You’re viewing a text-only version of this website that uses less data. View the main version of the website including all images and videos.
ਜੱਗੀ ਜੌਹਲ ਦੀ ਭਾਰਤ ਵਿਚ ਗ੍ਰਿਫ਼ਤਾਰੀ ''ਆਪਹੁਦਰੀ ਕਾਰਵਾਈ'' - ਯੂਕੇ ਦੇ ਪ੍ਰਧਾਨ ਮੰਤਰੀ ਨੇ ਕਿਹਾ
- ਲੇਖਕ, ਕੈਟੀ ਹੰਟਰ
- ਰੋਲ, ਬੀਬੀਸੀ ਸਕੌਟਲੈਂਡ ਪੱਤਰਕਾਰ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਜਗਤਾਰ ਸਿੰਘ ਜੌਹਲ ਦੀ ਭਾਰਤ ਵਿੱਚ ਗ੍ਰਿਫ਼ਤਾਰੀ ਨੂੰ ''ਆਪਹੁਦਰੀ'' ਦੱਸਿਆ ਹੈ।
ਜਗਤਾਰ ਸਿੰਘ ਜੌਹਲ ਇੱਕ ਸਿੱਖ ਕਾਰਕੁਨ ਹਨ ਜੋ ਕਿ ਨਵੰਬਰ 2017 ਤੋਂ ਭਾਰਤ ਵਿੱਚ ਬਿਨਾਂ ਸੁਣਵਾਈ ਦੇ ਕੈਦ ਕੱਟ ਰਹੇ ਹਨ। ਉਨ੍ਹਾਂ ਉੱਪਰ ਸੱਜੇਪੱਖੀ ਹਿੰਦੂ ਆਗੂਆਂ ਖਿਲਾਫ਼ ਦਹਿਸ਼ਤਗਰਦ ਸਾਜਿਸ਼ ਦਾ ਹਿੱਸਾ ਹੋਣ ਦੇ ਇਲਜ਼ਾਮ ਹਨ।
ਜੱਗੀ ਜੌਹਲ ਦੇ ਪਰਿਵਾਰ ਤੇ ਵਕੀਲ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸਿਆ ਗਿਆ ਹੈ।
ਜੱਗੀ ਜੌਹਲ ਦੇ ਮਾਮਲੇ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵੱਲੋਂ 'ਆਪਹੁਦਰੀ' (''Arbitrary'') ਸ਼ਬਦ ਕਿਸੇ ਪੱਤਰ-ਵਿਹਾਰ ਵਿੱਚ ਪਹਿਲੀ ਵਾਰ ਲੇਬਰ ਸੰਸਦ ਮੈਂਬਰ ਕੀਰ ਸਟਾਰਮਰ ਕੋਲ ਵਰਤਿਆ ਗਿਆ ਹੈ।
ਜਗਤਾਰ ਜੌਹਲ ਦੇ ਪਰਿਵਾਰ ਨੇ ਇਸ ਬਿਆਨ ਨੂੰ ਮਾਮਲੇ ਵਿੱਚ ਵੱਡਾ ਮੋੜ ਦੱਸਿਆ ਹੈ।
ਬੌਰਿਸ ਜੌਹਸਨ ਨੇ ਨੂੰ ਬ੍ਰਿਟਿਸ਼ ਨਾਗਰਿਕ ਦੱਸਿਆ ਜੋ ਕਿ ਪਿਛਲੇ ਲਗਭਗ ਸਾਢੇ ਚਾਰ ਸਾਲਾਂ ਤੋਂ ਭਾਰਤੀ ਜੇਲ੍ਹ ਵਿੱਚ ਬੰਦ ਹਨ। ਪੀਐੱਮ ਨੇ ਕਿਹਾ ਕਿ ਜੱਗੀ ਨੂੰ ''ਆਪਹੁਦਰੇ ਢੰਗ ਨਾਲ ਗ੍ਰਿਫ਼ਤਾਰੀ'' ਵਿੱਚ ਲਿਆ ਗਿਆ ਹੈ।
ਜੱਗੀ ਜੌਹਲ ਕੇਸ
- ਸਕਾਟਲੈਂਡ ਵਾਸੀ ਜਗਤਾਰ ਸਿੰਘ ਜੌਹਲ 'ਤੇ ਸੱਜੇਪੱਖੀ ਹਿੰਦੂ ਆਗੂਆਂ ਦੇ ਕਤਲ ਦੀ ਸਾਜ਼ਿਸ਼ ਘੜਨ ਦਾ ਇਲਜ਼ਾਮ ਹੈ।
- ਜਗਤਾਰ ਸਿੰਘ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਮੁਤਾਬਕ ਜੌਹਲ 'ਤੇ ਭਾਰਤ ਵਿੱਚ 11 ਕੇਸ ਦਰਜ ਹਨ।
- ਪਹਿਲਾ ਕੇਸ ਮੋਗਾ ਦੇ ਬਾਘਾ ਪੁਰਾਣਾ ਵਿੱਚ ਆਰਮਜ਼ ਐਕਟ, ਯੂਏਪੀਏ ਅਤੇ ਦਹਿਸ਼ਤਗਰਦੀ ਸਾਜਿਸ਼ ਦੀਆਂ ਧਾਰਾਵਾਂ ਤਹਿਤ ਦਰਜ ਹੋਇਆ ਸੀ।
- ਉਪਰੋਕਤ ਕੇਸ ਵਿੱਚ ਜੌਹਲ ਨੂੰ 4 ਨਵੰਬਰ, 2017 ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
- ਜੌਹਲ ਨੂੰ 4 ਨਵੰਬਰ 2017 ਨੂੰ ਵਿਆਹ ਤੋਂ 15 ਦਿਨ ਬਾਅਦ ਮੋਗਾ ਪੁਲਿਸ ਨੇ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਸੀ।
- ਬ੍ਰਿਟੇਨ ਵਿੱਚ ਵਿਵਾਦ ਉੱਠਦਾ ਰਹਿੰਦਾ ਹੈ ਕਿ ਭਾਰਤੀ ਵਿੱਚ ਜੌਹਲ ਉੱਤੇ ਤਸ਼ੱਦਦ ਹੋ ਰਿਹਾ ਅਤੇ ਉਨ੍ਹਾਂ ਨੂੰ ਸਜ਼ਾਏ ਮੌਤ ਹੋ ਸਕਦੀ ਹੈ। ਜੱਗੀ ਜੌਹਲ ਦੇ ਪਰਿਵਾਰ ਤੇ ਵਕੀਲ ਵੱਲੋਂ ਉਨ੍ਹਾਂ ਦੇ ਬੇਗੁਨਾਹ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਪੱਤਰ ਵਿੱਚ ਅੱਗੇ ਕਿਹਾ ਕਿ ਬ੍ਰਿਟੇਨ ਦੇ ਮੰਤਰੀਆਂ ਨੇ ਅਤੇ ਅਧਿਕਾਰੀਆਂ ਨੇ ਇਹ ਮਸਲਾ ਸਿੱਧੇ ਤੌਰ 'ਤੇ ਲਗਭਗ ਸੌ ਵਾਰ ਭਾਰਤ ਸਰਕਾਰ ਕੋਲ ਚੁੱਕਿਆ ਹੈ।
ਬੌਰਿਸ ਜੌਨਸਨ ਦਾ ਇਹ ਬਿਆਨ ਇਸ ਗੱਲੋਂ ਅਹਿਮੀਅਤ ਰੱਖਦਾ ਹੈ ਕਿ ਕਿਸੇ ਨੂੰ ਮਨਮੰਨੇ ਢੰਗ ਨਾਲ ਕੈਦ ਰੱਖਣ ਦਾ ਮਤਲਬ ਹੈ ਕਿ ਉਸ ਖਿਲਾਫ਼ ਕੋਈ ਪੁਖਤਾ ਕਾਨੂੰਨੀ ਅਧਾਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਜੱਗੀ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਹਾਲ ਹੀ ਵਿੱਚ ਲੇਬਰ ਪਾਰਟੀ ਦੀ ਟਿਕਟ ਉੱਪਰ ਕਾਊਂਸਲਰ ਚੁਣੇ ਗਏ ਹਨ। ਉਨ੍ਹਾਂ ਨੇ ਬ੍ਰਿਟਿਸ਼ ਪੀਐੱਮ ਦੇ ਇਸ ਬਿਆਨ ਨੂੰ ਸਮੁੱਚੇ ਮਾਮਲੇ ਵਿੱਚ ਵੱਡਾ ਮੋੜ ਦੱਸਿਆ ਹੈ।
‘ਜੱਗੀ ਜੌਹਲ ਨੂੰ ਘਰ ਵਾਪਸ ਲਿਆਓ’
ਗੁਰਪ੍ਰੀਤ ਕਹਿੰਦੇ ਹਨ,'' ਮੈਂ ਕਦੇ ਨਹੀਂ ਭੁੱਲਾਂਗਾ ਕਿ ਬ੍ਰਿਟਿਸ਼ ਸਰਕਾਰ ਨੂੰ ਇਹ ਮੰਨਣ ਵਿੱਚ ਲਗਭਗ ਪੰਜ ਸਾਲ ਲੱਗ ਗਏ ਕਿ ਮੇਰੇ ਭਰਾ ਨੂੰ ਮਨਮਰਜ਼ੀ ਨਾਲ ਹਿਰਾਸਤ ਵਿੱਚ ਲਿਆ ਗਿਆ ਹੈ। (ਅਤੇ) ਉਨ੍ਹਾਂ ਨੇ ਅਜਿਹਾ ਵੀ ਸੰਯੁਕਤ ਰਾਸ਼ਟਰ ਅਤੇ ਵਿਰੋਧੀ ਧਿਰ ਦੇ ਆਗੂ ਤੋਂ ਝਾੜ ਪੈਣ ਤੋਂ ਬਾਅਦ ਕੀਤਾ ਹੈ। ਫਿਰ ਵੀ ਘੱਟੋ-ਘੱਟ ਉਹ ਇਹ ਸਮਝੇ ਤਾਂ ਸਹੀ।
ਅਗਲਾ ਕਦਮ ਉਸ ਨੂੰ ਰਿਹਾਅ ਕਰਵਾ ਕੇ ਘਰ ਵਾਪਸ ਲਿਆਉਣਾ ਹੈ।''
ਜਗਤਾਰ ਜੌਹਲ ਦੇ ਮਾਮਲੇ ਵਿੱਚ ਪਰਿਵਾਰ ਦੀ ਕਾਨੂੰਨੀ ਅਤੇ ਮਨੁੱਖੀ ਹੱਕਾਂ ਬਾਰੇ ਸਵੈਸੇਵੀ ਸੰਸਥਾ ਰਿਪਰੀਵ ਵੱਲੋਂ ਮਦਦ ਕੀਤੀ ਜਾ ਰਹੀ ਹੈ।
ਜੱਗੀ ਬਾਰੇ ਹੋਰ ਪੜ੍ਹੋ:
ਸੰਸਥਾ ਦੇ ਨਿਰਦੇਸ਼ਕ ਮਾਇਆ ਫੋਆ ਨੇ ਕਿਹਾ ਕਿ ਬੋਰਿਸ ਜੌਹਨਸਨ ਨੇ ਆਖਰਕਾਰ ਮੰਨ ਲਿਆ ਹੈ ਕਿ ਜਗਤਾਰ ਨੂੰ 'ਆਪਹੁਦਰੇ ਤਰੀਕੇ'ਨਾਲ ਹਿਰਾਸਤ ਵਿੱਚ ਲਿਆ ਗਿਆ ਸੀ।
ਉਨ੍ਹਾਂ ਨੇ ਅੱਗੇ ਕਿਹਾ, ''ਇਹ ਅਹਿਮ ਨਹੀਂ ਹੈ ਕਿ ਵਿਦੇਸ਼ ਮੰਤਰਾਲੇ ਨੇ ਜਗਤਾਰ ਦਾ ਕੇਸ ਭਾਰਤ ਸਰਕਾਰ ਕੋਲ ਕਿੰਨੀ ਵਾਰ ਚੁੱਕਿਆ ਹੈ ਸਗੋਂ ਉਹ ਮਾਮਲਾ ਚੁੱਕਣ ਸਮੇਂ ਕੀ ਕਹਿ ਰਹੇ ਸਨ ਇਹ ਅਹਿਮ ਹੈ ਅਤੇ ਤੱਥ ਇਹ ਹੈ ਕਿ ਉਨ੍ਹਾਂ ਦੀ ਸਥਿਤੀ ਬਹੁਤ ਜ਼ਿਆਦਾ ਦੇਰ ਗ਼ਲਤ ਰਹੀ ਹੈ।''
''ਇੱਕ ਅਜਿਹੀ ਰਣਨੀਤੀ ਜੋ ਬ੍ਰਿਟਿਸ਼ ਨਾਗਰਿਕਾਂ ਨੂੰ ਵਿਦੇਸ਼ੀ ਜੇਲ੍ਹਾਂ ਵਿੱਚ ਸੜਨ ਲਈ ਛੱਡ ਦਿੰਦੀ ਹੈ ਉਸ ਦੀ ਫ਼ੌਰੀ ਨਜ਼ਰਸਾਨ੍ਹੀ ਹੋਣੀ ਚਾਹੀਦੀ ਹੈ।''
ਵੀਡੀਓ: ਜਗਤਾਰ ਜੌਹਲ ਨੇ ਆਪਣੇ ਵਕੀਲ ਰਾਹੀਂ ਬੀਬੀਸੀ ਨੂੰ ਕੀ ਦੱਸਿਆ
ਕੀਰ ਸਟਰਾਮਰ, ਜਿਨ੍ਹਾਂ ਦੀ ਚਿੱਠੀ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਇਹ ਸ਼ਬਦ ਵਰਤੇ, ਉਨ੍ਹਾਂ ਕਿਹਾ, ''ਮੈਂ ਖੁਸ਼ ਹਾਂ ਕਿ ਬ੍ਰਿਟਿਸ਼ ਸਰਕਾਰ ਨੇ ਮੰਨਿਆ ਹੈ ਕਿ ਜਗਤਾਰ ਜੌਹਲ ਦੀ ਭਾਰਤ ਵਿੱਚ ਹਿਰਾਸਤ ਆਪਹੁਦਰੇ ਤਰੀਕੇ ਨਾਲ ਕੀਤੀ ਗਈ ਹੈ।”
“ਸਰਕਾਰ ਇਹ ਮਸਲਾ ਭਾਰਤ ਸਰਕਾਰ ਕੋਲ ਉੱਚੇ ਤੋਂ ਉੱਚੇ ਪੱਧਰ ’ਤੇ ਚੁੱਕਣ ਲਈ ਤਿਆਰ ਹੈ।”
''ਸਮਾਂ ਅਹਿਮ ਹੈ ਅਤੇ ਲੇਬਰ ਪਾਰਟੀ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਰ ਸੰਭਵ ਹਰਬਾ ਵਰਤ ਕੇ ਭਾਰਤੀ ਅਧਿਕਾਰੀਆਂ ਉੱਪਰ ਜਗਤਾਰ ਨੂੰ ਰਿਹਾਅ ਕਰਵਾਉਣ ਲਈ ਦਬਾਅ ਪਾਉਣ।''
ਭਾਰਤ ਸਰਕਾਰ ਨੇ ਹਮੇਸ਼ਾ ਹੀ ਜੱਗੀ ਜੌਹਲ ਨੂੰ ਤਸੀਹੇ ਦਿੱਤੇ ਜਾਣ ਜਾਂ ਹਿਰਾਸਤ ਵਿੱਚ ਦੁਰਵਿਹਾਰ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਭਾਰਤ ਸਰਕਾਰ ਕਹਿੰਦੀ ਰਹੀ ਹੈ ਕਿ ਮਾਮਲੇ ਵਿੱਚ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਹੈ।
ਬ੍ਰਿਟੇਨ ਦੇ ਵਿਦੇਸ਼ ਅਤੇ ਕਾਮਨਵੈਲਥ ਮੰਤਰਾਲੇ ਦੇ ਇੱਕ ਬੁਲੇਰੇ ਨੇ ਕਿਹਾ, ''ਅਸੀਂ ਭਾਰਤ ਕੋਲ ਜਗਤਾਰ ਜੌਹਲ ਦਾ ਕੇਸ ਲਗਾਤਾਰ ਚੁੱਕਦੇ ਰਹਿੰਦੇ ਹਾਂ, ਉਨ੍ਹਾਂ 'ਤੇ ਤਸ਼ੱਦਦ ਦੇ ਇਲਜ਼ਾਮ ਅਤੇ ਇੱਕ ਨਿਰਪੱਖ ਸੁਣਵਾਈ ਦੇ ਹੱਕ ਦਾ ਮਸਲਾ ਵੀ ਚੁੱਕਿਆ ਜਾਂਦਾ ਹੈ।''
ਇਹ ਵੀ ਪੜ੍ਹੋ: