ਯੂਕਰੇਨ ਰੂਸ ਜੰਗ : ਜ਼ੇਲੇਂਸਕੀ ਨੇ ਅਮਰੀਕਾ ਨੂੰ ਕਿਹਾ, ‘ਅਸੀਂ ਸ਼ੁਕਰਗੁਜ਼ਾਰ ਹਾਂ ਪਰ ਅਜੇ ਹੋਰ ਮਦਦ ਦੀ ਲੋੜ’

24 ਫਰਵਰੀ ਨੂੰ ਰੂਸ ਅਤੇ ਯੂਕਰੇਨ ਦਰਮਿਆਨ ਸ਼ੁਰੂ ਹੋਈ ਜੰਗ ਦਾ ਅੱਜ 21ਵਾਂ ਦਿਨ ਹੈ।

ਹਾਲ ਹੀ ਦੀਆਂ ਅਹਿਮ ਘਟਨਾਵਾਂ ਵਿੱਚ ਰੂਸੀ ਹਵਾਈ ਹਮਲਿਆਂ ਰਾਹੀਂ ਕੀਵ ਵਿੱਚ ਕੁਝ ਘਰਾਂ ਅਤੇ ਮੈਟਰੋ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਯੂਰਪੀਅਨ ਯੂਨੀਅਨ ਵੱਲੋਂ ਰੂਸ ਦੇ ਉੱਪਰ ਪਾਬੰਦੀਆਂ ਜਾਰੀ ਹਨ।

ਰੂਸ ਨੇ ਵੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਸਮੇਤ ਕਈ ਆਗੂਆਂ ਉਪਰ ਪਾਬੰਦੀਆਂ ਲਗਾਈਆਂ ਹਨ। ਪੜ੍ਹੋ ਜੰਗ ਨਾਲ ਜੁੜੀਆਂ ਕੁਝ ਅਹਿਮ ਅਪਡੇਟਸ:

'ਸ਼ਾਂਤੀ ਆਮਦਨ ਤੋਂ ਜ਼ਿਆਦਾ ਜ਼ਰੂਰੀ ਹੈ'

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਬੁੱਧਵਾਰ ਸ਼ਾਮੀਂ ਅਮਰੀਕੀ ਕਾਂਗਰਸ ਵਿੱਚ ਸੰਬੋਧਨ ਕੀਤਾ।

ਉਨ੍ਹਾਂ ਨੇ ਆਖਿਆ ਕਿ ਰੂਸ ਨੇ ਨਾ ਸਿਰਫ ਉਨ੍ਹਾਂ ਦੇ ਦੇਸ਼ ਉਪਰ ਹਮਲਾ ਕੀਤਾ ਹੈ ਬਲਕਿ ਯੂਕਰੇਨ ਦੇ ਅਸਮਾਨ ਨੂੰ ਹਜ਼ਾਰਾਂ ਲੋਕਾਂ ਦੀ ਮੌਤ ਦਾ ਕਾਰਨ ਬਣਾ ਦਿੱਤਾ ਹੈ।

ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਆਖਿਆ," ਕੀ 'ਨੋ ਫਲਾਈ ਜ਼ੋਨ' ਦੀ ਮੰਗ ਬਹੁਤ ਵੱਡੀ ਹੈ?"

ਰਾਸ਼ਟਰਪਤੀ ਨੇ ਅੱਗੇ ਆਖਿਆ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਦਾ ਸ਼ੁਕਰਗੁਜ਼ਾਰ ਹੈ ਪਰ ਉਨ੍ਹਾਂ ਨੂੰ ਹੋਰ ਸਹਾਇਤਾ ਦੀ ਲੋੜ ਹੈ।

ਉਨ੍ਹਾਂ ਨੇ ਅੱਗੇ ਅਪੀਲ ਕੀਤੀ ਕਿ ਰੋਸ ਉਪਰ ਪਾਬੰਦੀਆਂ ਜਾਰੀ ਰਹਿਣੀਆਂ ਚਾਹੀਦੀਆਂ ਹਨ ਕਿਉਂਕਿ ਸ਼ਾਂਤੀ ਆਮਦਨ ਤੋਂ ਜ਼ਿਆਦਾ ਜ਼ਰੂਰੀ ਹੈ।

ਰੂਸ ਨਾਲ ਗੱਲਬਾਤ ਹੁਣ 'ਵਧੇਰੇ ਅਸਲੀ' ਜਾਪਦੀ- ਜ਼ੇਲੇਨਸਕੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਾਂਤੀ ਵਾਰਤਾ ਬਾਰੇ ਕਿਹਾ ਕਿ ਹੁਣ ਅਜਿਹਾ ਲੱਗ ਰਿਹਾ ਹੈ ਕਿ ਰੂਸ ਨਾਲ 'ਅਸਲ ਗੱਲਬਾਤ' ਹੋ ਰਹੀ ਹੈ।

ਉਨ੍ਹਾਂ ਫੇਸਬੁੱਕ 'ਤੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਰੂਸ 'ਤੇ ਜਿੱਤ ਲਈ ਯੂਕਰੇਨ ਦੇ ਸਾਰੇ ਨਾਗਰਿਕਾਂ ਦਾ ਸਮਰਥਨ ਜ਼ਰੂਰੀ ਹੈ। ਇਸ ਵਿੱਚ ਜ਼ੂਮ ਰਾਹੀਂ ਰੂਸ ਨਾਲ ਗੱਲਬਾਤ ਕਰਨ ਵਾਲੀ ਟੀਮ ਵੀ ਸ਼ਾਮਲ ਹੈ।

ਰੂਸ ਦਾ ਯੂਕਰੇਨ 'ਤੇ ਦਬਾਅ ਬਣਿਆ ਹੋਇਆ ਹੈ ਕਿ ਉਹ ਰਸਮੀ ਤੌਰ 'ਤੇ ਐਲਾਨ ਕਰੇ ਕਿ ਉਹ ਨਾਟੋ 'ਚ ਸ਼ਾਮਲ ਨਹੀਂ ਹੋਵੇਗਾ। ਨਾਲ ਹੀ ਪੂਰਬੀ ਯੂਕਰੇਨ ਦੇ ਵੱਖਵਾਦੀ ਬਾਗੀ ਖੇਤਰਾਂ ਦੋਨੇਤਸਕ, ਲੁਹਾਂਸਕ ਅਤੇ ਕ੍ਰੀਮੀਆ ਨੂੰ ਵੀ ਸੁਤੰਤਰ ਦੇਸ਼ਾਂ ਵਜੋਂ ਮਾਨਤਾ ਦੇਵੇ।

ਇਹ ਵੀ ਪੜ੍ਹੋ:

ਜ਼ੇਲੇਂਸਕੀ ਨੇ ਮੰਗਲਵਾਰ ਨੂੰ ਮੰਨਿਆ ਕਿ ਯੂਕਰੇਨ ਨਾਟੋ ਵਿੱਚ ਸ਼ਾਮਲ ਨਹੀਂ ਹੋਵੇਗਾ। ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਜੋ ਬੁੱਧਵਾਰ ਨੂੰ ਵੀ ਜਾਰੀ ਰਹੇਗੀ।

ਯੂਕਰੇਨ ਦੇ ਪ੍ਰਤੀਨਿਧੀ ਮਿਖਾਈਲੋ ਪੋਦਲਿਆਕ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਵਿੱਚ ਬੁਨਿਆਦੀ ਵਿਰੋਧ ਹਨ ਪਰ ਸਮਝੌਤੇ ਦੀ ਗੁੰਜਾਇਸ਼ ਬਣੀ ਹੋਈ ਹੈ।

ਸ਼ਹਿਰਾਂ ਵਿੱਚ ਸੁਣਾਈ ਦਿੱਤੇ ਹਵਾਈ ਸਾਇਰਨ

ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਸਵੇਰ ਚੜ੍ਹਨ ਤੋਂ ਪਹਿਲਾਂ ਹੀ ਹਵਾਈ ਸਾਇਰਨ ਮੁੜ ਵੱਜਣੇ ਸ਼ੁਰੂ ਹੋ ਗਏ। ਇਹ ਸਾਇਰਨ ਮਿਜ਼ਾਈਲਾਂ ਦੇ ਸੰਭਾਵੀ ਹਮਲੇ ਤੋਂ ਬਚਣ ਲਈ ਲੋਕਾਂ ਨੂੰ ਪਨਾਹ ਦੇਣ ਦੀ ਚੇਤਾਵਨੀ ਦਿੰਦੇ ਹਨ।

ਸਥਾਨਕ ਮੀਡੀਆ ਅਤੇ ਪੱਤਰਕਾਰਾਂ ਨੇ ਕੀਵ, ਲਵੀਵ, ਇਵਾਨੋ-ਫ੍ਰੈਂਕਿਵਸਕ, ਓਡੇਸਾ, ਡਨੀਪਰੋ ਵਿੱਚ ਸਾਇਰਨ ਦੀਆਂ ਰਿਪੋਰਟਾਂ ਦਿੱਤੀਆਂ ਹਨ।

ਯੂਕਰੇਨ ਨੂੰ ਭੇਜਣਗੇ ਹੋਰ ਫੌਜੀ ਸਹਾਇਤਾ

ਵਾਲ ਸਟਰੀਟ ਜਰਨਲ ਨੇ ਬੇਨਾਮ ਅਮਰੀਕੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਰਾਸ਼ਟਰਪਤੀ ਜੋਅ ਬਾਇਡਨ ਬੁੱਧਵਾਰ ਨੂੰ ਯੂਕਰੇਨ ਨੂੰ ਅਮਰੀਕੀ ਫੌਜੀ ਸਹਾਇਤਾ ਲਈ 1 ਬਿਲੀਅਨ ਡਾਲਰ ਦੇਣ ਦੀ ਘੋਸ਼ਣਾ ਕਰਨਗੇ।

ਅਖ਼ਬਾਰ ਦੀਆਂ ਰਿਪੋਰਟਾਂ ਅਨੁਸਾਰ ਇਹ ਪੈਸਾ ਹਥਿਆਰ-ਵਿਰੋਧੀ ਅਤੇ ਏਅਰਕ੍ਰਾਫਟ ਵਿਰੋਧੀ ਹਥਿਆਰਾਂ, ਜਿਵੇਂ ਕਿ ਸਟਿੰਗਰਜ਼ ਅਤੇ ਜੈਵਲਿਨਜ਼ ਲਈ ਦਿੱਤਾ ਜਾਵੇਗਾ।

ਪੱਛਮੀ ਸ਼ਹਿਰ ਲਵੀਵ ਵਿੱਚ ਸੁਣਾਈ ਦਿੱਤੇ ਸਾਇਰਨ

ਯੂਕਰੇਨ ਦੇ ਪੱਛਮੀ ਸ਼ਹਿਰ ਲਵੀਵ ਵਿੱਚ ਮੌਜੂਦ ਪੱਤਰਕਾਰਾਂ ਦੀਆਂ ਰਿਪੋਰਟਾਂ ਅਨੁਸਾਰ ਸ਼ਹਿਰ ਵਿੱਚ (ਸਥਾਨਕ ਸਮੇਂ ਅਨੁਸਾਰ ਸਵੇਰੇ 3 ਵਜੇ) ਹਵਾਈ ਸਾਇਰਨ ਵੱਜ ਰਹੇ ਹਨ, ਜੋ ਕਿ ਸੰਕੇਤ ਦਿੰਦੇ ਹਨ ਕਿ ਰੂਸੀ ਹਵਾਈ ਹਮਲਿਆਂ ਦੀ ਸਥਿਤੀ ਦੇ ਮੱਦੇਨਜ਼ਰ ਨਾਗਰਿਕਾਂ ਨੂੰ ਭੂਮੀਗਤ ਬੰਕਰਾਂ ਵਿੱਚ ਪਨਾਹ ਲੈਣੀ ਚਾਹੀਦੀ ਹੈ।

ਸਿਰਫ ਦੋ ਦਿਨ ਪਹਿਲਾਂ, ਪੋਲਿਸ਼ ਸਰਹੱਦ ਤੋਂ ਦੂਰ ਸ਼ਹਿਰ ਦੇ ਬਾਹਰ ਇੱਕ ਫੌਜੀ ਬੇਸ ਨੂੰ ਕਈ ਰੂਸੀ ਕਰੂਜ਼ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਇਸ ਹਮਲੇ 'ਚ ਘੱਟੋ-ਘੱਟ 35 ਯੂਕਰੇਨੀ ਸੈਨਿਕ ਮਾਰੇ ਗਏ ਸਨ।

'ਇੱਕ ਆਜ਼ਾਦ ਯੂਕਰੇਨ ਸਦਾ ਰਹੇਗਾ'- ਯੂਐੱਸ

ਮੰਗਲਵਾਰ ਨੂੰ ਸੀਐੱਨਐੱਨ ਨਾਲ ਇੱਕ ਇੰਟਰਵਿਊ ਵਿੱਚ ਯੂਐੱਸ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਵਿੱਖਬਾਣੀ ਕੀਤੀ ਕਿ ਇੱਕ ਆਜ਼ਾਦ ਯੂਕਰੇਨ ਰੂਸ ਦੇ ਰਾਸ਼ਟਰਪਤੀ ਨਾਲੋਂ ਲੰਮੇ ਸਮੇਂ ਤੱਕ ਮੌਜੂਦ ਰਹੇਗਾ।

ਉਨ੍ਹਾਂ ਨੇ ਪ੍ਰੈਜ਼ੇਂਟਰ ਵੁਲਫ ਬਲਿਟਜ਼ਰ ਨੂੰ ਕਿਹਾ, "ਸਭ ਤੋਂ ਪਹਿਲਾਂ ਇੱਕ ਯੂਕਰੇਨ, ਇੱਕ ਸੁਤੰਤਰ ਯੂਕਰੇਨ ਬਣਨ ਜਾ ਰਿਹਾ ਹੈ ਜੋ ਵਲਾਦੀਮੀਰ ਪੁਤਿਨ ਨਾਲੋਂ ਬਹੁਤ ਲੰਮੇ ਤੱਕ ਰਹੇਗਾ"।

"ਕਿਵੇਂ ਨਾ ਕਿਵੇਂ, ਯੂਕਰੇਨ ਉੱਥੇ ਹੀ ਰਹੇਗਾ ਅਤੇ ਕਿਸੇ ਸਮੇਂ ਪੁਤਿਨ ਨਹੀਂ ਰਹਿਣਗੇ"।

ਅਮਰੀਕੀ ਸੀਨੇਟ ਨੇ ਪੁਤਿਨ ਨੂੰ ਜੰਗੀ ਅਪਰਾਧੀ ਕਰਾਰ ਦਿੱਤਾ

ਅਮਰੀਕੀ ਸੀਨੇਟ ਨੇ ਵਲਾਦੀਮੀਰ ਪੁਤਿਨ ਨੂੰ ਯੁੱਧ ਅਪਰਾਧੀ ਵਜੋਂ ਨਿੰਦਣ ਲਈ ਸਰਬਸੰਮਤੀ ਨਾਲ ਵੋਟ ਦਿੱਤੀ ਹੈ।

ਦੁਰਲੱਭ ਕ੍ਰਾਸ-ਪਾਰਟੀ ਵੋਟ ਨੇ ਯੂਕਰੇਨ 'ਤੇ ਹਮਲਾ ਕਰਨ ਦੇ ਪੁਤਿਨ ਦੇ ਫੈਸਲੇ ਦੀ ਜਾਂਚ ਲਈ ਹੇਗ ਵਿਖੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦਾ ਦਰਵਾਜ਼ਾ ਖੜਕਾਇਆ।

ਡੈਮੋਕਰੇਟਿਕ ਸੀਨੇਟ ਦੇ ਆਗੂ ਚੱਕ ਸ਼ੂਮਰ ਨੇ ਵੋਟਿੰਗ ਤੋਂ ਪਹਿਲਾਂ ਮੰਗਲਵਾਰ ਨੂੰ ਇੱਕ ਭਾਸ਼ਣ ਦੌਰਾਨ ਕਿਹਾ ਕਿ ਪੁਤਿਨ ਨੂੰ ਯੂਕਰੇਨ ਵਿੱਚ "ਅੱਤਿਆਚਾਰਾਂ" ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)