ਰੂਸ ਯੂਕਰੇਨ ਜੰਗ: ਮਾਰੀਓਪੋਲ ਉੱਤੇ ਕਬਜ਼ਾ ਕਰਨ ਤੋਂ ਅਸਮਰੱਥ ਰੂਸੀ ਫੌਜ ਹੁਣ ਕੀ ਕਰ ਰਹੀ ਹੈ

ਰੂਸ ਨੇ ਯੂਕਰੇਨ ਉੱਤੇ ਆਪਣੇ ਹਮਲਿਆਂ ਦਾ ਘੇਰਾ ਵਧਾਉਂਦਿਆਂ ਮੁਲਕ ਦੇ ਪੱਛਮੀ ਇਲਾਕੇ ਨੂੰ ਨਿਸ਼ਾਨਾਂ ਬਣਾਇਆ ਹੈ। ਲਵੀਵ ਸ਼ਹਿਰ ਸਮੇਤ ਕਈ ਇਲਾਕੇ ਜੋ ਹੁਣ ਤੱਕ ਜੰਗ ਤੋਂ ਬਚੇ ਹੋਏ ਸਨ ਉੱਤੇ ਭਾਰੀ ਬੰਬਾਰੀ ਕੀਤੀ ਗਈ ਹੈ।

ਯੂਕਰੇਨ ਦੇ ਸਰਕਾਰੀ ਸੂਤਰਾਂ ਮੁਤਾਬਕ ਫੌਜੀ ਟਿਕਾਣੇ ਨਿੱਜੀ ਕਾਰ ਸਰਵਿਸ ਕੰਪਨੀ ਉੱਤੇ ਮਿਜਾਈਲ ਹਮਲੇ ਨਾਲ ਲਵੀਵ ਸ਼ਹਿਰ ਵਿਚ 7 ਮੌਤਾਂ ਹੋਈਆਂ ਹਨ।

ਕੀਵ ਸ਼ਹਿਰ ਵਿਚ ਵੀ ਧਮਾਕੇ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਬੰਬਾਰੀ ਨਾਲ ਉੱਤਰੀ ਇਲਾਕੇ ਦੇ ਸ਼ਹਿਰ ਖਾਰਕੀਵ ਅਤੇ ਦੱਖਣੀ ਸ਼ਹਿਰ ਮਾਈਕੋਈਵ ਨੂੰ ਵੀ ਨਿਸ਼ਾਨਾਂ ਬਣਾਇਆ ਗਿਆ ਹੈ।

ਖਾਰਕੀਵ ਸ਼ਹਿਰ ਵਿਚ ਰੂਸੀ ਫੌਜ ਦੇ ਹਮਲੇ ਨਾਲ 2 ਮੌਤਾਂ ਹੋਈਆਂ ਹਨ।

ਰੂਸ ਦੀ ਮਾਰੀਓਪੋਲ ਸ਼ਹਿਰ ਨੂੰ ਛੱਡਣ ਦੀ ਰੂਸ ਦੀ ਐਤਵਾਰ ਨੂੰ ਦਿੱਤੀ ਡੈੱਡਲਾਇਨ ਨੂੰ ਯੂਕਰੇਨ ਦੀ ਫੌਜ ਨੇ ਅਣਗੌਲਿਆਂ ਕਰ ਦਿੱਤਾ ਅਤੇ ਅਜੇ ਵੀ ਰੂਸੀ ਘੇਰੇ ਦੇ ਬਾਵਜੂਦ ਯੂਕਰੇਨੀ ਫੌਜੀ ਮਾਰੀਓਪੋਲ ਵਿਚ ਡਟੇ ਹੋਏ ਹਨ।

ਯੂਐੱਨਓ ਦੇ ਅੰਕੜਿਆਂ ਮੁਤਾਬਕ ਜੰਗ ਕਾਰਨ ਹੁਣ ਤੱਕ 49 ਲੱਖ ਯੂਕਰੇਨ ਵਾਲੀ ਮੁਲਕ ਛੱਡ ਚੁੱਕੇ ਹਨ।

ਰੂਸ ਨੇ ਯੂਕਰੇਨ ਉੱਤੇ ਸ਼ਾਂਤੀ ਵਾਰਤਾ ਉੱਤੇ ਸਹਿਮਤੀ ਹੋਣ ਵਾਲੇ ਮੁੱਦਿਆਂ ਬਾਰੇ ਸਟੈਂਡ ਬਦਲਣ ਦਾ ਇਲਜ਼ਾਮ ਲਾਇਆ ਹੈ।

ਰੂਸ ਦੀ ਯੂਕਰੇਨ ਨੂੰ ਆਤਮ ਸਮਰਪਣ ਦੀ ਅਪੀਲ

ਐਤਵਾਰ ਨੂੰ ਰੂਸ ਨੇ ਆਖਿਆ ਸੀ ਕਿ ਜੋ ਯੂਕਰੇਨੀ ਫ਼ੌਜੀ ਸ਼ਹਿਰ ਵਿੱਚ ਲੜ ਰਹੇ ਹਨ ਉਨ੍ਹਾਂ ਦੀ ਜ਼ਿੰਦਗੀ ਬਖ਼ਸ਼ ਦਿੱਤੀ ਜਾਵੇਗੀ ਜੇਕਰ ਉਹ ਆਤਮ ਸਮਰਪਣ ਕਰ ਦੇਣ।

ਰੂਸ ਵੱਲੋਂ ਆਤਮ ਸਮਰਪਣ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ ਛੇ ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ।

ਉਸ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਆਤਮ ਸਮਰਪਣ ਕਰਨ ਵਾਲੇ ਫ਼ੌਜੀਆਂ ਨੂੰ ਜਨੇਵਾ ਕਨਵੈਨਸ਼ਨ ਮੁਤਾਬਕ ਰੱਖਿਆ ਜਾਵੇਗਾ।

ਫ਼ੌਜੀਆਂ ਨੂੰ ਆਖਿਆ ਗਿਆ ਸੀ ਕਿ ਉਹ ਰਾਜਧਾਨੀ ਕੀਵ ਤੋਂ ਹੁਕਮਾਂ ਦੀ ਉਡੀਕ ਨਾ ਕਰਨ ਅਤੇ ਆਪਣਾ ਫ਼ੈਸਲਾ ਆਪ ਕਰਨ।

ਇਸ ਬਿਆਨ ਵਿੱਚ ਇਹ ਸਾਫ ਨਹੀਂ ਹੈ ਸੀ ਕਿ ਜੇਕਰ ਫੌਜੀ ਆਤਮ ਸਮਰਪਣ ਨਹੀਂ ਕਰਦਾ ਤਾਂ ਉਸ ਨੇ ਕੀ ਵਰਤਾਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ਡੋਨੈਸਕ ਪੀਪਲ ਰਿਪਬਲਿਕ ਦੇ ਮੁਖੀ ਡੈਨਿਸ ਪਛਲਿਨ ਜਿਸ ਨੂੰ ਰੂਸ ਵੱਲੋਂ ਸਹਾਇਤਾ ਪ੍ਰਾਪਤ ਹੈ,ਨੇ ਆਖਿਆ ਸੀ,'' ਜੋ ਯੂਕਰੇਨੀ ਫ਼ੌਜਾਂ ਅਤੇ ਬਟਾਲੀਅਨ ਆਤਮ ਸਮਰਪਣ ਨਹੀਂ ਕਰਨਗੀਆਂ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।''

ਰੂਸ ਵੱਲੋਂ ਇਸ ਹਫ਼ਤੇ ਦਾਅਵਾ ਕੀਤਾ ਗਿਆ ਸੀ 1000 ਯੂਕਰੇਨੀ ਫੌਜੀਆਂ ਵੱਲੋਂ ਆਤਮ ਸਮਰਪਣ ਕੀਤਾ ਗਿਆ ਸੀ ਪਰ ਯੂਕਰੇਨ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ।

ਰੂਸ ਦਾ 8ਵਾਂ ਫੌਜੀ ਜਰੈਨਲ ਮਾਰਿਆ ਗਿਆ

ਰੂਸ ਨੇ ਕਿਹਾ ਸੀ ਕਿ ਜੇਕਰ ਯੂਕਰੇਨ ਦੇ ਮਾਰੀਓਪੋਲ ਸ਼ਹਿਰ ਵਿਚ ਐਤਵਾਰ ਤੱਕ ਯੂਕਰੇਨੀ ਫੌਜੀ ਹਥਿਆਰ ਸੁੱਟ ਦੇਣ ਤਾਂ ਉਨ੍ਹਾਂ ਦੀਆਂ ਜਾਨਾਂ ਬਖ਼ਸ਼ੀਆਂ ਜਾਣਗੀਆਂ।

ਪਰ ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਕਿਹਾ ਸੀ ਕਿ ਜੇਕਰ ਰੂਸ ਮਾਰੀਓਪੋਲ ਵਿਚੋਂ ਉਸ ਦੇ ਫੌਜੀਆਂ ਨੂੰ ਖ਼ਤਮ ਕਰਦਾ ਹੈ ਤਾਂ ਸ਼ਾਂਤੀ ਵਾਰਤਾ ਰੱਦ ਕਰ ਦਿੱਤੀ ਜਾਵੇਗੀ

ਇਸੇ ਦੌਰਾਨ ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਤਾਸ ਨੇ ਖ਼ਬਰ ਦਿੱਤੀ ਸੀ ਕਿ ਯੂਕਰੇਨ ਜੰਗ ਦੌਰਾਨ ਰੂਸ ਦਾ ਡਿਪਟੀ ਕਮਾਂਡਰ ਵਲਾਦੀਮੀਰ ਪੈਟਰੋਵਿਚ ਫੋਰਲੋਵ ਮਾਰਿਆ ਗਿਆ ਹੈ। ਇਹ ਅੱਠਵਾਂ ਰੂਸੀ ਫੌਜੀ ਜਰਨੈਲ ਹੈ ਜੋ ਯੂਕਰੇਨ ਜੰਗ ਦੌਰਾਨ ਮਾਰਿਆ ਗਿਆ।

ਖ਼ਬਰ ਏਜੰਸੀ ਨੇ ਇਹ ਜਾਣਕਾਰੀ ਸੇਂਟ ਪੀਟਰਜ਼ਬਰਗ ਦੇ ਰਾਜਪਾਲ ਅਲੈਗਜੈਂਡਰ ਬੇਗਲੋਵ ਦੇ ਹਵਾਲੇ ਨਾਲ ਦਿੱਤੀ ਸੀ।

ਖ਼ਬਰ ਏਜੰਸੀ ਰਾਇਟਰਜ਼ ਨੇ ਰੂਸ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਹੈ ਕਿ ਰੂਸ ਨੇ ਕੀਵ ਨੇੜੇ ਯੂਕਰੇਨ ਦੀ ਹਥਿਆਰ ਫੈਕਟਰੀ ਤਬਾਹ ਕਰ ਦਿੱਤੀ ਸੀ ।

ਮਾਰੀਓਪੋਲ ਉੱਤੇ ਕਬਜ਼ੇ ਲਈ ਰੂਸੀ ਦੀ ਕਾਹਲ

ਬੀਬੀਸੀ ਦੇ ਸੁਰੱਖਿਆ ਪ੍ਰਤੀਨਿਧ ਫਰੈਂਕ ਗਾਰਡਨਰ ਦੀ ਰਿਪੋਰਟ ਮੁਤਾਬਕ ਮਾਰੀਓਪੋਲ ਸ਼ਹਿਰ ਰੂਸੀ ਬੰਬਾਰੀ ਨਾਲ ਸਭ ਵੱਧ ਤਬਾਹੀ ਝੱਲਣ ਵਾਲਾ ਸ਼ਹਿਰ ਹੈ।

ਫਰੈਂਕ ਆਪਣੀ ਰਿਪੋਰਟ ਵਿਚ 4 ਅਜਿਹੇ ਕਾਰਨ ਦੱਸਦੇ ਹਨ ਜਿਸ ਕਾਰਨ ਰੂਸੀ ਫੌਜ ਮਾਰੀਓਪੋਲ ਨੂੰ ਸਭ ਤੋਂ ਵੱਧ ਨਿਸ਼ਾਨਾਂ ਬਣਾ ਕੇ ਕਬਜੇ ਹੇਠ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

ਕ੍ਰੀਮੀਆ ਅਤੇ ਡੋਨਬਾਸ ਵਿਚਾਲੇ ਜ਼ਮੀਨੀ ਲਾਂਘਾ

ਯੂਕੇ ਦੇ ਜਾਇੰਟ ਫੌਰਸਿਜ਼ ਕਮਾਂਡ ਦੇ ਸਾਬਕਾ ਕਮਾਂਡਰ ਸਰ ਰਿਚਰਡ ਬੈਰੋਨੋਸ ਕਹਿੰਦੇ ਹਨ ਕਿ ਮਾਰੀਓਪੋਲ ਉੱਤੇ ਕਬਜਾ ਕਰਨਾ ਰੂਸ ਲਈ ਸਭ ਤੋਂ ਵੱਧ ਅਹਿਮ ਨਿਸ਼ਾਨਾਂ ਹੈ।

ਰੂਸ ਮਾਰੀਓਪੋਲ ਸ਼ਹਿਰ ਰਾਹੀ ਕ੍ਰੀਮੀਆ ਅਤੇ ਡੋਨਬਾਸ ਲਈ ਸੁਰੱਖਿਅਤ ਲਾਂਘਾ ਹਾਸਲ ਕਰ ਲਏਗਾ , ਇਸ ਸ਼ਹਿਰ ਉੱਤੇ ਕਬਜੇ ਤੋਂ ਬਾਅਦ ਰੂਸ ਦਾ ਬਲੈਕ ਸੀ ਦੇ 80 ਫੀਸਦ ਯੂਕਰੇਨੀ ਤੱਟੀ ਇਲਾਕੇ ਉੱਤੇ ਕੰਟਰੋਲ ਹੋ ਜਾਵੇਗਾ।

ਯੂਕਰੇਨ ਦੀ ਆਰਥਿਕਤਾ ਦਾ ਧੁਰਾ

ਮਾਰੀਓਪੋਲ ਬਹੁਤ ਹੀ ਮਹੱਤਪੂਰਨ ਤੱਟੀ ਸ਼ਹਿਰ ਹੈ, ਜੋ ਕਿ ਐਜੋਵ ਸੁਮੰਦਰ ਦਾ ਹਿੱਸਾ , ਜਿਹੜਾ ਬਲੈਕ ਸੀ ਵਿਚ ਪੈਂਦਾ ਹੈ। ਇਹ ਐਜੋਵ ਸੁਮੰਦਰੀ ਖੇਤਰ ਦੀ ਸਭ ਤੋਂ ਅਹਿਮ ਬੰਦਰਗਾਹ ਹੈ।

ਜਿਸ ਰਾਹੀ ਯੂਕਰੇਨ ਦਾ ਵੱਡਾ ਵਪਾਰ ਹੁੰਦਾ ਹੈ, ਇਸ ਸ਼ਹਿਰ ਉੱਤੇ ਕਬਜਾ ਕਰਕੇ ਰੂਸ ਯੂਕਰੇਨ ਦੀ ਆਰਥਿਕਤਾ ਨੂੰ ਤਬਾਹ ਕਰਨਾ ਚਾਹੁੰਦਾ ਹੈ।

ਪ੍ਰਾਪੇਗੰਡਾ ਕਰਨ ਲਈ

ਮਾਰੀਓਪੋਲ ਇਲਾਕਾ ਯੂਕਰੇਨੀ ਖਾੜਕੂਆਂ ਦਾ ਵੀ ਗੜ੍ਹ ਹੈ, ਇਨ੍ਹਾਂ ਨੂੰ ਐਜੋਵ ਬ੍ਰਿਗੇਡ ਕਿਹਾ ਜਾਂਦਾ ਹੈ। ਭਾਵੇਂ ਕਿ ਇਨ੍ਹਾਂ ਦੀ ਹੋਂਦ ਪੂਰੇ ਯੂਰਕੇਨ ਦੇ ਹਿਸਾਬ ਨਾਲ ਮਾਮੂਲੀ ਜਿਹੀ ਹੈ, ਪਰ ਮਾਰੀਓਪੋਲ ਇਲਾਕੇ ਉੱਤੇ ਕਬਜਾ ਕਰਕੇ ਰੂਸ ਇਸ ਖਾੜਕੂ ਧੜਿਆਂ ਰਾਹੀ ਯੂਕਰੇਨ ਖਿਲਾਫ਼ ਪ੍ਰਚਾਰ ਦਾ ਮੌਕਾ ਹਾਸਲ ਕਰਨਾ ਚਾਹੁੰਦਾ ਹੈ।

ਹੌਸਲੇ ਵਿਚ ਵਾਧਾ

ਮਾਰੀਓਪੋਲ ਉੱਤੇ ਜੇਕਰ ਰੂਸ ਕਬਜਾ ਕਰ ਲੈਂਦਾ ਹੈ ਤਾਂ ਉਸ ਕੋਲ ਆਪਣੇ ਕੰਟਰੋਲ ਵਾਲੇ ਮੀਡੀਆ ਰਾਹੀ ਰੂਸ ਦੇ ਲੋਕਾਂ ਨੂੰ ਇਹ ਦੱਸਣ ਦਾ ਬਹਾਨਾ ਮਿਲ ਜਾਵੇਗਾ ਕਿ ਉਸ ਨੇ ਜੰਗ ਰਾਹੀ ਕੁਝ ਹਾਸਲ ਕੀਤਾ ਹੈ।

ਇਸ ਇਲਾਕੇ ਉੱਤੇ ਕਬਜੇ ਨਾਲ ਰੂਸੀ ਫੌਜਾਂ ਤੇ ਲੋਕਾਂ ਨੂੰ ਹੌਸਲਾ ਮਿਲ ਜਾਵੇਗਾ।

ਗੱਲਬਾਤ ਹੋਵੇਗੀ ਖ਼ਤਮ - ਯੂਕਰੇਨ

ਯੂਕਰੇਨ ਦੇ ਰਾਸ਼ਟਰਪਤੀ ਨੇ ਆਖਿਆ ਕਿ ਮਾਰੀਓਪੋਲ ਵਿੱਚ ਯੂਕਰੇਨੀ ਫ਼ੌਜਾਂ ਅਤੇ ਉੱਥੇ ਮੌਜੂਦ ਲੋਕਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਯੂਕਰੇਨ ਰੂਸ ਨਾਲ ਚੱਲ ਰਹੀ ਗੱਲਬਾਤ ਨੂੰ ਖ਼ਤਮ ਕਰ ਦੇਵੇਗਾ।

ਆਤਮ ਸਮਰਪਣ ਦੇ ਮੁੱਦੇ 'ਤੇ ਉਨ੍ਹਾਂ ਨੇ ਆਖਿਆ,''ਯੂਕਰੇਨ ਨਾ ਆਪਣੇ ਲੋਕਾਂ ਨੂੰ ਰੂਸ ਨੂੰ ਸੌਂਪੇਗਾ ਅਤੇ ਨਾ ਹੀ ਆਪਣੀ ਧਰਤੀ ਨੂੰ।''

ਇਸ ਨਾਲ ਹੀ ਕੀਵ ਦੇ ਮੇਅਰ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਉਪਰ ਰੂਸ ਹੋਰ ਮਿਜ਼ਾਈਲੀ ਹਮਲਾ ਕਰ ਸਕਦਾ ਹੈ ਅਤੇ ਜੋ ਲੋਕ ਸ਼ਹਿਰ ਛੱਡ ਕੇ ਜਾ ਚੁੱਕੇ ਹਨ ਉਹ ਫਿਲਹਾਲ ਵਾਪਸ ਨਾ ਆਉਣ।

ਉਧਰ ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਵੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨਾਲ ਫੋਨ 'ਤੇ ਗੱਲ ਕੀਤੀ ਹੈ ਅਤੇ ਆਖਿਆ ਹੈ ਕਿ ਯੂਕੇ ਰੂਸ ਖ਼ਿਲਾਫ਼ ਲੜਾਈ ਲਈ ਲੋੜੀਂਦਾ ਹਥਿਆਰ ਅਤੇ ਹੋਰ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ।

ਯੂਕੇ ਦੇ ਪ੍ਰਧਾਨ ਮੰਤਰੀ ਉੱਪਰ ਰੂਸ ਜਾਣ 'ਤੇ ਲੱਗੀ ਪਾਬੰਦੀ

ਯੂਕੇ ਵੱਲੋਂ ਲਗਾਤਾਰ ਯੂਕਰੇਨ ਦੀ ਮਦਦ ਦੇ ਵਿਰੋਧ ਰੂਸ ਵੱਲੋਂ ਯੂਕੇ ਦੇ ਪ੍ਰਧਾਨ ਮੰਤਰੀ ਸਮੇਤ 13 ਸੀਨੀਅਰ ਰਾਜਨੀਤਿਕ ਆਗੂਆਂ ਦੇ ਰੂਸ ਆਉਣ ਉੱਪਰ ਰੋਕ ਲਗਾ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇ,ਯੂਕੇ ਦੇ ਵਿਦੇਸ਼ ਸਕੱਤਰ, ਰੱਖਿਆ ਸਕੱਤਰ, ਗ੍ਰਹਿ ਸਕੱਤਰ ਉੱਪਰ ਵੀ ਰੂਸ ਨੇ ਪਾਬੰਦੀ ਲਗਾ ਦਿੱਤੀ ਹੈ।

ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਉੱਪਰ ਵੀ ਰੂਸ ਵੱਲੋਂ ਪਾਬੰਦੀ ਲਗਾਈ ਗਈ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)