ ਫ਼ੋਨ ਆਉਂਦਾ ਹੈ ਤੇ ਉਹ ਸਾਨੂੰ ਕਹਿੰਦੇ ਹਨ ''ਮੈਂ ਤੁਹਾਨੂੰ ਮੁਰ ਕਾਲ ਕਰਾਂਗੀ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post















