ਯੂਕਰੇਨ 'ਚ ਭਾਰਤੀ ਵਿਦਿਆਰਥੀਆਂ ਨੂੰ ਡਾਕਟਰੀ ਦੀ ਪੜ੍ਹਾਈ ਲਈ ਸੀਟ ਦਵਾਉਣ ਵਾਲੇ ਲੋਕ ਕੌਣ ਹਨ

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

ਰੂਸੀ ਹਮਲੇ ਤੋਂ ਬਾਅਦ ਯੂਕਰੇਨ ਤੋਂ ਭੱਜ ਕੇ ਆਪਣੀਆਂ ਜਾਨਾਂ ਬਚਾਉਂਦੇ ਭਾਰਤ ਪਰਤਣ ਵਾਲੇ ਵਿਦਿਆਰਥੀਆਂ ਕੋਲ ਇੱਕ ਕਹਾਣੀ ਹੈ। ਇਹ ਕਹਾਣੀ ਬੰਕਰ 'ਚ ਰਹਿਣ ਜਾਂ ਬੰਬ ਧਮਾਕਿਆਂ ਦੀ ਆਵਾਜ਼ ਤੋਂ ਘਬਰਾ ਕੇ ਰਾਤਾਂ ਨੂੰ ਜਾਗਣ ਦੀ ਨਹੀਂ ਬਲਕਿ ਯੂਕਰੇਨ 'ਚ ਉਨ੍ਹਾਂ ਸੂਤਰਧਾਰ, ਉਨ੍ਹਾਂ ਦੇ ਕੰਟਰੈਕਟਰ ਦੀ ਕਹਾਣੀ ਹੈ।

ਕਿਸੇ ਕਹਾਣੀ 'ਚ ਕੰਟਰੈਕਟਰ ਹੀਰੋ ਅਤੇ ਕਿਸੇ 'ਚ ਉਹ ਖਲਨਾਇਕ ਬਣ ਉਭਰਿਆ ਹੈ, ਪਰ ਉਸ ਦੀ ਮੌਜੂਦਗੀ ਹਰ ਕਹਾਣੀ 'ਚ ਹੈ। ਇਹ ਵੀ ਸਪਸ਼ੱਟ ਹੈ ਕਿ ਚੰਗੇ ਜਾਂ ਮਾੜੇ ਕੰਟਰੈਕਟਰ ਅਤੇ ਉਨ੍ਹਾਂ ਨਾਲ ਚੰਗੇ-ਮਾੜੇ ਸੰਬੰਧ ਯੂਕਰੇਨ 'ਚ ਪੜ੍ਹਾਈ ਦੇ ਤਜ਼ਰਬੇ ਨੂੰ ਤੈਅ ਕਰਦੇ ਹਨ।

ਇਹ ਕੰਟਰੈਕਟਰ ਇੱਕ ਵੱਡੇ ਸਿਸਟਮ ਦੀ ਡਰਾਈਵਿੰਗ ਸੀਟ 'ਤੇ ਬਿਰਾਜਮਾਨ ਹਨ, ਜੋ ਕਿ ਭਾਰਤ ਦੀ ਹਰ ਗਲੀ-ਨੁੱਕੜ 'ਚ ਕੰਮ ਕਰ ਰਹੇ ਏਜੰਟਾਂ ਦੇ ਸੰਪਰਕ 'ਚ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਦੀਆਂ ਯੂਨੀਵਰਸਿਟੀਆਂ ਤੱਕ ਪਹੁੰਚਾਉਂਦੇ ਹਨ।

ਉੱਥੇ ਦਾਖ਼ਲਾ ਦਵਾਉਂਦੇ ਹਨ ਅਤੇ ਬਾਅਦ 'ਚ ਛੇ ਸਾਲਾਂ ਤੱਕ ਉੱਥੇ ਰਹਿਣ, ਖਾਣ-ਪੀਣ ਦੀਆਂ ਸਹੂਲਤਾਵਾਂ ਕਾਰਨ ਆਪਣੇ-ਆਪ ਨਾਲ ਬੰਨ੍ਹੀ ਰੱਖਦੇ ਹਨ।

ਇਹ ਕੰਟਰੈਕਟਰ ਰਸੂਖ਼ਦਾਰ ਹਨ। ਸਾਲ 2020 'ਚ ਕੋਵਿਡ ਮਹਾਂਮਾਰੀ ਦੌਰਾਨ ਇੰਨ੍ਹਾਂ ਨੇ ਘਰ ਪਰਤਣ ਲਈ ਬੇਤਾਬ ਵਿਦਿਆਰਥੀਆਂ ਲਈ ਚਾਰਟਡ ਉਡਾਣਾਂ ਦਾ ਬੰਦੋਬਸਤ ਕੀਤਾ, ਜਿੰਨ੍ਹਾਂ ਦੀ ਟਿਕਟ ਦੀ ਕੀਮਤ ਭਾਰਤ ਸਰਕਾਰ ਵੱਲੋਂ ਚਲਾਈ ਗਈ ਉਡਾਣ ਨਾਲੋਂ ਵੀ ਸਸਤੀ ਸੀ।

ਸਾਲ 2014 'ਚ ਕ੍ਰੀਮੀਆ 'ਤੇ ਰੂਸੀ ਹਮਲੇ ਅਤੇ ਹਾਲ 'ਚ ਹੋਈ ਜੰਗ ਦੌਰਾਨ, ਇੰਨ੍ਹਾਂ ਕੰਟਰੈਕਟਰਾਂ ਨੇ ਵਿਦਿਆਰਥੀਆਂ ਨੂੰ ਸਰਹੱਦ ਤੱਕ ਪਹੁੰਚਾਉਣ ਲਈ ਬੱਸਾਂ ਮੁਹੱਈਆ ਕਰਵਾਈਆਂ।

ਇਹ ਹਨ ਤਾਂ ਭਾਰਤੀ ਪਰ ਯੂਕਰੇਨ 'ਚ ਹੀ ਰਹਿੰਦੇ ਹਨ। ਉੱਥੋਂ ਦੀ ਭਾਸ਼ਾ ਅਤੇ ਆਮ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਹਰ ਸਹੂਲਤ ਉਨ੍ਹਾਂ ਦੀ ਪਹੁੰਚ 'ਚ ਹੈ ਅਤੇ ਹਰ ਸਹੂਲਤ ਦੀ ਇੱਕ ਕੀਮਤ ਵੀ ਹੈ।

ਇਹ ਵੀ ਪੜ੍ਹੋ-

ਅਮਰੀਕ ਸਿੰਘ ਢਿੱਲੋਂ ਖੁਦ ਵੀ ਐਮਬੀਬੀਐਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਆਏ ਸਨ। ਉਨ੍ਹਾਂ ਡਿਗਰੀ ਵੀ ਲਈ ਅਤੇ ਭਾਰਤ ਵੀ ਪਰਤੇ ਪਰ ਕੁਝ ਹੀ ਸਮੇਂ 'ਚ ਉਨ੍ਹਾਂ ਨੂੰ ਯਕੀਨ ਹੋ ਗਿਆ ਸੀ ਕਿ ਡਾਕਟਰੀ ਨਾਲੋਂ ਯੂਕਰੇਨ 'ਚ ਬਤੌਰ ਕੰਟਰੈਕਟਰ ਬਣ ਕੇ ਜ਼ਿਆਦਾ ਫਾਇਦਾ ਹੋ ਸਕਦਾ ਹੈ।

ਅਮਰੀਕ ਨੇ ਵੀਡੀਓ ਕਾਲ ਜ਼ਰੀਏ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਉਹ 20 ਸਾਲਾਂ ਤੋਂ ਇਹ ਕੰਮ ਕਰ ਰਹੇ ਹਨ।

ਸ਼ੁਰੂਆਤ ਤਾਂ ਕ੍ਰੀਮੀਆ ਦੀਆਂ ਯੂਨੀਵਰਸਿਟੀਆਂ ਤੋਂ ਹੋਈ ਸੀ ਪਰ 2014 'ਚ ਰੂਸੀ ਹਮਲੇ ਤੋਂ ਬਾਅਦ ਸਭ ਕੁਝ ਬਦਲ ਗਿਆ।

ਉਨ੍ਹਾਂ ਕਿਹਾ, " ਜਦੋਂ ਇਹ ਹਮਲਾ ਹੋਇਆ ਸੀ ਉਸ ਸਮੇਂ ਉੱਥੇ ਸਾਡੇ ਤਕਰੀਬਨ 3 ਹਜ਼ਾਰ ਵਿਦਿਆਰਥੀ ਮੌਜੁਦ ਸਨ। ਭਾਰਤੀ ਦੂਤਾਵਾਸ ਨੇ ਰੇਲਗੱਡੀ ਮੁਹੱਈਆ ਕਰਵਾਉਣ 'ਚ ਮਦਦ ਕੀਤੀ, ਪਰ ਜ਼ਮੀਨੀ ਪੱਧਰ 'ਤੇ ਤਾਂ ਅਸੀਂ ਹੀ ਸੀ ਜਿੰਨ੍ਹਾਂ ਨੇ ਵਿਦਿਆਰਥੀਆਂ ਦੀ ਪਰੇਸ਼ਾਨੀ ਨੂੰ ਸਮਝਣਾ ਸੀ, ਉਨ੍ਹਾਂ ਨੂੰ ਇੱਕਠਾ ਕਰਨਾ ਸੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਰਾਜਧਾਨੀ ਕੀਵ ਪਹੁੰਚਾਉਣਾ ਸੀ। ਉਸ ਤੋਂ ਬਾਅਦ ਅਸੀਂ ਹੀ ਉਨ੍ਹਾਂ ਦਾ ਯੂਕਰੇਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ 'ਚ ਤਬਦਾਲਾ ਕਰਵਾਇਆ ਤਾਂ ਉਨ੍ਹਾਂ ਦੀ ਪੜ੍ਹਾਈ ਜਾਰੀ ਰਹਿ ਸਕੇ।"

ਪੰਜਾਬ ਦੇ ਮੁਹਾਲੀ ਨਾਲ ਸਬੰਧ ਰੱਖਣ ਵਾਲੇ ਅਮਰੀਕ ਸਿੰਘ ਢਿੱਲੋਂ ਮੁਤਾਬਕ ਉਹ ਹੁਣ ਤੱਕ ਪੰਜ ਹਜ਼ਾਰ ਤੋਂ ਵੀ ਵੱਧ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਲਿਆ ਚੁੱਕੇ ਹਨ।

ਕੰਟਰੈਕਟਰਾਂ ਦੇ ਬਾਵਜੂਦ ਧੋਖਾਧੜੀ

ਯੂਕਰੇਨ ਦੇ ਸਿੱਖਿਆ ਅਤੇ ਵਿਗਿਆਨ ਮੰਤਰਾਲੇ ਦੇ ਸਾਲ 2020 ਦੇ ਅੰਕੜਿਆਂ ਮੁਤਾਬਕ, ਉੱਥੇ ਪੜ੍ਹਨ ਵਾਲੇ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ 'ਚੋਂ ਇੱਕ-ਚੌਥਾਈ ਭਾਰਤ ਤੋਂ ਸਨ।

ਸੋਵੀਅਤ ਸੰਘ ਦੇ ਟੁੱਟ ਜਾਣ ਤੋਂ ਬਾਅਦ ਉੱਚ ਸਿੱਖਿਆ ਦੀਆਂ ਨੀਤੀਆਂ ਅਤੇ ਪ੍ਰਸ਼ਾਸਨ 'ਤੇ ਵਿਆਪਕ ਖੋਜ ਕਰਨ ਵਾਲੇ ਹਾਂਗਕਾਂਗ ਯੂਨੀਵਰਸਿਟੀ ਦੇ ਏਨਾਟੋਲੀ ਓਲੇਕਸੀਏਂਕੋ ਦੇ ਅਨੁਸਾਰ ਸਿੱਖਿਆ ਦੀਆਂ ਘੱਟ ਫੀਸਾਂ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ, ਜਿੰਨ੍ਹਾਂ ਕਰਕੇ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਆ ਕੇ ਪੜ੍ਹਾਈ ਕਰਨ ਲਈ ਰਾਜ਼ੀ ਹੁੰਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ " ਯੂਕਰੇਨ ਨੂੰ ਯੂਰਪੀਅਨ ਸੰਘ ਤੋਂ ਵੀਜ਼ਾ ਫ੍ਰੀ ਰੁਤਬਾ ਮਿਲਣ ਤੋਂ ਬਾਅਦ ਅਤੇ ਉਸ ਦਾ ਸੰਘ ਦਾ ਮੈਂਬਰ ਬਣਨ ਦੀਆਂ ਉਮੀਦਾਂ ਵੱਧਣ ਦੇ ਕਾਰਨ ਯੂਕਰੇਨ ਦੀਆਂ ਡਿਗਰੀਆਂ ਦੇ ਮਹੱਤਵ ਅਤੇ ਉੱਚ ਸਿੱਖਿਆ 'ਚ ਹੋ ਰਹੇ ਨਿਵੇਸ਼ 'ਚ ਵਾਧਾ ਹੋਇਆ ਹੈ।"

ਹਰਿਆਣਾ ਦੇ ਜੀਂਦ ਦੇ ਮਯੰਕ ਗੋਇਲ, ਉੱਤਰ ਪ੍ਰਦੇਸ਼ ਦੇ ਜੌਨਪੁਰ ਇਲਾਕੇ ਦੀ ਗਰਿਮਾ ਪਾਂਡੇ ਅਤੇ ਬਿਹਾਰ ਦੇ ਭਬੂਆ ਦੇ ਅਜੈ ਕੁਮਾਰ ਲਈ ਵੀ ਡਾਕਟਰੀ ਦੀ ਡਿਗਰੀ ਦਾ ਰਾਹ ਯੂਕਰੇਨ ਤੋਂ ਹੀ ਸੀ।

ਸਖ਼ਤ ਮੁਕਾਬਲੇ ਦੇ ਕਾਰਨ ਭਾਰਤ ਦੇ 606 ਕਾਲਜਾਂ ਦੀਆਂ 92,065 ਸੀਟਾਂ 'ਚ ਉਨ੍ਹਾਂ ਨੂੰ ਥਾਂ ਨਾ ਮਿਲੀ। ਪਿਛਲੇ ਸਾਲ ਇੰਨ੍ਹਾਂ ਸੀਟਾਂ ਲਈ 16 ਲੱਖ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਦਿੱਤੀ ਸੀ।

ਵਿਦੇਸ਼ ਜਾਣਾ ਵੀ ਮਹਿੰਗਾ ਸੌਦਾ ਹੈ

ਇੰਨ੍ਹਾਂ ਵਿਦਿਆਰਥੀਆਂ ਲਈ ਯੂਕਰੇਨ ਜਾ ਕੇ ਪੜ੍ਹਾਈ ਕਰਨ ਦਾ ਫੈਸਲਾ ਵੀ ਮਹਿੰਗਾ ਸੌਦਾ ਰਿਹਾ। ਕੰਟਰੈਕਟਰ ਦੇ ਸਿਸਟਮ ਦੇ ਬਾਵਜੂਦ ਇੰਨ੍ਹਾਂ ਤਿੰਨ੍ਹਾਂ ਨਾਲ ਧੋਖਾਧੜੀ ਹੋਈ। ਭਾਰਤ 'ਚ ਜਿੰਨ੍ਹਾਂ ਏਜੰਟਾਂ ਨੇ ਇੰਨ੍ਹਾਂ ਨੂੰ ਯੂਕਰੇਨ 'ਚ ਦਾਖਲਾ ਦਿਵਾਉਣ ਦਾ ਭਰੋਸਾ ਦਿੱਤਾ ਸੀ, ਉਹ ਜਾਂ ਤਾਂ ਇੰਨ੍ਹਾਂ ਤੋਂ ਪੈਸੇ ਲੈ ਕੇ ਭੱਜ ਗਏ ਜਾਂ ਫਿਰ ਦਾਖਲਾ ਕਰਵਾਉਣ 'ਚ ਹੀ ਅਸਮਰੱਥ ਰਹੇ।

ਮਹੀਨਿਆਂ ਤੱਕ ਇੰਤਜਾਰ ਕਰਨ ਤੋਂ ਬਾਅਦ ਇੰਨ੍ਹਾਂ ਨੇ ਹੋਰ ਜਾਣਕਾਰੀ ਇੱਕਠੀ ਕੀਤੀ ਅਤੇ ਕੁਝ ਸੀਨੀਅਰਾਂ ਨਾਲ ਗੱਲ ਕੀਤੀ ਅਤੇ ਯੂਕਰੇਨ 'ਚ ਸਹੀ ਕੰਟਰੈਕਟਰਾਂ ਨਾਲ ਸਿੱਧਾ ਸੰਪਰਕ ਕੀਤਾ। ਹੁਣ ਇਹ ਤਿੰਨੋਂ ਹੀ ਯੂਕਰੇਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਹਨ।

ਕੰਟਰੈਕਟਰਾਂ ਦਾ ਪੂਰਾ ਢਾਂਚਾ ਯੋਜਨਾਬੱਧ ਅਤੇ ਕਾਨੂੰਨੀ ਤਰੀਕੇ ਨਾਲ ਕੰਮ ਕਰਦਾ ਹੈ। ਕੰਟਰੈਕਟਰਾਂ ਦਾ ਭਾਰਤੀ ਸਫ਼ਾਰਤਖਾਨੇ ਅਤੇ ਯੂਕਰੇਨੀ ਯੂਨੀਵਰਸਿਟੀਆਂ ਨਾਲ ਇੱਕ ਸਮਝੌਤਾ ਸਹੀਬੱਧ ਹੁੰਦਾ ਹੈ।

ਵੱਖ-ਵੱਖ ਯੂਨੀਵਰਸਿਟੀਆਂ 'ਚ ਵੱਖ-ਵੱਖ ਕੰਟਰੈਕਟਰ ਤੈਅ ਹਨ। ਇੰਨ੍ਹਾਂ ਨੂੰ ਉੱਥੇ ਭਾਰਤ ਦਾ ਪ੍ਰਤੀਨਿਧੀ ਮੰਨਿਆ ਜਾਂਦਾ ਹੈ ਅਤੇ ਵਿਦਿਆਰਥੀ ਉਨ੍ਹਾਂ ਰਾਂਹੀ ਆਪਣੀ ਸਾਰੀ ਕਾਗਜ਼ੀ ਕਾਰਵਾਈ ਕਰਵਾਉਂਦੇ ਹਨ।

ਕੰਟਰੈਕਟਰਾਂ ਨੂੰ ਹਰ ਸਾਲ ਇੱਕ ਨਿਸ਼ਚਿਤ ਗਿਣਤੀ ਦੇ ਅਧਾਰ 'ਤੇ ਵਿਦਿਆਰਥੀਆਂ ਦਾ ਦਾਖਲਾ ਕਰਵਾਉਣਾ ਹੁੰਦਾ ਹੈ ਇਸ ਲਈ ਹਰ ਵਿਦਿਆਰਥੀ ਤੋਂ ਇੱਕ ਤੋਂ ਦੋ ਲੱਖ ਰੁਪਏ ਲਏ ਜਾਂਦੇ ਹਨ।

ਇਸ ਸਭ ਦੇ ਬਾਵਜੂਦ ਕੰਟਰੈਕਟਰਾਂ ਦੀ ਜਾਣਕਾਰੀ ਪਾਰਦਰਸ਼ੀ ਢੰਗ ਨਾਲ ਹਾਸਲ ਨਹੀਂ ਹੁੰਦੀ ਹੈ।

ਕੁਝ ਵੱਡੇ ਨਾਵਾਂ ਤੋਂ ਇਲਾਵਾ, ਬਾਕੀ ਲੋਕ ਆਪਣੀ ਪਛਾਣ ਦੱਸਣ ਤੋਂ ਵੀ ਝਿਜਕਦੇ ਹਨ।

ਕੰਟਰੈਕਟਰ ਦਾ 'ਚੁੰਗਲ'

ਬ੍ਰਿਟੇਨ, ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਪੱਛਮੀ ਦੇਸ਼ਾਂ 'ਚ ਕੰਟਰੈਕਟਰ ਸਿਸਟਮ ਨਹੀਂ ਹੈ। ਬੋਲਚਾਲ ਦੀ ਭਾਸ਼ਾ ਅੰਗਰੇਜ਼ੀ ਹੋਣ ਕਰਕੇ ਅੰਤਰਰਾਸ਼ਟਰੀ ਵਿਦਿਆਰਥੀ ਯੂਨੀਵਰਸਿਟੀ ਨਾਲ ਸਿੱਧਾ ਸੰਪਰਕ ਕਾਇਮ ਕਰਨ ਦੇ ਯੋਗ ਹੁੰਦੇ ਹਨ।

ਦਿੱਲੀ 'ਚ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਵਾਲੀ ਏਜੰਸੀ ਸਟੱਡੀ ਅਬਰੌਡ ਕੈਂਪਸ' ਦੀ ਸ੍ਰਿਸ਼ਟੀ ਖੇੜਾ ਦਾ ਕਹਿਣਾ ਹੈ, "ਯੂਕਰੇਨ ਵਰਗੇ ਕਈ ਏਸ਼ੀਆਈ ਦੇਸ਼, ਜਿੱਥੇ ਦੂਜੀ ਭਾਸ਼ਾ ਬੋਲੀ ਝਾਂਦੀ ਹੈ, ਜਿਵੇਂ ਕਿ ਕਜ਼ਾਕਿਸਤਾਨ, ਉਜ਼ਬੇਕਿਸਤਾਨ, ਜਾਰਜੀਆ ਆਦਿ 'ਚ ਕੰਟਰੈਕਟਰ ਸਿਸਟਮ ਮੌਜੂਦ ਹੈ। ਅਸੀਂ ਭਾਰਤ ਤੋਂ ਵਿਦਿਆਰਥੀ ਲਿਆਂਦੇ ਹਾਂ ਅਤੇ ਸਾਡੇ ਭਾਈਵਾਲ ਕੰਟਰੈਕਟਰ ਉਨ੍ਹਾਂ ਨੂੰ ਉਸ ਦੇਸ਼ 'ਚ ਦੇਖਦੇ ਹਨ।"

ਕੰਟਰੈਕਟਰਾਂ ਦੀ ਆਮਦਨ ਦਾ ਜ਼ਰੀਆ ਸਿਰਫ ਸ਼ੁਰੂਆਤੀ ਫੀਸ ਹੀ ਨਹੀਂ ਹੁੰਦੀ ਬਲਕਿ ਉਹ ਵਿਦਿਆਰਥੀਆਂ ਲਈ ਹਾਸਟਲ ਚਲਾਉਂਦੇ ਹਨ ਅਤੇ ਨਾਲ ਹੀ ਭਾਰਤੀ ਭੋਜਨ ਮੁਹੱਈਆ ਕਰਵਾਉਣ ਵਾਲੀ 'ਮੇਸ' ਵੀ ਚਲਾਉਂਦੇ ਹਨ। ਇਸ ਸਭ ਦਾ ਖਰਚਾ ਵਿਦਿਆਰਥੀਆਂ ਤੋਂ ਵੱਖਰਾ ਲਿਆ ਜਾਂਦਾ ਹੈ।

ਇੱਕ ਵਿਦਿਆਰਥੀ ਅਨੁਸਾਰ ਇਹ ਹੋਸਟਲ ਛੱਡਣਾ ਸੌਖਾ ਵੀ ਨਹੀਂ ਹੁੰਦਾ ਹੈ।

ਉਹ ਦੱਸਦਾ ਹੈ, "ਜੇਕਰ ਅਸੀਂ ਹਾਸਟਲ ਛੱਡ ਕੇ ਵੱਖਰਾ ਕਮਰਾ ਲੈ ਕੇ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਹਾਸਟਲ ਛੱਡਣ 'ਤੇ ਪੈਸੇ ਦੇਣੇ ਪੈਂਦੇ ਹਨ ਅਤੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਵਾਪਸ ਆਏ ਤਾਂ ਉਸ ਸਮੇਂ ਵੀ ਪਨੈਲਿਟੀ ਲੱਗੇਗੀ, ਮਤਲਬ ਕਿ ਇਹ ਇੱਕ ਅਜਿਹਾ ਸਿਸਟਮ ਹੈ, ਜੋ ਕਿ ਬਹੁਤ ਮਹਿੰਗਾ ਪੈਂਦਾ ਹੈ ਅਤੇ ਤੁਸੀਂ ਉਨ੍ਹਾਂ ਦੇ ਹਾਸਟਲ 'ਚ ਫਸੇ ਰਹਿੰਦੇ ਹੋ।"

ਹਾਲਾਂਕਿ ਵਿਦਿਆਰਥੀ ਇੰਨ੍ਹਾਂ ਸਹੂਲਤਾਂ ਦੀ ਸ਼ਲਾਘਾ ਵੀ ਕਰਦੇ ਹਨ।

ਮਯੰਕ ਗੋਇਲ ਦੱਸਦੇ ਹਨ, "ਪਹਿਲਾਂ ਸਾਰੇ ਇੱਕਠੇ ਰਹਿੰਦੇ ਸੀ। ਪਰ ਹੁਣ ਜਦੋਂ ਤੋਂ ਕੰਟਰੈਕਟਰਾਂ ਨੇ ਹਾਸਟਲ ਚਲਾਉਣਾ ਸ਼ੁਰੂ ਕੀਤਾ ਹੈ, ਉਦੋ ਤੋਂ ਭਾਰਤੀ ਵਿਦਿਆਰਥੀਆਂ ਨੂੰ ਵੱਖ ਅਤੇ ਅਫ਼ਰੀਕੀ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਨੂੰ ਵੱਖ ਰੱਖਿਆ ਜਾਂਦਾ ਹੈ। ਮੇਸ ਦਾ ਵੀ ਵੱਖੋ ਵੱਖ ਪ੍ਰਬੰਧ ਹੈ ਅਤੇ ਅਸੀਂ ਆਪਣੀਆਂ ਪਰੰਪਰਾਵਾਂ ਅਨੁਸਾਰ ਰਹਿ ਸਕਦੇ ਹਾਂ।"

ਕਿਸੇ ਵਿਦਿਆਰਥੀ ਦੇ ਬਿਮਾਰ ਹੋਣ 'ਤੇ ਹਸਪਤਾਲ 'ਚ ਲਿਜਾਣਾ ਜਾਂ ਪੈਸਿਆਂ ਦੀ ਕਮੀ ਦੀ ਸੂਰਤ 'ਚ ਉਧਾਰ ਦੇਣਾ, ਇਹ ਸਭ ਕੰਟਰੈਕਟਰਾਂ ਵੱਲੋਂ ਇੱਕ ਕੀਮਤ 'ਤੇ ਹੀ ਕੀਤਾ ਜਾਂਦਾ ਹੈ।

ਯੂਕਰੇਨ 'ਚ ਪੜ੍ਹ ਰਹੇ ਤਾਮਿਲ ਨਾਡੂ ਦੇ ਵੇਲੂਰ ਕੇ ਬਾਲਾ ਕੁਮਾਰ ਦੇ ਅਨੁਸਾਰ, "ਕੰਟਰੈਕਟਰ ਮਦਦ ਤਾਂ ਕਰਦੇ ਹਨ ਪਰ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਬਹੁਤ ਕੰਟਰੋਲ ਵੀ ਕਰਦੇ ਹਨ, ਜਿਸ ਕਰਕੇ ਸੁਤੰਤਰ ਫੈਸਲੇ ਲੈਣ 'ਚ ਦਿੱਕਤ ਆਉਂਦੀ ਹੈ।"

ਯੂਕਰੇਨੀ ਯੂਨੀਵਰਸਿਟੀਆਂ 'ਚ ਜਮਾ ਵਿਦਿਆਰਥੀਆਂ ਦੇ ਕਾਗਜ਼ ਵੀ ਕੰਟਰੈਕਟਰ ਹੀ ਕਢਵਾਉਂਦੇ ਹਨ। ਮੌਜੂਦਾ ਸਮੇਂ ਜੰਗ ਦੀ ਸਥਿਤੀ 'ਚ ਬਹੁਤ ਸਾਰੇ ਵਿਦਿਆਰਥੀ ਯੂਨੀਵਰਸਿਟੀਆਂ ਬਦਲਣ ਜਾਂ ਹੋਰ ਦੇਸ਼ਾਂ 'ਚ ਜਾਣ ਦੇ ਇੱਛੁਕ ਹਨ।

ਇਹ ਫੈਸਲਾ ਨਾ ਹੀ ਕੰਟਰੈਕਟਰ ਦੇ ਹੱਕ 'ਚ ਹੋਵੇਗਾ ਅਤੇ ਨਾ ਹੀ ਯੂਨੀਵਰਸਿਟੀਆਂ ਦੇ।

ਕਈ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕੰਟਰੈਕਟਰ ਉਨ੍ਹਾਂ ਨੂੰ ਯੂਕਰੇਨ ਵਾਪਸ ਪਰਤਨ ਦੀ ਸਲਾਹ ਦੇ ਰਹੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪੜ੍ਹਾਈ ਜਾਰੀ ਰੱਖਣ 'ਚ ਕੰਟਰੈਕਟਰ ਦੀ ਭੂਮਿਕਾ

ਅਮਰੀਕ ਢਿੱਲੋਂ ਅਨੁਸਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੇ ਭਾਰਤ ਸਮੇਤ ਯੂਕਰੇਨ ਦੇ ਗੁਆਂਢੀ ਦੇਸ਼ਾਂ ਦੇ ਦੂਤਾਵਾਸਾਂ ਨਾਲ ਸੰਪਰਕ ਕਾਇਮ ਕੀਤਾ ਅਤੇ ਵਿਦਿਆਰਥੀਆਂ ਨੂੰ ਉੱਥੋਂ ਬਾਹਰ ਕੱਢਣ ਦੇ ਕੰਮ 'ਚ ਲੱਗ ਗਏ।

ਉਨ੍ਹਾਂ ਦਾ ਮੋਬਾਇਲ ਨੰਬਰ ਸਰਕਾਰੀ ਐਡਵਾੲਜ਼ਿਰੀ 'ਚ ਛਾਪਿਆ ਗਿਆ ਅਤੇ ਕਈ ਦਿਨਾਂ ਤੱਕ ਉਨ੍ਹਾਂ ਨੂੰ ਪਰੇਸ਼ਾਨ ਮਾਪਿਆਂ ਦੇ ਫੋਨ ਆਉਂਦੇ ਰਹੇ।

ਉਹ ਦੱਸਦੇ ਹਨ, " ਮੈਂ ਪੰਜਾਬ ਤੋਂ ਹਾਂ, ਜਿੱਥੇ ਸਾਨੂੰ ਸਿਖਾਇਆ ਜਾਂਦਾ ਹੈ ਕਿ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਸ ਤੋਂ ਭੱਜਣਾ ਨਹੀਂ ਹੈ, ਬਲਕਿ ਉਸ ਦਾ ਡੱਟ ਕੇ ਸਾਹਮਣਾ ਕਰਨਾ ਹੈ। ਦੂਤਾਵਾਸ ਦੇ ਲੋਕ ਤਾਂ ਜ਼ਮੀਨੀ ਪੱਧਰ ਤੱਕ ਪਹੁੰਚ ਨਹੀਂ ਸਕਦੇ ਸਨ, ਇਸ ਲਈ ਅਸੀਂ ਹੀ ਵਿਦਿਆਰਥੀਆਂ ਦੇ ਰਹਿਣ-ਸਹਿਣ ਦਾ ਬੰਦੋਬਸਤ ਕੀਤਾ। ਉਜ਼ਗਰੋਵ ਯੂਨੀਵਰਸਿਟੀ ਤੋਂ ਬਾਅਦ ਲਵੀਵ ਅਤੇ ਖਾਰਕੀਵ ਦੇ ਵਿਦਿਆਰਥੀਆਂ ਨੂੰ ਵੀ ਬਾਹਰ ਕੱਢਿਆ।"

ਢਿੱਲੋਂ ਦਾ ਦਾਅਵਾ ਹੈ ਕਿ ਇਸ ਸਭ ਲਈ ਉਨ੍ਹਾਂ ਨੇ ਵਿਦਿਆਰਥੀਆਂ ਤੋਂ ਪੈਸੇ ਨਹੀਂ ਲਏ ਹਨ। ਪਰ ਕਈ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਵਿਦਿਆਰਥੀਆਂ ਨੇ ਦੱਸਿਆ ਹੈ ਕਿ ਕੰਟਰੈਕਟਰਾਂ ਨੇ ਚੰਗੀ ਰਕਮ ਲੈ ਕੇ ਹੀ ਬੱਸਾਂ ਅਤੇ ਟੈਕਸੀਆਂ ਮੁਹੱਈਆ ਕਰਵਾਈਆਂ ਹਨ।

ਭਾਰਤ ਸੁਰੱਖਿਅਤ ਪਰਤ ਚੁੱਕੇ ਇੰਨ੍ਹਾਂ ਵਿਦਿਆਰਥੀਆਂ ਦੀ ਸਭ ਤੋਂ ਵੱਡੀ ਪਰੇਸ਼ਾਨੀ ਆਪਣੀ ਪੜ੍ਹਾਈ ਜਾਰੀ ਰੱਖਣਾ ਹੈ।

ਯੂਕਰੇਨ ਦੀਆਂ ਯੂਨੀਵਰਸਿਟੀਆਂ ਨੇ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਕੁਝ ਬੱਚੇ ਇਸ ਦਾ ਸਿਹਰਾ ਵੀ ਕੰਟਰੈਕਟਰਾਂ ਵੱਲੋਂ ਪਾਏ ਗਏ ਦਬਾਅ ਨੂੰ ਦਿੰਦੇ ਹਨ। ਪਰ ਪ੍ਰੈਕਟਿਕਲ ਸਿਖਲਾਈ ਤੋਂ ਬਿਨ੍ਹਾਂ ਡਾਕਟਰੀ ਦੀ ਪੜ੍ਹਾਈ ਹੀ ਅਧੂਰੀ ਹੈ।

ਯੂਕਰੇਨ ਦੇ ਸਿੱਖਿਆ ਮੰਤਰਾਲੇ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿਭਾਗ ਦੀ ਡਾਇਰੈਕਟਰ ਡਾ ਓਲੇਨਾ ਸ਼ਾਪੋਵਾਲੋਵਾ ਨੇ ਇੱਕ ਈਮੇਲ ਰਾਂਹੀ ਭਰੋਸਾ ਦਿੱਤਾ ਹੈ ਕਿ " ਸਾਰੇ ਵਿਦਿਆਰਥੀ ਆਨਲਾਈਨ ਅਤੇ ਆਫਲਾਈਨ ਤਰੀਕੇ ਨਾਲ ਆਪਣੀ ਪੜ੍ਹਾਈ ਕਾਰੀ ਰੱਖ ਸਕਣਗੇ। ਉਹ ਯੂਰਪੀਅਨ ਯੂਨੀਅਨ ਜਾਂ ਭਾਰਤ ਜਾਂ ਫਿਰ ਯੂਕਰੇਨ ਦੇ ਸੁਰੱਖਿਅਤ ਹਿੱਸਿਆਂ 'ਚ ਸਥਿਤ ਕਲੀਨਿਕਾਂ 'ਚ ਪ੍ਰੈਕਟਿਸ ਵੀ ਕਰ ਸਕਦੇ ਹਨ।"

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਭਾਰਤੀ ਸੰਸਦ 'ਚ ਭਰੋਸਾ ਦਿੱਤਾ ਹੈ ਕਿ ਵਿਦਿਆਰਥੀਆਂ ਦੇ ਤਬਾਦਲੇ ਲਈ ਯੂਕਰੇਨ ਦੇ ਗੁਆਂਢੀ ਦੇਸ਼ਾਂ , ਪੋਲੈਂਡ, ਜਰਮਨੀ, ਕਜ਼ਾਕਿਸਤਾਨ ਅਤੇ ਰੋਮਾਨੀਆ ਨਾਲ ਭਾਰਤ ਦੀ ਗੱਲਬਾਤ ਚੱਲ ਰਹੀ ਹੈ। ਪਰ ਇਹ ਇੰਨ੍ਹਾਂ ਆਸਾਨ ਨਹੀਂ ਹੈ।

ਭਾਰਤ ਦੇ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਇੱਕ ਹੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਮੁਕੰਮਲ ਕਰਨੀ ਲਾਜ਼ਮੀ ਹੈ ਅਤੇ ਨਾਲ ਹੀ ਪ੍ਰੈਕਟਿਕਲ ਸਿਖਲਾਈ ਵੀ।

ਏਨਾਟੋਲੀ ਓਲੇਕਸੀਏਂਕੇ ਦਾ ਮੰਨਣਾ ਹੈ ਕਿ ਇਸ ਸਭ ਦੇ ਬਾਵਜੂਦ ਯੂਕਰੇਨ ਮੈਡੀਕਲ ਪੜ੍ਹਾਈ ਦਾ ਕੇਂਦਰ ਬਣਿਆ ਰਹੇਗਾ।

" ਜੰਗ ਦਾ ਇੱਕ ਫਾਇਦਾ ਹੋਵੇਗਾ , ਕਿਉਂਕਿ ਉਸ ਦੇ ਕਾਰਨ ਹੀ ਇੱਥੇ ਡਾਕਟਰੀ ਖੇਤਰ 'ਚ ਕਈ ਚੀਜ਼ਾਂ ਦਾ ਤਜ਼ਰਬਾ ਵਧਿਆ ਹੈ, ਖਾਸ ਕਰਕੇ ਸਰਜਰੀ ਅਤੇ ਐਮਰਜੈਂਸੀ ਮੈਡੀਸਨ ਦੇ ਖੇਤਰ 'ਚ।"

ਕੰਟਰੈਕਟਰ ਵੀ ਜੰਗ ਦੇ ਛੇਤੀ ਖ਼ਤਮ ਹੋਣ ਅਤੇ ਆਫਲਾਈਨ ਕਲਾਸ਼ਾਂ ਸ਼ੁਰੂ ਹੋਣ ਦੀ ਉਮੀਦ ਪ੍ਰਗਟਾ ਰਹੇ ਹਨ। ਪਰ ਵਿਦਿਆਰਥੀਆਂ ਦੀ ਚਿੰਤਾ ਬਰਕਰਾਰ ਹੈ।

ਹੁਣ ਉਨ੍ਹਾਂ ਦਾ ਕਹਿਣਾ ਹੈ, " ਹੁਣ ਸਾਨੂੰ ਆਪਣਾ ਅੱਗੇ ਦਾ ਰਾਹ ਆਪਣੀ ਹੀ ਸਮਝ ਅਨੁਸਾਰ ਖੁਦ ਤੈਅ ਕਰਨਾ ਪਵੇਗਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)