ਅਮਰੀਕਾ : ਟਰਾਲੇ ਵਿਚ ਜਿਨ੍ਹਾਂ 46 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਉਹ ਕੌਣ ਹੋ ਸਕਦੇ ਹਨ

ਤਸਵੀਰ ਸਰੋਤ, Getty Images
ਅਮਰੀਕਾ ਦੇ ਟੈਕਸਸ ਦੇ ਸੈਨ ਐਨਟੋਨੀਓ ਦੇ ਬਾਹਰੀ ਇਲਾਕੇ ਵਿੱਚ ਟਰੱਕ ਵਿੱਚ ਘੱਟੋ-ਘੱਟ 46 ਲੋਕਾਂ ਦੀਆਂ ਲਾਸ਼ਾਂ ਮਿਲਣ ਦੀ ਜਾਣਕਾਰੀ ਹੈ। ਇਹ ਲੋਕ ਪਰਵਾਸੀ ਮੰਨੇ ਜਾ ਰਹੇ ਹਨ।
ਇੱਕ ਸਥਾਨਕ ਮੀਡੀਆ ਅਦਾਰੇ ਅਨੁਸਾਰ ਕਰੀਬ 16 ਲੋਕਾਂ ਨੂੰ ਪ੍ਰਸ਼ਾਸਨ ਦੇ ਲੋਕ ਵੱਖ-ਵੱਖ ਸਿਹਤ ਕਾਰਨਾਂ ਕਰਕੇ ਹਸਪਤਾਲ ਲੈ ਕੇ ਗਏ ਹਨ।ਇਨ੍ਹਾਂ ਵਿੱਚ ਚਾਰ ਬੱਚੇ ਵੀ ਸ਼ਾਮਲ ਹਨ।
ਸੋਸ਼ਲ ਮੀਡੀਆ ਉੱਪਰ ਜੋ ਤਸਵੀਰਾਂ ਆ ਰਹੀਆਂ ਹਨ,ਉਨ੍ਹਾਂ ਅਨੁਸਾਰ ਐਮਰਜੈਂਸੀ ਵਿਭਾਗ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਇੱਕ ਟਰੱਕ ਦੇ ਆਲੇ-ਦੁਆਲੇ ਖੜ੍ਹੇ ਹਨ।
ਚਾਰਲਜ਼ ਹੁੱਡ,ਸੈਨ ਐਨਟੋਨੀਓ ਦੇ ਫਾਇਰ ਵਿਭਾਗ ਦੇ ਮੁਖੀ ਹਨ ਮੁਤਾਬਕ ਟਰੱਕ ਵਿੱਚ ਏਸੀ ਨਹੀਂ ਸੀ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਵਿਵਸਥਾ ਸੀ।
ਵਿਭਾਗ ਦੇ ਅਧਿਕਾਰੀਆਂ ਮੁਤਾਬਕ ਟਰੱਕ ਦੇ ਬਾਹਰ ਇੱਕ ਲਾਸ਼ ਦਿਖਾਈ ਦਿੱਤੀ ਅਤੇ ਇਸ ਤੋਂ ਬਾਅਦ ਦਰਵਾਜ਼ਾ ਖੁੱਲ੍ਹਣ 'ਤੇ ਹੋਰ ਲਾਸ਼ਾਂ ਵੀ ਨਜ਼ਰ ਆਈਆਂ।
ਕੇਸੈਟ ਟੀਵੀ ਚੈਨਲ ਅਨੁਸਾਰ ਇਹ ਟਰੱਕ ਰੇਲ ਦੀਆਂ ਪੱਟੜੀਆਂ ਨੇੜੇ ਸੈਨ ਅਨਟੋਨਿਓ ਦੇ ਦੱਖਣੀ-ਪੱਛਮੀ ਪਾਸੇ ਵੱਲ ਮਿਲਿਆ ਹੈ।
ਨਿਊ ਯੌਰਕ ਟਾਈਮਜ਼ ਅਨੁਸਾਰ ਸੈਨ ਅਨਟੋਨੀਓ ਪੁਲਿਸ ਵਿਭਾਗ ਦੇ ਅਫ਼ਸਰ ਟਰੱਕ ਦੇ ਡਰਾਈਵਰ ਦੀ ਭਾਲ ਕਰ ਰਹੇ ਹਨ ਜੋ ਮੌਕੇ ਤੋਂ ਗਾਇਬ ਹੈ।
ਸੈਨ ਅਨਟੋਨੀਓ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ਤੋਂ ਤਕਰੀਬਨ 250 ਕਿਲੋਮੀਟਰ ਦੂਰੀ 'ਤੇ ਹੈ। ਇਸ ਰਸਤੇ ਨੂੰ ਕਈ ਵਾਰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਜਾਣ ਲਈ ਵਰਤਿਆ ਜਾਂਦਾ ਹੈ।
ਗੈਰਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਪਹੁੰਚ ਰਹੇ ਪਰਵਾਸੀਆਂ ਨੂੰ ਅਕਸਰ ਟਰੱਕਾਂ ਰਾਹੀਂ ਇੱਥੋਂ ਅਮਰੀਕਾ ਭੇਜਿਆ ਜਾਂਦਾ ਹੈ।
ਮੈਕਸੀਕੋ ਦੀ ਵਿਦੇਸ਼ ਮੰਤਰੀ ਮਾਰਕੈਲੋ ਇਬ੍ਰਾਡ ਮੁਤਾਬਕ ਹਸਪਤਾਲ ਵਿੱਚ ਭਰਤੀ ਦੋ ਨਾਗਰਿਕ ਗੁਆਟੇਮਾਲਾ ਦੇ ਹਨ।
ਇਹ ਵੀ ਪੜ੍ਹੋ:
ਇਸ ਘਟਨਾ ਤੋਂ ਬਾਅਦ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ।
ਟੈਕਸਸ ਦੇ ਗਵਰਨਰ ਗ੍ਰੈਗ ਅਬੌਟ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੂੰ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਦੱਸਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਪਿੱਛੇ ਬਾਇਡਨ ਦੀਆਂ ਓਪਨ ਬਾਰਡਰ ਨੀਤੀਆਂ ਜ਼ਿੰਮੇਵਾਰ ਹਨ।
ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਇਬਾਰਡ ਨੇ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਮੌਕੇ ਉੱਤੇ ਪਹੁੰਚ ਰਹੇ ਹਨ ਪਰ ਅਜੇ ਇਹ ਨਹੀਂ ਪਤਾ ਕਿ ਮ੍ਰਿਤਕ ਕਿਹੜੇ ਦੇਸ ਤੋਂ ਹਨ।
'ਇਹ ਇੱਕ ਵੱਡੀ ਮਨੁੱਖੀ ਤਰਾਸਦੀ'
ਘਟਨਾ ਤੋਂ ਬਾਅਦ ਮੌਕੇ 'ਤੇ ਅਧਿਕਾਰੀਆਂ ਸਮੇਤ ਕਈ ਲੋਕ ਪਹੁੰਚੇ ਹਨ।
ਸ਼ਹਿਰ ਦੇ ਮੇਅਰ ਰੋਨ ਨਾਇਰਨਬਰਗ ਨੇ ਆਖਿਆ,"ਇਨ੍ਹਾਂ ਲੋਕਾਂ ਦੇ ਪਰਿਵਾਰ ਸਨ ਜੋ ਚੰਗੀ ਜ਼ਿੰਦਗੀ ਦੀ ਖੋਜ ਵਿਚ ਆਏ ਸਨ।ਇਹ ਇੱਕ ਮਨੁੱਖੀ ਤਰਾਸਦੀ ਹੈ।"
ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਮੌਤਾਂ ਗਰਮੀ ਕਾਰਨ ਹੋਈਆਂ ਹਨ।

ਤਸਵੀਰ ਸਰੋਤ, Getty Images
ਇਲਾਕੇ ਵਿੱਚ ਇਨ੍ਹਾਂ ਦਿਨਾਂ ਵਿੱਚ ਗਰਮੀ ਹੈ ਅਤੇ ਸੋਮਵਾਰ ਨੂੰ ਹਾਦਸੇ ਸਮੇਂ ਤਾਪਮਾਨ ਤਕਰੀਬਨ 40 ਡਿਗਰੀ ਸੀ।
ਮੱਧ ਅਮਰੀਕਾ ਦੇ ਦੇਸ਼ਾਂ ਤੋਂ ਗ਼ਰੀਬੀ ਅਤੇ ਹਿੰਸਾ ਦੇ ਹਾਲਾਤਾਂ ਤੋਂ ਬਚਣ ਲਈ ਬਹੁਤ ਸਾਰੇ ਲੋਕ ਬਿਨਾਂ ਕਾਗਜ਼ਾਂ ਤੋਂ ਉੱਤਰੀ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਹਨ। ਉਹ ਗ਼ੈਰਕਾਨੂੰਨੀ ਤਰੀਕੇ ਨਾਲ ਜਾਣ ਦੀ ਕੋਸ਼ਿਸ਼ ਦੌਰਾਨ ਸਮਗਲਰਾਂ ਨੂੰ ਵੱਡੀ ਰਕਮ ਵੀ ਦਿੰਦੇ ਹਨ।
2017 ਵਿੱਚ ਵੀ ਅਜਿਹੀ ਹੀ ਹਾਲਾਤਾਂ ਕਾਰਨ 10 ਲੋਕਾਂ ਦੀਆਂ ਲਾਸ਼ਾਂ ਇਕ ਟਰੈਕਟਰ ਵਿੱਚ ਮਿਲੀਆਂ ਸਨ।

ਸੇਂਟ ਐਨਟੋਨੀਓ ਤੋਂ ਐਂਜ਼ਿਲਕਾ ਕਲਾਕ

ਹਨੇਰਾ ਹੋ ਚੁੱਕਾ ਹੈ।
ਪੁਲਿਸ ਦੀਆਂ ਕੁਝ ਕਾਰਾਂ ਹੀ ਹਨ। ਘਟਨਾ ਵਾਲੀ ਥਾਂ ਨੂੰ ਪੁਲਿਸ ਟੇਪ ਨਾਲ ਘੇਰਾ ਪਾ ਲਿਆ ਗਿਆ ਹੈ।
ਇਸ ਤੋਂ ਪਤਾ ਲੱਗਦਾ ਹੈ ਕਿ ਇੱਥੇ ਕੋਈ ਵੱਡਾ ਹਾਦਸਾ ਵਾਪਰ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਪੀੜ੍ਹਤ ਲੋਕ ਪਰਵਾਸੀ ਹਨ ਅਤੇ ਉਨ੍ਹਾਂ ਦੀ ਮੌਤ ਗਰਮੀ ਅਤੇ ਪਾਣੀ ਦੀ ਕਮੀ ਕਾਰਨ ਹੋਈ ਹੈ।
ਲਾਗਲੇ ਲੱਕੜ ਟਾਲ਼ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਨ ਵਾਲੇ ਐਡਵਰਡ ਰੇਨਾ ਦਾ ਕਹਿਣਾ ਹੈ ਕਿ ਉਹ ਇਹ ਖ਼ਬਰ ਸੁਣ ਕੇ ਹੈਰਾਨ ਨਹੀਂ ਹੋਏ।
ਉਸਨੇ ਇਸ ਖੇਤਰ ਵਿੱਚ ਅਣਗਿਣਤ ਵਾਰ ਪ੍ਰਵਾਸੀਆਂ ਨੂੰ ਟਰੱਕਾਂ ਵਿਚੋਂ ਤੋਂ ਛਾਲ ਮਾਰਦੇ ਦੇਖਿਆ ਹੈ।
ਰੇਨਾ ਕਹਿੰਦੇ ਹਨ, "ਮੈਂ ਹਮੇਸ਼ਾ ਸੋਚਦਾ ਸੀ ਕਿ ਕਿਸੇ ਸਮੇਂ ਕੋਈ ਹਾਦਸਾ ਵਾਪਰ ਜਾਵੇਗਾ। ਉਨ੍ਹਾਂ ਨੂੰ ਇੱਥੇ ਲਿਆਉਣ ਵਾਲੇ ਗੈਂਗ ਪ੍ਰਵਾਸੀਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਨਹੀਂ ਕਰਦੇ ਹਨ।"
ਸੇਨ ਐਂਟੋਨੀਓ ਵਿੱਚ ਪਹਿਲਾਂ ਵੀ ਹਾਦਸੇ ਵਾਪਰ ਚੁੱਕੇ ਹਨ, ਪਰ ਇੰਨੇ ਭਿਆਨਕ ਨਹੀਂ ਹਨ।
ਸਾਲ 2017 ਵਿੱਚ ਅਜਿਹੇ ਹੀ ਇੱਕ ਟਰਾਲੇ ਵਿੱਚ ਵਾਲਮਾਰਟ ਸਟੋਰ ਦੇ ਬਾਹਰ 10 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ।
ਸੇਨ ਐਂਟੋਨੀਓ ਦੇ ਦੱਖਣ ਵੱਲ ਦੋ ਹਾਈਵੇਅ ਹਨ, ਜੋ ਟੈਕਸਾਸ ਦੇ ਬਾਹਰੀ ਸ਼ਹਿਰਾਂ ਵੱਲ ਜਾਂਦੇ ਹਨ।
ਇਸ ਖੇਤਰ ਵਿੱਚ ਬਹੁਤ ਸਾਰੇ ਪਿੰਡ ਹਨ। ਸੇਨ ਐਂਟੋਨੀਓ ਦੇ ਬਾਹਰਵਾਰ ਕੁਝ ਕਬਾੜ ਦੇ ਢੇਰ ਵੀ ਹਨ। ਕਿਸੇ ਲਾਰੀ ਲਈ ਇੱਥੇ ਚੁੱਪਚਾਪ ਬੰਦੇ ਛੱਡਣਾ ਕੋਈ ਔਖਾ ਕੰਮ ਨਹੀਂ ਹੈ।
ਇਸ ਹਾਦਸੇ ਦੀ ਜਾਂਚ ਕਰਨ ਵਾਲੇ ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਦੇ ਸਕੱਤਰ ਅਲੇਜੈਂਡਰੋ ਮੇਅਰਕਸ ਨੇ ਕਿਹਾ: "ਮਨੁੱਖੀ ਤਸਕਰੀ ਕਰਨ ਵਾਲੇ ਬਹੁਤ ਬੇਰਹਿਮ ਹਨ। ਉਨ੍ਹਾਂ ਕੋਲ ਅਜਿਹੇ ਲੋਕਾਂ ਦੀ ਕੋਈ ਇੱਜ਼ਤ ਨਹੀਂ ਹੈ। ਉਹ ਮੁਨਾਫਾ ਕਮਾਉਣ ਲਈ ਪ੍ਰਵਾਸੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਂਦੇ ਹਨ।"

ਤਸਵੀਰ ਸਰੋਤ, Reuters
ਟੈਕਸਸ ਦੇ ਗਵਰਨਰ ਅਤੇ ਰਿਪਬਲਿਕਨ ਪਾਰਟੀ ਦੇ ਨੇਤਾ ਗ੍ਰੇਗ ਐਬੋਟ ਨੇ ਇਸ ਘਟਨਾ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐਬਟ ਨੇ ਕਿਹਾ ਕਿ ਇਹ ਮੌਜੂਦਾ ਸਰਕਾਰ ਦੀ 'ਖੁੱਲ੍ਹੇ ਸਰਹੱਦੀ ਨੀਤੀ' ਦਾ ਨਤੀਜਾ ਹੈ।
ਗਵਰਨਰ ਦੇ ਅਹੁਦੇ ਲਈ ਐਬੋਟ ਨੂੰ ਚੁਣੌਤੀ ਦੇਣ ਵਾਲੇ ਡੈਮੋਕਰੇਟਿਕ ਪਾਰਟੀ ਦੇ ਬੇਟੋ ਓ'ਰੂਰਕੇ ਨੇ ਮਨੁੱਖੀ ਤਸਕਰੀ ਦੇ ਗਿਰੋਹ ਨੂੰ ਤੋੜਨ ਅਤੇ ਕਾਨੂੰਨੀ ਪ੍ਰਵਾਸ ਦੇ ਰਸਤੇ ਖੋਲ੍ਹਣ ਲਈ ਹਾਦਸੇ ਤੋਂ ਬਾਅਦ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਅਮਰੀਕਾ ਵਿੱਚ ਪ੍ਰਵਾਸੀ ਸੰਕਟ ਇੱਕ ਸੰਵੇਦਨਸ਼ੀਲ ਵਿਸ਼ਾ ਹੈ। ਮਈ ਵਿੱਚ, ਲਗਭਗ 239,000 ਲੋਕਾਂ ਨੂੰ ਬਿਨਾਂ ਕਿਸੇ ਦਸਤਾਵੇਜ਼ ਦੇ ਅਮਰੀਕਾ ਵਿੱਚ ਦਾਖਲ ਹੋਣ ਵੇਲੇ ਹਿਰਾਸਤ ਵਿੱਚ ਲਿਆ ਗਿਆ ਸੀ। ਇਨ੍ਹਾਂ ਵਿਚੋਂ ਬਹੁਤ ਜੋਖ਼ਮ ਭਰੇ ਰਸਤਿਆਂ ਰਾਹੀਂ ਅਮਰੀਕਾ ਵਿਚ ਦਾਖਲ ਹੋਏ ਹਨ।

ਤਸਵੀਰ ਸਰੋਤ, Getty Images
ਪਿਛਲੇ ਸਾਲ ਲੱਖਾਂ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਮੱਧ ਅਮਰੀਕੀ ਦੇਸ਼ਾਂ - ਹੋਂਡੂਰਾਸ, ਗੁਆਟੇਮਾਲਾ ਅਤੇ ਅਲ ਸਲਵਾਡੋਰ ਦੇ ਹਨ।
ਮੱਧ ਅਮਰੀਕਾ ਵਿਚ ਗਰੀਬੀ ਅਤੇ ਹਿੰਸਾ ਤੋਂ ਭੱਜ ਕੇ ਇਹ ਲੋਕ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਅਮਰੀਕਾ ਆਉਣ ਦੀ ਕੋਸ਼ਿਸ਼ ਕਰਦੇ ਹਨ।
ਇਨ੍ਹਾਂ ਵਿੱਚੋਂ ਬਹੁਤੇ ਲੋਕ ਅਮਰੀਕਾ ਦੀ ਸਰਹੱਦ ਪਾਰ ਕਰਨ ਲਈ ਮਨੁੱਖੀ ਤਸਕਰਾਂ ਨੂੰ ਵੱਡੀ ਰਕਮ ਅਦਾ ਕਰਦੇ ਹਨ, ਪਿਛਲੇ ਸਾਲਾਂ ਵਿੱਚ ਅਜਿਹੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਰ ਹੁਣ ਤੱਕ ਕਿਸੇ ਵੀ ਘਟਨਾ ਵਿੱਚ ਇੰਨੇ ਲੋਕਾਂ ਦੀ ਮੌਤ ਨਹੀਂ ਹੋਈ ਹੈ।
ਇੱਕ ਸਥਾਨਕ ਰਿਪੋਰਟਰ ਨੇ ਬੀਬੀਸੀ ਨੂੰ ਦੱਸਿਆ: "ਇਹ ਮਨੁੱਖੀ ਤਸਕਰੀ ਦੀ ਘਟਨਾ ਜਾਪਦੀ ਹੈ। ਇਹ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਦੁਖਦਾਈ ਘਟਨਾ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













