ਯੂਕਰੇਨ ਰੂਸ ਜੰਗ: ਪੁਤਿਨ ਕੀ ਚਾਹੁੰਦੇ ਹਨ ਅਤੇ ਕੀ ਰੂਸ ਲੜਾਈ ਬੰਦ ਕਰੇਗਾ

    • ਲੇਖਕ, ਪੌਲ ਕਿਰਬੀ
    • ਰੋਲ, ਬੀਬੀਸੀ ਪੱਤਰਕਾਰ

ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 4.4 ਕਰੋੜ ਅਬਾਦੀ ਵਾਲੇ ਆਪਣੇ ਗੁਆਂਢੀ ਦੇਸ ਯੂਕਰੇਨ ਉੱਪਰ ਹਮਲਾ ਕੀਤਾ ਤਾਂ ਉਨ੍ਹਾਂ ਦਾ ਤਰਕ ਸੀ ਕਿ ਪੱਛਮੀ ਝੁਕਾਅ ਦਾ ਮਾਲਕ ਇਹ ਦੇਸ ਰੂਸ ਲਈ ਲਗਾਤਾਰ ਖ਼ਤਰਾ ਬਣਿਆ ਹੋਇਆ ਸੀ।

ਰੂਸ ਉਸਦੀ ਮੌਜੂਦਗੀ ਵਿੱਚ ਸੁਰੱਖਿਅਤ ਨਹੀਂ ਰਹਿ ਸਕਦਾ, ਤਰੱਕੀ ਨਹੀਂ ਕਰ ਸਕਦਾ ਅਤੇ ਕਾਇਮ ਨਹੀਂ ਰਹਿ ਸਕਦਾ।

ਹਾਲਾਂਕਿ ਹਫ਼ਤਿਆਂ ਦੀ ਗੋਲੀਬਾਰੀ ਅਤੇ ਲੱਖਾਂ ਲੋਕਾਂ ਦੇ ਉਜਾੜੇ ਤੋਂ ਬਾਅਦ ਸਵਾਲ ਕਾਇਮ ਹੈ ਕਿ ਰੂਸ ਚਾਹੁੰਦਾ ਕੀ ਹੈ ਅਤੇ ਇਸ ਜੰਗ ਵਿੱਚੋਂ ਨਿਕਲਣ ਦਾ ਰਸਤਾ ਕੀ ਹੈ?

ਪੁਤਿਨ ਕੀ ਚਾਹੁੰਦੇ ਹਨ?

ਹਮਲੇ ਸਮੇਂ ਜਿਹੜੇ ਉਦੇਸ਼ ਉਨ੍ਹਾਂ ਨੇ ਤੈਅ ਕੀਤੇ ਸਨ ਅਤੇ ਯਕੀਨ ਕਰ ਰਹੇ ਸਨ ਕਿ ਜਲਦੀ ਹੀ ਹਾਸਲ ਕਰ ਲਏ ਜਾਣਗੇ। ਲਗਦਾ ਹੈ ਨਾਲੀ ਵਿੱਚ ਵਹਿ ਚੁੱਕੇ ਹਨ।

ਇਹ ਹਮਲੇ ਲਈ ਉਨ੍ਹਾਂ ਨੇ ''ਵਿਸ਼ੇਸ਼ ਫ਼ੌਜੀ ਕਾਰਵਾਈ'' ਸ਼ਬਦ ਦੀ ਵਰਤੋਂ ਕੀਤੀ ਅਤੇ ਸਪੱਸ਼ਟ ਤੌਰ 'ਤੇ ਹਮਲਾ ਜਾਂ ਜੰਗ ਕਹਿਣ ਤੋਂ ਵੀ ਗੁਰੇਜ਼ ਕੀਤਾ ਸੀ।

ਹਾਲਾਂਕਿ ਇਹ ਸਪੱਸ਼ਟ ਹੈ ਕਿ ਉਹ ਇਸ ਨੂੰ ਰੂਸੀ ਇਤਿਹਾਸ ਦਾ ਅਹਿਮ ਮੋੜ ਜ਼ਰੂਰ ਮੰਨਦੇ ਹਨ। ਰੂਸ ਦੇ ਵਿਦੇਸ਼ੀ ਇੰਟੈਲੀਜੈਂਸ ਚੀਫ਼ ਸਰਗੇ ਨਰਸ਼ਕਿਨ ਨੇ ਕਿਹਾ ਸੀ, ''ਰੂਸ ਦਾ ਭਵਿੱਖ ਅਤੇ ਦੁਨੀਆਂ ਵਿੱਚ ਇਸ ਦਾ ਕੀ ਥਾਂ ਹੋਵੇਗਾ, ਉਹ ਦਾਅ 'ਤੇ ਹੈ।''

ਰੂਸੀ ਆਗੂ ਦਾ ਮੁਢਲਾ ਨਿਸ਼ਾਨਾ ਯੂਕਰੇਨ ਵਿੱਚ ਆਪਣੀ ਕਠਪੁਤਲੀ ਸਰਕਾਰ ਕਾਇਮ ਕਰਨਾ ਹੈ। ਇਸਦੇ ਨਾਲ ਹੀ ਯੂਕਰੇਨ ਦੇ ਪੱਛਮੀ ਸ਼ਕਤੀਆਂ ਨਾਲ ਹੱਥ ਮਿਲਾਉਣ ਦੀ ਕਿਸੇ ਵੀ ਸੰਭਾਵਨਾ ਨੂੰ ਮੂਲੋਂ ਖ਼ਤਮ ਕਰਨਾ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਰੂਸ ਦੇ ਲੋਕਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਮਸਕਦ ਉਨ੍ਹਾਂ ਲੋਕਾਂ ਦੀ ਰਾਖੀ ਕਰਨਾ ਹੈ ਜਿਨ੍ਹਾਂ ਨੂੰ ਯੂਕਰੇਨ ਵੱਲੋਂ ਤਸ਼ਦੱਦ ਅਤੇ ਬੀਜਨਾਸ਼ ਦਾ ਸ਼ਿਕਾਰ ਬਣਾਇਆ ਹੈ ਤੇ ਇਸ ਲਈ ਯੂਕਰੇਨ ਨੂੰ ''ਬੇਫ਼ੌਜ ਕਰਨਾ'' ਅਤੇ ਇਸਦਾ ''ਨਾਜ਼ੀਕਰਨ'' ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਸੀ, ''ਯੂਕਰੇਨ ਦੀ ਧਰਤੀ 'ਤੇ ਕਬਜ਼ਾ ਕਰਨ ਦੀ ਸਾਡੀ ਕੋਈ ਯੋਜਨਾ ਨਹੀਂ ਹੈ। ਅਸੀਂ ਕੁਝ ਵੀ ਕਿਸੇ 'ਤੇ ਵੀ ਧੱਕੇ ਨਾਲ ਥੋਪਣਾ ਨਹੀਂ ਚਾਹੁੰਦੇ।''

ਹਾਲਾਂਕਿ ਉੱਥੇ ਕੋਈ ਨਾਜ਼ੀ ਨਹੀਂ ਸਨ ਤੇ ਕੋਈ ਬੀਜਨਾਸ਼ ਨਹੀਂ ਹੋ ਰਿਹਾ ਸੀ ਤੇ ਪੁਤਿਨ ਨੇ ਯੂਕਰੇਨ ਦੇ ਦਰਜਣਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਆਪਣੀ ਫ਼ੌਜ ਭੇਜ ਦਿੱਤੀ। ਇਕਜੁੱਟ ਯੂਕਰੇਨ ਵਾਸੀ ਇਸ ਫ਼ੌਜ ਦਾ ਮੁਕਾਬਲਾ ਕਰ ਰਹੇ ਹਨ।

ਬੰਬਾਰੀ ਜਾਰੀ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਹੁਣ ਰੂਸ ਉੱਥੇ ਸਰਕਾਰ ਬਦਲਣੀ ਨਹੀਂ ਚਾਹੁੰਦਾ ਸਗੋਂ ਉਹ ਇੱਕ ਗੁਟ-ਨਿਰਲੇਪ ਯੂਕਰੇਨ ਚਾਹੁੰਦਾ ਹੈ।

ਪੁਤਿਨ ਯੂਕਰੇਨ ਨੂੰ ਗੁਟ-ਨਿਰਲੇਪ ਕਿਉਂ ਬਣਾਉਣਾ ਚਾਹੁੰਦੇ ਹਨ?

ਸੋਵੀਅਤ ਸੰਘ ਦੇ ਪਤਨ ਤੋਂ ਬਾਅਦ ਜਿਵੇਂ ਹੀ ਸਾਲ 1990 ਵਿੱਚ ਯੂਕਰੇਨ ਨੇ ਅਜ਼ਾਦੀ ਹਾਸਲ ਕੀਤੀ। ਸਮੇਂ ਦੇ ਨਾਲ ਇਸ ਦਾ ਝੁਕਾਅ ਨਾਟੋ, ਪੱਛਮ, ਯੂਰਪੀ ਯੂਨੀਅਨ ਵੱਲ ਵਧਿਆ ਹੈ।

ਪੁਤਿਨ ਚਾਹੁੰਦੇ ਹਨ ਕਿ ਯੂਕਰੇਨ ਆਪਣੀ ਪੁਰਾਣੀ ਸਥਿਤੀ 'ਤੇ ਵਾਪਸ ਆਵੇ। ਉਹ ਸੋਵੀਅਤ ਸੰਘ ਦੇ ਪਤਨ ਨੂੰ ਰੂਸੀ ਇਤਿਹਾਸ ਦੀ ਤਰਾਸਦੀ ਮੰਨਦੇ ਹਨ।

ਉਹ ਦਾਅਵਾ ਕਰਦੇ ਹਨ ਕਿ ਯੂਕਰੇਨੀ ਅਤੇ ਰੂਸੀ ਲੋਕ ਇੱਕ ਹਨ। ਯੂਕਰੇਨ ਕਦੇ ਵੀ ਦੇਸ ਨਹੀਂ ਰਿਹਾ। ਉਹ ਯੂਕਰੇਨ ਤੋਂ ਉਸ ਦਾ ਇਤਿਹਾਸ ਖੋਹ ਰਹੇ ਹਨ।

ਸਾਲ 2013 ਵਿੱਚ ਉਨ੍ਹਾਂ ਨੇ ਯੂਕਰੇਨ ਦੇ ਰੂਸ ਪੱਖੀ ਆਗੂ ਵਿਕਟਰ ਯਾਨੋਵਿਚ ਉੱਪਰ ਦਬਾਅ ਬਣਾਇਆ।

ਉਨ੍ਹਾਂ ਨੂੰ ਯੂਰਪੀ ਯੂਨੀਅਨ ਨਾਲ ਇੱਕ ਅਹਿਮ ਸਮਝੌਤਾ ਕਰਨ ਤੋਂ ਐਨ ਆਖਰੀ ਸਮੇਂ ਉੱਪਰ ਇਨਕਾਰ ਕਰਨ ਲਈ ਕਿਹਾ।

ਇਸ ਤੋਂ ਬਾਅਦ ਯੂਕਰੇਨ ਵਿੱਚ ਵੱਡੇ ਪੱਧਰ 'ਤੇ ਮੁਜ਼ਾਹਰੇ ਹੋਏ ਅਤੇ ਆਖਰ 14 ਫਰਵਰੀ ਨੂੰ ਯਾਨੋਵਿਚ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਗਿਆ।

ਰੂਸ ਨੇ ਬਦਲੇ ਵਿੱਚ 2014 ਵਿੱਚ ਯੂਕਰੇਨ ਦੇ ਦੱਖਣ ਵਿੱਚ ਸਥਿਤ ਕ੍ਰੀਮੀਆ ਨੂੰ ਆਪਣੇ ਅਧਿਕਾਰ ਹੇਠ ਕਰ ਲਿਆ।

ਪੂਰਬੀ ਹਿੱਸੇ ਵਿੱਚ ਵੱਖਵਾਦੀਆਂ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ। ਵੱਖਵਾਦੀਆਂ ਦਾ ਯੂਕਰੇਨ ਸਰਕਾਰ ਨਾਲ ਸੰਕਟ ਉਦੋਂ ਤੋਂ ਹੀ ਜਾਰੀ ਹੈ ਅਤੇ ਹੁਣ ਤੱਕ 14000 ਜਾਨਾਂ ਜਾ ਚੁੱਕੀਆਂ ਹਨ।

ਸਾਲ 2015 ਵਿੱਚ ਮਿੰਸਕ ਦੀ ਸੰਧੀ ਨਾਲ ਜੰਗ ਖਤਮ ਹੋਈ। ਹਾਲਾਂਕਿ ਅਸਲ ਮਾਅਨਿਆਂ ਵਿੱਚ ਕਦੇ ਜੰਗ ਬੰਦੀ ਲਾਗੂ ਨਹੀਂ ਹੋਈ।

ਹਮਲੇ ਤੋਂ ਬਿਲਕੁਲ ਪਹਿਲਾਂ ਪੁਤਿਨ ਨੇ ਸਮਝੌਤਾ ਪਾੜ ਦਿੱਤਾ ਅਤੇ ਦੋਵਾਂ ਬਾਗੀ ਅਧਿਕਾਰ ਵਾਲੇ ਖੇਤਰਾਂ ਲੋਹਾਂਸਕ ਤੇ ਦੋਨੇਤਸਕ ਨੂੰ ਅਜ਼ਾਦ ਮੁਲਕਾਂ ਵਜੋਂ ਮਾਨਤਾ ਦੇ ਦਿੱਤੀ।

ਫ਼ੌਜ ਭੇਜਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਨਾਟੋ ਰੂਸ ਦੇ ਇੱਕ ਦੇਸ ਵਜੋਂ ਭਵਿੱਖ ਲਈ ਖਤਰਾ ਹੈ ਤੇ ਨਾਟੋ ਕ੍ਰੀਮੀਆ ਲਈ ਜੰਗ ਲਿਆ ਰਿਹਾ ਹੈ।

ਕੀ ਇਸ ਜੰਗ ਦੇ ਖਾਤਮੇ ਦਾ ਕੋਈ ਰਾਹ ਹੈ?

ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਮਿਖਾਇਲੋ ਪੋਡੋਲਿਕ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗੋਲੀਬੰਦੀ ਹੋ ਸਕਦੀ ਹੈ ਕਿਉਂਕਿ ਰੂਸੀ ਫ਼ੌਜਾਂ ਜਿੱਥੇ ਸਨ,ਉੱਥੇ ਹੀ ਖੜ੍ਹੀਆਂ ਹਨ।

ਦੋਵਾਂ ਧਿਰਾਂ ਨੇ ਸਕਾਰਤਮਿਕਤਾ ਨਾਲ ਗੱਲਬਾਤ ਕੀਤੀ ਹੈ। ਪੋਡੋਲਿਕ ਦਾ ਇਹ ਵੀ ਕਹਿਣਾ ਹੈ ਕਿ ਰੂਸੀ ਰਾਸ਼ਟਰਪਤੀ ਦੇ ਰੁਖ ਵਿੱਚ ਨਰਮੀ ਆਈ ਹੈ।

ਜੰਗ ਦੇ ਸ਼ੁਰੂ ਵਿੱਚ ਪੁਤਿਨ ਚਾਹੁੰਦੇ ਸਨ ਕਿ ਯੂਕਰੇਨ ਕ੍ਰੀਮੀਆ ਨੂੰ ਰੂਸ ਦੇ ਹਿੱਸੇ ਵਜੋਂ ਅਤੇ ਬਾਗੀ ਅਧਿਕਾਰ ਵਾਲੇ ਇਲਾਕਿਆਂ ਦੀ ਅਜ਼ਾਦੀ ਨੂੰ ਮਾਨਤਾ ਦੇਵੇ। ਯੂਕਰੇਨ ਨੂੰ ਆਪਣੇ ਸੰਵਿਧਾਨ ਵਿੱਚ ਬਦਲਾਅ ਕਰਕੇ ਇਹ ਗਰੰਟੀ ਦੇਣੀ ਹੋਵੇਗੀ ਕਿ ਉਹ ਕਦੇ ਨਾਟੋ ਵਿੱਚ ਸ਼ਾਮਲ ਨਹੀਂ ਹੋਵੇਗਾ।

ਹਾਲਾਂਕਿ ਜੇ ਦੋਵੇਂ ਦੇਸ ਇਸ ਸਮਲੇ ਨੂੰ ਬਾਅਦ ਵਿੱਚ ਸੁਲਝਾਉਣ ਲਈ ਸਹਿਮਤ ਹੋ ਜਾਂਦੇ ਹਨ ਤਾਂ ਕ੍ਰੀਮੀਆ ਅਤੇ ਰੂਸ ਦੇ ਹਮਾਇਤ ਹਾਸਲ ਬਾਗੀਆਂ ਦੇ ਅਧੀਨ ਇਲਾਕੇ ਸਮਝੌਤੇ ਵਿੱਚ ਵੱਡਾ ਰੋੜਾ ਨਹੀਂ ਬਣ ਸਕਣਗੇ।

ਰੂਸ ਨੇ ਲਗਦਾ ਹੈ ਸਮਝ ਲਿਆ ਹੈ ਕਿ ਉਹ ਯੂਕਰੇਨ ਦੀ ਮੌਜੂਦਾ ਸਰਕਾਰ ਨੂੰ ਹਟਾ ਕੇ ਉੱਥੇ ਕਠਪੁਤਲੀ ਸਰਕਾਰ ਨਹੀਂ ਕਾਇਮ ਕਰ ਸਕੇਗਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਰੂਸ ਯੂਕਰੇਨ ਨੂੰ ਬੇਫ਼ੋਜ ਅਤੇ ਗੁਟ-ਨਿਰਲੇਪ ਬਣਾਉਣਾ ਚਾਹੁੰਦਾ ਹੈ। ਹਾਲਾਂਕਿ ਜਿਸ ਦੀ ਆਪਣੀ ਫੌਜ, ਹੋਵੇ। ਬਿਲਕੁਲ ਆਸਟਰੀਆ ਅਤੇ ਸਵੀਡਨ ਵਾਂਗ। ਇਹ ਦੋਵੇਂ ਯੂਰਪੀ ਯੂਨੀਅਨ ਦੇ ਮੈਂਬਰ ਹਨ।

ਆਸਟਰੀਆ ਗੁਟ-ਨਿਰਲੇਪ ਹੈ ਪਰ ਸਵੀਡਨ ਨਹੀਂ ਹੈ। ਉਹ ਨਾਟੋ ਦੀਆਂ ਜੰਗੀ ਮਸ਼ਕਾਂ ਵਿੱਚ ਹਿੱਸਾ ਲੈਂਦਾ ਹੈ।

ਸਾਰੇ ਲੋਕ ਇਸ ਗੱਲ ਉੱਪਰ ਯਕੀਨ ਨਹੀਂ ਕਰਦੇ ਕਿ ਰੂਸ ਨੇਕ ਨੀਤੀ ਨਾਲ ਗੱਲਬਾਤ ਕਰ ਰਿਹਾ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਮਾਸਕੋ ਨੂੰ ਪਹਿਲਾਂ ਗੋਲੀਬੰਦੀ ਦਾ ਐਲਾਨ ਕਰਨਾ ਚਾਹੀਦਾ ਹੈ ਕਿਉਂਕਿ, ''ਤੁਸੀਂ ਪੁੜਪੁੜੀ ਉੱਪਰ ਬੰਦੂਕ ਰੱਖ ਕੇ'' ਗੱਲਬਾਤ ਨਹੀਂ ਕਰ ਸਕਦੇ।

ਯੂਕਰੇਨ ਦੀਆਂ ਕੀ ਮੰਗਾਂ ਹਨ?

ਰਾਸ਼ਟਰਪਤੀ ਦੇ ਸਲਾਹਕਾਰ ਮੁਤਾਬਕ ਯੂਕਰੇਨ ਦੀਆਂ ਮੰਗਾਂ ਸਪੱਸ਼ਟ ਹਨ। ਜੰਗਬੰਦੀ ਅਤੇ ਰੂਸੀ ਫ਼ੌਜਾਂ ਦੀ ਵਾਪਸੀ। ਇਸ ਦੇ ਨਾਲ ਹੀ ਸਾਥੀ ਦੇਸਾਂ ਦੇ ਇੱਕ ਸਮੂਹ ਵੱਲੋਂ ਯੂਕਰੇਨ ਦੇ ਰਾਖੀ ਦੀ ਕਾਨੂੰਨੀ ਗਰੰਟੀ।

ਇਸ ਤੋਂ ਇਲਵਾ ਵੀ ਭਰੋਸਾ ਕਿ ਸੰਕਟ ਦੇ ਦੌਰਾਨ ਉਹ ਯੂਕਰੇਨ ਦਾ ਪੱਖ ਲੈਣਗੇ।

ਰੂਸੀ ਫ਼ੌਜਾਂ ਜੰਗ ਤੋਂ ਪਹਿਲਾਂ ਵਾਲੀ ਥਾਂ 'ਤੇ ਵਾਪਸ ਜਾਣ ਯੂਕਰੇਨ ਦੀ ਇਕਲੌਤੀ ਮੰਗ ਨਹੀਂ ਹੋ ਸਕਦੀ। ਕੌਮਾਂਤਰੀ ਕਾਨੂੰਨ ਦੇ ਪ੍ਰੋਫ਼ੈਸਰ ਅਤੇ ਸੰਯੁਕਤ ਰਾਸ਼ਟਰ ਸਾਲਸੀ ਦੇ ਸਾਬਕਾ ਮਾਹਰ ਮਾਰਕ ਵੈਲਰ ਮੰਨਦੇ ਹਨ ਕਿ ਇਹ ਪੱਛਮ ਲਈ ਵੀ ਲਾਲ-ਲਕੀਰ ਹੋਵੇਗੀ। ਜੋ ਰੂਸ ਦੇ ਇੱਕ ਹੋਰ ਠੰਢੇ ਤਣਾਅ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਸਕਦਾ ਹੈ।

ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਨੇ ਵੀ ਆਪਣੇ ਰੁਖ ਵਿੱਚ ਨਰਮੀ ਲਿਆਂਦੀ ਹੈ। ਜ਼ੇਲੇਂਸਕੀ ਕਹਿੰਦੇ ਹਨ ਕਿ ਯੂਕਰੇਨ ਹੁਣ ਸਮਝ ਗਿਆ ਹੈ ਕਿ ਨਾਟੋ ਉਸ ਨੂੰ ਮੈਂਬਰੀ ਨਹੀਂ ਦੇਵੇਗਾ।

ਉਨ੍ਹਾਂ ਨੇ ਕਿਹਾ, ''ਇਹ ਸੱਚਾਈ ਹੈ ਅਤੇ ਇਸ ਨੂੰ ਮੰਨ ਲੈਣਾ ਚਾਹੀਦਾ ਹੈ।''

ਪੋਡੋਲੌਕ ਨੇ ਅਮਰੀਕੀ ਪ੍ਰਸਾਰਕ ਪੀਬੀਐਸ ਨੂੰ ਦੱਸਿਆ, ''ਅਸੀਂ ਉਨ੍ਹਾਂ ਦਸਤਾਵੇਜ਼ਾਂ ਉੱਪਰ ਕੰਮ ਕਰ ਰਹੇ ਹਾਂ ਜਿਨ੍ਹਾਂ ਉੱਪਰ ਕਿ ਰਾਸ਼ਟਰਪਤੀ ਚਰਚਾ ਕਰ ਸਕਣ ਅਤੇ ਅਖੀਰ ਦਸਤਖ਼ਤ ਕਰ ਸਕਣ। ਉਮੀਦ ਹੈ ਅਜਿਹਾ ਜਲਦੀ ਹੀ ਹੋ ਜਾਵੇਗਾ ਕਿਉਂਕਿ ਜੰਗ ਖਤਮ ਕਰਨ ਦਾ ਇਹੀ ਇੱਕ ਰਾਹ ਹੈ।''

ਕੀ ਪੁਤਿਨ ਨਾਟੋ ਨਾਲ ਸਮਝੌਤਾ ਕਰ ਸਕਦੇ ਹਨ?

ਜੇ ਪੁਤਿਨ ਨੇ ਪੱਛਮ ਅਤੇ ਇਸਦੇ 30 ਮੈਂਬਰੀ ਰੱਖਿਆਤਮਕ ਸਮੂਹ ਬਾਰੇ ਕੁਝ ਸਮਝਿਆ ਹੈ ਤਾਂ ਉਹ ਯੂਕਰੇਨ ਨਾਲ ਮਸਲਾ ਹੱਲ ਕਰਨਾ ਚਾਹੁਣਗੇ। ਜਦਕਿ ਲਗਦਾ ਹੈ ਕਿ ਉਨ੍ਹਾਂ ਲਈ ਪੱਛਮ ਦਾ ਇੱਕ ਹੀ ਮਕਸਦ ਹੈ ਰੂਸੀ ਸਮਾਜ ਵਿੱਚ ਫੁੱਟ ਪਾਉਣਾ ਅਤੇ ਅਖੀਰ ਸੂਰ ਨੂੰ ਤਬਾਹ ਕਰਨਾ।

ਜੰਗ ਤੋਂ ਪਹਿਲਾਂ ਉਨ੍ਹਾਂ ਨੇ ਮੰਗ ਰੱਖੀ ਸੀ ਕਿ ਨਾਟੋ ਯੂਰਪ ਵਿੱਚ 1997 ਵਾਲੀ ਯਥਾ ਸਥਿਤੀ ਬਹਾਲ ਕਰੇ। ਜਿਹੜੇ ਦੇਸ ਉਸ ਤੋਂ ਬਾਅਦ ਸੰਗਠਨ ਦੇ ਮੈਂਬਰ ਬਣੇ ਹਨ ਉਨ੍ਹਾਂ ਦੀ ਮੈਂਬਰੀ ਖਤਮ ਕੀਤੀ ਜਾਵੇ ਅਤੇ ਨਾਟੋ ਫ਼ੌਜਾਂ ਨੂੰ ਉੱਥੋਂ ਕੱਢਿਆ ਜਾਵੇ।

ਪੁਤਿਨ ਦਾ ਕਹਿਣਾ ਹੈ ਕਿ ਨਾਟੋ ਨੇ 1990 ਵਿੱਚ ਵਾਅਦਾ ਕੀਤਾ ਸੀ ਕਿ ਉਹ ਪੱਛਮ ਵੱਲ ਇੱਕ ਇੰਚ ਵੀ ਹੋਰ ਅੱਗੇ ਨਹੀਂ ਵਧੇਗਾ ਪਰ ਉਸ ਨੇ ਅਜਿਹਾ ਲਗਾਤਾਰ ਕੀਤਾ ਹੈ।

ਹਾਲਾਂਕਿ ਉਹ ਵਾਅਦਾ ਸੋਵੀਅਤ ਸੰਘ ਦੇ ਪਤਨ ਤੋਂ ਪਹਿਲਾਂ ਤਤਕਾਲੀ ਰੂਸੀ ਰਾਸ਼ਟਰਪਤੀ ਮਿਖਾਇਲ ਗਰਬੇਚੋਵ ਨਾਲ ਕੀਤਾ ਗਿਆ ਸੀ ਅਤੇ ਪੂਰਬੀ ਜਰਮਨੀ ਦੇ ਹਵਾਲੇ ਨਾਲ ਸੀ।

ਗਰਬੇਚੋਵ ਨੇ ਬਾਅਦ ਵਿੱਚ ਕਿਹਾ ਸੀ, ''ਨਾਟੋ ਦੇ ਅੱਗੇ ਵਧਣ ਦੇ ਵਿਸ਼ੇ ਵਿੱਚ ਕਦੇ ਚਰਚਾ ਹੀ ਨਹੀਂ ਹੋਈ।''

ਯੂਰਪੀ ਸ਼ਹਿਰਾਂ ਉੱਪਰ ਪੁਤਿਨ ਦੇ ਹਮਲੇ ਤੋਂ ਬਾਅਦ ਪੱਛਮੀ ਮੁਲਕਾਂ ਨੂੰ ਕੋਈ ਸ਼ੱਕ ਬਾਕੀ ਨਹੀਂ ਰਹਿ ਗਿਆ ਹੈ।

ਜਰਮਨੀ ਦੇ ਚਾਂਸਲਰ ਓਲੇਫ਼ ਸ਼ੋਲਜ਼ ਕਹਿੰਦੇ ਹਨ ਕਿ ਰੂਸ ਦੇ ਰਾਸ਼ਟਰਪਤੀ ਯੂਰਪ ਉੱਪਰ ਆਪਣੇ ਨਜ਼ਰੀਏ ਮੁਤਾਬਕ ਚਲਾਉਣਾ ਚਾਹੁੰਦੇ ਹਨ।

ਜਦਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪੁਤਿਨ ਨੂੰ ਜੰਗੀ ਅਪਰਾਧੀ ਕਿਹਾ ਹੈ।

ਸ਼ੋਲਜ਼ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦੋਵਾਂ ਨੇ ਕਿਹਾ ਹੈ ਕਿ ਯੂਰਪ ਆਪਣੇ ਇਤਿਹਾਸ ਦੇ ਅਹਿਮ ਮੋੜ ਉੱਪਰ ਖੜ੍ਹਾ ਹੈ।

ਜੰਗ ਤੋਂ ਪਹਿਲਾਂ ਰੂਸ ਨੇ ਮੰਗ ਕੀਤੀ ਸੀ ਕਿ ਅਮਰੀਕਾ ਦੇ ਪਰਮਾਣੂ ਹਥਿਆਰਾਂ ਉੱਪਰ ਅਮਰੀਕਾ ਦੀ ਸਰਜ਼ਮੀਨ ਤੋਂ ਬਾਹਰ ਮਨਾਹੀ ਹੋਣੀ ਚਾਹੀਦੀ ਹੈ। ਅਮਰੀਕਾ ਨੇ ਜਵਾਬ ਵਿੱਚ ਆਪਣੀਆਂ ਦਰਮਿਆਨੀ ਅਤੇ ਲੰਬੀ ਦੂਰੀ ਦੀਆਂ ਮਿਜ਼ਾਇਲਾਂ ਦੀ ਗਿਣਤੀ ਸੀਮਤ ਕਰਨ ਸਬੰਧੀ ਗੱਲਬਾਤ ਦੀ ਪੇਸ਼ਕਸ਼ ਕੀਤੀ ਸੀ।

ਹਾਲਾਂਕਿ ਹੁਣ ਅਜਿਹੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ।

ਰੂਸ ਲਈ ਅੱਗੇ ਕੀ ਰਸਤੇ ਹਨ?

ਰੂਸ ਦੇ ਰਾਸ਼ਟਰਪਤੀ ਆਪਣੀ ਕਾਰਵਾਈ ਬਾਰੇ ਪੱਛਮ ਦੇ ਜਵਾਬੀ ਪੈਂਤੜੇ ਦੇ ਤੀਬਰਤਾ ਤੋਂ ਹੈਰਾਨ ਹਨ।

ਉਹ ਜਾਣਦੇ ਹਨ ਕਿ ਨਾਟੋ ਦੇਸ ਕਦੇ ਵੀ ਯੂਕਰੇਨ ਦੀ ਧਰਤੀ ਉੱਪਰ ਪੈਰ ਨਹੀਂ ਰੱਖਣਗੇ। ਫਿਰ ਵੀ ਉਨ੍ਹਾਂ ਨੇ ਪਾਬੰਦੀਆਂ ਬਾਰੇ ਅਜਿਹੇ ਅਨੁਮਾਨ ਨਹੀਂ ਲਗਾਏ ਹੋਣਗੇ।

ਇਨ੍ਹਾਂ ਪਾਬੰਦੀਆਂ ਦਾ ਰੂਸੀ ਆਰਥਿਕਤਾ ਉੱਪਰ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਗੁੱਸੇ ਵਿੱਚ ਹਨ।

ਯੂਰਪੀ ਯੂਨੀਅਨ, ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਨੇ ਰੂਸ ਦੀ ਆਰਥਿਕਤਾ ਨੂੰ ਕਈ ਤਰੀਕਿਆਂ ਨਾਲ ਨਿਸ਼ਾਨੇ ਹੇਠ ਲਿਆ ਹੈ-

ਰੂਸ ਦੇ ਕੇਂਦਰੀ ਬੈਂਕ ਨੂੰ ਕੌਮਾਂਤਰੀ ਭੁਗਤਾਨ ਪ੍ਰਣਾਲੀ, ਸਵਿਫ਼ਟ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਰੂਸ ਦੇ ਕੇਂਦਰੀ ਬੈਂਕ ਅਤੇ ਇਸ ਦੇ ਹੋਰ ਵੱਡੇ ਬੈਂਕਾਂ ਦੀ ਸੰਪਤੀ ਨੂੰ ਫਰੀਜ਼ ਕਰ ਦਿੱਤਾ ਗਿਆ ਹੈ।

  • ਰੂਸ ਦੇ ਧਨਾਢ ਪੂੰਜੀਪਤੀਆਂ ਉੱਪਰ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ।
  • ਅਮਰੀਕਾ ਨੇ ਰੂਸ ਤੋਂ ਕੱਚੇ ਤੇਲ ਦੇ ਆਯਾਤ ਉੱਪਰ ਪਾਬੰਦੀ ਲਗਾ ਦਿੱਤੀ ਹੈ।
  • ਯੂਰਪੀ ਯੂਨੀਅਨ ਰੂਸ ਦੇ ਤੇਲ ਉੱਪਰ ਆਪਣੀ ਨਿਰਭਰਤਾ ਪੜਾਅ ਵਾਰ ਘਟਾਉਣ ਬਾਰੇ ਸੋਚ ਰਿਹਾ ਹੈ। ਬ੍ਰਿਟੇਨ ਇਸ ਸਾਲ ਦੇ ਅੰਤ ਤੱਕ ਰੂਸ ਤੋਂ ਤੇਲ ਮੰਗਾਉਣਾ ਬੰਦ ਕਰਨ ਜਾ ਰਿਹਾ ਹੈ।
  • ਜਰਮਨੀ ਨੇ ਰੂਸ ਤੋਂ ਕੁਦਰਤੀ ਗੈਸ ਹਾਸਲ ਕਰਨ ਲਈ ਮਹੱਤਵਕਾਂਸ਼ੀ ਨੌਰਡ ਸਟਰੀਮ-2 ਪਾਈਪਲਾਈਨ ਦੀ ਮਨਜ਼ੂਰੀ ਨੂੰ ਰੋਕ ਦਿੱਤਾ ਹੈ।
  • ਯੂਰਪੀ ਯੂਨੀਅਨ, ਬ੍ਰਿਟੇਨ ਅਤੇ ਕੈਨੇਡਾ ਨੇ ਰੂਸੀ ਹਵਾਈ ਜਹਾਜ਼ਾਂ ਨੂੰ ਆਪਣੇ ਅਕਾਸ਼ ਵਿੱਚੋਂ ਲੰਘਣ ਉੱਪਰ ਰੋਕ ਲਗਾ ਦਿੱਤੀ ਹੈ।
  • ਰੂਸ ਦੇ ਰਾਸ਼ਟਰਪਤੀ ਪੁਤਿਨ, ਵਿਦੇਸ਼ ਮੰਤਰੀ ਸਰਗੇ ਲਾਵਰੋਵ ਅਤੇ ਹੋਰ ਲੋਕਾਂ ਉੱਪਰ ਨਿੱਜੀ ਅਤੇ ਕਾਰੋਬਾਰੀ ਪਾਬੰਦੀਆਂ ਲਗਾਈਆਂ ਗਈਆਂ ਹਨ।

ਰੂਸ ਦੇ ਰਾਸ਼ਟਰਪਤੀ ਜਾਣਦੇ ਹਨ ਕਿ ਯੂਕਰੇਨ ਨਾਲ ਕਿਸੇ ਵੀ ਸ਼ਾਂਤੀ ਸਮਝੌਤੇ ਨਾਲ ਇਹ ਪਾਬੰਦੀਆਂ ਖਤਮ ਨਹੀਂ ਹੋਣ ਵਾਲੀਆਂ। ਇਸ ਤੋਂ ਉਲਟ ਉਨ੍ਹਾਂ ਨੇ ਜੰਗ ਦਾ ਵਿਰੋਧ ਕਰਨ ਵਾਲੇ ਰੂਸੀ ਨਾਗਰਿਕਾਂ ਖਿਲਾਫ਼ ਮੋਰਚਾ ਖੋਲ੍ਹ ਲਿਆ ਹੈ।

ਹੁਣ ਤੱਕ ਰੂਸ ਨੇ 15,000 ਤੋਂ ਜ਼ਿਆਦਾ ਜੰਗ ਵਿਰੋਧੀ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਜਾਂ ਹਿਰਾਸਤ ਵਿੱਚ ਲਿਆ ਹੈ। ਰੂਸ ਵਿੱਚ ਅਜ਼ਾਦ ਮੀਡੀਆ ਨੂੰ ਚੁੱਪ ਕਰਵਾ ਦਿੱਤਾ ਗਿਆ ਹੈ।

ਰੂਸ ਵਿੱਚ ਕੋਈ ਸਾਰਥਕ ਵਿਰੋਧੀ ਧਿਰ ਨਹੀਂ ਰਹੀ ਹੈ। ਜ਼ਿਆਦਾਤਰ ਦੇਸ ਛੱਡ ਕੇ ਜਾ ਚੁੱਕੇ ਹਨ ਜਾਂ ਜੇਲ੍ਹ ਵਿੱਚ ਹਨ।

ਰੂਸ ਦੇ ਰਾਸ਼ਟਰਪਤੀ ਨੇ ਕਿਹਾ, ਰੂਸ ਦੇ ਲੋਕ ਹਮੇਸ਼ਾ ਸੱਚੇ ਦੇਸ਼ ਭਗਤਾਂ ਅਤੇ ਗੱਦਾਰਾਂ ਵਿੱਚ ਫ਼ਰਕ ਕਰਨ ਦੇ ਸਮਰੱਥ ਹੋਣਗੇ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)