ਭਗਵੰਤ ਮਾਨ ਨੇ ਬਾਕੀ ਮੁੱਖ ਮੰਤਰੀਆਂ ਨਾਲੋਂ ਕੀ ਵੱਖਰਾ ਕੀਤਾ- 5 ਨੁਕਤੇ

    • ਲੇਖਕ, ਪ੍ਰਿਅੰਕਾ ਧੀਮਾਨ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ ਤੇ ਭਗਵੰਤ ਮਾਨ ਨੇ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਵੀ ਚੁੱਕ ਲਈ ਹੈ।

ਉਨ੍ਹਾਂ ਦਾ ਇਹ ਸਹੁੰ ਚੁੱਕ ਸਮਾਗਮ ਰਾਜ ਭਵਨ ਵਿੱਚ ਨਹੀਂ ਸਗੋਂ ਭਾਰਤ ਦੇ ਆਜ਼ਾਦੀ ਘੁਲਾਈਟੇ ਭਗਤ ਸਿੰਘ ਦੇ ਪੁਰਖਿਆਂ ਦੇ ਪਿੰਡ ਖਟਕੜ ਕਲਾਂ ਵਿੱਚ ਹੋਇਆ।

ਚੋਣ ਨਤੀਜਿਆਂ ਦੇ ਆਉਣ ਤੋਂ ਬਾਅਦ ਤੋਂ ਹੀ ਭਗਵੰਤ ਮਾਨ ਖੁਦ ਨੂੰ ਹੋਰਾਂ ਮੁੱਖ ਮੰਤਰੀਆਂ ਤੋਂ ਕੁਝ ਵੱਖਰਾ ਪੇਸ਼ ਕਰਨ ਦੀ ਜੱਦੋਜਹਿਦ ਵਿੱਚ ਜੁਟੇ ਹੋਏ ਹਨ।

1. ਖਟਕੜ ਕਲਾਂ ਵਿੱਚ ਸਹੁੰ ਚੁੱਕ ਸਮਾਗਮ

ਭਗਵੰਤ ਮਾਨ ਪੰਜਾਬ ਦੇ ਪਹਿਲੇ ਅਜਿਹੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਖਟਕੜ ਕਲਾਂ ਵਿਖੇ ਸਹੁੰ ਚੁੱਕੀ ਹੈ ਹਾਲਾਂਕਿ ਰਾਜ ਭਵਨ ਤੋਂ ਬਾਹਰ ਪਹਿਲਾਂ ਕਈ ਹੋਰ ਮੁੱਖ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੱਸਦੇ ਹਨ ਕਿ ਰਾਜ ਭਵਨ ਤੋਂ ਬਾਹਰ ਚਾਰ ਪ੍ਰੋਗਰਾਮ ਹੋ ਚੁੱਕੇ ਹਨ।

1997 ਤੇ 2007 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਪੀਸੀਏ ਸਟੇਡੀਅਮ ਮੁਹਾਲੀ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।

2012 ਵਿੱਚ ਵੀ ਉਨ੍ਹਾਂ ਨੇ ਰਾਜ ਭਵਨ ਤੋਂ ਬਾਹਰ ਚੱਪੜਚਿੜੀ ਵਿੱਚ ਬੰਦਾ ਸਿੰਘ ਬਹਾਦਰ ਮੈਮੋਰੀਅਲ ਵਿੱਚ ਸਹੁੰ ਚੁੱਕੀ ਸੀ।

ਸਾਲ 2009 ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਅੰਮ੍ਰਿਤਸਰ ਵਿੱਚ ਵੱਡੇ ਪੱਧਰ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਦੇ ਸੰਪਾਦਕ ਅਤੁਲ ਸੰਗਰ ਕਹਿੰਦੇ ਹਨ, "ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਖਾਲਿਸਤਾਨੀ ਅਤੇ ਰਾਸ਼ਟਰਵਾਦੀ ਏਜੰਡੇ ਉੱਤੇ ਚੱਲਣ ਦੇ ਇਲਜ਼ਾਮ ਝੱਲਣੇ ਪਏ ਹਨ।"

ਖਟਕੜ ਕਲਾਂ ਵਿੱਚ ਸਹੁੰ ਚੁੱਕ ਸਮਾਗਮ ਕਰਕੇ ਅਤੇ ਭਗਤ ਸਿੰਘ ਨੂੰ ਆਪਣਾ ਆਦਰਸ਼ ਹੀਰੋ ਦੱਸ ਕੇ ਆਮ ਆਦਮੀ ਪਾਰਟੀ ਨੇ ਆਪਣੇ ਖਿਲਾਫ਼ ਹੁੰਦੇ ਸਿਆਸੀ ਪ੍ਰਚਾਰ ਦਾ ਸਪੱਸ਼ਟ ਜਵਾਬ ਦਿੱਤਾ ਹੈ।

2. ਬਸੰਤੀ ਰੰਗ

ਭਗਵੰਤ ਮਾਨ ਨੇ ਜਦੋਂ ਦਾ ਸਿਆਸਤ ਵਿੱਚ ਪੈਰ ਧਰਿਆ ਹੈ ਉਨ੍ਹਾਂ ਨੂੰ ਜ਼ਿਆਦਾਤਰ ਬਸੰਤੀ ਰੰਗ ਦੀ ਪੱਗ ਵਿੱਚ ਦੇਖਿਆ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਲਈ ਵੀ ਉਨ੍ਹਾਂ ਨੇ ਇਹੀ ਰੰਗ ਚੁਣਿਆ ਹੈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਮਰਦ ਉਨ੍ਹਾਂ ਦੇ ਸਮਾਗਮ ਵਿੱਚ ਬਸੰਤੀ ਪੱਗਾਂ ਤੇ ਔਰਤਾਂ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਪਹੁੰਚਣ ਤੇ ਅਜਿਹਾ ਹੋਇਆ ਵੀ। ਕਿਹਾ ਜਾਵੇ ਤਾਂ ਪੂਰਾ ਸਹੁੰ ਚੁੱਕ ਸਮਾਗਮ ਹੀ ਬਸੰਤੀ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਸੀ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, "ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਵਿੱਚ ਬਸੰਤੀ ਰੰਗ ਦੀ ਚੜ੍ਹਤ ਹੋਈ ਹੈ, ਇਸ ਤੋਂ ਪਹਿਲਾਂ ਅਕਾਲੀ ਦਲ ਨੀਲੇ ਰੰਗ ਨੂੰ ਆਪਣੇ ਪ੍ਰਤੀਕ ਦੇ ਤੌਰ 'ਤੇ ਦਰਸਾਉਂਦਾ ਰਿਹਾ ਹੈ। ਹਾਲਾਂਕਿ ਕਾਂਗਰਸ ਪਾਰਟੀ ਨੇ ਕਿਸੇ ਇੱਕ ਖਾਸ ਰੰਗ ਨੂੰ ਅਹਿਮੀਅਤ ਨਹੀਂ ਦਿੱਤੀ।"

ਜਗਤਾਰ ਸਿੰਘ ਮੰਨਦੇ ਹਨ ਕਿ ਬਸੰਤੀ ਰੰਗ ਦੀ ਵਚਨਬੱਧਤਾ ਭਗਤ ਸਿੰਘ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਹੈ। ਦੂਜੇ ਪਾਸੇ ਅਕਾਲੀ ਦਲ ਦਾ ਨੀਲਾ ਰੰਗ ਸਿੱਖਾਂ ਦੇ ਸੰਘਰਸ਼ਾਂ ਨੂੰ ਦਰਸਾਉਂਦਾ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਕਾਂਗਰਸ ਆਗੂ ਮਨਪ੍ਰੀਤ ਸਿੰਘ ਬਾਦਲ ਵੀ ਬਸੰਤੀ ਰੰਗ ਨੂੰ ਸਿਆਸਤ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਚੁੱਕੇ ਹਨ ਜਦੋਂ ਉਨ੍ਹਾਂ ਨੇ ਅਕਾਲੀ ਦਲ ਤੋ ਵੱਖ ਹੋ ਕੇ ਆਪਣੀ ਪਾਰਟੀ ਪੀਪੀਪੀ ਬਣਾਈ ਸੀ। ਮਨਪ੍ਰੀਤ ਬਾਦਲ ਨੇ ਉਦੋਂ ਆਪਣੇ ਉਮੀਦਵਾਰਾਂ ਨੂੰ ਪੀਲੀਆਂ ਪੰਗਾਂ ਬੰਨਣ ਦੀ ਗੁਜਾਰਿਸ਼ ਕੀਤੀ।

ਭਗਵੰਤ ਮਾਨ ਵੀ ਉਸ ਸਮੇਂ ਉਨ੍ਹਾਂ ਦੀ ਪਾਰਟੀ ਨਾਲ ਜੁੜੇ ਸਨ।

3. ਸਰਕਾਰੀ ਦਫਤਰਾਂ ਵਿੱਚ ਭਗਤ ਸਿੰਘ ਤੇ ਡਾ. ਬੀਆਰ ਅੰਬੇਡਕਰ ਦੀ ਤਸਵੀਰ

ਜਿਸ ਦਿਨ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਸਨ, ਉਸੇ ਦਿਨ ਹੀ ਭਗੰਵਤ ਮਾਨ ਨੇ ਇੱਕ ਐਲਾਨ ਕੀਤਾ ਸੀ।

ਐਲਾਨ ਇਹ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ਵਿੱਚ ਭਾਰਤ ਦੇ ਆਜਾਦੀ ਘੁਲਾਟੀਏ ਭਗਤ ਸਿੰਘ ਅਤੇ ਦੇਸ਼ ਦਾ ਸੰਵਿਧਾਨ ਲਿਖਣ ਵਾਲੇ ਡਾ. ਬੀ ਆਰ ਅੰਬੇਡਕਰ ਦੀ ਤਸਵੀਰ ਲੱਗੇਗੀ।

ਇਸ ਤੋਂ ਪਹਿਲਾਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ, ਦੇਸ਼ ਦੇ ਰਾਸ਼ਟਰਪਤੀ ਅਤੇ ਮੋਹਨਦਾਸ ਕਰਮਚੰਦ ਗਾਂਧੀ ਦੀ ਤਸਵੀਰ ਲਗਾਈ ਜਾਂਦੀ ਸੀ।

4. ਸਰਕਾਰ ਚੰਡੀਗੜ੍ਹ ਤੋਂ ਨਹੀਂ,ਹਲਕਿਆਂ,ਵਾਰਡਾਂ ਤੇ ਪਿੰਡਾਂ ਤੋਂ ਚੱਲੇਗੀ

92 ਸੀਟਾਂ ਉੱਤੇ ਜਿੱਤ ਹਾਸਲ ਕਰਨ ਮਗਰੋਂ ਭਗਵੰਤ ਮਾਨ ਨੇ ਪਹਿਲੀ ਵਾਰ ਆਪਣੇ ਵਿਧਾਇਕਾਂ ਨੂੰ ਸੰਬੋਧਿਤ ਕੀਤਾ ਸੀ।

ਉਨ੍ਹਾਂ ਨਸੀਹਤ ਦਿੱਤੀ ਕਿ ਸਰਕਾਰ ਚੰਡੀਗੜ੍ਹ ਤੋਂ ਨਹੀਂ ਸਗੋਂ ਹਲਕਿਆਂ, ਵਾਰਡਾਂ ਅਤੇ ਪਿੰਡਾਂ ਤੋਂ ਚੱਲੇਗੀ। ਉਨ੍ਹਾਂ ਨੇ ਕਿਹਾ ਕਿ ਜਿੰਨਾ ਹੋ ਸਕੇ ਘੱਟੋ ਤੋਂ ਘੱਟ ਚੰਡੀਗੜ੍ਹ ਵਿੱਚ ਰਹੋ, ਵਿਧਾਇਕ ਆਪਣੇ ਹਲਕਿਆਂ ਤੋਂ ਕੰਮ ਕਰਨਗੇ।

ਤੁਹਾਨੂੰ ਦੱਸ ਦਈਏ ਕਿ ਚੁਣੇ ਗਏ ਸਾਰੇ ਵਿਧਾਇਕਾਂ, ਮੰਤਰੀਆਂ ਤੇ ਮੁੱਖ ਮੰਤਰੀਆਂ ਨੂੰ ਚੰਡੀਗੜ੍ਹ ਵਿੱਚ ਸਰਕਾਰੀ ਘਰ ਅਲਾਟ ਹੁੰਦੇ ਹਨ।

ਕੈਬਨਿਟ ਤੇ ਮੁੱਖ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਣ ਵਾਲੀਆਂ ਬਾਕੀ ਬੈਠਕਾਂ ਵੀ ਚੰਡੀਗੜ੍ਹ ਵਿੱਚ ਹੀ ਹੁੰਦੀਆਂ ਹਨ।

ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨੂੰ ਨਿਰਦੇਸ਼ ਦਿੰਦੇ ਹੋਏ ਇਹ ਐਲਾਨ ਤਾਂ ਜ਼ਰੂਰ ਕੀਤਾ ਹੈ ਪਰ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਉੱਤੇ ਅਮਲ ਕਿੰਨਾ ਹੁੰਦਾ ਹੈ।

ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਵੀ ਖੁਦ ਨੂੰ ਲੋਕਾਂ ਨਾਲ ਜੋੜਨ ਲਈ ਸੰਗਤ ਦਰਸ਼ਨ ਦਾ ਪ੍ਰੋਗਰਾਮ ਕਰਦੇ ਰਹੇ ਹਨ। ਜਿਸ ਤਹਿਤ ਉਹ ਪਿੰਡ-ਪਿੰਡ ਜਾ ਕੇ ਲੋਕਾਂ ਵਿੱਚ ਬੈਠਦੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਸਨ।

5. ਭਗਤ ਸਿੰਘ ਦੇ ਪਿੰਡ ਵਿੱਚ ਸਹੁੰ ਚੁੱਕ ਸਮਾਗਮ ਅਤੇ ਕਰੋੜਾਂ ਦਾ ਖਰਚ

ਖਟਕੜ ਕਲਾਂ ਵਿੱਚ ਰੱਖੇ ਗਏ ਇਸ ਪ੍ਰੋਗਰਾਮ ਵਿੱਚ ਸਿਰਫ਼ ਭਗਵੰਤ ਮਾਨ ਨੇ ਹੀ ਸੀਐੱਮ ਅਹੁਦੇ ਦੀ ਸਹੁੰ ਚੁੱਕੀ। ਹਾਲਾਂਕਿ ਜਿਆਦਾਤਰ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਇੱਕੋ ਹੀ ਦਿਨ ਰਾਜ ਭਵਨ ਵਿੱਚ ਸਹੁੰ ਚੁੱਕਦੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਆਪਣੇ ਆਪ ਨੂੰ ਇੱਕ ਆਮ ਆਦਮੀ ਦੇ ਤੌਰ 'ਤੇ ਪੇਸ਼ ਕਰਨ ਵਾਲੇ ਭਗਵੰਤ ਮਾਨ ਦੇ ਰੋਡ ਸ਼ੋਅ ਅਤੇ ਸਹੁੰ ਚੁੱਕ ਸਮਾਗਮ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਗਏ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ," ਇਹ ਸਾਰਾ ਪੈਸਾ ਸਰਕਾਰੀ ਖਜਾਨੇ ਵਿੱਚੋਂ ਹੀ ਵਰਤਿਆ ਗਿਆ ਹੈ ਅਤੇ ਪਹਿਲੀ ਵਾਰ ਹੈ ਕਿ ਐਨੇ ਵੱਡੇ ਪੱਧਰ 'ਤੇ ਸਹੁੰ ਚੁੱਕ ਸਮਾਗਮ ਲਈ ਖਰਚਾ ਕੀਤਾ ਗਿਆ ਹੋਵੇ। ਜਿਸ ਨੂੰ ਟਾਲਿਆ ਵੀ ਜਾ ਸਕਦਾ ਸੀ।"

ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿੱਚ ਡਿਪਟੀ ਸੀਐਮ ਵਜੋਂ ਹੋਏ ਸਹੁੰ ਚੁੱਕੀ ਸੀ ਤਾਂ ਉੱਥੇ ਵੀ ਲਗਭਗ ਇਸਦੇ ਬਰਾਬਰ ਹੀ ਖਰਚਾ ਹੋਇਆ ਸੀ।

ਅਤੁਲ ਸੰਗਰ ਕਹਿੰਦੇ ਹਨ," ਭਗਤ ਸਿੰਘ ਪੰਜਾਬ ਅਤੇ ਭਾਰਤ ਦੇ ਇੱਕ ਵੱਡੇ ਆਈਕਨ ਹਨ ਤੇ ਵਾਰ-ਵਾਰ ਉਨ੍ਹਾਂ ਦੀ ਗੱਲ ਹੁੰਦੀ ਹੈ। ਆਮ ਆਦਮੀ ਪਾਰਟੀ ਨੇ ਉਨ੍ਹਾਂ ਦੀ ਸੋਚ ਨੂੰ ਆਪਣੇ ਆਦਰਸ਼ ਵਜੋਂ ਦਰਸਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸ ਵਿਚਾਰ ਦੀ ਸਿਆਸੀ ਧਿਰ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)