ਟੈਕਸਸ ਗੋਲੀਬਾਰੀ : ਕੀ ਹੈ ਹਮਲਾਵਰ ਦਾ ਪਿਛੋਕੜ ਅਤੇ ਹਮਲੇ ਤੋਂ ਪਹਿਲਾਂ ਉਸ ਨੇ ਕੀ ਕੀਤਾ

ਤਸਵੀਰ ਸਰੋਤ, Getty Images
ਮੰਗਲਵਾਰ ਨੂੰ ਅਮਰੀਕਾ ਦੇ ਟੈਕਸਸ ਦੇ ਇੱਕ ਸਕੂਲ ਵਿੱਚ ਹੋਈ ਭਿਆਨਕ ਗੋਲੀਬਾਰੀ ਦੌਰਾਨ 19 ਬੱਚਿਆਂ ਅਤੇ 02 ਬਾਲਗਾਂ ਦੀ ਮੌਤ ਹੋ ਗਈ ਸੀ।
ਇਹ ਹਮਲਾ ਟੈਕਸਸ ਦੇ ਰੌਬਜ਼ ਐਲੀਮੈਂਟਰੀ ਸਕੂਲ ਵਿੱਚ ਹੋਇਆ, ਜੋ ਕਿ ਸੈਨ ਐਂਟੋਨੀਓ ਤੋਂ ਕਰੀਬ 80 ਮੀਲ ਦੂਰ ਹੈ। ਸ਼ੱਕੀ ਹਮਲਾਵਰ 18 ਸਾਲਾ ਨੌਜਵਾਨ ਸੀ।
ਟੈਕਸਸ ਦੇ ਗਵਰਨਰ ਮੁਤਾਬਕ ਇਸ ਨੌਜਵਾਨ ਦਾ ਨਾਂ ਸਲਵਾਡੋਰ ਰਾਮੋਸ ਸੀ। ਰਿਪੋਰਟਾਂ ਮੁਤਾਬਕ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਦੀ ਮੌਤ ਹੋ ਗਈ ਹੈ।
ਮਰਨ ਵਾਲਿਆਂ ਵਿਚ ਜ਼ਿਆਦਾਤਰ ਦੂਜੀ, ਤੀਜੀ ਅਤੇ ਚੌਥੀ ਜਮਾਤ ਦੇ ਬੱਚੇ ਸਨ, ਜਿਨ੍ਹਾਂ ਦੀ ਉਮਰ 7 ਤੋਂ 10 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਹਮਲਾਵਰ ਬਾਰੇ ਵੱਖ-ਵੱਖ ਸਰੋਤਾਂ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ। ਉਸ ਦੀ ਮਾਂ, ਹਮਜਮਾਤੀ, ਗਵਾਂਢੀਆਂ ਨੇ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਹੁਣ ਤੱਕ ਜੋ ਕੁਝ ਪਤਾ ਲੱਗਾ
- ਬੁੱਧਵਾਰ ਨੂੰ ਟੈਕਸਸ ਦੇ ਸਕੂਲ ਵਿਚ ਗੋਲਬਾਰੀ ਦੌਰਾਨ 19 ਵਿਦਿਆਰਥੀਆਂ ਸਣੇ 21 ਜਣੇ ਮਾਰੇ ਗਏ
- ਹਮਲਾਵਰ 18 ਸਾਲਾ ਹਾਈ ਸਕੂਲ ਵਿਦਿਆਰਥੀ ਸੀ ਜਿਸ ਦਾ ਨਾਂ ਸੈਲਵਾਡੋਰ ਰਾਮੋਸ ਸੀ
- ਰਾਮੋਸ ਨੂੰ ਪੁਲਿਸ ਨੇ ਵਾਰਦਾਤ ਤੋਂ ਬਾਅਦ ਜਵਾਬੀ ਕਾਰਵਾਈ ਵਿੱਚਹੀ ਮਾਰ ਦਿੱਤਾ ਸੀ
- ਫੋਨ ਬਿੱਲ ਕਾਰਨ ਹਮਲਾਵਰ ਨੇ ਪਹਿਲਾਂ ਆਪਣੀ ਨਾਨੀ ਨੂੰ ਗੋਲੀ ਮਾਰੀ
- ਸਕੂਲ ਵਿਚ ਬੱਚਿਆਂ ਨੂੰ ਮਾਰਨ ਬਾਰੇ ਹਮਲਾਵਰ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਸੀ
- ਹਮਲਾਵਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਸੁਭਾਅ ਵਾਲਾ ਸੀ
- ਹਮਲਾਵਰ ਦੀ ਮਾਂ ਮੁਤਾਬਕ ਉਹ ਹਿੰਸਕ ਵਿਅਕਤੀ ਨਹੀਂ ਸੀ
- ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ਦੀ ਗੰਨ ਨੀਤੀ ਉੱਤੇ ਮੁੜ ਗੌਰ ਕਰਨ ਦਾ ਕੀਤਾ ਐਲਾਨ

ਸਥਾਨਕ ਮੀਡੀਆ ਨੇ ਰਿਪੋਰਟਾਂ ਮੁਤਾਬਕ ਅੰਦਾਜ਼ਾ ਲਗਾਇਆ ਗਿਆ ਹੈ ਕਿ ਉਹ ਉਸੇ ਖੇਤਰ ਵਿੱਚ ਇੱਕ ਹਾਈ ਸਕੂਲ ਦਾ ਵਿਦਿਆਰਥੀ ਸੀ।
ਉਸਨੇ ਦੋ ਮਿਲਟਰੀ ਗ੍ਰੇਡ ਰਾਈਫਲਾਂ ਖਰੀਦੀਆਂ ਸਨ ਅਤੇ ਸਕੂਲ ਆਉਣ ਤੋਂ ਪਹਿਲਾਂ ਆਪਣੀ ਦਾਦੀ ਨੂੰ ਗੋਲੀ ਮਾਰ ਦਿੱਤੀ ਸੀ।
ਸਕੂਲ ਦੇ ਕੈਂਪਸ ਦੇ ਅੰਦਰ ਰੁਕਾਵਟਾਂ ਨੂੰ ਤੋੜਦੇ ਹੋਏ, ਉਸਨੇ ਇੱਕ ਕਾਰ ਨੂੰ ਭਜਾਇਆ ਅਤੇ ਬੁਲੇਟਪਰੂਫ ਜੈਕੇਟ ਪਹਿਨ ਕੇ ਕਲਾਸਾਂ ਵਿੱਚ ਦਾਖਲ ਹੋਇਆ।
'ਮੈਂ ਇੱਕ ਐਲੀਮੈਂਟਰੀ ਸਕੂਲ ਵਿੱਚ ਸ਼ੂਟਿੰਗ ਕਰਨ ਜਾ ਰਿਹਾ ਹਾਂ'
ਸੀਐਨਐਨ ਦੀ ਖ਼ਬਰ ਮੁਤਾਬਕ ਹਮਲਾ ਸ਼ੁਰੂ ਕਰਨ ਤੋਂ ਕੁਝ ਮਿੰਟ ਪਹਿਲਾਂ ਹੀ ਬੰਦੂਕਧਾਰੀ ਨੇ ਜਰਮਨੀ ਦੇ ਫਰੈਂਕਫਰਟ ਵਿੱਚ ਰਹਿੰਦੀ ਇੱਕ ਕੁੜੀ ਨੂੰ ਆਪਣੀ ਯੋਜਨਾ ਬਾਰੇ ਸੁਨੇਹੇ ਭੇਜੇ ਸਨ।
ਸੁਨੇਹਿਆਂ ਦੇ ਸਕ੍ਰੀਨਸ਼ਾਟ ਜੋ ਕੇਬਲ ਨੈਟਵਰਕ ਵੱਲੋਂ ਦੇਖੇ ਗਏ। ਇਨ੍ਹਾਂ ਸਕ੍ਰੀਨਸ਼ਾਟਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਉਸ ਕੁੜੀ ਨੂੰ ਆਪਣੀ ਦਾਦੀ ਬਾਰੇ ਸ਼ਿਕਾਇਤ ਕਰ ਰਿਹਾ ਸੀ।
ਉਸ ਨੇ ਟੈਕਸਟ ਸੁਨੇਹਾ ਭੇਜਿਆ ਕਿ ਇਹ ਖਿਝਾਉਣ ਵਾਲਾ ਹੈ।
ਸੀਐਨਐਨ ਨੇ ਰਿਪੋਰਟ ਕੀਤਾ ਹੈ ਕਿ ਉਸ ਤੋਂ ਛੇ ਮਿੰਟ ਬਾਅਦ ਹਮਲਾਵਰ ਨੇ ਉਸੇ ਕੁੜੀ ਨੂੰ ਮੁੜ ਮੈਸਜ ਕੀਤਾ ਕਿ ਮੈਂ ਦਾਦੀ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਹੈ।
ਕੁਝ ਸਕਿੰਟਾਂ ਬਾਅਦ ਹੀ ਉਸ ਨੇ ਮੈਸਜ ਕੀਤਾ ਕਿ ਹੁਣ ਮੈਂ ਇੱਕ ਐਲੀਮੈਂਟਰੀ ਸਕੂਲ ਵਿੱਚ ਸ਼ੂਟਿੰਗ ਕਰਨ ਜਾ ਰਿਹਾ ਹਾਂ

ਤਸਵੀਰ ਸਰੋਤ, EPA
ਆਖਰੀ ਸੁਨੇਹਾ ਸਕੂਲ ਵਿੱਚ ਗੋਲੀਬਾਰੀ ਤੋਂ 11 ਮਿੰਟ ਪਹਿਲਾਂ ਭੇਜਿਆ ਗਿਆ।
ਅਠਾਰਾਂ ਸਾਲਾ ਕੁੜੀ ਨੇ ਸੀਐਨਐਨ ਨੂੰ ਦੱਸਿਆ ਕਿ ਉਹ ਰੋਜ਼ਾਨਾ ਗੱਲਬਾਤ ਕਰਦੇ ਸਨ। ਉਹ ਇੱਕ ਲਾਈਵ ਸਟਰੀਮਿੰਗ ਵਾਲੀ ਐਪਲੀਕੇਸ਼ਨ ਯੂਬੋ ਉੱਪਰ ਅਤੇ ਇੱਕ ਗੇਮਿੰਗ ਐਪ ਪਲੈਟੋ ਉੱਪਰ ਵੀ ਰਾਬਤੇ ਵਿੱਚ ਸਨ।
ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਬੀਬੀਸੀ ਦੇ ਅਮਰੀਕਾ ਵਿੱਚ ਸਹਿਯੋਗੀ ਸੀਬੀਐਸ ਨਿਊਜ਼ ਨੂੰ ਦੱਸਿਆ ਕਿ ਮੁਢਲੀ ਜਾਣਕਾਰੀ ਮੁਤਾਬਕ ਹਮਲਾਵਰ ਨੇ ਆਪਣੀ ਦਾਦੀ ਨਾਲ ਫ਼ੋਨ ਦੇ ਬਿੱਲ ਨੂੰ ਲੈਕੇ ਬਹਿਸਬਾਜ਼ੀ ਤੋਂ ਬਾਅਦ ਗੋਲੀ ਮਾਰੀ।
'ਲੋਕਾਂ ਨੂੰ ਡਰਾਉਂਦਾ ਅਤੇ ਧੌਂਸ ਦਿਖਾਉਂਦਾ ਸੀ'
ਹਮਲਾਵਰ ਦੇ ਸਾਬਕਾ ਹਮਜਾਮਾਤੀ ਆਰਲੈਨੋ ਨੇ ਕਿਹਾ ਕਿ ਕਿ ਉਹ ਉਵਾਲੇਡ ਹਾਈ ਸਕੂਲ ਵਿੱਚ ਅੱਠਵੀਂ ਤੋਂ ਪੜ੍ਹੇ। ਹਾਲ ਹੀ ਵਿੱਚ ਉਸ ਨੇ ਸਕੂਲ ਆਉਣਾ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ:
ਹਮਜਮਾਤੀ ਨੇ ਦੱਸਿਆ ਕਿ ਹਮਲਾਵਰ ਇੱਕ ਗੈਰ-ਸਮਾਜਿਕ ਅਤੇ ਵੱਖਰਾ ਜਿਹੀ ਵਿਅਕਤੀ ਸੀ, ਜਿਸ ਦੇ ਬਹੁਤ ਥੋੜ੍ਹੇ ਦੋਸਤ ਸਨ। ਉਹ ਅਕਸਰ ਆਪਣੇ ਸਹਿਪਾਠੀਆਂ ਨੂੰ ਡਰਾਉਂਦਾ ਸੀ। ਇਸ ਤੋਂ ਇਲਾਵਾ ਉਹ ਲੋਕਾਂ ਉੱਪਰ ਧੌਂਸ ਵੀ ਜਮਾਉਂਦਾ ਸੀ।

ਤਸਵੀਰ ਸਰੋਤ, Getty Images
ਉਹ ਲੋਕਾਂ ਨੂੰ ਖਿਝਾਉਣ ਕਰਨ ਲਈ ਚੁਣਦਾ ਪਰ ਜਦੋਂ ਕੰਮ ਨਾ ਬਣਦਾ ਤਾਂ ਉਹ ਖਿੱਝ ਜਾਂਦਾ।
ਹਮਜਮਾਤੀ ਮੁਤਾਬਕ ਇਸ ਛੋਟੇ ਕਸਬੇ ਵਿੱਚ ਹਰ ਕੋਈ ਕਿਸੇ ਨਾ ਕਿਸੇ ਅਜਿਹੇ ਨੂੰ ਜਾਣਦਾ ਹੈ, ਜੋ ਇਸ ਗੋਲੀਬਾਰੀ ਤੋਂ ਪ੍ਰਭਾਵਿਤ ਹੋਇਆ ਹੈ।
ਉਸ ਨੂੰ ਬਹੁਤ ਸਾਰੇ ਲੋਕ ਜਾਣਦੇ ਸਨ, ਸਾਨੂੰ ਪਤਾ ਸੀ ਕਿ ਉਹ ਮਾਨਸਿਕ ਤੌਰ ਤੇ ਤੰਦਰੁਸਤ ਨਹੀਂ ਹੈ। ਬਹੁਤ ਸਾਰੇ ਇਸ ਤੇ ਵੀ ਸਹਿਮਤ ਹੋਣਗੇ ਕਿ ਕਾਸ਼ ਅਸੀਂ ਦੱਸਿਆ ਹੁੰਦਾ।
'ਉਹ ਹਿੰਸਕ ਵਿਅਕਤੀ ਨਹੀਂ ਸੀ'
ਉਵਾਲੇਡ ਪ੍ਰਾਇਮਰੀ ਸਕੂਲ ਵਿੱਚ 21 ਜਣਿਆਂ ਨੂੰ ਮਾਰ ਦੇਣ ਵਾਲੇ ਵਿਅਕਤੀ ਦੀ ਮਾਂ, ਉਸ ਦੇ ਹੱਕ ਵਿੱਚ ਸਾਹਮਣੇ ਆਈ ਹੈ।
ਐਡਰੀਆਨਾ ਰੀਜ਼ ਨੇ ਡੇਲੀ ਮੇਲ ਨੂੰ ਦੱਸਿਆ, ''ਮੇਰਾ ਪੁੱਤਰ ਹਿੰਸਕ ਵਿਅਕਤੀ ਨਹੀਂ ਸੀ, ਜੋ ਉਸ ਨੇ ਕੀਤਾ ਉਸ ਤੋਂ ਮੈਂ ਹੈਰਾਨ ਹਾਂ।''

ਤਸਵੀਰ ਸਰੋਤ, Reuters
ਹਮਲਾਵਰ ਦੀ ਮਾਂ ਹਸਪਤਾਲ ਭਰਤੀ ਆਪਣੀ ਮਾਂ ਦੀ ਦੇਖਭਾਲ ਕਰ ਰਹੀ ਹੈ। ਜਿਸ ਨੂੰ ਉਸੇ ਦੇ ਪੁੱਤਰ ਵੱਲੋਂ ਸਿਰ ਵਿੱਚ ਗੋਲੀ ਮਾਰੀ ਗਈ ਸੀ।
39 ਸਾਲਾ ਮਾਂ ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਜਿਨ੍ਹਾਂ ਵਿੱਚ ਦਾਅਵੇ ਕੀਤੇ ਗਏ ਹਨ ਕਿ ਉਨ੍ਹਾਂ ਦੇ ਰਿਸ਼ਤੇ ਠੀਕ ਨਹੀਂ ਸਨ।
ਹਾਲਾਂਕਿ ਮਾਂ ਦੇ ਪੁਰਸ਼ ਮਿੱਤਰ ਨੇ ਦੱਸਿਆ ਕਿ ਹਮਲਾਵਰ ਕੁਝ ਅਜੀਬ ਸੀ। ਜਿਸ ਨਾਲ ਉਨ੍ਹਾਂ ਦੀ ਕਦੇ ਨਹੀਂ ਬਣੀ। ਮੈਂ ਕਦੇ ਉਸ ਨਾਲ ਨਹੀਂ ਬੈਠਾ। ਉਹ ਕਦੇ ਕਿਸੇ ਨਾਲ ਗੱਲ ਨਹੀਂ ਕਰਦਾ।
ਜਦੋਂ ਤੁਸੀਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਉੱਥੇ ਬੈਠਾ ਰਹਿੰਦਾ ਹੈ ਤੇ ਉੱਠ ਕੇ ਚਲਿਆ ਜਾਂਦਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













